ਬਹਾਨੇਬਾਜ਼
Bahanebaaz
ਮਾਸਟਰ ਆਪਣੇ ਕੰਮ ਦਿਖਾ
ਕਹਿੰਦਾ, “ਪੈੱਨ ਖੜ ਗਿਆ ਸੀ।
ਉਨ੍ਹਾਂ ਫਿਰ ਕਿਹਾ ਪਾਠ ਸੁਣਾ,
ਕਹਿੰਦਾ, “ਤਾਪ ਚੜ੍ਹ ਗਿਆ ਸੀ।”
ਕੱਲ੍ਹ ਸਕੂਲ ਕਿਉਂ ਨੀ ਆਇਆ ?
“ਪਿੰਡ `ਚ ਬੁੜਾ ਮਰ ਗਿਆ ਸੀ।”
ਤੂੰ ਤਾਂ ਪਰਸੋਂ ਵੀ ਨੀ ਆਇਆ
“ਸਰ, ਮੈਂ ਲੇਟ ਹੋ ਗਿਆ ਸੀ।”
ਫਿਰ ਤੂੰ ਅਗਲੇ ਪੀਰਡ ਆ ਜਾਂਦਾ
“ਸਰ, ਬੰਦ ਗੇਟ ਹੋ ਗਿਆ ਸੀ।”
ਆਪਣੀ ਮਾਂ ਨੂੰ ਲਿਆ ਬੁਲਾ ਕੇ,
“ਉਹ ਤਾਂ ਗਈ ਲਾਮ੍ਹ ਨੂੰ ਹੈ।
ਜਦ ਘਰ ਆਵੇ ਲੈ ਕੇ ਆਵੀਂ,
“ਉਸ ਨੇ ਮੁੜਨਾ ਸ਼ਾਮ ਨੂੰ ਹੈ।”
ਆ ਕੇ ਇਕ ਬੱਚੇ ਨੇ ਦੱਸਿਆ
“ਸਰ, ਇਹ ਝੂਠ ਬੋਲਦਾ ਹੈ।
ਐਵੇਂ ਵਿਹਲਾ ਫਿਰਦਾ ਰਹਿੰਦਾ
ਆਪਣਾ ਵਕਤ ਰੋਲਦਾ ਹੈ।
ਕੱਲ੍ਹ ਸਵੇਰੇ ਕਿਸੇ ਦੀ ਜੰਨ ਤੋਂ
ਇਹਨੇ ਪੈਸੇ ਲੁੱਟੇ ਸੀ
ਕੀਤੀ ਫੇਰ ਏਸ ਨੇ ਚੋਰੀ
ਪਿੱਛੇ ਪੈ ਗਏ ਕੁੱਤੇ ਸੀ
ਜਿਨ੍ਹਾਂ ਨੇ ਚੋਰੀ ਕਰਦਾ ਫੜਿਆ
ਉਨ੍ਹਾਂ ਮਾਰੇ ਮੁੱਕੇ ਸੀ
ਲੈ ਕੇ ਚੱਲੇ ਸੀ ਉਹ ਥਾਣੇ
ਮਿੰਨਤਾਂ ਕਰਕੇ ਬਚਿਆ ਹੈ
ਚੋਰੀ ਕਰਨ ਤੇ ਝੂਠ ਬੋਲਣੋਂ
ਹਾਲੇ ਵੀ ਨਾ ਹਟਿਆ ਹੈ
ਰੱਖਦਾ ਜੇਬ 'ਚ ਕੰਘੀ, ਸ਼ੀਸ਼ਾ
ਪੂਰੇ ਫ਼ੈਸ਼ਨ ਕਰਦਾ ਹੈ
ਮੰਨਦਾ ਕਿਸੇ ਦਾ ਵੀ ਨਾ ਕਹਿਣਾ
ਮਾਪਿਆਂ ਨੂੰ ਤੰਗ ਕਰਦਾ ਹੈ"
ਆਉਂਦੀਆਂ ਉਸਦੀਆਂ ਰੋਜ਼ ਸ਼ਿਕਾਇਤਾਂ
ਬੱਚਿਆਂ ਦੇ ਨਾਲ ਲੜਦਾ ਸੀ
ਕਰਕੇ ਵਿਚ ਜਮਾਤ ਦੇ ਇੱਲ੍ਹਤਾਂ
ਦੂਜਿਆਂ ਦੇ ਸਿਰ ਮੜ੍ਹਦਾ ਸੀ
ਮਾਸਟਰ ਜਦ ਵੀ ਕੋਲ ਬੁਲਾਉਂਦੇ
ਨਵਾਂ ਬਹਾਨਾ ਘੜਦਾ ਸੀ
ਸਾਰੇ ਵਾਰ ਵਾਰ ਸਮਝਾਉਂਦੇ
ਫਿਰ ਵੀ ਨਾ ਉਹ ਪੜ੍ਹਦਾ ਸੀ
ਜਿਹੜੇ ਦਿਨ ਨਤੀਜਾ ਆਇਆ
ਹਰ ਕੋਈ ਖ਼ੁਸ਼ੀ ਮਨਾ ਰਿਹਾ ਸੀ
ਪਰ ਉਹ ਫੇਲ੍ਹ ਹੋ ਗਿਆ ਕੱਲਾ
ਬੈਠਾ ਤਾਂ ਪਛਤਾ ਰਿਹਾ ਸੀ।
0 Comments