Punjabi Moral Story Putar Di Daat "ਪੁੱਤਰ ਦੀ ਦਾਤ" for Students and Kids in Punjabi Language.

 ਪੁੱਤਰ ਦੀ ਦਾਤ 
Putar Di Daat

ਇਕ ਵਾਰੀ ਇਕ ਸੰਤ ਇਕ ਜੱਟ ਦੇ ਘਰ ਆਇਆ। ਜੱਟ ਅਤੇ ਜੱਟੀ ਨੇ ਉਸ ਦੀ ਬਹੁਤ ਸੇਵਾ ਕੀਤੀ। ਸੰਤ ਨੇ ਖ਼ੁਸ਼ ਹੋ ਕੇ ਕਿਹਾ, “ਮੰਗੋ ਬੱਚਾ, ਜੋ ਕੁਝ ਮੰਗਣਾ ਹੈ। ਤੁਹਾਡੀ ਇੱਛਾ ਪੂਰੀ ਕਰਾਂਗਾ।” ਉਹ ਕਹਿੰਦੇ, “ਮਹਾਰਾਜ, ਹੋਰ ਤਾਂ ਆਪ ਦੀ ਮਿਹਰ ਨਾਲ ਬਹੁਤ ਕੁਝ ਹੈ ਪਰ ਸਾਡੇ ਘਰ ਪੁੱਤਰ ਨਹੀਂ ਹੈ। ਇਸ ਲਈ ਸਾਨੂੰ ਪੁੱਤਰ ਦੀ ਦਾਤ ਬਖ਼ਸ਼ ਦਿਓ।”

ਸੰਤ ਨੇ ਅੰਤਰ ਧਿਆਨ ਹੋ ਕੇ ਸੱਚਖੰਡ ਵੱਲ ਦੇਖਿਆ ਅਤੇ ਫਿਰ ਕਿਹਾ ਕਿ “ਤੁਹਾਡੇ ਕਰਮਾਂ ਵਿਚ ਪੁੱਤਰ ਦੀ ਦਾਤ ਲਿਖੀ ਨਹੀਂ ਹੈ।” ਉਹ ਕਹਿਣ ਲੱਗੇ ਕਿ “ਸੰਤ ਜੀ, ਜਾਂ ਤਾਂ ਆਪਣਾ ਦਿੱਤਾ ਬਚਨ ਵਾਪਸ ਲੈ ਲਓ ਜਾਂ ਫਿਰ ਸਾਡੀ ਇੱਛਾ ਪੂਰੀ ਕਰੋ।” ਸੰਤ ਸੋਚੀਂ ਪੈ ਗਿਆ। ਕਹਿੰਦਾ, “ਚੰਗਾ, ਮੈਂ ਆਪ ਸੱਚਖੰਡ ਵਿਚ ਜਾ ਕੇ ਬਾਕੀ ਸੰਤਾਂ ਨਾਲ ਸਲਾਹ ਕਰਦਾ ਹਾਂ।” ਸੰਤ ਸੱਚਖੰਡ ਨੂੰ ਚਲਾ ਗਿਆ ਅਤੇ ਉਥੇ ਜਾ ਕੇ ਸਾਰੀ ਸਭਾ ਦੇ ਸਾਹਮਣੇ ਆਪਣੀ ਮੁਸ਼ਕਲ ਦੱਸੀ। ਕਹਿੰਦਾ, “ਸੰਤੋ, ਮੈਂ ਇਕ ਸੇਵਕ ਨੂੰ ਬਚਨ ਦੇ ਬੈਠਾ ਹਾਂ, ਪਰੰਤੂ ਉਸ ਦੇ ਕਰਮਾਂ ਵਿਚ ਪੁੱਤਰ ਨਹੀਂ ਹੈ। ਹੁਣ ਮੈਂ ਬਚਨ ਵਾਪਸ ਨਹੀਂ ਲੈ ਸਕਦਾ।"

ਸਾਰੀ ਸਭਾ ਸੋਚੀਂ ਪੈ ਗਈ। ਕਹਿੰਦੇ, “ਇਸ ਦਾ ਕੀ ਇਲਾਜ ਹੈ, ਕੋਈ ਸਮਝ ਨਹੀਂ ਆਉਂਦਾ।” ਸੰਤ ਨੇ ਫੇਰ ਅਰਜ਼ ਕੀਤੀ ਕਿ ਜਿਸ ਤਰ੍ਹਾਂ ਮਰਜ਼ੀ ਕਰੋ, ਮੇਰੀ ਮੁਸ਼ਕਿਲ ਦਾ ਕੋਈ ਹੱਲ ਜ਼ਰੂਰ ਕੱਢੋ। ਕੁਝ ਦੇਰ ਉਹ ਹੋਰ ਸੋਚੀ ਗਏ। ਅਖ਼ੀਰ ਵੱਡੇ ਸੰਤ ਨੇ ਕਿਹਾ ਕਿ “ਇਕ ਹੱਲ ਹੋ ਸਕਦਾ ਹੈ।” “ਜੀ ਉਹ ਕਿਹੜਾ ?” “ਉਹ ਹੱਲ ਇਹ ਹੈ ਕਿ ਤੁਹਾਡੀ ਉਮਰ ਬਾਰਾਂ ਸਾਲ ਬਚਦੀ ਹੈ। ਜੇਕਰ ਤੁਸੀਂ ਮਰਨਾ ਕਬੂਲ ਕਰ ਲਵੋ ਤਾਂ ਉਹਨਾਂ ਦੇ ਘਰ ਪੁੱਤਰ ਹੋ ਸਕਦਾ ਹੈ। ਪਰ ਸ਼ਰਤ ਇਹ ਵੀ ਹੈ ਕਿ ਉਸ ਬੱਚੇ ਦੀ ਉਮਰ ਵੀ ਤੁਹਾਥੋਂ ਲਏ ਬਾਰਾਂ ਸਾਲ ਹੀ ਹੋਵੇਗੀ।” ਸੰਤ ਕਹਿੰਦਾ, “ਜਾਨ ਜਾਏ ਤਾਂ ਜਾਏ ਬਚਨ ਨਾ ਜਾਏ।” ਸੰਤ ਝੱਟ ਸਹਿਮਤ ਹੋ ਗਿਆ।

ਸੰਤ ਨੇ ਵਾਪਸ ਆ ਕੇ ਜੱਟ ਅਤੇ ਜੱਟੀ ਨੂੰ ਅਸ਼ੀਰਵਾਦ ਦੇ ਦਿੱਤੀ। ਕਹਿੰਦਾ, “ਤੁਹਾਡੇ ਘਰ ਪੁੱਤ ਤਾਂ ਜਨਮ ਲਵੇਗਾ ਪਰ ਉਸ ਦੀ ਉਮਰ ਪੂਰੇ ਬਾਰਾਂ ਸਾਲ ਹੀ ਹੋਵੇਗੀ।” ਉਹ ਦੋਵੇਂ ਬਹੁਤ ਖ਼ੁਸ਼ ਹੋਏ। ਸੰਤਾਂ ਦਾ ਬਹੁਤ ਧੰਨਵਾਦ ਕੀਤਾ। ਇਹ ਕਹਿ ਕੇ ਸੰਤ ਚਲਾ ਗਿਆ।

ਨਿਸਚਿਤ ਸਮੇਂ 'ਤੇ ਉਹਨਾਂ ਦੇ ਘਰ ਲੜਕਾ ਪੈਦਾ ਹੋਇਆ ਅਤੇ ਉਸੇ ਵੇਲੇ ਉਹ ਸੰਤ ਸਵਰਗਵਾਸ ਹੋ ਗਿਆ। ਲੜਕੇ ਨੂੰ ਚੰਗੀ ਤਰ੍ਹਾਂ ਪਾਲਿਆ ਪੋਸਿਆ ਗਿਆ ਅਤੇ ਉਹ ਵੱਡਾ ਹੁੰਦਾ ਗਿਆ। ਉਹ ਬੜਾ ਸਮਝਦਾਰ ਲੜਕਾ ਬਣਿਆ। ਘਰ ਵਿਚ ਉਹ ਹਰ ਗੱਲ ਨੂੰ ਗਹੁ ਨਾਲ ਦੇਖਦਾ। ਜਦੋਂ ਬਾਰਵਾਂ ਸਾਲ ਚੜ੍ਹ ਤਾਂ ਉਸ ਦੇ ਮਾਤਾ ਪਿਤਾ ਉਦਾਸ ਰਹਿਣ ਲੱਗ ਪਏ। ਹੌਲੀ ਹੌਲੀ ਉਹਨਾਂ ਨੇ ਲੋਕਾਂ ਨੂੰ ਮਿਲਣਾ ਗਿਲਣਾ ਵੀ ਛੱਡ ਦਿੱਤਾ। ਬੱਸ ਆਪਣੇ ਘਰ ਅੰਦਰ ਪਏ ਰਹਿੰਦੇ। ਲੱਗਦੀ ਵਾਹ ਉਹ ਪੁੱਤਰ ਦੀਆਂ ਨਜ਼ਰਾਂ ਤੋਂ ਵੀ ਦੂਰ ਰਹਿਣ ਦੀ ਕੋਸ਼ਿਸ਼ ਕਰਦੇ। ਉਸ ਤੋਂ ਸਹਿਣ ਨਾ ਹੋਇਆ ਅਤੇ ਇਕ ਦਿਨ ਮੁੰਡੇ ਨੇ ਉਹਨਾਂ ਤੋਂ ਉਦਾਸੀ ਦਾ ਕਾਰਨ ਪੁੱਛ ਹੀ ਲਿਆ। ਅੱਖਾਂ ਵਿਚ ਹੰਝੂ ਭਰ ਕੇ ਉਹਨਾਂ ਨੇ ਸਾਰੀ ਗੱਲ ਦੱਸ ਦਿੱਤੀ। ਪਰ ਲੜਕੇ ਨੇ ਉਹਨਾਂ ਨੂੰ ਦਿਲਾਸਾ ਦਿੱਤਾ। ਕਹਿੰਦਾ, “ਹਾਲੇ ਤਾਂ ਕਿੰਨਾ ਚਿਰ ਪਿਆ ਹੈ। ਤੁਸੀਂ ਪਹਿਲਾਂ ਹੀ ਉਦਾਸ ਨਾ ਹੋਵੇ।”

ਇਸ ਤਰ੍ਹਾਂ ਦਿਨ ਨੇੜੇ ਲੱਗਦੇ ਗਏ। ਘਰ ਵਿਚ ਮਾਤਮ ਛਾਇਆ ਰਹਿੰਦਾ। ਜਦੋਂ ਮੌਤ ਵਿਚ ਤਿੰਨ ਚਾਰ ਦਿਨ ਰਹਿ ਗਏ ਤਾਂ ਉਹ ਮੁੰਡਾ ਘਰੋਂ ਨਿਕਲ ਗਿਆ। ਉਹ ਤੁਰਿਆ ਹੀ ਗਿਆ। ਅੱਜ ਮੌਤ ਦਾ ਦਿਨ ਸੀ। ਬੱਸ ਕੁਝ ਘੰਟੇ ਹੀ ਬਾਕੀ ਸਨ। ਉਹ ਤੁਰਿਆ ਗਿਆ। ਸਾਹਮਣੇ ਇਕ ਸੰਤ ਸਮਾਧੀ ਲਾਈ ਬੈਠਾ ਸੀ। ਮੁੰਡੇ ਨੇ ਜਾ ਕੇ ਸੰਤ ਦੇ ਪੈਰੀਂ ਹੱਥ ਲਾ ਦਿੱਤੇ ਅਤੇ ਬੈਠ ਗਿਆ। ਸੁੱਤੇ ਸਿੱਧ ਸੰਤ ਦੇ ਮੂੰਹੋਂ ਨਿਕਲ ਗਿਆ, “ਬੱਚਾ, ਜਵਾਨੀਆਂ ਮਾਣੇਂ। ਤੇਰੀ ਲੰਬੀ ਉਮਰ ਹੋਵੇ।”

ਲੜਕਾ ਝੱਟ ਬੋਲ ਪਿਆ। ਕਹਿੰਦਾ, “ਮਹਾਰਾਜ, ਇਹ ਤੁਸੀਂ ਕੀ ਕਹਿ ਦਿੱਤਾ। ਮੇਰੀ ਮੌਤ ਵਿਚ ਤਾਂ ਕੁਝ ਘੰਟੇ ਹੀ ਬਾਕੀ ਹਨ।” ਫਿਰ ਸੰਤ ਨੇ ਅੰਤਰ-ਧਿਆਨ ਹੋ ਕੇ ਦੇਖਿਆ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਵਾਕਈ ਮੌਤ ਵਿਚ ਕੁਝ ਘੰਟੇ ਹੀ ਰਹਿੰਦੇ ਹਨ। ਕਹਿੰਦਾ, “ਕਾਕਾ, ਤੇਰੀ ਗੱਲ ਠੀਕ ਹੈ।” ਲੜਕਾ ਸੋਚ ਕੇ ਕਹਿਣ ਲੱਗਿਆ ਕਿ “ਮਹਾਰਾਜ ਜਾਂ ਤਾਂ ਤੁਸੀਂ ਮੈਨੂੰ ਆਸ਼ੀਰਵਾਦ ਨਾ ਦੇਂਦੇ ਅਤੇ ਜਾਂ ਫਿਰ ਇਸ ਨੂੰ ਪੂਰਾ ਕਰੋ।” ਸੰਤ ਸੋਚੀਂ ਪੈ ਗਿਆ। ਕਹਿੰਦਾ, “ਬੱਚਾ, ਇਕ ਤਰੀਕੇ ਨਾਲ ਤੂੰ ਬਚ ਸਕਦਾ ਹੈਂ।” “ਛੇਤੀ ਦੱਸੋ, ਮਹਾਰਾਜ ਉਹ ਕਿਵੇਂ ?” “ਬੱਚਾ! ਐਥੋਂ ਬਹੁਤ ਦੂਰ ਇਕ ਬਾਗ਼ ਹੈ। ਉਸ ਵਿਚ ਕੋਠੜੀ ਹੈ। ਜੇ ਤੂੰ ਉਸ ਕੋਠੜੀ ਵਿਚ ਵੜ ਕੇ ਅੰਦਰੋਂ ਕੁੰਡਾ ਲਾ ਲਏਂ ਤਾਂ ਮੌਤ ਉਥੇ ਦਾਖ਼ਲ ਨਹੀਂ ਹੋ ਸਕਦੀ। ਹਾਂ, ਕੋਠੜੀ ਦੇ ਆਲੇ ਦੁਆਲੇ ਯਮਦੂਤ ਇਕੱਠੇ ਹੋਣਗੇ ਅਤੇ ਉਹ ਤੈਨੂੰ ਡਰਾਉਣਗੇ। ਪਰ ਤੂੰ ਦਲੇਰ ਰਹੀਂ। ਉਹ ਅੰਦਰ ਨਹੀਂ ਆ ਸਕਦੇ। ਇਸ ਲਈ ਤੂੰ ਡਰੀਂ ਨਾ।”

ਮੁੰਡਾ ਤਾਂ ਉਸੀ ਵਕਤ ਸਿਰ 'ਤੇ ਪੈਰ ਰੱਖ ਕੇ ਦੌੜ ਪਿਆ। ਅੱਜ ਨਾ ਦੌੜਦਾ ਤਾਂ ਹੋਰ ਕਦ ਦੌੜਦਾ। ਮੌਤ ਵਿਚ ਕੁਝ ਮਿੰਟ ਹੀ ਰਹਿ ਗਏ ਸਨ। ਬਾਗ਼ ਆ ਗਿਆ। ਵਿਚਕਾਰ ਇਕ ਕੋਠੜੀ। ਅਸਮਾਨ 'ਚੋਂ ਯਮਦੂਤ ਉਤਰ ਰਹੇ ਸਨ। ਮੁੰਡਾ ਭੱਜ ਕੇ ਸਮੇਂ ਤੋਂ ਐਨ ਪਹਿਲਾਂ ਕੋਠੜੀ ਵਿਚ ਵੜ ਗਿਆ ਅਤੇ ਅੰਦਰੋਂ ਕੁੰਡਾ ਲਾ ਲਿਆ। ਕੋਠੜੀ ਨੂੰ ਯਮਦੂਤਾਂ ਨੇ ਘੇਰ ਲਿਆ। ਮੋਰੀ ਵਿਚਦੀ ਉਹਨਾਂ ਨੇ ਮੁੰਡੇ ਨੂੰ ਦੰਦ ਦਿਖਾਏ। ਅੱਖਾਂ ਕੱਢ ਕੇ ਡਰਾਇਆ, ਅਤੇ ਫਿਰ ਵੱਡੇ ਵੱਡੇ ਬਰਛੇ ਦਿਖਾਏ। ਕਹਿੰਦੇ, “ਆਜਾ ਬਾਹਰ, ਨਹੀਂ ਤਾਂ ਢਿੱਡ ਵਿਚ ਬਰਛਾ ਖੋਭ ਦੇਵਾਂਗੇ।” ਪਰ ਉਹ ਮੁੰਡਾ ਬਿਲਕੁਲ ਨਾ ਡਰਿਆ। ਅੱਖਾਂ ਮੀਚ ਕੇ ਬੈਠਾ ਰਿਹਾ। ਮੌਤ ਦਾ ਸਮਾਂ ਨਿਕਲ ਗਿਆ ਅਤੇ ਸਾਰੇ ਯਮਦੂਤ ਅਲੋਪ ਹੋ ਗਏ।

ਪਰਮਾਤਮਾ ਦਾ ਸ਼ੁਕਰ ਕਰਦਾ ਉਹ ਮੁੰਡਾ ਵਾਪਸ ਘਰ ਨੂੰ ਚੱਲ ਪਿਆ। ਮਾਤਾ ਪਿਤਾ ਨੂੰ ਮਿਲਣ ਦੀ ਖ਼ੁਸ਼ੀ ਉਸ ਦੇ ਅੰਦਰ ਕੁੱਤਕੁਤਾੜੀਆਂ ਕੱਢ ਰਹੀ ਸੀ। ਜਦੋਂ ਉਹ ਅਗਲੇ ਦਿਨ ਘਰ ਵੜਿਆ ਤਾਂ ਕਾਫ਼ੀ ਲੋਕ ਜਮ੍ਹਾਂ ਸਨ। ਸਭ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਜੱਟ ਅਤੇ ਜੱਟੀ ਆਪਣੇ ਪੁੱਤਰ ਨੂੰ ਜਿਉਂਦਾ ਦੇਖ ਕੇ ਹੰਝੂਆਂ ਵਿਚੋਂ ਦੀ ਹੱਸ ਰਹੇ ਸਨ। ਸਾਰੇ ਬੈਠ ਗਏ। ਫੇਰ ਉਸ ਸਿਆਣੇ ਮੁੰਡੇ ਨੇ ਸਭ ਨੂੰ ਆਪਣੇ ਬਚ ਜਾਣ ਦੀ ਕਹਾਣੀ ਸੁਣਾਈ। ਉਹ ਕਹਿੰਦਾ, “ਮੈਂ ਘਰੋਂ ਇਸ ਲਈ ਚਲਿਆ ਗਿਆ ਸੀ ਕਿ ਮੇਰੀ ਮੌਤ ਵਾਲਾ ਦਿਨ ਮੇਰੇ ਮਾਤਾ ਪਿਤਾ ਤੋਂ ਝੱਲਿਆ ਨਹੀਂ ਜਾਣਾ ਅਤੇ ਨਾ ਹੀ ਮੈਥੋਂ ਉਹਨਾਂ ਦਾ ਦੁੱਖ ਦੇਖਿਆ ਜਾਣਾ ਸੀ। ਚੱਲ ਭਾਈ ਫੇਰ ਉਸ ਦਾ ਵਿਆਹ ਹੋ ਗਿਆ। ਹੁਣ ਵੱਸਦੈ, ਰਸਦੈ। ਇਸ ਤਰ੍ਹਾਂ ਸਿਆਣੇ ਬੱਚੇ ਮੁਸ਼ਕਲ ਵੇਲੇ ਨਹੀਂ ਘਬਰਾਉਂਦੇ ਅਤੇ ਨਾ ਹੀ ਭਾਈ ਉਹ ਯਮਦੂਤਾਂ ਤੋਂ ਡਰਦੇ ਐ।


Post a Comment

0 Comments