ਸ਼ਿਕਾਇਤਾਂ
Shikayatan
ਮੈਡਮ ਜੀ ਆਣ ਕੇ ਜਮਾਤ ਵਿਚ ਵੜੇ ਨੇ
ਪੂਰੇ ਸਤਿਕਾਰ ਵਿਚ ਬੱਚੇ ਉੱਠ ਖੜ੍ਹੇ ਨੇ
ਹੁਣ ਭੱਜ-ਭੱਜ ਕੋਲੇ ਆਈ ਜਾਂਦੇ ਨੇ
ਕਿੰਨੀਆਂ ਸ਼ਿਕਾਇਤਾਂ ਬੱਚੇ ਲਾਈ ਜਾਂਦੇ ਨੇ
ਇੱਕ ਕਹਿੰਦਾ ‘ਉਹਨੇ ਮੇਰੀ ਚੂੰਢੀ ਵੱਢੀ ਏ
ਦੂਜਾ ਕਹਿੰਦਾ ‘ਇਹਨੇ ਮੈਨੂੰ ਗਾਲ ਕੱਢੀ ਏ
ਪਹਿਲਾ ਕਹਿੰਦਾ ‘ਮੈਡਮ ਇਹ ਝੂਠ ਬੋਲਦਾ
ਪੁੱਛ ਲਵੋ ਕਿਸੇ ਤੋਂ ਕੁਫ਼ਰ ਤੋਲਦਾ
ਅੱਜ ਤੱਕ ਕੱਢੀ ਨੀ ਮੈਂ ਗਾਲ ਕਿਸੇ ਨੂੰ
ਬੋਲਿਆ ਨਾ ਕਦੇ ਗੁੱਸੇ ਨਾਲ ਕਿਸੇ ਨੂੰ
ਗੱਲਾਂ ਐਵੇਂ ਨਵੀਆਂ ਬਣਾਈ ਜਾਂਦੇ ਨੇ,….ਕਿੰਨੀਆਂ ਸ਼ਿਕਾਇਤਾਂ ..
ਰੋਂਦਾ ਰੋਂਦਾ ਬੱਚਾ ਇਕ ਹੋਰ ਆ ਗਿਆ
“ਮੈਡਮ ਜੀ, ਕੋਈ ਮੇਰੀ ਰੋਟੀ ਖਾ ਗਿਆ।
ਅੱਧੀ ਛੁੱਟੀ ਵੇਲੇ ਦੱਸੋ ਮੈਂ ਕੀ ਖਾਊਂਗਾ
ਢਿੱਡੋਂ ਭੁੱਖਾ ਕਿਵੇਂ ਵਕਤ ਲੰਘਾਊਂਗਾ
ਦੁੱਖ ਸਾਰੇ ਆਪਣੇ ਸੁਣਾਈ ਜਾਂਦੇ ਨੇ…..ਕਿੰਨੀਆਂ ਸ਼ਿਕਾਇਤਾਂ ...
ਅੱਖਾਂ ਪੂੰਝਦਾ ਸੀ ਫਿਰ ਮਾੜੂ ਉੱਠਿਆ
ਕਹਿੰਦਾ ਮੈਨੂੰ ਅੱਜ ਘੀਲੇ ਨੇ ਹੈ ਕੁੱਟਿਆ
ਮੈਡਮ ਦੇ ਕੋਲ ਆ ਕੇ ਘੀਲਾ ਦੱਸਦਾ
“ਕਦੇ ਕਿਸੇ ਉੱਤੇ ਨਾ ਮੈਂ ਹੱਥ ਚੱਕਦਾ
ਮੇਰੇ ਵੱਲ ਤੱਕ ਇਹ ਸੀ ਅੱਖਾਂ ਕੱਢਦਾ
ਮੈਨੂੰ ਛੇੜ-ਛੇੜ ਕੇ ਸੀ ਅੱਗੇ ਭੱਜਦਾ
ਦੂਜੇ ਨੂੰ ਸਤਾਉਣਾ ਇਹਦੀ ਗੱਲ ਆਮ ਹੈ
ਸਾਰਿਆਂ ਦੇ ਲੈਂਦਾ ਰੋਜ਼ ਪੁੱਠੇ ਨਾਮ ਹੈ
ਅੱਜ ਪੁੱਠਾ ਨਾਮ ਮੇਰਾ ਸੀ ਉਚਾਰਿਆ
ਏਸੇ ਲਈ ਇਹਦੇ ਮੈਂ ਘਸੁੰਨ ਮਾਰਿਆ।”
ਆਪੋ ਵਿਚ ਹੋਈ ਹੱਥੋਪਾਈ ਜਾਂਦੇ ਨੇ…..ਕਿੰਨੀਆਂ ਸ਼ਿਕਾਇਤਾਂ...
ਘੀਲਾ ਕਹਿੰਦਾ ਮੁੜਕੇ ਸ਼ਿਕਾਇਤ ਲਾਈ ਨਾ
ਐਵੇਂ ਮੇਰੇ ਕੋਲੋਂ ਹੋਰ ਕੁੱਟ ਖਾਈਂ ਨਾ।”
ਮਾੜੂ ਕਹਿੰਦਾ “ਤੈਨੂੰ ਸਬਕ ਸਿਖਾਊਂਗਾ
ਛੁੱਟੀ ਵੇਲੇ ਵੱਡੇ ਵੀਰੇ ਤੋਂ ਕੁਟਾਊਂਗਾ।”
ਐਵੇਂ ਧੌਂਸ ਆਪਣੀ ਜਮਾਈ ਜਾਂਦੇ ਨੇ... ਕਿੰਨੀਆਂ ਸ਼ਿਕਾਇਤਾਂ ...
ਮੈਡਮ ਜੀ ਅੱਧੀ ਛੁੱਟੀ ਖਾਣਾ ਖਾਂਦੇ ਸੀ
ਸਾਰੇ ਬੱਚੇ ਰਲ ਮਿਲ ਖੇਡੀ ਜਾਂਦੇ ਸੀ
ਕਾਹਲੀ-ਕਾਹਲੀ ਬਾਹਰੋਂ ਇਕ ਆਇਆ ਭੱਜਿਆ
“ਭੋਲੂ ਨੇ ਗੋਲੂ ਦੀ ਬਾਂਹ 'ਚੋਂ ਖ਼ੂਨ ਕੱਢਿਆ"
ਮੈਡਮ ਨੇ ਭੋਲੂ ਜਦੋਂ ਕੋਲ ਸੱਦਿਆ
ਝੱਟ ਕਥਾ ਆਪਣੀ ਸੁਣਾਉਣ ਲੱਗਿਆ
“ਚੰਗਾ ਭਲਾ ਟੂਟੀ ਤੇ ਮੈਂ ਪਾਣੀ ਪੀਂਦਾ ਸੀ
ਲਾਈਨ ਵਿਚ ਖੜ੍ਹਾ ਇਹਨੂੰ ਮੈਂ ਵੀ ਦੀਂਹਦਾ ਸੀ
ਨੂੰ ਪਿੱਛੋਂ ਇਹਨੇ ਬੱਚਿਆਂ ਨੂੰ ਧੱਕਾ ਮਾਰਿਆ
ਏਨਾ ਮੇਰੇ ਕੋਲੋਂ ਗਿਆ ਨਾ ਸਹਾਰਿਆ।”
ਗੱਲ ਸਤਿਕਾਰ ਦੀ ਭੁਲਾਈ ਜਾਂਦੇ ਨੇ ... ਕਿੰਨੀਆਂ ਸ਼ਿਕਾਇਤਾਂ
ਲੈਂਦਾ ਹਟਕੋਰੇ ਬੱਚਾ ਹੋਰ ਆਇਆ ਸੀ
“ਸ਼ੇਰ ਚੂਹੀ ਦਾ ਮੈਂ ਚਾਰਟ ਬਣਾਇਆ ਸੀ
ਪਿੱਛੇ ਗੱਤਾ ਲਾ ਕੇ ਓਸਨੂੰ ਸਜਾਇਆ ਸੀ
ਚਾਵਾਂ ਨਾਲ ਕਮਰੇ 'ਚ ਲਟਕਾਇਆ ਸੀ
ਪਤਾ ਨਹੀਂ ਕੀਹਨੇ ਕੰਧ ਤੋਂ ਉਤਾਰਿਆ
ਲੱਭਿਆ ਨਾ ਕਿਤੋਂ ਲੱਭ-ਲੱਭ ਹਾਰਿਆ।”
ਚੋਰੀ ਦੀਆਂ ਆਦਤਾਂ ਪਕਾਈ ਜਾਂਦੇ ਨੇ, ਕਿੰਨੀਆਂ ਸ਼ਿਕਾਇਤਾਂ,
“ਛੱਡ ਦੇਵੋ ਏਦਾਂ ਆਪੋ ਵਿਚ ਲੜਨਾ
ਬਣਨਾ ਜੇ ਕੁਝ ਸ਼ੁਰੂ ਕਰੋ ਪੜ੍ਹਨਾ
ਨਿੱਕੀ-ਨਿੱਕੀ ਗੱਲ 'ਤੇ ਫ਼ਸਾਦ ਪਾਓ ਨਾ
ਬਿਨਾ ਵਜ੍ਹਾ ਬੱਚਿਓ ਸ਼ਿਕਾਇਤਾਂ ਲਾਓ ਨਾ
ਮੈਡਮ ਜੀ ਨਿੱਤ ਸਮਝਾਈ ਜਾਂਦੇ ਨੇ ....ਕਿੰਨੀਆਂ ਸ਼ਿਕਾਇਤਾਂ
0 Comments