ਵੱਜ ਵੱਜ ਵੰਝਲੀ ਭਾਬੋ ਦੇ ਬਾਰ
Vaj Vaj Vanjali Bhabo de Baar
ਇਕ ਕੁੜੀ ਸੱਤ ਭਰਾਵਾਂ ਦੀ ਇਕੱਲੀ ਭੈਣ ਸੀ। ਉਸ ਦੀ ਮਾਂ ਬਚਪਨ ਵਿਚ ਹੀ ਗੁਜ਼ਰ ਗਈ ਸੀ। ਸਾਰੇ ਭਰਾ ਭਾਬੀਆਂ ਦੇ ਮਗਰ ਲੱਗੇ ਹੋਏ ਸਨ। ਭਾਬੀਆਂ ਇਸ ਕੁੜੀ ਨੂੰ ਵਾਧੂ ਭਾਰ ਸਮਝਦੀਆਂ ਸਨ ਅਤੇ ਉਸ ਵਿਚਾਰੀ ਦੀ ਕੋਈ ਵੀ ਰੀਝ ਪੂਰੀ ਨਹੀਂ ਸਨ ਕਰਦੀਆਂ।
ਤੀਆਂ ਦੀ ਰੁੱਤ ਆ ਗਈ। ਕੁੜੀਆਂ ਚਿੜੀਆਂ ਦੇ ਨੱਚਣ ਟੱਪਣ, ਪੀਂਘਾਂ ਝੂਟਣ ਦੀ ਰੁੱਤ। ਇਸ ਰੁੱਤੇ ਹਰ ਕੁੜੀ ਦੇ ਮੂੰਹ 'ਚੋਂ ਸੁਭਾਵਕ ਹੀ ਨਿਕਲਦਾ ਹੈ ਕਿ ਵੀਰਾ ਖੱਟੀ ਚੁੰਨੀ ਲਿਆ ਦੇ, ਤੀਆਂ ਜ਼ੋਰ ਲੱਗੀਆਂ। ਸਾਰੀਆਂ ਆਂਢ-ਗੁਆਂਢ ਦੀਆਂ ਕੁੜੀਆਂ ਨੇ ਆਪਣੇ ਭਰਾਵਾਂ ਜਾਂ ਮਾਵਾਂ ਤੋਂ ਨਵੀਆਂ ਚੁੰਨੀਆਂ ਮੰਗਾ ਲਈਆਂ ਸਨ। ਤੀਆਂ ਜੋ ਲੱਗਣੀਆਂ ਸਨ। ਸਭ ਨੂੰ ਬੜਾ ਚਾਅ ਸੀ। ਪਰ ਸੱਤ ਭਰਾਵਾਂ ਵਾਲੀ ਦੇ ਮੂੰਹ 'ਤੇ ਉਦਾਸੀ ਸੀ। ਉਸ ਨੂੰ ਕਿਸੇ ਨੇ ਚੁੰਨੀ ਨਾ ਲੈ ਕੇ ਦਿੱਤੀ। ਉਸ ਦੇ ਚਾਅ ਕੌਣ ਪੂਰੇ ਕਰਦਾ ?
ਅੱਜ ਤਾਂ ਤੀਆਂ ਦਾ ਪਹਿਲਾ ਦਿਨ ਸੀ। ਕੁੜੀਆਂ ਖ਼ੁਸ਼ੀ ਖ਼ੁਸ਼ੀ ਤੀਆਂ ਵਿਚ ਜਾਣ ਦੀ ਤਿਆਰੀ ਕਰ ਰਹੀਆਂ ਸਨ। ਇਸ ਕੁੜੀ ਤੋਂ ਵੀ ਰਹਿ ਨਾ ਹੋਇਆ। ਸਹੇਲੀਆਂ ਉਸ ਨੂੰ ਵਾਰ ਵਾਰ ਆ ਕੇ ਤਿਆਰ ਹੋਣ ਨੂੰ ਕਹਿ ਰਹੀਆਂ ਸਨ। ਅਖ਼ੀਰ ਉਸ ਨੇ ਜੇਰਾ ਕੀਤਾ ਅਤੇ ਵੱਡੀ ਭਾਬੀ ਕੋਲ ਗਈ। ਕਹਿੰਦੀ, “ਭਾਬੀ, ਹਾੜੇ ਹਾੜੇ ਮੈਨੂੰ ਇਕ ਦਿਨ ਲਈ ਆਪਣੀ ਚੁੰਨੀ ਦੇ ਦੋ। ਮੈਂ ਤੀਆਂ ਵਿਚ ਜਾਣਾ ਹੈ।” ਉਸ ਨੇ ਜੁਆਬ ਦੇ ਦਿੱਤਾ, ਕਹਿੰਦੀ, “ਮੇਰੇ ਕੋਲ ਕੋਈ ਨਵੀਂ ਚੁੰਨੀ ਨਹੀਂ ਹੈ।” ਕੁੜੀ ਨੇ ਫੇਰ ਦੂਜੀ ਕੋਲ ਜਾ ਕੇ ਤਰਲਾ ਕੀਤਾ ਕਿ ਹਾੜੇ ਹਾੜੇ ਮੈਨੂੰ ਅੱਜ ਵਾਸਤੇ ਚੁੰਨੀ ਦੇ ਦੇਹ। ਉਸ ਨੇ ਵੀ ਦੋ ਟੁੱਕ ਜੁਆਬ ਦੇ ਦਿੱਤਾ। ਕਹਿੰਦੀ, “ਜਾਹ ਜਾਹ, ਨਵੀਆਂ ਚੁੰਨੀਆਂ ਭਾਲਦੀ ਐ ਏਥੇ।” ਇਸ ਤਰ੍ਹਾਂ ਉਹ ਵਾਰੀ ਵਾਰੀ ਛੇ ਭਾਬੀਆਂ ਕੋਲ ਗਈ ਅਤੇ ਸਭ ਨੇ ਕੋਰਾ ਜੁਆਬ ਦੇ ਦਿੱਤਾ।
ਕੁੜੀ ਉਦਾਸ ਹੋ ਗਈ। ਸੱਤਵੀਂ ਭਾਬੀ ਨਵੀਂ ਨਵੇਲੀ ਸੀ। ਉਹ ਸੁਭਾਅ ਦੀ ਬੜੀ ਕੁਰੱਖਤ ਸੀ। ਜਕਦੀ ਜਕਦੀ ਕੁੜੀ ਉਸ ਕੋਲ ਵੀ ਗਈ ਅਤੇ ਤਰਲਾ ਕੀਤਾ ਕਿ ਤੇਰੇ ਕੋਲ ਤਾਂ ਨਵੀਆਂ ਚੁੰਨੀਆਂ ਹਨ। ਹਾੜੇ ਹਾੜੇ, ਬੱਸ ਅੱਜ ਲਈ ਇਕ ਦੇ ਦੇ। ਮੈਂ ਤੇਰੇ ਮੁੰਡੇ ਨੂੰ ਦੂਜਿਆਂ ਨਾਲੋਂ ਵੱਧ ਖਿਡਾਇਆ ਕਰੂੰ। ਮੁੰਡੇ ਦੀ ਗੱਲ ਸੁਣ ਕੇ ਉਹ ਕਹਿੰਦੀ, “ਚੁੰਨੀ ਤਾਂ ਮੈਂ ਤੈਨੂੰ ਦੇ ਦਿਆਂ, ਪਰ ਤੂੰ ਉਸ ਨੂੰ ਦਾਗ਼ ਲਾ ਲਿਆਵੇਂਗੀ।” ਕੁੜੀ ਕਹਿੰਦੀ, “ਨਹੀਂ ਭਾਬੀ, ਮੈਂ ਭੋਰਾ ਦਾਗ਼ ਨਹੀਂ ਲੱਗਣ ਦੇਂਦੀ। ਤੂੰ ਫ਼ਿਕਰ ਨਾ ਕਰ।” ਚੱਲ ਭਾਈ ਸੱਤਵੀਂ ਭਾਬੀ ਨੇ ਖੱਟੇ ਰੰਗ ਦੀ ਚੁੰਨੀ ਸੰਦੂਕ ਵਿਚੋਂ ਕੱਢ ਕੇ ਦੇ ਦਿੱਤੀ। ਪਰ ਉਸ ਨੇ ਨਾਲ ਹੀ ਕਹਿ ਦਿੱਤਾ ਕਿ ਗੱਲ ਸੁਣ ਲੈ, ਜੇ ਮੇਰੀ ਚੁੰਨੀ ਨੂੰ ਦਾਗ਼ ਲਾ ਲਿਆਈ ਤਾਂ ਮੈਂ ਤੇਰੇ ਖ਼ੂਨ ਨਾਲ ਹੀ ਚੁੰਨੀ ਰੰਗਾਵਾਂਗੀ। “ਚੰਗਾ ਭਾਬੀ” ਕਹਿ ਕੇ ਉਹ ਭੱਜ ਕੇ ਗਲੀ ਵਿਚ ਖੜੀਆਂ ਕੁੜੀਆਂ ਨਾਲ ਜਾ ਰਲੀ।
ਕੁੜੀਆਂ ਦਾ ਝੁੰਡ ਤੁਰ ਗਿਆ ਅਤੇ ਪਿੰਡੋਂ ਬਾਹਰ ਜਾ ਕੇ ਇਕ ਪਿੱਪਲ ਥੱਲੇ ਉਹਨਾਂ ਨੇ ਤੀਆਂ ਲਾ ਲਈਆਂ। ਬੋਲੀਆਂ ਅਤੇ ਗਿੱਧਾ ਪੈਣਾ ਸ਼ੁਰੂ ਹੋ ਗਿਆ।
ਉਸ ਕੁੜੀ ਨੇ ਚੁੰਨੀ ਨੂੰ ਸਾਂਭ ਸਾਂਭ ਕੇ ਰੱਖਿਆ, ਉਹ ਕਿਸੇ ਨਾਲ ਮੋਢਾ ਖਹਿਣ ਤੋਂ ਵੀ ਬਚਦੀ ਰਹੀ। ਪਰ ਉਸ ਨੇ ਤੀਆਂ ਦਾ ਖ਼ੂਬ ਆਨੰਦ ਮਾਣਿਆ। ਜਦ ਤੀਆਂ ਖ਼ਤਮ ਹੋਣ ਵਾਲੀਆਂ ਸਨ ਤਾਂ ਅਚਾਨਕ ਉਸ ਕੁੜੀ ਦੀ ਚੁੰਨੀ 'ਤੇ ਇਕ ਜਾਨਵਰ ਨੇ ਬਿੱਠ ਕਰ ਦਿੱਤੀ। ਕੁੜੀ ਦਾ ਤਾਂ ਉਸੇ ਵੇਲੇ ਰੰਗ ਉੱਡ ਗਿਆ। ਉਹ ਰੋਣ ਲੱਗ ਪਈ। ਕੁੜੀਆਂ ਨੇ ਬਿੱਠ ਨੂੰ ਬਥੇਰਾ ਧੋਤਾ ਪਰ ਦਾਗ਼ ਨਾ ਮਿਟਿਆ। ਉਹ ਉਦਾਸ ਮੂੰਹ ਲੈ ਕੇ ਘਰ ਚਲੀ ਗਈ। ਚੁੱਪ ਚਾਪ ਚੁੰਨੀ ਆਪਣੀ ਭਾਬੀ ਨੂੰ ਫੜਾ ਦਿੱਤੀ। ਜਦ ਉਸ ਨੇ ਚੁੰਨੀ ਖੋਲ੍ਹ ਕੇ ਦੇਖੀ ਤਾਂ ਮੱਥੇ ਤਿਊੜੀਆਂ ਪਾ ਲਈਆਂ। ਬੱਸ ਕੱਪੜਾ ਲੈ ਕੇ ਮੰਜੇ 'ਤੇ ਪੈ ਗਈ। ਜਦੋਂ ਉਸ ਦਾ ਪਤੀ ਆਇਆ ਤਾਂ ਉਸ ਨੇ ਕਾਰਨ ਪੁੱਛਿਆ। ਕਹਿੰਦੀ, “ਇਸ ਕੁੜੀ ਨੇ ਮੇਰੀ ਚੁੰਨੀ ਖ਼ਰਾਬ ਕਰ ਦਿੱਤੀ ਹੈ। ਮੈਂ ਤਾਂ ਤਾਂ ਜਿਊਂਗੀ ਜੇ ਤੂੰ ਇਸ ਦੇ ਖ਼ੂਨ ਵਿਚ ਮੇਰੀ ਚੁੰਨੀ ਰੰਗ ਕੇ ਲਿਆਵੇਂਗਾ।” ਉਹ ਮੰਨ ਗਿਆ।
ਕੁਝ ਦਿਨਾਂ ਬਾਅਦ ਉਹ ਮੁੰਡਾ ਘਰ ਵਾਲੀ ਦੇ ਕਹੇ ਲੱਗ ਕੇ ਆਪਣੀ ਭੈਣ ਨੂੰ ਬੇਰ ਖਾਣ ਦੇ ਬਹਾਨੇ ਘਰੋਂ ਲੈ ਗਿਆ। ਮੋਢੇ `ਤੇ ਕਹੀ ਰੱਖ ਲਈ ਅਤੇ ਸਿਰ `ਤੇ ਬੱਠਲ। ਕਹਿੰਦਾ, “ਕੁੜੀਏ, ਤੂੰ ਬੇਰ ਖਾ ਲਈਂ ਅਤੇ ਮੈਂ ਸ਼ੱਕਰਕੰਦੀਆਂ ਪੁੱਟ ਲਵਾਂਗਾ। ਚੱਲਦੇ ਚੱਲਦੇ ਦੂਰ ਰੋਹੀ ਬੀਆਬਾਨ ਵਿਚ ਚਲੇ ਗਏ। ਇਕ ਬੇਰੀ ਆ ਗਈ ਅਤੇ ਉਹ ਬੇਰੀ ਹੇਠਾਂ ਬੇਰ ਚੁਗਣ ਲੱਗ ਪਏ। ਜਦੋਂ ਕੁੜੀ ਨੀਵੀਂ ਹੋ ਕੇ ਬੇਰ ਚੁਗ ਰਹੀ ਸੀ ਤਾਂ ਪਿੱਛੋਂ ਦੀ ਭਰਾ ਨੇ ਉਸ ਦਾ ਗਲਾ ਵੱਢ ਦਿੱਤਾ। ਫੇਰ ਉਸ ਦਾ ਖ਼ੂਨ ਬੱਠਲ ਵਿਚ ਨਚੋੜ ਲਿਆ ਅਤੇ ਉਸ ਵਿਚ ਚੁੰਨੀ ਰੰਗ ਲਈ। ਮਗਰੋਂ ਕੁੜੀ ਨੂੰ ਬੇਰੀ ਦੀਆਂ ਜੜ੍ਹਾਂ ਲਾਗੇ ਦੱਬ ਦਿੱਤਾ, ਜਿਥੇ ਬਾਅਦ ਵਿਚ ਬਾਂਸ ਹਰਾ ਹੋ ਗਿਆ। ਜ਼ਾਲਮ ਨੇ ਰੰਗੀ ਹੋਈ ਚੁੰਨੀ ਆਪਣੀ ਪਤਨੀ ਨੂੰ ਘਰ ਜਾ ਕੇ ਦੇ ਦਿੱਤੀ।
ਕਾਫ਼ੀ ਸਮਾਂ ਬੀਤ ਗਿਆ। ਕੁੜੀ ਦੀਆਂ ਭਾਬੀਆਂ ਨੂੰ ਬਾਂਸ ਦੀਆਂ ਨਲਕੀਆਂ ਦੀ ਲੋੜ ਪਈ। ਉਸ ਦਾ ਇਕ ਭਰਾ ਘੁੰਮਦਾ ਘੁਮਾਉਂਦਾ ਉਸ ਬੇਰੀ ਥੱਲੇ ਆ ਗਿਆ। ਜਦੋਂ ਉਹ ਬਾਂਸ ਵੱਢਣ ਲੱਗਿਆ ਤਾਂ ਉਸ ਵਿਚੋਂ ਉਹ ਕੁੜੀ ਬੋਲ ਪਈ :
“ਮੈਂ ਸੱਤਾਂ ਭਾਈਆਂ ਦੀ ਭੈਣ ਵੇ
ਸਕੇ ਭਾਈ ਨੇ ਗਲ ਵੱਢਿਆ
ਭਾਬੋ ਨੇ ਖ਼ੂਨ ਵਿਚ ਚੁੰਨੜੀ ਰੰਗਾਈ
ਵੈਰੀਆ ਵੇ ਮੈਨੂੰ ਹੱਥ ਨਾ ਲਾਈਂ।”
ਕਹਿੰਦਾ, “ਇਹਦੇ ਵਿਚ ਤਾਂ ਸ਼ੈਅ ਬੋਲਦੀ ਐ।” ਉਹ ਡਰ ਕੇ ਘਰ ਨੂੰ ਭੱਜ ਗਿਆ। ਫੇਰ ਦੂਜਾ ਭਰਾ ਬਾਂਸ ਵੱਢਣ ਲਾਇਆ ਤਾਂ ਕੁੜੀ ਬੋਲੀ :
“ਮੈਂ ਸੱਤਾਂ ਭਾਈਆਂ ਦੀ ਭੈਣ ਵੇ
ਸਕੇ ਭਾਈ ਨੇ ਗਲ ਵੱਢਿਆ
ਭਾਬੋ ਨੇ ਖ਼ੂਨ ਵਿਚ ਚੁੰਨੜੀ ਰੰਗਾਈ
ਵੈਰੀਆ ਵੇ ਮੈਨੂੰ ਹੱਥ ਨਾ ਲਾਈਂ।”
ਉਹ ਵੀ ਡਰ ਕੇ ਭੱਜ ਗਿਆ। ਘਰ ਜਾ ਕੇ ਉਸ ਨੇ ਸਾਰੀ ਗੱਲ ਦੱਸੀ। ਉਧਰ ਕੁੜੀ ਪਾਣੀ ਪੀਣ ਆਉਂਦੇ ਰਾਹੀਆਂ ਨੂੰ ਵੀ ਗੀਤ ਵਿਚ ਦਰਦਮਈ ਸੁਰ ਨਾਲ ਇਹ ਗੱਲ ਦੱਸਦੀ। ਫਿਰ ਉਸ ਦੇ ਭਰਾਵਾਂ ਨੇ ਕਿਸੇ ਗ਼ਰੀਬ ਨੂੰ ਪੈਸੇ ਦੇ ਕੇ ਬੇਰੀ ਅਤੇ ਬਾਂਸ ਨੂੰ ਵੱਢਣ ਲਈ ਆਖ ਦਿੱਤਾ। ਵੱਢਣ ਵੇਲੇ ਵੀ ਕੁੜੀ ਉਸੇ ਤਰ੍ਹਾਂ ਕੁਰਲਾ ਕੇ ਕਹਿ ਰਹੀ ਸੀ ਕਿ ਉਥੇ ਇਕ ਜੋਗੀ ਆ ਗਿਆ। ਜੋਗੀ ਨੇ ਵੀ ਇਹ ਅਜੀਬ ਗੱਲ ਸੁਣੀ। ਉਸ ਨੇ ਸੋਚਿਆ ਕਿ ਕਿਉਂ ਨਾ ਇਸ ਬਾਂਸ ਦੀ ਵੰਝਲੀ ਬਣਾ ਲਈ ਜਾਵੇ। ਉਸ ਨੇ ਵੱਢਣ ਵਾਲੇ ਤੋਂ ਬਾਂਸ ਦੀਆਂ ਪੋਰੀਆਂ ਲੈ ਕੇ ਦੋ ਵੰਝਲੀਆਂ ਬਣਵਾ ਲਈਆਂ। ਹੁਣ ਉਹ ਪਿੰਡ ਪਿੰਡ ਮੰਗਣ ਚੜ੍ਹ ਪਿਆ। ਵੰਝਲੀ ਦਾ ਗੀਤ ਸੁਣ ਕੇ ਕਈ ਲੋਕ ਰੋ ਪਏ।
ਇਕ ਦਿਨ ਉਸ ਕੁੜੀ ਦਾ ਪਿੰਡ ਵੀ ਆ ਗਿਆ। ਜੋਗੀ ਉਸ ਗਲੀ ਵਿਚ ਵੀ ਮੰਗਣ ਗਿਆ। ਜਿਥੇ ਉਸ ਕੁੜੀ ਦੇ ਸੱਤੇ ਭਰਾ ਰਹਿੰਦੇ ਸਨ। ਪਹਿਲੇ ਘਰ ਅੱਗੇ ਜਾ ਕੇ ਜਦ ਉਸ ਨੇ ਵੰਝਲੀ ਵਿਚ ਫੂਕ ਮਾਰੀ ਤਾਂ ਵੰਝਲੀ ਬੋਲੀ :
“ਵੱਜ ਵੱਜ ਵੰਝਲੀ ਭਾਬੋ ਦੇ ਬਾਰ
ਭਾਬੀ ਪਾ ਮੋਤੀਆਂ ਦਾ ਥਾਲ
ਨੀਂ ਤੇਰੀ ਨਣਦ ਖੜੀ ਤੇਰੇ ਬਾਰ।”
ਉਸ ਦੀ ਭਾਬੀ ਨੇ ਜੋਗੀ ਨੂੰ ਮੋਤੀਆਂ ਦਾ ਥਾਲ ਪਾ ਦਿੱਤਾ। ਫਿਰ ਉਹ ਦੂਜੇ ਘਰ ਅੱਗੇ ਹੋ ਗਿਆ। ਵੰਝਲੀ ਫੇਰ ਬੋਲੀ:
“ਵੱਜ ਵੱਜ ਵੰਝਲੀ ਭਾਬੋ ਦੇ ਬਾਰ
ਭਾਬੀ ਪਾ ਮੋਤੀਆਂ ਦਾ ਥਾਲ
ਨੀਂ ਤੇਰੀ ਨਣਦ ਖੜੀ ਤੇਰੇ ਬਾਰ।”
ਦੂਜੀ ਭਾਬੀ ਨੇ ਵੀ ਮੋਤੀਆਂ ਦਾ ਥਾਲ ਪਾ ਦਿੱਤਾ। ਇਸ ਤਰ੍ਹਾਂ ਵੰਝਲੀ ਵਾਰੀ ਵਾਰੀ ਸਭ ਦੇ ਬੂਹੇ ਅੱਗੇ ਬੋਲੀ ਅਤੇ ਛੇਆਂ ਭਾਬੀਆਂ ਨੇ ਮੋਤੀਆਂ ਦੇ ਥਾਲ ਪਾ ਦਿੱਤੇ।
ਜਦ ਜੋਗੀ ਸੱਤਵੀਂ ਭਾਬੀ ਦੇ ਘਰ ਅੱਗੇ ਗਿਆ ਤਾਂ ਵੰਝਲੀ ਉਸੇ ਤਰ੍ਹਾਂ ਬੋਲੀ :
“ਵੱਜ ਵੱਜ ਵੰਝਲੀ ਭਾਬੋ ਦੇ ਬਾਰ
ਭਾਬੋ ਨੀ ਮੈਂ ਜੋਗਣ ਹੋ ਗਈ
ਹੁੰਦੀ ਖੱਜਲ ਖੁਲਾਰ
ਨੀਂ ਭਾਬੋ ਖ਼ੁਸ਼ ਹੋ ਕੇ
ਖ਼ੁਸ਼ ਹੋ ਕੇ
ਪਾ ਮੋਤੀਆਂ ਦਾ ਥਾਲ
ਨੀਂ ਤੇਰੀ ਨਣਦ ਖੜੀ ਤੇਰੇ ਬਾਰ।”
ਸੱਤਵੀਂ ਭਾਬੀ ਨੇ ਜੋਗੀ ਨੂੰ ਕਿਹਾ ਕਿ ਭਾਈ ਜਿੰਨੇ ਮਰਜ਼ੀ ਪੈਸੇ ਲੈ ਲੈ ਪਰ ਇਹ ਵੰਝਲੀ ਮੈਨੂੰ ਦੇ ਦੇ। ਜੋਗੀ ਪੈਸੇ ਦੇ ਲਾਲਚ ਵਿਚ ਆ ਗਿਆ। ਉਸ ਨੇ ਵੰਝਲੀ ਸੱਤਵੀਂ ਭਾਬੀ ਨੂੰ ਦੇ ਦਿੱਤੀ। ਉਹ ਮੋਤੀਆਂ ਦਾ ਥਾਲ ਅਤੇ ਕਾਫ਼ੀ ਪੈਸੇ ਲੈ ਕੇ ਚਲਾ ਗਿਆ।
ਸੱਤਵੀਂ ਭਾਬੀ ਨੇ ਵੰਝਲੀ ਅਲਮਾਰੀ ਵਿਚ ਰੱਖ ਦਿੱਤੀ ਅਤੇ ਉਹ ਫਿਰ ਕੈਦ ਹੋ ਗਈ। ਕਹਿੰਦੀ, “ਜੇ ਇਸ ਨੂੰ ਅੱਗ ਵਿਚ ਮਚਾ ਦੇਵਾਂ ਤਾਂ ਇਸ ਕੁੜੀ ਦੀ ਗਤੀ ਹੋ ਜਾਵੇ। ਨਹੀਂ ਤਾਂ ਇਸ ਤਰ੍ਹਾਂ ਹੀ ਭਟਕਦੀ ਰਹੇਗੀ।” ਇਹ ਸੋਚ ਕੇ ਭਾਬੀ ਨੇ ਚੁੱਲ੍ਹੇ ਵਿਚ ਅੱਗ ਮਚਾਈ ਅਤੇ ਅਲਮਾਰੀ ਵਿਚੋਂ ਵੰਝਲੀ ਕੱਢ ਕੇ ਚੁੱਲ੍ਹੇ ਵਿਚ ਰੱਖ ਦਿੱਤੀ। ਝੱਟ ਅਸਮਾਨ ਤੇਜ਼ ਰੌਸ਼ਨੀ ਨਾਲ ਚਮਕਿਆ। ਚੁੱਲ੍ਹੇ ਦੀ ਅੱਗ ਬੁਝ ਗਈ ਅਤੇ ਕੁੜੀ ਵੰਝਲੀ ਵਿਚੋਂ ਨਿਕਲ ਕੇ ਅਸਮਾਨ ਨੂੰ ਜਾ ਚੜ੍ਹੀ। ਅਚਾਨਕ ਸੱਤਵੀਂ ਭਾਬੀ ਉਪਰ ਆ ਕੇ ਗਿਰੀ। ਉਹ ਥਾਂ 'ਤੇ ਹੀ ਮਾਰੀ ਗਈ। ਕੁੜੀ ਫੇਰ ਗਰਜ ਨਾਲ ਅਸਮਾਨ ਨੂੰ ਚੜ੍ਹ ਗਈ।
0 Comments