Punjabi Moral Story Katiya ve Katiya Meri Kati "ਕੱਟਿਆ ਵੇ ਕੱਟਿਆ, ਮੇਰੀ ਕੱਟੀ" for Students and Kids in Punjabi Language.

ਕੱਟਿਆ ਵੇ ਕੱਟਿਆ, ਮੇਰੀ ਕੱਟੀ 
Katiya ve Katiya Meri Kati



ਇਕ ਵੇਰ ਦੀ ਗੱਲ ਹੈ ਕਿ ਦੋ ਮੱਝਾਂ ਸਨ। ਇਕ ਮੱਝ ਨੇ ਕੱਟਾ ਦਿੱਤਾ ਅਤੇ ਦੂਜੀ ਨੇ ਕੱਟੀ। ਕੱਟਾ ਤੇ ਕੱਟੀ ਚਰਦੇ ਚਰਦੇ ਨਹਿਰ ਦੇ ਕੋਲ ਚਲੇ ਗਏ। ਕਿਨਾਰਾ ਉੱਚਾ ਸੀ। ਉਹ ਪਾਣੀ ਨਹੀਂ ਸੀ ਪੀ ਸਕਦੇ, ਪਰ ਪਿਆਸ ਬਹੁਤ ਲੱਗੀ ਸੀ। ਕੱਟੇ ਨੇ ਇਕ ਵਿਉਂਤ ਬਣਾਈ। ਕੱਟਾ ਕਹਿੰਦਾ, “ਪਹਿਲਾਂ ਕੱਟੀਏ, ਤੂੰ ਮੇਰੀ ਪੂਛ ਫੜ ਲੈ, ਮੈਂ ਲਮਕ ਕੇ ਪਾਣੀ ਪੀ ਲਵਾਂਗਾ। ਫੇਰ ਮੈਂ ਤੇਰੀ ਪੂਛ ਫੜ ਲਵਾਂਗਾ।” ਕੱਟੀ ਮੰਨ ਗਈ। ਉਸ ਨੇ ਕੱਟੇ ਦੀ ਪੂਛ ਮੂੰਹ ਵਿਚ ਫੜ ਲਈ ਅਤੇ ਕੱਟਾ ਲਮਕ ਕੇ ਪਾਣੀ ਪੀ ਆਇਆ। ਪਰ ਜਦੋਂ ਆਪਣੀ ਵਾਰੀ ਕੱਟੀ ਪਾਣੀ ਪੀਣ ਉੱਤਰੀ ਤਾਂ ਕੱਟੇ ਨੇ ਉਸ ਦੀ ਪੂਛ ਛੱਡ ਦਿੱਤੀ। ਇਸ ਤਰ੍ਹਾਂ ਕੱਟੀ ਦਰਿਆ ਵਿਚ ਡੁੱਬ ਕੇ ਮਰ ਗਈ।

ਜਦੋਂ ਕੱਟਾ ਘਰ ਆਇਆ ਤਾਂ ਕੱਟੀ ਦੀ ਮਾਂ ਨੇ ਉਸ ਨੂੰ ਪੁੱਛਿਆ, “ਕੱਟਿਆ ਵੇ ਕੱਟਿਆ, ਮੇਰੀ ਕੱਟੀ।” ਕੱਟਾ ਕਹਿੰਦਾ, “ਪਹਿਲਾਂ ਮੈਨੂੰ ਇਕ ਥਣ ਚੁੰਘਾ।” ਮੱਝ ਨੇ ਇਕ ਥਣ ਚੁੰਘਾ ਦਿੱਤਾ। ਮੱਝ ਫੇਰ ਪੁੱਛਣ ਲੱਗੀ :

“ਕੱਟਿਆ ਵੇ ਕੱਟਿਆ, ਮੇਰੀ ਕੱਟੀ।”

ਕੱਟਾ ਕਹਿੰਦਾ, “ਪਹਿਲਾਂ ਦੂਜਾ ਥਣ ਵੀ ਚੁੰਘਾ।” ਇਸ ਤਰ੍ਹਾਂ ਵਾਰੀ ਵਾਰੀ ਮੱਝ ਨੇ ਚਾਰੇ ਥਣ ਚੁੰਘਾ ਦਿੱਤੇ। ਹੁਣ ਕੱਟੇ ਨੇ ਦੱਸਿਆ ਕਿ ਕੱਟੀ ਤਾਂ ਦਰਿਆ ਵਿਚ ਡੁੱਬ ਕੇ ਮਰ ਗਈ ਹੈ। ਮੱਝ ਕੁਝ ਚਿਰ ਉਦਾਸ ਖੜੀ ਰਹੀ ਪਰ ਫੋਰ ਬੋਲੀ, “ਚੰਗਾ, ਹੁਣ ਤੂੰ ਸਾਡਾ ਦੋਹਾਂ ਮੱਝਾਂ ਦਾ ਦੁੱਧ ਚੁੰਘ ਲਿਆ ਕਰ।” ਕੱਟੇ ਨੂੰ ਤਾਂ ਮੌਜਾਂ ਬਣ ਗਈਆਂ। ਇਹੀ ਤਾਂ ਉਹ ਚਾਹੁੰਦਾ ਸੀ। ਇਸ ਤਰ੍ਹਾਂ ਦੋ ਮੱਝਾਂ ਦਾ ਦੁੱਧ ਚੁੰਘ ਕੇ ਉਹ ਇਕ ਦਿਨ ਤਾਕਤਵਰ ਝੋਟਾ ਬਣ ਗਿਆ।

ਇਕ ਦਿਨ ਝੋਟਾ ਘਾਹ ਚਰ ਰਿਹਾ ਸੀ ਕਿ ਉਸ ਨੂੰ ਗਿੱਦੜ ਮਿਲ ਪਿਆ। ਝੋਟਾ ਉਸ ਨੂੰ ਕਹਿੰਦਾ ਕਿ ਮੈਂ ਸਭ ਤੋਂ ਤਾਕਤਵਰ ਹਾਂ। ਪਰ ਗਿੱਦੜ ਕਹਿੰਦਾ, “ਸਭ ਤੋਂ ਤਕੜਾ ਤਾਂ ਮੇਰਾ ਮਾਮਾ ਸ਼ੇਰ ਹੈ। ਉਸ ਨੂੰ ਜੰਗਲ ਦਾ ਰਾਜਾ ਕਹਿੰਦੇ ਹਨ।” ਤਾਂ ਝੋਟਾ ਕਹਿਣ ਲੱਗਾ :

“ਦੋ ਮੱਝਾਂ ਦਾ ਦੁੱਧ ਮੈਂ ਪੀਤਾ, ਤੀਜਾ ਖਾਧਾ ਘਾਹ।

ਜਿਹੜਾ ਤੇਰਾ ਮਾਮਾ ਉਹਨੂੰ ਮੇਰੇ ਨਾਲ ਘੁਲਾ।”

ਗਿੱਦੜ ਮੰਨ ਗਿਆ ਅਤੇ ਉਸ ਨੇ ਘੋਲ ਲਈ ਅਗਲਾ ਦਿਨ ਬੰਨ੍ਹ ਦਿੱਤਾ। ਅਗਲੇ ਦਿਨ ਉਸੇ ਥਾਂ 'ਤੇ ਗਿੱਦੜ ਆਪਣੇ ਮਾਮੇ ਸ਼ੇਰ ਨੂੰ ਲੈ ਕੇ ਆ ਗਿਆ। ਘੋਲ ਸ਼ੁਰੂ ਹੋ ਗਿਆ। ਕਾਫ਼ੀ ਦੇਰ ਉਹ ਘੁਲਦੇ ਰਹੇ। ਅਖ਼ੀਰ ਸ਼ੇਰ ਦਾ ਪੰਜਾ ਅਤੇ ਝੋਟੇ ਦਾ ਇਕ ਸਿੰਗ ਟੁੱਟ ਗਿਆ। ਅਚਾਨਕ ਉਧਰ ਇਕ ਮਿਸਤਰੀਆਂ ਦਾ ਮੁੰਡਾ ਆ ਗਿਆ। ਝੋਟੇ ਨੇ ਉਸ ਨੂੰ ਸਿੰਗ ਜੜਨ ਲਈ ਕਿਹਾ ਅਤੇ ਸ਼ੇਰ ਨੇ ਪੰਜਾ। ਮਿਸਤਰੀ ਨੇ ਸਿੰਗ ਵੀ ਜੜ ਦਿੱਤਾ ਅਤੇ ਸ਼ੇਰ ਦਾ ਪੰਜਾ ਵੀ ਠੀਕ ਕਰ ਦਿੱਤਾ| ਝੋਟਾ ਕਹਿੰਦਾ, “ਜੇ ਮੇਰੇ ਟੁੱਟੇ ਸਿੰਗ ਬਾਰੇ ਕਿਸੇ ਨੂੰ ਦੱਸਿਆ ਤਾਂ ਰਾਤ ਨੂੰ ਮੰਜੇ ਸਮੇਤ ਚੁੱਕ ਕੇ ਤੈਨੂੰ ਦਰਿਆ ਵਿਚ ਸੁੱਟ ਆਉਂ।” ਸ਼ੇਰ ਨੇ ਵੀ ਮਿਸਤਰੀ ਨੂੰ ਖਾ ਜਾਣ ਦੀ ਧਮਕੀ ਦਿੱਤੀ। ਮਿਸਤਰੀ ਫ਼ਿਕਰ ਨਾਲ ਦਿਨੋਂ ਦਿਨ ਸੁੱਕਦਾ ਗਿਆ।

ਅਖ਼ੀਰ ਉਸ ਦੇ ਮਾਂ-ਪਿਉ ਨੇ ਉਸ ਨੂੰ ਪੁੱਛਿਆ ਕਿ ਉਸ ਨੂੰ ਕਾਹਦਾ ਫ਼ਿਕਰ ਖਾਈ ਜਾਂਦੈ। ਮੁੰਡੇ ਨੇ ਸਾਰੀ ਗੱਲ ਦੱਸ ਦਿਤੀ। ਉਧਰ ਝੋਟੇ ਨੂੰ ਵੀ ਪਤਾ ਲੱਗ ਗਿਆ। ਉਸ ਨੇ ਰਾਤ ਨੂੰ ਮੁੰਡੇ ਨੂੰ ਮੰਜੇ ਸਮੇਤ ਚੁੱਕ ਲਿਆ। ਰਾਹ ਵਿਚ ਮੁੰਡੇ ਨੂੰ ਜਾਗ ਆ ਗਈ। ਜਦੋਂ ਝੋਟਾ ਇਕ ਪਿੱਪਲ ਹੇਠੋਂ ਦੀ ਲੰਘਿਆ ਤਾਂ ਪਿੱਪਲ ਦੇ ਡਾਹਣੇ ਨੂੰ ਹੱਥ ਪਾ ਕੇ ਉਹ ਉਪਰ ਹੀ ਚੜ੍ਹ ਗਿਆ। ਝੋਟੇ ਨੇ ਮੰਜੇ ਨੂੰ ਦਰਿਆ ਵਿਚ ਸੁੱਟ ਦਿੱਤਾ ਅਤੇ ਉਸ ਮੁੰਡੇ ਨੇ ਸਾਰੀ ਰਾਤ ਪਿੱਪਲ ਉਪਰ ਹੀ ਗੁਜ਼ਾਰੀ।

ਅਗਲਾ ਦਿਨ ਚੜ੍ਹਿਆ ਤਾਂ ਉਸ ਨੇ ਦੇਖਿਆ ਕਿ ਇਹ ਤਾਂ ਰਾਮ ਗਊਆਂ ਦਾ ਡੇਰਾ ਸੀ। ਡੇਰੇ ਵਿਚ ਸੁਨਹਿਰੀ ਸਿੰਗਾਂ ਵਾਲੀਆਂ ਗਊਆਂ ਅਤੇ ਉਹਨਾਂ ਦੇ ਸੋਹਣੇ ਸੋਹਣੇ ਵੱਛਰੂ ਖੜੇ ਸਨ। ਉਹ ਡਰਦਾ ਮਾਰਾ ਉਪਰ ਹੀ ਬੈਠਾ ਰਿਹਾ। ਰੋਟੀ ਦੇ ਵੇਲੇ ਰਾਮ ਗਊਆਂ ਘਾਹ ਚਰਨ ਚਲੀਆਂ ਗਈਆਂ। ਬਾਹਰੋਂ ਡੇਰੇ ਨੂੰ ਕੁੰਡਾ ਲਗਾ ਗਈਆਂ। ਦਿਨ ਵੇਲੇ ਮੁੰਡਾ ਹੇਠਾਂ ਉਤਰਿਆ, ਕੁਝ ਦੁੱਧ ਪੀਤਾ ਅਤੇ ਫੇਰ ਝਾੜੂ ਲੈ ਕੇ ਸਾਰੇ ਘਰ ਦੀ ਸਫ਼ਾਈ ਕਰ ਦਿੱਤੀ। ਉਸ ਨੇ ਵੱਛਰੂਆਂ ਨੂੰ ਨਹਾਇਆ ਅਤੇ ਪਾਣੀ ਪਿਲਾ ਕੇ ਛਾਵੇਂ ਬੰਨ੍ਹ ਦਿੱਤਾ। ਰਾਮ ਗਊਆਂ ਆਈਆਂ ਤਾਂ ਦੇਖ ਕੇ ਹੈਰਾਨ ਰਹਿ ਗਈਆਂ ਕਿ ਸਾਡੀ ਐਨੀ ਸੇਵਾ ਕੌਣ ਕਰ ਰਿਹਾ ਹੈ। ਚਾਰ ਚੁਫੇਰੇ ਦੇਖਿਆ ਤਾਂ ਕੋਈ ਵੀ ਨਜ਼ਰ ਨਾ ਆਇਆ। ਮੁੰਡਾ ਸੰਘਣੇ ਪਿੱਪਲ ਵਿਚ ਲੁਕਿਆ ਬੈਠਾ ਸੀ।

ਅਗਲੇ ਦਿਨ ਫੇਰ ਉਸ ਨੇ ਵੱਛਰੂ ਨੁਹਾਏ ਅਤੇ ਛਾਵੇਂ ਬੰਨ੍ਹ ਦਿੱਤੇ। ਸਾਰੇ ਘਰ ਦੀ ਸਫ਼ਾਈ ਕਰ ਦਿੱਤੀ। ਖੁਰਲੀਆਂ ਵਿਚ ਕੱਖ ਪਾ ਦਿੱਤੇ। ਸ਼ਾਮ ਨੂੰ ਗਊਆਂ ਆਈਆਂ ਤਾਂ ਫੇਰ ਹੈਰਾਨ ਰਹਿ ਗਈਆਂ। ਵੱਡੀ ਰਾਮ ਗਊ ਨੇ ਕਿਹਾ ਕਿ, “ਜਿਹੜਾ ਵੀ ਰੱਬ ਦਾ ਬੰਦਾ ਇਥੇ ਹੈ, ਸਾਡੇ ਸਾਹਮਣੇ ਆਵੇ।" ਮੁੰਡਾ ਡਰਦਾ ਉਪਰ ਹੀ ਬੈਠਾ ਰਿਹਾ। ਫੇਰ ਅਚਾਨਕ ਉਸ ਦੀ ਨਿਗਾਹ ਪਿੱਪਲ ਉਪਰ ਬੈਠੇ ਮੁੰਡੇ `ਤੇ ਪਈ। ਵੱਡੀ ਰਾਮ ਗਊ ਕਹਿੰਦੀ, “ਹੇ ਰੱਬ ਦੇ ਬੰਦੇ, ਤੂੰ ਹੇਠਾਂ ਉਤਰ ਆ। ਅਸੀਂ ਤੈਨੂੰ ਕੁਝ ਨਹੀਂ ਕਹਿੰਦੀਆਂ। ਅਸੀਂ ਤੇਰੀ ਸੇਵਾ ਤੋਂ ਬਹੁਤ ਖ਼ੁਸ਼ ਹਾਂ।” ਇਹ ਸੁਣ ਕੇ ਮੁੰਡਾ ਹੇਠਾਂ ਉਤਰ ਆਇਆ। ਗਊਆਂ ਨੇ ਉਸ ਦਾ ਬਹੁਤ ਧੰਨਵਾਦ ਕੀਤਾ ਅਤੇ ਕਿਹਾ ਕਿ ਤੂੰ ਸਾਡੇ ਕੋਲ ਹੀ ਰਹਿ। ਵੱਡੀ ਰਾਮ ਗਊ ਨੇ ਮੁੰਡੇ ਦੇ ਸਿਰ 'ਤੇ ਫੁੰਕਾਰਾ ਮਾਰਿਆ ਅਤੇ ਉਸ ਦੇ ਸਿਰ ਦੇ ਵਾਲ ਸੋਨੇ ਦੇ ਬਣਾ ਦਿੱਤੇ। ਫੇਰ ਉਸ ਨੇ ਮੁੰਡੇ ਨੂੰ ਦੋ ਟੱਲੀਆਂ ਦੇ ਦਿੱਤੀਆਂ–ਇਕ ਸੁਖ ਦੀ ਟੱਲੀ ਅਤੇ ਇਕ ਦੁਖ ਦੀ ਟੱਲੀ ਉਸ ਨੇ ਕਿਹਾ ਕਿ ਜਦੋਂ ਉਸ ਨੂੰ ਕੋਈ ਮੁਸੀਬਤ ਹੋਵੇ ਤਾਂ ਉਹ ਦੁਖ ਦੀ ਟੱਲੀ ਵਜਾ ਦੇਵੇ। ਸਾਰੀਆਂ ਰਾਮ ਗਊਆਂ ਤੁਰੰਤ ਉਸ ਦੀ ਮਦਦ ਲਈ ਪਹੁੰਚ ਜਾਇਆ ਕਰਨਗੀਆਂ।

ਇਕ ਦਿਨ ਉਹ ਮੁੰਡਾ ਜਦੋਂ ਨਾਲ ਦੀ ਨਦੀ ਵਿਚ ਨਹਾ ਰਿਹਾ ਸੀ ਤਾਂ ਉਸ ਦੇ ਸੋਨੇ ਦੇ ਕੁਝ ਵਾਲ ਪਾਣੀ ਵਿਚ ਤੈਰ ਗਏ। ਅੱਗੇ ਕਿਸੇ ਘਾਟ 'ਤੇ ਰਾਜੇ ਦੀ ਲੜਕੀ ਅਤੇ ਉਸ ਦੀਆਂ ਕੁਝ ਸਹੇਲੀਆਂ ਨਦੀ ਵਿਚ ਨਹਾ ਰਹੀਆਂ ਸਨ। ਸੋਨੇ ਦਾ ਇਕ ਵਾਲ ਰਾਜੇ ਦੀ ਲੜਕੀ ਦੇ ਹੱਥ ਲੱਗ ਗਿਆ। ਘਰ ਜਾ ਕੇ ਉਸ ਨੇ ਆਪਣੀ ਰਾਣੀ ਮਾਂ ਨੂੰ ਕਿਹਾ ਕਿ ਉਹ ਇਸ ਸੋਨੇ ਦੇ ਵਾਲਾਂ ਵਾਲੇ ਮੁੰਡੇ ਨਾਲ ਹੀ ਵਿਆਹ ਕਰਾਏਗੀ। ਰਾਜੇ ਨੇ ਆਪਣੀ ਫ਼ੌਜ ਇਸ ਮੁੰਡੇ ਦੀ ਭਾਲ ਵਿਚ ਭੇਜ ਦਿੱਤੀ। ਫ਼ੌਜ ਨਦੀ ਦੇ ਨਾਲ ਨਾਲ ਤੁਰ ਪਈ ਅਤੇ ਪਿੱਪਲ ਹੇਠਾਂ ਬੈਠਾ ਮੁੰਡਾ ਲੱਭ ਪਿਆ। ਫ਼ੌਜ ਜਦੋਂ ਉਸ ਨੂੰ ਨਾਲ ਜਾਣ ਲਈ ਮਜਬੂਰ ਕਰਨ ਲੱਗੀ ਤਾਂ ਉਸ ਨੇ ਦੁੱਖ ਦੀ ਟੱਲੀ ਵਜਾ ਦਿੱਤੀ। ਰਾਮ ਗਊਆਂ ਭੱਜੀਆਂ ਆ ਗਈਆਂ। ਰਾਮ ਗਊਆਂ ਨੇ ਫੁੰਕਾਰਾ ਮਾਰ ਕੇ ਫ਼ੌਜ ਸਵਾਹ ਕਰ ਦਿੱਤੀ। ਦੂਜੀ ਵੇਰ ਫੇਰ ਇਸ ਤਰ੍ਹਾਂ ਹੁੰਦਾ ਪਰ ਸਿਪਾਹੀ ਪਿੱਛੋਂ ਹੀ ਵਾਪਸ ਦੌੜ ਗਏ। ਉਹਨਾਂ ਨੇ ਰਾਜੇ ਨੂੰ ਟੱਲੀ ਬਾਰੇ ਦੱਸ ਦਿੱਤਾ।

ਰਾਜੇ ਅਤੇ ਵਜ਼ੀਰ ਨੇ ਸਲਾਹ ਕਰ ਕੇ ਇਕ ਵਿਉਂਤ ਬਣਾਈ। ਉਹਨਾਂ ਨੇ ਇਕ ਸਿਖਾਏ ਹੋਏ ਤੋਤੇ ਨੂੰ ਮੁੰਡੇ ਤੋਂ (ਦੁਖ ਦੀ) ਟੱਲੀ ਖੋਹ ਕੇ ਲਿਆਉਣ ਲਈ ਭੇਜਿਆ। ਤੋਤਾ ਜਾ ਕੇ ਪਿੱਪਲ ਉਪਰ ਮੁੰਡੇ ਕੋਲ ਜਾ ਕੇ ਬੈਠ ਗਿਆ। ਮੁੰਡਾ ਸੁਖ ਦੀ ਟੱਲੀ ਵਜਾ ਰਿਹਾ ਸੀ। ਤੋਤਾ ਕਹਿੰਦਾ, “ਮਿੱਤਰਾ, ਤੇਰੀ ਟੱਲੀ ਬਹੁਤ ਪਿਆਰੀ ਹੈ। ਜ਼ਰਾ ਮੈਨੂੰ ਵੀ ਵਜਾ ਕੇ ਵੇਖ ਲੈਣ ਦੇ।” ਮੁੰਡੇ ਨੇ ਟੱਲੀ ਫੜਾ ਦਿੱਤੀ। ਤੋਤੇ ਨੇ ਟੱਲੀ ਚੁੰਝ 'ਚ ਫੜ ਕੇ ਹਿਲਾਈ ਤਾਂ ਟੱਲੀ ਟੁਣੂੰ ਟੁਣੂ ਕਰ ਕੇ ਵੱਜਣ ਲੱਗੀ। ਤੋਤਾ ਖ਼ੁਸ਼ ਹੋ ਗਿਆ ਅਤੇ ਟੱਲੀ ਵਾਪਸ ਫੜਾ ਦਿੱਤੀ। ਤੋਤੇ ਨੇ ਵੀ ਉਸ ਨੂੰ ਵਧੀਆ ਗੱਲਾਂ ਸੁਣਾਈਆਂ।

ਕੁਝ ਦੇਰ ਬਾਅਦ ਤੋਤਾ ਕਹਿੰਦਾ, “ਬਾਈ, ਔਹ ਦੂਜੀ ਟੱਲੀ ਵੀ ਵਜਾ ਕੇ ਵੇਖ ਲੈਣ ਦੇ।” ਮੁੰਡਾ ਕਹਿੰਦਾ, “ਇਹ ਨੀਂ ਵਜਾਈਦੀ।” ਤੋਤਾ ਕਹਿੰਦਾ,‘ਚੰਗਾ, ਦੇਖ ਤਾਂ ਲੈਣ ਦੇ ਯਾਰ।” ਜਕਦੇ ਜਕਦੇ ਮੁੰਡੇ ਨੇ ਦੁੱਖ ਦੀ ਟੱਲੀ ਤੋਤੇ ਨੂੰ ਫੜਾ ਦਿੱਤੀ। ਤੋਤੇ ਨੇ ਚੁੰਝ ਨਾਲ ਟੱਲੀ ਦੇ ਰੌਣ ਨੂੰ ਫੜ ਲਿਆ ਅਤੇ ਲੈ ਕੇ ਤਿੱਤਰ ਹੋ ਗਿਆ। ਚੰਦ ਮਿੰਟਾਂ ਵਿਚ ਹੀ ਰਾਜੇ ਦੀ ਫ਼ੌਜ ਆ ਗਈ। ਉਹ ਮੁੰਡੇ ਨੂੰ ਫੜ ਕੇ ਆਪਣੇ ਨਾਲ ਲੈ ਗਈ ਅਤੇ ਰਾਜੇ ਦੇ ਸਾਹਮਣੇ ਪੇਸ਼ ਕਰ ਦਿੱਤਾ। ਰਾਜਾ ਬਹੁਤ ਖ਼ੁਸ਼ ਹੋਇਆ ਅਤੇ ਉਸ ਨੂੰ ਕੋਲ ਬਿਠਾ ਕੇ ਉਸ ਦੀ ਸੇਵਾ ਕੀਤੀ। ਫੇਰ ਉਸ ਨੇ ਆਪਣੀ ਲੜਕੀ ਦਾ ਵਿਆਹ ਉਸ ਮੁੰਡੇ ਨਾਲ ਕਰ ਦਿੱਤਾ। ਉਸ ਨੇ ਆਪਣਾ ਅੱਧਾ ਰਾਜ ਭਾਗ ਵੀ ਉਸ ਨੂੰ ਦੇ ਦਿੱਤਾ। ਚੱਲ ਭਾਈ, ਕੱਲ ਮੈਂ ਗਿਆ ਸੀ। ਚਾਹ ਪੀ ਕੇ ਆਇਆ ਸੀ। ਵਸਦੇ ਐ, ਰਸਦੇ ਐ, ਮੌਜਾਂ ਕਰਦੇ ਐ।


Post a Comment

0 Comments