ਠੱਗ ਅਤੇ ਠੱਗ ਦੀ ਧੀ
Thag ate Thag di Dhi
ਇਕ ਦਿਨ ਉਸ ਅਮੀਰ ਪਰਿਵਾਰ ਨੇ ਵਿਆਹ ਜਾਣਾ ਸੀ। ਉਹਨਾਂ ਨੇ ਆਪਣੇ ਸੱਤਾਂ ਸੰਦੂਕਾਂ ਦੀਆਂ ਚਾਬੀਆਂ ਨੌਕਰ ਨੂੰ ਫੜਾ ਦਿੱਤੀਆਂ ਅਤੇ ਕਿਹਾ ਕਿ “ਪੰਡਤਾ, ਅਸੀਂ ਤੇਰੇ ਦੀਨ ਈਮਾਨ 'ਤੇ ਘਰ ਛੱਡ ਚੱਲੇ ਆਂ। ਤੂੰ ਛੇਆਂ ਸੰਦੂਕਾਂ ਨੂੰ ਤਾਂ ਭਾਵੇਂ ਖੋਲ੍ਹ ਲਈਂ ਪਰ ਸਤਵੇਂ ਸੰਦੂਕ ਨੂੰ ਨਾ ਖੋਲ੍ਹੀ।” ਪੁਰਾਣੇ ਜ਼ਮਾਨੇ ਵਿਚ ਇਸ ਤਰ੍ਹਾਂ ਦੇ ਸਿੱਧੇ ਸਾਦੇ ਲੋਕ ਸਨ। ਚੱਲ ਭਾਈ ਉਹ ਵਿਆਹ ਤੁਰ ਗਏ। ਮਗਰੋਂ ਪੰਡਤ ਨੇ ਸੋਚਿਆ ਕਿ ਸਤਵੇਂ ਸੰਦੂਕ ਵਿਚ ਜ਼ਰੂਰ ਕੋਈ ਖ਼ਾਸ ਚੀਜ਼ ਹੋਣੀ ਹੈ। ਡੂੰਮਣੀ ਦੇ ਸਿਰਹਾਣੇ ਦੁੱਧ ਕਦੋਂ ਜੰਮੇ। ਉਸ ਨੇ ਤਾਂ ਤੁਰੰਤ ਸੰਦੂਕ ਖੋਲ੍ਹ ਲਿਆ। ਅੰਦਰ ਅੱਗ ਵਾਂਗ ਦਗ਼ਦੇ ਚਾਰ ਲਾਲ ਪਏ ਸਨ। ਉਸ ਦੀ ਨੀਤ ਬਦਲ ਗਈ। ਪਰ ਇਕ ਮੁਸ਼ਕਲ ਸੀ। ਉਹ ਹੁਣ ਇਹਨਾਂ ਲਾਲਾਂ ਨੂੰ ਆਪਣੇ ਪਿੰਡ ਕਿਸ ਤਰ੍ਹਾਂ ਲੈ ਕੇ ਜਾਵੇਗਾ ਕਿਉਂਕਿ ਲਾਲ ਤਾਂ ਕੱਪੜੇ ਵਿਚ ਦੀ ਵੀ ਚਾਨਣ ਕਰਦੇ ਸਨ। ਪੰਡਤ ਇਸ ਦੁਬਿਧਾ ਵਿਚ ਫਸ ਗਿਆ।
ਉਹ ਸ਼ਾਮ ਨੂੰ ਸੱਥ ਵਿਚ ਬੈਠੇ ਲੋਕਾਂ ਵਿਚ ਜਾ ਬੈਠਾ। ਗੱਲੀਂ ਗੱਲੀਂ ਪੁੱਛਣ ਲੱਗਿਆ ਕਿ ਬਈ ਲਾਲ ਕੀ ਚੀਜ਼ ਹੁੰਦੇ ਨੇ। ਕਹਿੰਦੇ ਨੇ ਇਹਨਾਂ ਦਾ ਚਾਨਣ ਬਹੁਤ ਹੁੰਦੈ। ਬੱਸ ਖੁੰਢਾਂ 'ਤੇ ਬੈਠੇ ਲੋਕਾਂ ਵਿਚ ਲਾਲਾਂ ਦੀ ਚਰਚਾ ਛਿੜ ਪਈ। ਫੇਰ ਇਕ ਸਿਆਣਾ ਬਜ਼ੁਰਗ ਕਹਿੰਦਾ, “ਭਾਈ, ਦੇਖੋ ਤਾਂ ਆਪਾਂ ਕਿਸੇ ਨੇ ਵੀ ਨਹੀਂ। ਪਰ ਸੁਣਿਐ ਕਿ ਲਾਲ ਮੱਕੀ ਦੇ ਦਾਣੇ ਜਿੱਡਾ ਹੁੰਦੈ। ਇਸ ਦਾ ਚਾਨਣ ਬਹੁਤ ਹੁੰਦੈ। ਅੱਗ ਵਾਂਗੂੰ ਦਗ਼ਦੈ। ਤਾਹੀਉਂ ਤਾਂ ਕਹਿੰਦੈ ਐ ਕਿ ਲਾਲ ਤਾਂ ਜੁੱਲੀਆਂ 'ਚ ਵੀ ਦਗ਼ਦੈ ਐ।”
ਪਰ ਪੰਡਤ ਤਾਂ ਆਪਣੀ ਗੁੰਝਲ ਹੱਲ ਕਰਨਾ ਚਾਹੁੰਦਾ ਸੀ। ਉਹ ਕਹਿੰਦਾ, “ਬਾਬਾ, ਫੇਰ ਇਸ ਨੂੰ ਲੋਕ ਲਿਜਾਂਦੇ ਕਿਸ ਤਰ੍ਹਾਂ ਹੋਣਗੇ। ਕਿਉਂਕਿ ਝੋਲੇ ਵਿਚ ਤਾਂ ਪਤਾ ਲੱਗ ਜਾਂਦਾ ਹੋਣੋਂ ਅਤੇ ਜੇ ਪਤਾ ਲੱਗ ਜਾਵੇ ਤਾਂ ਠੱਗ ਅਤੇ ਰਾਜੇ ਨਹੀਂ ਛੱਡਦੇ ਹੋਣੇ।” ਉਹ ਬਜ਼ੁਰਗ ਕਹਿਣ ਲੱਗਿਆ, ਲਾਲ ਕੱਪੜੇ ਵਿਚ ਨਹੀਂ ਜਾਂਦੇ। ਕੱਪੜੇ ਵਿਚੋਂ ਦੀ ਤਾਂ ਇਹ ਲਾਲ ਭਮਕਾਂ ਮਾਰਦੇ ਐ। ਸੁਣਿਐ ਇਕੋ ਹੀ ਤਰੀਕਾ ਹੈ ਲਾਲ ਲਿਜਾਣ ਦਾ। ਲਿਜਾਣ ਵਾਲਾ ਆਪਣੇ ਪੱਟ ਦਾ ਮਾਸ ਪਾੜ ਲਵੇ ਅਤੇ ਮਾਸ ਥੱਲੇ ਲਾਲ ਰੱਖ ਕੇ ਫੇਰ ਸਿਉਂ ਲਵੇ। ਇਸ ਤਰ੍ਹਾਂ ਜਾ ਸਕਦੇ ਐ ਬੱਸ।” ਹੌਲੀ-ਹੌਲੀ ਲੋਕੀਂ ਹੋਰ ਗੱਲਾਂ 'ਚ ਲੈ ਗਏ।
ਕੁਝ ਚਿਰ ਬਾਅਦ ਪੰਡਤ ਘਰ ਆ ਗਿਆ। ਉਸ ਤੋਂ ਖ਼ੁਸ਼ੀ ਸਾਂਭ ਨਾ ਹੋਵੇ। ਅਗਲੇ ਦਿਨ ਰਾਤ ਨੂੰ ਉਸ ਨੇ ਆਪਣੇ ਪੱਟ ਦਾ ਮਾਸ ਚੀਰਿਆ ਅਤੇ ਚਾਰੇ ਲਾਲ ਵਿਚ ਰੱਖ ਕੇ ਫਿਰ ਸਿਉਂ ਲਿਆ। ਸਵੇਰੇ ਘਰ ਵਾਲੇ ਆ ਗਏ। ਪੰਡਤ ਨੇ ਉਹਨਾਂ ਨੂੰ ਚਾਹ ਪਿਲਾਈ ਅਤੇ ਫੇਰ ਛੇਤੀ ਕਹਿਣ ਲੱਗਾ ਕਿ, “ਮਾਲਕੋ ! ਹੁਣ ਮੈਨੂੰ ਵੀ ਕੁਝ ਦਿਨਾਂ ਦੀ ਛੁੱਟੀ ਦੇ ਦਿਓ। ਮੇਰੇ ਬੱਚੇ ਮੈਨੂੰ ਯਾਦ ਕਰਦੇ ਹੋਣਗੇ। ਪੂਰੇ ਤਿੰਨ ਸਾਲ ਹੋ ਚੱਲੇ ਹਨ।”
ਉਹਨਾਂ ਨੇ ਨੌਕਰ ਨੂੰ ਛੁੱਟੀ ਦੇ ਦਿੱਤੀ ਅਤੇ ਕਿਹਾ ਕਿ ਛੇਤੀ ਮੁੜ ਆਈਂ। ਪੰਡਤ ਝੱਟ ਆਪਣੇ ਪਿੰਡ ਦੇ ਰਾਹ ਪੈ ਗਿਆ। ਰਾਹ ਵਿਚ ਉਸ ਨੂੰ ਕੁਝ ਊਠਾਂ ਵਾਲੇ ਮਿਲੇ, ਜਿਨ੍ਹਾਂ ਵਿਚ ਇਕ ਠੱਗ ਵੀ ਸੀ। ਉਹ ਗੱਲਾਂ ਕਰਦੇ ਗਏ। ਠੱਗ ਬੜਾ ਪਾਰਖੂ ਸੀ। ਉਸ ਨੇ ਝੱਟ ਤਾੜ ਲਿਆ ਕਿ ਪੰਡਤ ਕੋਲ ਲਾਲ ਸਨ। ਠੱਗ ਬੜਾ ਜ਼ਾਲਮ ਸੀ ਅਤੇ ਬੰਦੇ ਨੂੰ ਫਸਾ ਕੇ ਨਿਕਲਣ ਨਹੀਂ ਸੀ ਦਿੰਦਾ। ਗੱਲਾਂ ਗੱਲਾਂ ਵਿਚ ਉਸ ਨੇ ਪਤਾ ਕਰ ਲਿਆ ਕਿ ਬੰਦਾ ਜ਼ਾਤ ਦਾ ਪੰਡਤ ਸੀ। ਹੁਣ ਉਹ ਲਾਲ ਲੈਣ ਦੀਆਂ ਵਿਉਂਤਾਂ ਸੋਚਣ ਲੱਗਾ।
ਜਦੋਂ ਉਸ ਦਾ ਪਿੰਡ ਸਾਹਮਣੇ ਆਇਆ ਤਾਂ ਠੱਗ ਨੇ ਸਾਰੇ ਬੰਦੇ ਇਕ ਦਰੱਖ਼ਤ ਹੇਠ ਬਿਠਾ ਲਏ। ਉਹ ਆਰਾਮ ਕਰਨ ਲੱਗੇ ਅਤੇ ਠੱਗ ਆਪਣੇ ਘਰ ਚਲਾ ਗਿਆ। ਉਸ ਨੇ ਆਪਣੀ ਲੜਕੀ ਨੂੰ ਸਾਰੀ ਗੱਲ ਸਮਝਾ ਦਿੱਤੀ ਅਤੇ ਕਿਹਾ ਕਿ ਮੈਂ ਉਸ ਨੂੰ ਲੈ ਕੇ ਆਉਂਦਾ ਹਾਂ। ਤੂੰ ਉਸ ਨੂੰ ਅੰਦਰ ਵਾੜ ਕੇ ਤਲਵਾਰ ਖਿੱਚ ਲਈਂ ਅਤੇ ਉਸ ਤੋਂ ਲਾਲ ਲੈ ਲਈ। ਦੇਖੀਂ ਨਿਕਲ ਨਾ ਜਾਵੇ।
ਠੱਗ ਮੁੜ ਉਹਨਾਂ ਕੋਲ ਚਲਾ ਗਿਆ। ਕਹਿੰਦਾ, “ਭਰਾਵੋ, ਆਪਾਂ ਸਬੱਬ ਨਾਲ ਮਿਲੇ ਹਾਂ। ਤੁਸੀਂ ਮੇਰੇ ਘਰ ਚੱਲੋ ਅਤੇ ਖਾਣਾ ਖਾ ਕੇ ਜਾਇਓ।” ਯਾਤਰੀ ਕਹਿੰਦੇ, “ਬਾਈ, ਅਸੀਂ ਬਹੁਤ ਦੂਰ ਜਾਣਾ ਹੈ। ਸਾਡੇ ਕੋਲ ਐਨਾ ਵਕਤ ਕਿਥੇ।” ਠੱਗ ਕਹਿੰਦਾ, “ਖਾਣਾ ਤਾਂ ਤਿਆਰ ਹੈ।” ਪਰ ਉਹ ਨਾ ਮੰਨੇ। ਕਹਿੰਦਾ, “ਚੰਗਾ ਇਸ ਤਰ੍ਹਾਂ ਕਰ ਲੈਂਦੇ ਹਾਂ ਕਿ ਮੈਂ ਬ੍ਰਾਹਮਣ ਨੂੰ ਲੈ ਜਾਂਦਾ ਹਾਂ। ਕੁਦਰਤੀਂ ਤੁਹਾਡੇ ਵਿਚ ਬ੍ਰਾਹਮਣ ਹੈ। ਬ੍ਰਾਹਮਣ ਤੋਂ ਬਿਨਾਂ ਮੇਰੀ ਰੋਟੀ ਨਹੀਂ ਲੱਗਦੀ। ਇਹ ਆਪਣੀ ਰੋਟੀ ਖਾ ਆਏਗਾ ਅਤੇ ਤੁਹਾਡੀ ਫੜ ਲਿਆਏਗਾ।” ਇਸ ਵਿਉਂਤ ਨਾਲ ਉਸ ਨੇ ਪੰਡਤ ਨੂੰ ਨਿਖੇੜ ਲਿਆ ਅਤੇ ਨਾਂਹ ਨਾਂਹ ਕਰਦੇ ਨੂੰ ਘਰ ਲੈ ਗਿਆ।
ਠੱਗ ਨੇ ਪੰਡਤ ਨੂੰ ਕਮਰੇ ਅੰਦਰ ਬੋਰੇ ਤੇ ਬਿਠਾ ਦਿੱਤਾ ਅਤੇ ਆਪ ਬਾਹਰ ਨਿਕਲ ਗਿਆ। ਪਿੱਛੋਂ ਕੁੜੀ ਨੇ ਕੁੰਡਾ ਲਗਾ ਕੇ ਤਲਵਾਰ ਖਿੱਚ ਲਈ। ਕਹਿੰਦੀ, ‘ਰੱਖ ਦੇਹ ਐਥੇ ਲਾਲ।” ਪੰਡਤ ਵੀ ਚਲਾਕ ਸੀ। ਮਿੰਨਤਾਂ ਤਰਲੇ ਕਰ ਕੇ ਕਹਿੰਦਾ, “ਦੇਵੀ, ਮੇਰੇ ਕੋਲ ਕੁਝ ਨਹੀਂ। ਮੈਨੂੰ ਕਾਹਤੋਂ ਮਾਰਦੀ ਐਂ। ਮੈਂ ਤਿੰਨ ਸਾਲਾਂ ਬਾਅਦ ਬੱਚਿਆਂ ਕੋਲ ਚੱਲਿਆਂ ਹਾਂ।” ਕੁੜੀ ਨੂੰ ਕੁਦਰਤੀ ਤਰਸ ਆ ਗਿਆ। ਕਹਿੰਦੀ, “ਤੂੰ ਮੈਨੂੰ ਦੇਵੀ ਆਖ ਦਿੱਤਾ ਹੈ, ਇਸ ਲਈ ਮੈਂ ਤੈਨੂੰ ਬਚਾ ਦਿੰਦੀ ਹਾਂ। ਬਚਾਊਂ ਤੈਨੂੰ ਮੈਂ ਫੇਰ ਵੀ। ਪਰ ਤੂੰ ਇਥੋਂ ਛੇਤੀ ਭੱਜ ਜਾਹ। ਮੈਨੂੰ ਪਤੈ ਕਿ ਤੇਰੇ ਕੋਲ ਲਾਲ ਹਨ। ਮੇਰੇ ਪਿਉ ਨੂੰ ਵੀ ਪਤੈ। ਉਹ ਬਹੁਤ ਜ਼ਾਲਮ ਹੈ। ਉਸ ਨੇ ਤੇਰਾ ਪਿੱਛਾ ਨਹੀਂ ਛੱਡਣਾ। ਤੂੰ ਛੇਤੀ ਦੌੜ ਜਾਹ।”
ਅੰਨ੍ਹਾ ਕੀ ਭਾਲੇ ਦੋ ਅੱਖਾਂ। ਮਸੀਂ ਉਸ ਦੀ ਜਾਨ ਛੁੱਟੀ ਅਤੇ ਉਹ ਚੱਕਮੇਂ ਪੈਰੀਂ ਪਿੰਡੋਂ ਨਿਕਲ ਗਿਆ। ਊਠਾਂ ਵਾਲੇ ਤਾਂ ਪਹਿਲਾਂ ਹੀ ਚਲੇ ਗਏ ਸਨ। ਜਦੋਂ ਠੱਗ ਘਰ ਆਇਆ ਤਾਂ ਉਸ ਨੇ ਲਾਲ ਮੰਗੇ। ਕੁੜੀ ਕਹਿੰਦੀ, “ਉਸ ਦੇ ਕੋਲ ਕੋਈ ਲਾਲ ਨਹੀਂ ਸੀ।” ਕਹਿੰਦਾ, “ਮਰ ਜਾਏਂ ਤੂੰ। ਚੱਲ ਮੇਰੇ ਨਾਲ ਛੇਤੀ। ਕਿਤੇ ਉਹ ਨਿਕਲ ਨਾ ਜਾਵੇ।” ਉਹ ਦੋਵੇਂ ਪੰਡਤ ਦੇ ਫੇਰ ਪਿੱਛੇ ਲੱਗ ਗਏ। ਪੰਡਤ ਵੀ ਦੌੜਦਾ ਜਾ ਰਿਹਾ ਸੀ। ਰਾਹ ਵਿਚ ਠੱਗ ਨੇ ਉਸ ਨੂੰ ਫੜ ਲਿਆ ਅਤੇ ਰਾਜੇ ਕੋਲ ਲੈ ਗਿਆ। ਠੱਗ ਕਹਿੰਦਾ, “ਮਹਾਰਾਜ, ਇਹ ਮੇਰਾ ਜੁਆਈ ਹੈ ਅਤੇ ਮੇਰੀ ਲੜਕੀ ਨੂੰ ਛੱਡ ਕੇ ਭੱਜ ਆਇਆ ਹੈ।” ਰਾਜਾ ਕਹਿੰਦਾ, “ਕਿਉਂ ਬਈ ?" ਪੰਡਤ ਹੱਥ ਬੰਨ੍ਹ ਕੇ ਬੋਲਿਆ ਕਿ “ਮਹਾਰਾਜ, ਇਹ ਝੂਠ ਬੋਲਦਾ ਹੈ। ਮੈਂ ਤਾਂ ਇਹਨਾਂ ਨੂੰ ਜਾਣਦਾ ਵੀ ਨਹੀਂ। ਮੈਂ ਤਾਂ ਇਕ ਰਾਹੀ ਹਾਂ ਅਤੇ ਆਪਣੇ ਬਾਲ ਬੱਚੇ ਕੋਲ ਜਾ ਰਿਹਾ ਹਾਂ। ਇਹਨਾਂ ਨੇ ਮੈਨੂੰ ਐਵੇਂ ਹੀ ਫੜ ਲਿਆ।” ਰਾਜਾ ਕਹਿੰਦਾ, “ਇਹ ਕਿਵੇਂ ਹੋ ਸਕਦਾ ਹੈ। ਕੋਈ ਤਾਂ ਗੱਲ ਜ਼ਰੂਰ ਹੋਏਗੀ।” ਹੁਣ ਪੰਡਤ ਭਲਾ ਲਾਲਾਂ ਵਾਲੀ ਗੱਲ ਕਿਵੇਂ ਦੱਸੇ। ਜੇ ਦੱਸਦਾ ਹੈ ਤਾਂ ਲਾਲ ਰਾਜਾ ਲੈ ਲਵੇਗਾ ਅਤੇ ਨਾਲੇ ਪੁੱਛੇਗਾ ਕਿਥੋਂ ਲਿਆਂਦੇ ਹਨ। ਠੱਗ ਨੇ ਪੰਡਤ ਨੂੰ ਕਸੂਤਾ ਫਸਾ ਲਿਆ। ਫੇਰ ਪੰਡਤ ਬੋਲਿਆ, “ਮਹਾਰਾਜ, ਇਹ ਮੈਨੂੰ ਮਾਰਨਾ ਚਾਹੁੰਦੇ ਹਨ। ਮੈਂ ਇਹਨਾਂ ਦਾ ਜੁਆਈ ਨਹੀਂ। ਜੇ ਤੁਸੀਂ ਪਰਖਣਾ ਹੈ ਤਾਂ ਮੈਨੂੰ ਆਪਣੇ ਮਹਿਲਾਂ ਵਿਚ ਕਮਰਾ ਦੇ ਦਿਓ ਅਤੇ ਇਸ ਲੜਕੀ ਨੂੰ ਮੇਰੇ ਨਾਲ ਰਹਿਣ ਲਈ ਆਖੋ। ਤੁਹਾਨੂੰ ਹੁਣੇ ਪਤਾ ਲੱਗ ਜਾਏਗਾ।” ਪੰਡਤ ਨੇ ਠੱਗ ਨੂੰ ਫਸਾਉਣਾ ਚਾਹਿਆ। ਪਰ ਠੱਗ ਦੀ ਜਿਵੇਂ ਲਾਲਾਂ ਵਿਚ ਜਾਨ ਹੋਵੇ। ਉਹ ਕੁਝ ਵੀ ਕਰਨ ਲਈ ਤਿਆਰ ਸੀ। ਠੱਗ ਨੇ ਆਪਣੀ ਧੀ ਉਸ ਕੋਲ ਛੱਡ ਦਿੱਤੀ ਅਤੇ ਉਹ ਦੋਵੇਂ ਮਹਿਲਾਂ ਵਿਚ ਰਹਿਣ ਲੱਗੇ।
ਹੁਣ ਠੱਗ ਉਹਨਾਂ ਕੋਲ ਰੋਜ਼ਾਨਾ ਆਇਆ ਕਰੇ। ਉਸ ਨੂੰ ਪੁੱਛਿਆ ਕਰੇ; “ਕਿਉਂ ਧੀਏ, ਲੈ ਲਿਆ ਲਾਲ ?" ਕੁੜੀ ਕਿਹਾ ਕਰੇ, “ਬਾਪੂ, ਬੱਸ ਕੱਲ ਨੂੰ ਲੈ ਲਊਂ।" ਠੱਗ ਤਾਂ ਖਹਿੜੇ ਹੀ ਪੈ ਗਿਆ। ਕੁੜੀ ਨੂੰ ਹੁਣ ਪੰਡਤ 'ਤੇ ਤਰਸ ਆਉਣ ਲੱਗ ਪਿਆ। ਉਸ ਨੇ ਆਪਣੇ ਜ਼ਾਲਮ ਪਿਉ ਤੋਂ ਖਹਿੜਾ ਛੁਡਾਉਣ ਦੀ ਵਿਉਂਤ ਬਣਾਈ। ਉਹ ਪੰਡਤ ਨੂੰ ਕਹਿੰਦੀ, “ਜੇ ਆਪਾਂ ਇਥੋਂ ਭੱਜ ਵੀ ਜਾਈਏ ਤਾਂ ਵੀ ਇਸ ਜਾਲਮ ਨੇ ਸਾਡਾ ਪਿੱਛਾ ਨਹੀਂ ਛੱਡਣਾ। ਇਸ ਲਈ ਆਪਾਂ ਇਸ ਨੂੰ ਮਾਰ ਦੇਈਏ।”
ਉਹਨਾਂ ਨੇ ਵਿਉਂਤ ਬਣਾ ਕੇ ਵਰਾਂਡੇ ਵਿਚ ਇਕ ਡੂੰਘਾ ਟੋਆ ਪੁੱਟਿਆ ਅਤੇ ਉਸ ਵਿਚ ਅੱਗ ਦੇ ਦਗਦੇ ਚਿੰਗਾਰੇ ਰੱਖ ਦਿੱਤੇ। ਟੋਏ ਉਪਰ ਇਕ ਪਤਲਾ ਜਿਹਾ ਚਾਰ ਛੇਕਾਂ ਵਾਲਾ ਝਾਰਨਾ ਰੱਖ ਦਿੱਤਾ। ਚਾਰੇ ਛੇਕ ਚਾਰ ਲਾਲਾਂ ਵਾਂਗੂੰ ਦਗਦੇ ਸਨ। ਜਦੋਂ ਠੱਗ ਆਇਆ ਤਾਂ ਉਸ ਨੇ ਪੁੱਛਿਆ, “ਲੈ ਲਏ ਧੀਏ, ਲਾਲ ?'' ਉਹ ਖਿੱਝ ਕੇ ਬੋਲੀ, “ਆਹੋ, ਲੈ ਲਏ। ਔਹ ਸਾਹਮਣੇ ਪਏ ਐ।" ਠੱਗ ਲਾਲਚ ਵਿਚ ਅੰਨ੍ਹਾ ਹੋਇਆ ਭੱਜ ਕੇ ਲਾਲ ਚੁੱਕਣ ਗਿਆ ਤਾਂ ਸਮੇਤ ਝਾਰਨੇ ਹੀ ਟੋਏ ਵਿਚ ਡਿੱਗ ਪਿਆ ਅਤੇ ਵਿਚੇ ਮੱਚ ਗਿਆ।
ਹੁਣ ਠੱਗ ਦੀ ਧੀ ਕਹਿੰਦੀ, “ਆਪਾਂ ਇਥੇ ਪਤੀ ਪਤਨੀ ਵਾਂਗ ਰਹਿ ਰਹੇ ਹਾਂ। ਇਸ ਲਈ ਤੂੰ ਮੈਨੂੰ ਆਪਣੀ ਪਤਨੀ ਬਣਾ ਕੇ ਘਰ ਲੈ ਚੱਲ। ਇਸ उठ्ठा ਉਹ ਦੋਵੇਂ ਪੰਡਤ ਦੇ ਘਰ ਨੂੰ ਚੱਲ ਪਏ। ਪੰਡਤ ਵੀ ਲਾਲਾਂ ਦਾ ਸ਼ੁਦਾਈ ਕੀਤਾ ਪਿਆ ਸੀ। ਪਿੰਡ ਦੇ ਨੇੜੇ ਜਾ ਕੇ ਠੱਗ ਦੀ ਧੀ ਨੇ ਕਿਹਾ ਕਿ, “ਮੈਂ ਇਥੇ ਬੈਠਦੀ ਹਾਂ। ਤੂੰ ਜਾ ਕੇ ਵਾਜੇ ਵਾਲੇ ਲੈ ਆ। ਮੈਂ ਤਾਂ ਵਾਜੇ ਸਾਜੇ ਨਾਲ ਘਰ ਜਾਊਂਗੀ।” ਪੰਡਤ ਘਰ ਚਲਾ ਗਿਆ ਅਤੇ ਉਸ ਨੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸ ਦਿੱਤੀ। ਕਹਿੰਦੀ, “ਮਰ ਵੇ ਬਾਹਮਣਾ। ਇਹ ਕੀ ਕਰਦਾ ਫਿਰਦੈਂ।” ਪਰ ਪੰਡਤ ਨੂੰ ਇਹ ਸੁਣਨ ਦੀ ਵਿਹਲ ਕਿਥੇ। ਉਸ ਨੇ ਖ਼ੁਸ਼ੀ ਵਿਚ ਚਾਰੇ ਲਾਲ ਪੰਡਤਾਣੀ ਨੂੰ ਫੜਾ ਦਿੱਤੇ ਅਤੇ ਆਪ ਪਿੰਡ ਵਿਚ ਚਲਾ ਗਿਆ। ਉਸ ਨੇ ਰਾਜਾ, ਵਜ਼ੀਰ ਅਤੇ ਪੰਡਤ ਨੂੰ ਆਪਣੇ ਵਿਆਹ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ। ਉਹ ਮੰਨ ਗਏ। ਘਰ ਜਾ ਕੇ ਉਸ ਨੇ ਇਹ ਗੱਲ ਪੰਡਤਾਣੀ ਨੂੰ ਦੱਸ ਦਿੱਤੀ ਅਤੇ ਕਿਹਾ ਕਿ ਹੁਣ ਮੈਂ ਨਾਈ ਨੂੰ ਕਹਿਣ ਜਾ ਰਿਹਾ ਹਾਂ। ਪੰਡਤਾਣੀ ਈਰਖਾ ਵਿਚ ਜਲ ਰਹੀ ਸੀ ਪਰ ਪੰਡਤ ਨੂੰ ਲਾਲਾਂ ਦਾ ਚਾਅ ਚੁੱਕੀ ਫਿਰਦਾ ਸੀ। ਜਦੋਂ ਉਹ ਨਾਈ ਵੱਲ ਗਿਆ ਤਾਂ ਪਿੱਛੋਂ ਪੰਡਤਾਣੀ ਵੀ ਚਲੀ ਗਈ। ਪੰਡਤਾਣੀ ਨੇ ਰਾਜੇ, ਵਜ਼ੀਰ ਅਤੇ ਨਾਈ ਨੂੰ ਇਕ ਇਕ ਲਾਲ ਦੇ ਕੇ ਗੰਢ ਲਿਆ ਕਿ ਉਹ ਵਿਆਹ ਵਿਚ ਨਾ ਆਉਣ। ਪੰਡਤ ਤੋਂ ਪਹਿਲਾਂ ਹੀ ਉਹ ਫੇਰ ਘਰ ਪਹੁੰਚ ਗਈ।
ਜਦ ਪੰਡਤ ਆਇਆ ਤਾਂ ਕਹਿੰਦਾ, “ਭਾਗਵਾਨੇ, ਲਾਲ ਚੰਗੀ ਤਰ੍ਹਾਂ ਸੰਦੂਕ ਵਿਚ ਸਾਂਭ ਦਿੱਤੇ ਕਿ ਨਹੀਂ।” ਪੰਡਤਾਣੀ ਕਹਿੰਦੀ, “ਕਿਹੜੇ ਲਾਲ ? ਉਹ ਮੱਕੀ ਦੇ ਦਾਣੇ ਜਿਹੇ ਆਪਾਂ ਕੀ ਕਰਨੇ ਸੀ ? ਮੈਂ ਤਾਂ ਐਥੇ ਸੁੱਟ ਦਿੱਤੇ ਸੀ। ਜਾਨਵਰ ਚੁੱਕ ਕੇ ਲੈ ਗਏ ਹੋਣੈ।" ਪਾਗਲਾਂ ਵਾਂਗ ਪੰਡਤ ਕੁਝ ਪਲ ਵਿਹੜੇ ਵਿਚ ਘੁੰਮਿਆ ਜਿਵੇਂ ਠੱਗ ਵਾਂਗ ਉਹਦੀ ਜਾਨ ਵੀ ਲਾਲਾਂ ਵਿਚ ਹੀ ਹੋਵੇ। ਪਲ ਕੁ ਬਾਅਦ ਉਹ ਵਿਹੜੇ ਵਿਚ ਹੀ ਡਿੱਗ ਪਿਆ। ਬੱਸ ਲੇਟੇ ਮਾਰੀ ਜਾਵੇ ਅਤੇ ਕਹੀ ਜਾਵੇ ‘ਹਾਏ ਮੇਰੇ ਲਾਲ, ਹਾਏ ਮੇਰੇ ਲਾਲ'। ਉਧਰ ਠੱਗ ਦੀ ਧੀ ਵੀ ਅਕਲਵੰਦ ਸੀ। ਸੋਚਿਆ ਐਨਾ ਚਿਰ ਹੋ ਗਿਆ। ਜ਼ਰੂਰ ਕੋਈ ਗੱਲ ਹੋ ਗਈ ਹੋਣੀ ਐ। ਇਸ ਲਈ ਉਹ ਆਪ ਹੀ ਘਰ ਪਹੁੰਚ ਗਈ। ਅੱਗੇ ਪੰਡਤ ਰੇਤੇ ਵਿਚ ਲੇਟੇ ਮਾਰੀ ਜਾਵੇ। ਅਖੇ ‘ਹਾਏ ਮੇਰੇ ਲਾਲ, ਹਾਏ ਮੇਰੇ ਲਾਲ'। ਨਾਲੇ ਸਿਰ ਮਾਰੀ ਜਾਵੇ। ਠੱਗ ਦੀ ਧੀ ਨੇ ਪੁੱਛਿਆ, “ਤੈਨੂੰ ਕੀ ਹੋ ਗਿਆ ?” ਕਹਿੰਦਾ, “ਹਾਏ ਮੇਰੇ ਲਾਲ, ਹਾਏ ਮੇਰੇ ਲਾਲ, ਹਾਏ ਮੇਰੇ ਲਾਲ।” ਕਹਿੰਦੀ, “ਮਿਲ ਗਏ ਤੇਰੇ ਲਾਲ। ਲੱਭ ਗਏ ਮੈਨੂੰ।" ਪੰਡਤ ਛਾਲ ਮਾਰ ਕੇ ਖੜਾ ਹੋ ਗਿਆ। ਕਹਿੰਦਾ, “ਫੜਾ ਦੇਹ ਮੇਰੇ ਲਾਲ।" ਠੱਗ ਦੀ ਧੀ ਉਸ ਨੂੰ ਅੰਦਰ ਲੈ ਗਈ ਅਤੇ ਸਾਰੀ ਕਹਾਣੀ ਸੁਣਾ ਦਿੱਤੀ। ਫੇਰ ਕਹਿੰਦੀ, “ਲਾਲ ਘਰੇ ਈ ਨੇ। ਮੈਂ ਹੁਣ ਲੈ ਲਵਾਂਗੀ। ਮੈਂ ਵੀ ਠੱਗ ਦੀ ਧੀ ਆਂ। ਤੂੰ ਕੋਈ ਫ਼ਿਕਰ ਨਾ ਕਰ।”
ਉਸ ਤੋਂ ਬਾਅਦ ਠੱਗ ਦੀ ਧੀ ਨੇ ਭੇਸ ਬਦਲ ਕੇ ਰੰਡੀ ਔਰਤ ਹੋਣ ਦਾ ਪਾਖੰਡ ਰਚ ਲਿਆ ਅਤੇ ਰਾਜੇ, ਵਜ਼ੀਰ ਅਤੇ ਨਾਈ ਨੂੰ ਵਾਰ ਵਾਰ ਬੇਨਤੀ ਕੀਤੀ ਕਿ ਉਹ ਇਕ ਬੇਸਹਾਰਾ ਔਰਤ ਹੈ। ਉਹਨਾਂ ਨੂੰ ਖਾਣੇ ਦੀ ਦਾਅਵਤ ਦੇਣਾ ਚਾਹੁੰਦੀ ਹੈ। ਕਿਰਪਾ ਕਰ ਕੇ ਉਹ ਉਸ ਦੇ ਖਾਣੇ 'ਤੇ ਜ਼ਰੂਰ ਆਉਣ। ਠੱਗ ਦੀ ਧੀ ਨੇ ਉਹਨਾਂ ਨੂੰ ਪੰਜ ਪੰਜ ਮਿੰਟ ਦਾ ਫ਼ਰਕ ਰੱਖ ਕੇ ਵਕਤ ਦੇ ਦਿੱਤਾ।
ਸਭ ਤੋਂ ਪਹਿਲਾਂ ਨਾਈ ਆਇਆ। ਉਸ ਨੇ ਨਾਈ ਨੂੰ ਅੰਦਰ ਬਿਠਾ ਦਿੱਤਾ। ਝੱਟ ਕੁ ਪਿੱਛੋਂ ਪੰਡਤ ਨੇ ਕੁੰਡਾ ਖੜਕਾ ਦਿੱਤਾ। ਕਹਿੰਦੀ, “ਲੈ ਪੰਡਤ ਵੀ ਆ ਗਿਆ।” ਨਾਈ ਡਰ ਗਿਆ। ਕਹਿੰਦਾ, “ਮੈਨੂੰ ਤਾਂ ਕਿਧਰੇ ਲੁਕੋ ਦੇ।" ਠੱਗ ਦੀ ਧੀ ਨੇ ਨਾਈ ਨੂੰ ਲੰਮਾ ਪਾ ਕੇ ਉਸ ਉਪਰ ਘੜੇ ਮੂਧੇ ਮਾਰ ਦਿੱਤੇ। ਫਿਰ ਕੁੰਡਾ ਖੋਲ੍ਹਿਆ ਅਤੇ ਪੰਡਤ ਨੂੰ ਅੰਦਰ ਬਿਠਾ ਦਿੱਤਾ। ਝੱਟ ਕੁ ਪਿੱਛੋਂ ਵਜ਼ੀਰ ਨੇ ਕੁੰਡਾ ਖੜਕਾ ਦਿੱਤਾ। ਕਹਿੰਦੀ, “ਇਹ ਤਾਂ ਵਜ਼ੀਰ ਐ।” ਪੰਡਤ ਕਹਿੰਦਾ, “ਅਨਰਥ ਹੋ ਗਿਆ। ਪਹਿਲਾਂ ਮੈਨੂੰ ਤੂੰ ਕਿਧਰੇ ਲੁਕੋ ਦੇ, ਨਹੀਂ ਤਾਂ ਮੈਂ ਮਾਰਿਆ ਜਾਊਂ।” ਠੱਗ ਦੀ ਧੀ ਨੇ ਪੰਡਤ ਨੂੰ ਉੱਖਲੀ ਵਿਚ ਸਿਰ ਪਰਨੇ ਖੜਾ ਕਰ ਦਿੱਤਾ ਅਤੇ ਫਿਰ ਉਸ ਦੀ ਪਿੱਠ 'ਤੇ ਦੀਵਾ ਰੱਖ ਦਿੱਤਾ। ਹੁਣ ਉਹ ਵਜ਼ੀਰ ਨੂੰ ਅੰਦਰ ਲੈ ਆਈ। ਉਹ ਹਾਲੇ ਬੈਠਾ ਹੀ ਸੀ ਕਿ ਰਾਜੇ ਨੇ ਕੁੰਡਾ ਖੜਕਾ ਦਿੱਤਾ। ਕਹਿੰਦੀ, “ਚੰਗਾ ਹੋਇਆ, ਆਪਣਾ ਰਾਜਾ ਵੀ ਆ ਗਿਆ।” ਵਜ਼ੀਰ ਕਹਿੰਦਾ, “ਤੂੰ ਬਹੁਤ ਗ਼ਲਤ ਕੰਮ ਕੀਤੈ। ਉਹ ਮੇਰੇ ਬਾਰੇ ਕੀ ਸੋਚੂਗਾ। ਹੁਣ ਮੈਨੂੰ ਦੱਸ ਮੈਂ ਕੀ ਕਰਾਂ।" ਠੱਗ ਦੀ ਧੀ ਨੇ ਵਜ਼ੀਰ ਉਪਰ ਚੁੰਨੀ ਦੇ ਦਿੱਤੀ ਅਤੇ ਉਸ ਨੂੰ ਚੱਕੀ ਝੋਣ ਲਾ ਦਿੱਤਾ। ਫੇਰ ਉਸ ਨੇ ਰਾਜੇ ਨੂੰ ਲਿਆ ਕੇ ਉਥੇ ਹੀ ਬਿਠਾ ਦਿੱਤਾ।
ਵਜ਼ੀਰ ਅੰਨ੍ਹੇ ਵਾਹ ਚੱਕੀ ਫੇਰੀ ਗਿਆ। ਚੱਕੀ ਦਾ ਸ਼ੋਰ ਬਹੁਤ ਸੀ। ਰਾਜਾ ਕਹਿੰਦਾ, “ਮਾਈ, ਤੂੰ ਚੱਕੀ ਫੇਰਨੀ ਬੰਦ ਕਰ ਦੇ। ਕਿਉਂ ਮੇਰੇ ਕੰਨ ਖਾਈ ਜਾਨੀਂ ਐ।” ਪਰ ਵਜ਼ੀਰ ਉਸੇ ਤਰ੍ਹਾਂ ਜ਼ੋਰ ਜ਼ੋਰ ਦੀ ਚੱਕੀ ਫੇਰੀ ਗਿਆ। ਅਖ਼ੀਰ ਰਾਜੇ ਨੇ ਕੋਲ ਜਾ ਕੇ ਉਸ ਦੇ ਹੱਥ ਫੜ ਲਏ। ਜਦੋਂ ਰਾਜੇ ਨੇ ਵਜ਼ੀਰ ਦੇ ਮੂੰਹ ਵੱਲ ਵੇਖਿਆ ਤਾਂ ਹੈਰਾਨ ਹੋ ਕੇ ਪੁੱਛਿਆ ਕਿ ਵਜ਼ੀਰ ਤੂੰ ਏਥੇ ? ਹੁਣ ਪੰਡਤ ਅਤੇ ਨਾਈ ਦੀ ਵੀ ਹਾਸੀ ਨਿਕਲ ਗਈ। ਪੰਡਤ ਦੀ ਪਿੱਠ ਉਪਰ ਰੱਖਿਆ ਦੀਵਾ ਡਿੱਗ ਪਿਆ। ਨਾਈ ਉਪਰ ਰੱਖੇ ਘੜੇ ਇਕ ਦੂਜੇ ਵਿਚ ਵੱਜ ਕੇ ਖੜਾਕ ਕਰਨ ਲੱਗੇ। ਇਸ ਤਰ੍ਹਾਂ ਹੁਣ ਚਾਰੇ ਜਣੇ ਇਕੱਠੇ ਹੋ ਗਏ।
ਹੁਣ ਠੱਗ ਦੀ ਧੀ ਕਹਿੰਦੀ, “ਮੈਂ ਲੋਕ ਇਕੱਠੇ ਕਰਦੀ ਆਂ। ਫੇਰ ਪੁੱਛੇ ਤੁਹਾਨੂੰ ਕਿ ਤੁਸੀਂ ਠੰਡੀ ਦੇ ਘਰ ਕੀ ਲੈਣ ਆਏ ਹੋ ? ਹੁਣ ਤੁਹਾਨੂੰ ਮੈਂ ਬਦਨਾਮ ਕਰੂੰ, ਨਹੀਂ ਤਾਂ ਚਾਰੇ ਲਾਲ ਐਥੇ ਰੱਖ ਦਿਓ।” ਉਹ ਕਹਿੰਦੇ, “ਸਾਡਾ ਖਹਿੜਾ ਛੱਡ। ਅਸੀਂ ਤੈਨੂੰ ਜਾ ਕੇ ਲਾਲ ਲਿਆ ਦੇਨੇ ਆਂ।” ਕਹਿੰਦੀ, “ਨਹੀਂ ਐਥੇ ਮੰਗਵਾਓ।” ਫੇਰ ਰਾਜੇ ਨੇ ਵਜ਼ੀਰ ਅਤੇ ਨਾਈ ਨੂੰ ਭੇਜ ਕੇ ਲਾਲ ਮੰਗਵਾਏ। ਇਸ ਤਰ੍ਹਾਂ ਠੱਗ ਦੀ ਧੀ ਨੇ ਚਾਰੇ ਲਾਲ ਵਾਪਸ ਲੈ ਲਏ। ਪੰਡਤ ਅਤੇ ਠੱਗ ਦੀ ਧੀ ਮੌਜ ਨਾਲ ਰਹਿਣ ਲੱਗ ਪਏ।
0 Comments