ਕੰਜਕਾਂ
Kanjaka
ਉਂਝ ਕੰਜਕਾਂ ਦੀ ਪੂਜਾ ਕਰਦੇ
ਪਰ ਇਨ੍ਹਾਂ ਦੇ ਜਨਮ ਤੋਂ ਡਰਦੇ
ਜੱਗ ਜਨਣੀ ਨੂੰ ਬੋਝ ਸਮਝਦੇ,
ਕੀ ਜੱਗ ਨੇ ਦਸਤੂਰ ਬਣਾਇਆ
ਜਨਮ ਤੋਂ ਪਹਿਲਾਂ ਮਾਰੇ ਧੀ ਨੂੰ
ਕਿਉਂ ਬਾਬਲ ਤੈਨੂੰ ਤਰਸ ਨਾ ਆਇਆ
ਕਿਉਂ ਅੰਮੀਏ ਤੂੰ ਕਹਿਰ ਕਮਾਇਆ
ਜਦ ਡਾਕਟਰ ਨਾਲ ਸੌਦਾ ਕਰਿਆ
ਭੋਰਾ ਵੀ ਤੇਰਾ ਦਿਲ ਨਾ ਡਰਿਆ
ਕਲਪਨਾ, ਝਾਂਸੀ, ਕਿਰਨ ਬੇਦੀ ਦਾ
ਕਿਉਂ ਨਾ ਤੈਨੂੰ ਚੇਤਾ ਆਇਆ...
ਮਾਪਿਆਂ ਨੇ ਖ਼ੁਦ ਮੁੱਖ ਮੋੜਿਆ
ਬੇਰਹਿਮੀ ਦੇ ਨਾਲ ਤੋੜਿਆ
ਜਿਸ ਫੁੱਲ ਨੇ ਸੀ ਮਹਿਕ ਖਿੰਡਾਉਣੀ
ਖਿੜਨ ਤੋਂ ਪਹਿਲਾਂ ਹੀ ਮੁਰਝਾਇਆ ...
ਜੇ ਦੁਨੀਆਂ ਤੇ ਧੀ ਨਾ ਹੁੰਦੀ
ਹੋਂਦ ਮਨੁੱਖਤਾ ਦੀ ਨਾ ਹੁੰਦੀ
ਇਹ ਜੋ ਦਿਸਦਾ ਜਗਤ ਪਸਾਰਾ
ਏਸੇ ਧੀ ਦਾ ਬੂਟਾ ਲਾਇਆ…
ਵੱਧ ਪੁੱਤਾਂ ਤੋਂ ਮੋਹ ਹੈ ਕਰਦੀ
ਮਾਪੇ ਦਾ ਦੁੱਖ ਧੀ ਨਾ ਜਰਦੀ
ਧੀ ਦਾ ਤਾਂ ਉਪਕਾਰ ਬੜਾ ਹੈ
ਇਕ ਪਲ ਵੀ ਨਾ ਜਾਏ ਭੁਲਾਇਆ...
ਕਿਉਂ ਕਰਦੇ ਹੋ ਬੇਇਨਸਾਫ਼ੀ
ਧੀਆਂ ਕੀਤੀ ਕੀ ਗੁਸਤਾਖ਼ੀ ?
ਉਹ ਵੀ ਮਾਂ ਸੀ ਧੀ ਕਿਸੇ ਦੀ
ਜਿਹੜੀ ਮਾਂ ਨੇ ਥੋਨੂੰ ਜਾਇਆ…..
ਹਰ ਧੀ ਜੱਗ ਤੇ ਆਉਣਾ ਚਾਹੁੰਦੀ
ਬਣ ਕੇ ਕੁਝ ਵਿਖਾਉਣਾ ਚਾਹੁੰਦੀ
ਧੀ ਨਹੀਂ ਹੁੰਦੀ ਧੰਨ ਬੇਗਾਨਾ
ਧੀਆਂ ਤਾਂ ਹੁੰਦੀਆਂ ਸਰਮਾਇਆ...
ਧੀ ਤਾਂ ਹੁੰਦੀ ਜੱਗ ਦਾ ਚਾਨਣ,
ਮੂਰਖ ਲੋਕੀ ਕਦਰ ਨਾ ਜਾਨਣ
ਇਸ ਤੇ ਹੋਰ ਨਾ ਜ਼ੁਲਮ ਕਮਾਓ
ਜਿਹੜੀ ਧੀ ਨੇ ਥੋਨੂੰ ਜਾਇਆ
0 Comments