Punjabi Moral Story Langhi na mera mahiru "ਲੰਘੀ ਨਾ ਮੇਰਾ ਮਹਿਰੂ" for Students and Kids in Punjabi Language.

ਲੰਘੀ ਨਾ ਮੇਰਾ ਮਹਿਰੂ 
Langhi na mera mahiru

ਇਕ ਮੁੰਡਾ ਬਚਪਨ ਤੋਂ ਹੀ ਮੱਝਾਂ ਦਾ ਪਾਲੀ ਸੀ। ਉਸ ਦੀ ਰੂਹ ਆਪਣੇ ਕੱਟਰੂਆਂ, ਵੱਛਰੂਆਂ ਨਾਲ ਇਕ ਮਿਕ ਹੋ ਜਾਂਦੀ ਅਤੇ ਉਹ ਛੋਟੇ ਕੱਟਰੂਆਂ ਨੂੰ ਬਹੁਤ ਪਿਆਰ ਕਰਦਾ। ਹੁਣ ਉਸ ਦੇ ਡੰਗਰਾਂ ਵਿਚ ਦੋ ਛੋਟੇ ਕੱਟਰੂ ਸਨ, ਜੋ ਉਸ ਦਾ ਹੱਥ ਚੱਟ ਚੱਟ ਕੇ ਉਸ ਦੇ ਪਿੱਛੇ ਚੱਲਦੇ ਸਨ। ਉਹ ਇਕ ਆਵਾਜ਼ ਮਾਰਦਾ ਤਾਂ ਕੱਟਰੂ ਭੱਜੇ ਆਉਂਦੇ। ਪਾਣੀ ਦਾ ਖਾਲ ਟੱਪਣ ਵੇਲੇ ਜੇ ਉਹ ਕਹਿ ਦਿੰਦਾ ‘ਲੰਘ ਜਾ’ ਤਾਂ ਲੰਘ ਜਾਂਦੇ। ਜੇ ਉਹ ਕਹਿੰਦਾ, ‘ਲੰਘੀ ਨਾ ਮੇਰਾ ਮਹਿਰੂ’ (ਮੱਝ ਦੀ ਨਸਲ 'ਚੋਂ) ਤਾਂ ਉਹ ਉਥੇ ਹੀ ਖੜੋ ਜਾਂਦੇ।

ਇਕ ਦਿਨ ਛਿਪਣ ਦਾ ਵੇਲਾ ਸੀ। ਉਹ ਖੇਤਾਂ ਵਿਚ ਆਪਣੇ ਡੰਗਰ ਚਰਾ ਰਿਹਾ ਸੀ ਕਿ ਚਾਰ ਸ਼ਿਕਾਰੀ ਉਸ ਦੇ ਕੋਲ ਆਏ, ਸਵੇਰ ਤੋਂ ਉਹਨਾਂ ਨੂੰ ਕੋਈ ਸ਼ਿਕਾਰ ਨਹੀਂ ਲੱਭਿਆ ਸੀ। ਉਹ ਬਹੁਤ ਭੁੱਖੇ ਸਨ। ਉਹਨਾਂ ਦੀ ਨਜ਼ਰ ਛੋਟੇ ਕੱਟਰੂ 'ਤੇ ਪੈ ਗਈ ਤੇ ਬਦਨੀਤ ਹੋ ਗਈ। ਇਕ ਨੇ ਕਿਹਾ, “ਮੁੰਡਿਆ, ਇਹ ਕੱਟਰੂ ਤਾਂ ਅਸੀਂ ਬਣਾ ਕੇ ਖਾਣੈ।" ਮੁੰਡੇ ਨੇ ਨਾਂਹ ਕਰ ਦਿੱਤੀ। ਫੇਰ ਦੂਜੇ ਬੋਲੇ, “ਤੂੰ ਕੀ ਕਰ ਲੇਂਗਾ ? ਫੇਰ ਅਸੀਂ ਤਾਕਤ ਨਾਲ ਬਣਾ ਲਵਾਂਗੇ।” ਕੱਟਰੂ ਨੂੰ ਮਾਰ ਦੇਣ ਦੀ ਗੱਲ ਸੁਣ ਕੇ ਮੁੰਡੇ ਨੂੰ ਤਰੇਲੀਆਂ ਆਉਣ ਲੱਗ ਪਈਆਂ। ਵਿਚਾਰਾ ਉਹਨਾਂ ਮੂਹਰੇ ਕੀ ਕਰ ਸਕਦਾ ਸੀ ? ਉਸ ਨੇ ਮਿੰਨਤਾਂ ਤਰਲੇ ਵੀ ਬਥੇਰੇ ਕੀਤੇ ਪਰ ਮਾਸਖੋਰਾਂ ਨੇ ਉਸ ਦੀ ਇਕ ਨਾ ਸੁਣੀ।

ਮੁੰਡੇ ਦੇ ਕਹਿੰਦੇ ਕਹਿੰਦੇ ਉਹਨਾਂ ਨੇ ਕੱਟਰੂ ਨੂੰ ਮੱਝ ਤੋਂ ਇਕ ਪਾਸੇ ਕਰ ਲਿਆ। ਕਟਰੂ ਓਪਰੇ ਬੰਦਿਆਂ ਤੋਂ ਡਰ ਗਿਆ ਅਤੇ ਤਰਸਯੋਗ ਅੱਖਾਂ ਨਾਲ ਉਸ ਮੁੰਡੇ ਵੱਲ ਵੇਖਦਾ ਅਤੇ ਰੱਸੇ ਨੂੰ ਹਜੋਕਾ ਮਾਰਦਾ। ਕੱਟਰੂ ਨੇ ਰੱਸਾ ਛੁਡਾਉਣ ਲਈ ਬਥੇਰਾ ਜ਼ੋਰ ਲਾਇਆ। ਮੁੰਡੇ ਦੇ ਰੋਂਦੇ ਕੁਰਲਾਂਦੇ ਉਹਨਾਂ ਨੇ ਕੱਟਰੂ ਦਾ ਗਲ ਵੱਢ ਦਿੱਤਾ। ਉਸ ਦੀ ਚੀਕ ਨਿਕਲ ਗਈ। ਫੇਰ ਉਹਨਾਂ ਨੇ ਮਾਸ ਦੀਆਂ ਛੋਟੀਆਂ ਛੋਟੀਆਂ ਬੋਟੀਆਂ ਕੀਤੀਆਂ। ਮੁੰਡੇ ਤੋਂ ਦੇਖ ਨਾ ਹੋਇਆ। ਉਹ ਦੂਜੇ ਪਾਸੇ ਮੂੰਹ ਕਰ ਕੇ ਰੋਂਦਾ ਰਿਹਾ। ਭਾਂਡੇ ਕੱਢ ਕੇ ਉਹ ਮਾਸ ਨੂੰ ਜਿੱਝਣਾਂ ਧਰਨ ਲੱਗੇ। ਜਦੋਂ ਬੋਟੀਆਂ ਪਤੀਲੇ ਵਿਚ ਪਾਉਣ ਲੱਗੇ ਤਾਂ ਮੁੰਡੇ ਨੂੰ ਅਚਾਨਕ ਇਕ ਗੱਲ ਸੁੱਝੀ। ਉਸ ਨੇ ਕਹਿ ਦਿੱਤਾ, “ਲੰਘੀ ਨਾ, ਲੰਘੀ ਨਾ ਮੇਰਾ ਮਹਿਰੂ, ਹੁਣ ਨੀਂ ਮੇਰੀ ਵਾਹ ਚੱਲਦੀ।” ਕੱਟਰੂ ਤਾਂ ਪਤੀਲੇ ਦੇ ਉਪਰ ਹੀ ਅੜ ਗਿਆ। ਉਸ ਦਾ ਕਹਿਣਾ ਜੋ ਮੰਨਦਾ ਸੀ। ਉਹਨਾਂ ਨੇ ਮੁੰਡੇ ਤੋਂ ਮਾਰ ਕੁੱਟ ਕੇ ਫੇਰ ਕਹਾਇਆ ਕਿ ਲੰਘ ਜਾਹ।

ਕੱਟਰੂ ਲੰਘ ਗਿਆ ਅਤੇ ਰਿੱਝਣ ਲੱਗ ਪਿਆ। ਮੁੰਡੇ ਨੇ ਫੇਰ ਕਹਿ ਦਿੱਤਾ :

ਰਿੱਝੀਂ ਨਾ, ਰਿੱਝੀਂ ਨਾ ਮੇਰਾ ਮਹਿਰੂ, ਹੁਣ ਨੀਂ ਮੇਰੀ ਵਾਹ ਚੱਲਦੀ।” ਉਹਨਾਂ ਨੇ ਬਥੇਰੀ ਅੱਗ ਬਾਲੀਂ, ਪਰ ਉਹ ਨਾ ਰਿੱਝਿਆ। ਉਹ ਖਾਣ ਲਈ ਕਾਹਲੇ ਸਨ। ਉਹਨਾਂ ਨੇ ਫੇਰ ਮੁੰਡੇ ਨੂੰ ਕੁੱਟਿਆ ਅਤੇ ਉਸ ਤੋਂ ‘ਰਿੱਝ ਜਾਹ’ ਕਹਾਇਆ। ਹੁਣ ਸ਼ਿਕਾਰੀਆਂ ਨੇ ਉਸ ਨੂੰ ਇਹ ਵੀ ਕਹਿ ਦਿੱਤਾ ਕਿ ਤੈਨੂੰ ਵੀ ਇਸ ਦਾ ਮਾਸ ਖਵਾਵਾਂਗੇ। ਮੁੰਡਾ ਫ਼ਿਕਰਾਂ ਵਿਚ ਪੈ ਗਿਆ। ਉੱਧਰ ਕੱਟਰੂ ਵੀ ਰਿੱਝ ਗਿਆ। ਸ਼ਿਕਾਰੀਆਂ ਨੇ ਛੇਤੀ ਨਾਲ ਬੋਟੀਆਂ ਨੂੰ ਭਾਂਡਿਆਂ ਵਿਚ ਪਾ ਲਿਆ ਅਤੇ ਕੁਝ ਮਾਸ ਉਸ ਮੁੰਡੇ ਲਈ ਕੌਲੀ ਵਿਚ ਪਾ ਦਿੱਤਾ। ਮੁੰਡੇ ਦੀ ਰੂਹ ਕੁਰਲਾ ਰਹੀ ਸੀ। ਡਰ ਨਾਲ ਉਸ ਦਾ ਅੰਦਰ ਕੰਬ ਰਿਹਾ ਸੀ ਕਿ ਜੇ ਉਹਨਾਂ ਨੇ ਮੱਲੋ-ਮੱਲੀ ਉਹਦੇ ਮੂੰਹ ਵਿਚ ਬੋਟੀ ਪਾ ਦਿੱਤੀ ਤਾਂ ਉਹ ਕੀ ਕਰੇਗਾ ? ਇਕ ਖ਼ਿਆਲ ਉਸ ਦੇ ਮਨ `ਚ ਆਇਆ। ਉਸੇ ਪਲ ਸ਼ਿਕਾਰੀਆਂ ਨੇ ਮੀਟ ਦੀਆਂ ਬੋਟੀਆਂ ਆਪਣੇ ਮੂੰਹਾਂ ਵਿਚ ਪਾ ਲਈਆਂ। ਮੁੰਡੇ ਨੇ ਉੱਚੀ ਦੇ ਕੇ ਕਹਿ ਦਿੱਤਾ : “ਲੰਘੀ ਨਾ, ਲੰਘੀ ਨਾ ਮੇਰਾ ਮਹਿਰੂ,

ਹੁਣ ਨ੍ਹੀਂ ਮੇਰੀ ਵਾਹ ਚੱਲਦੀ।”

ਉਸ ਨੇ ਕਈ ਵਾਰ ਕਹਿ ਦਿੱਤਾ। ਮਾਸ ਸਭ ਦੇ ਗਲਾਂ ਵਿਚ ਅੜ ਗਿਆ ਅਤੇ ਚਾਰੇ ਮਾਸਖੋਰ ਇਕ ਦਮ ਮਰ ਗਏ। ਚੱਲ ਭਾਈ ਵਾਹਿਗੁਰੂ ਨੇ ਉਸ ਦੀ ਲਾਜ ਰੱਖੀ। ਵਾਹਿਗੁਰੂ ਸਭ ਦੀ ਰੱਖਦਾ ਆਇਆ।ਮੁੰਡੇ ਦੀ ਜਾਨ ਵਿਚ ਜਾਨ ਆਈ। ਪਲ ਭਰ ਦੀ ਤਸੱਲੀ ਪਿੱਛੋਂ ਉਸ ਨੂੰ ਫੇਰ ਆਪਣੇ ਕੱਟਰੂ ਦਾ ਆਖ਼ਰੀ ਦ੍ਰਿਸ਼ ਯਾਦ ਆਇਆ ਤਾਂ ਉਸ ਦੀਆਂ ਅੱਖਾਂ ਵਿਚੋਂ ਹੰਝੂ ਪਰਲ ਪਰਲ ਵਹਿ ਤੁਰੇ। ਚੱਲ ਭਾਈ ਐਡੀ ਮੇਰੀ ਬਾਤ, ਉਤੋਂ ਪੈ ਗਈ ਰਾਤ।


Post a Comment

0 Comments