ਜੋਤੀ
Joti
ਕਦੇ ਮੁੱਕੇ ਮਾਰਦਾ, ਕਦੇ ਵਾਲ ਪੁੱਟਦਾ
‘ਜੋਤੀ’ ਪਾਪਾ ਜੀ ਨੂੰ ਦੱਸੇ, ਮੈਨੂੰ ਵੀਰਾ ਕੁੱਟਦਾ
ਨੱਸਦਾ ਪਤੰਗਾਂ ਪਿੱਛੇ ਕਦੇ ਖੇਡੇ ਗੋਲੀਆਂ
ਫਿਰਦਾ ਬਣਾ ਕੇ ਮੁੰਡਿਆਂ ਦੇ ਨਾਲ ਟੋਲੀਆਂ
ਜ਼ਿੰਦਗੀ ਦੇ ਰਾਹਾਂ ਵਿਚ ਟੋਏ ਪੁੱਟਦਾ
‘ਜੋਤੀ’ ਪਾਪਾ ਜੀ ਨੂੰ...
ਕਾਪੀਆਂ ਤੇ ਪੈੱਨ ਨਿੱਤ ਆਉਂਦਾ ਏ ਗਵਾ ਕੇ
ਆਉਂਦਾ ਹੀ ਸਕੂਲੋਂ ਬੈਗ ਮਾਰਦਾ ਵਗ੍ਹਾ ਕੇ
ਖੇਡਣ ਨੂੰ ਭੱਜੇ ਨਾ ਕਿਤਾਬਾਂ ਚੁੱਕਦਾ
ਜੋਤੀ ਪਾਪਾ ਜੀ ਨੂੰ ...
ਕੱਢਦਾ ਏ ਗਾਲਾਂ ਕਿਸੇ ਕੋਲੋਂ ਵੀ ਨਾ ਡਰਦਾ
ਕਰਕੇ ਸ਼ਰਾਰਤਾਂ ਇਹ ਮਾਂ ਨੂੰ ਤੰਗ ਕਰਦਾ
ਕੱਚ ਦੇ ਗਲਾਸ ਕਈ ਭੰਨ ਸੁੱਟਦਾ
ਜੋਤੀ ਪਾਪਾ ਜੀ ਨੂੰ...
ਆਖਦੇ ਨਾ ਕੁਝ ਦਾਦੇ-ਦਾਦੀ ਦਾ ਵਿਗਾੜਿਆ
ਦੋਵਾਂ ਦੇ ਹੀ ਲਾਡ ਨੇ ਹੈ ਸਿਰੇ ਇਹਨੂੰ ਚਾੜ੍ਹਿਆ
ਕਰਦਾ ਨਾ ਕੰਮ ਕੋਈ ਮੌਜ ਲੁੱਟਦਾ
ਜੋਤੀ ਪਾਪਾ ਜੀ ਨੂੰ...
ਬੜਾ ਸਮਝਾਉਂਦੇ ਮੰਮੀ ਇਹਨੂੰ ਪੁਚਕਾਰ ਕੇ
ਤੜਕੇ ਜਗਾਉਣ ਨਿੱਤ ‘ਵਾਜ਼ਾਂ ਮਾਰ ਮਾਰ ਕੇ
ਦੇਰ ਤੱਕ ਸੁੱਤਾ ਪਿਆ ਨਹੀਂ ਉੱਠਦਾ
‘ਜੋਤੀ’ ਪਾਪਾ ਜੀ ਨੂੰ...
0 Comments