Punjabi Moral Story Karni da Phal "ਕਰਨੀ ਦਾ ਫ਼ਲ" for Students and Kids in Punjabi Language.

ਕਰਨੀ ਦਾ ਫ਼ਲ 
Karni da Phal

ਇਕ ਸੀ ਰਾਜਾ ਅਤੇ ਇਕ ਸੀ ਉਸ ਦੀ ਰਾਣੀ। ਉਹਨਾਂ ਦੇ ਸੱਤ ਲੜਕੀਆਂ ਸਨ। ਰਾਣੀ ਬੀਮਾਰ ਰਹਿਣ ਲੱਗ ਪਈ। ਉਸ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਸੀ। ਉਹ ਮਹਿਲਾਂ ਵਿਚ ਮੰਜੇ 'ਤੇ ਪਈ ਰਹਿੰਦੀ। ਸਾਹਮਣੇ ਇਕ ਰੌਸ਼ਨਦਾਨ ਵਿਚ ਚਿੜੀ ਦਾ ਆਲ੍ਹਣਾ ਸੀ। ਚਿੜੀ ਦੇ ਦੋ ਬੱਚੇ ਸਨ। ਚਿੜੀ ਰੋਜ਼ਾਨਾ ਆਪਣੇ ਨਿੱਕੇ ਨਿੱਕੇ ਬੋਟਾਂ ਨੂੰ ਚੋਗਾ ਚੁਗਾਉਂਦੀ ਅਤੇ ਉਹਨਾਂ ਨਾਲ ਚੋਲ-ਬਲੋਲ ਕਰਦੀ। ਰਾਣੀ ਇਹ ਸਾਰਾ ਕੁਝ ਵੇਖਦੀ ਰਹਿੰਦੀ। ਇਕ ਦਿਨ ਕੁਦਰਤੀ ਚਿੜੀ ਮਰ ਗਈ, ਹੁਣ ਇਕ ਹੋਰ ਚਿੜੀ ਉਥੇ ਆਉਂਦੀ। ਉਹ ਬੱਚਿਆਂ ਨੂੰ ਭੱਖੜੇ ਦੇ ਬੀਜ ਰੱਖ ਜਾਂਦੀ ਅਤੇ ਕਦੇ ਆਹਲਣੇ ਵਿਚ ਕੰਡੇ, ਸੂਲਾਂ ਰੱਖ ਜਾਂਦੀ। ਇਹ ਦੇਖ ਰਾਣੀ ਦੇ ਮਨ ਵਿਚ ਇਕ ਖ਼ਿਆਲ ਆਇਆ ਅਤੇ ਉਹ ਅੰਦਰ ਤਕ ਕੰਬ ਗਈ। ਜੇ ਮੈਂ ਮਰ ਗਈ ਫੇਰ ? ਉਸ ਨੇ ਰਾਜੇ ਨੂੰ ਬੁਲਾ ਕੇ ਕਿਹਾ ਕਿ ਮੇਰੇ ਮਰਨ ਤੋਂ ਪਿੱਛੋਂ ਤੂੰ ਦੂਜਾ ਵਿਆਹ ਨਾ ਕਰਾਈਂ। ਮਤੇਰ ਮਾਂ ਮੇਰੇ ਬੱਚਿਆਂ ਨਾਲ ਬੁਰਾ ਸਲੂਕ ਕਰੇਗੀ। ਰਾਜੇ ਨੇ ਦੂਜਾ ਵਿਆਹ ਨਾ ਕਰਨ ਦਾ ਵਚਨ ਦੇ ਦਿੱਤਾ।

ਕੁਝ ਸਮੇਂ ਬਾਅਦ ਬਿਮਾਰ ਰਾਣੀ ਮਰ ਗਈ। ਰਾਜਿਆਂ ਦੀ ਕਾਹਦੀ ਜ਼ੁਬਾਨ ਹੁੰਦੀ ਐ। ਉਸ ਨੇ ਛੇਤੀ ਹੀ ਦੂਜਾ ਵਿਆਹ ਕਰਵਾ ਲਿਆ। ਮਹੀਨੇ ਕੁ ਪਿੱਛੋਂ ਹੀ ਦੂਜੀ ਰਾਣੀ ਨੇ ਰਾਜੇ ਨੂੰ ਆਖ ਦਿੱਤਾ ਕਿ ਇਹਨਾਂ ਕੁੜੀਆਂ ਨੂੰ ਕਿਧਰੇ ਛੱਡ ਆ। ਉਹ ਕਿਸੇ ਪੱਜ ਸੱਤਾਂ ਕੁੜੀਆਂ ਨੂੰ ਦੂਰ ਜੰਗਲ ਵਿਚ ਲੈ ਗਿਆ ਅਤੇ ਉਥੇ ਚੋਰ ਭੁਲਾਈ ਦੇ ਕੇ ਛੱਡ ਆਇਆ। ਕੁੜੀਆਂ ਵਿਚਾਰੀਆਂ ਉਥੇ ਹੀ ਭਟਕਦੀਆਂ ਰਹੀਆਂ। ਆਥਣ ਹੋਇਆ ਤਾਂ ਦੂਰ ਇਕ ਦੀਵਾ ਜਗਦਾ ਦਿਖਾਈ ਦਿੱਤਾ। ਉਹ ਉਥੇ ਚਲੀਆਂ ਗਈਆਂ। ਉਥੇ ਇਕ ਸੁੰਦਰ ਔਰਤ ਫਿਰਦੀ ਸੀ ਜੋ ਅਸਲ ਵਿਚ ਡੈਣ ਸੀ। ਡੈਣ ਉਹਨਾਂ ਕੁੜੀਆਂ ਨੂੰ ਪਿਆਰ ਨਾਲ ਮਿਲੀ ਅਤੇ ਅੰਦਰ ਲੈ ਗਈ।

ਹੁਣ ਡੈਣ ਰੋਜ਼ਾਨਾ ਇਕ ਕੁੜੀ ਨੂੰ ਘਰ ਰੱਖ ਲੈਂਦੀ ਅਤੇ ਬਾਕੀਆਂ ਨੂੰ ਲੱਕੜਾਂ ਲੈਣ ਭੇਜ ਦਿੰਦੀ। ਪਿੱਛੋਂ ਉਸ ਕੁੜੀ ਨੂੰ ਖਾ ਜਾਂਦੀ। ਬਾਕੀ ਕੁੜੀਆਂ ਨੂੰ ਆਖਦੀ ਕਿ ਮੈਂ ਉਸ ਨੂੰ ਕਿਧਰੇ ਕੰਮ ਭੇਜਿਆ ਹੈ। ਕੁੜੀਆਂ ਯਕੀਨ ਕਰ ਲੈਂਦੀਆਂ। ਉਹਨਾਂ ਨੂੰ ਡੈਣ 'ਤੇ ਭੋਰਾ ਵੀ ਸ਼ੱਕ ਨਾ ਪਿਆ। ਉਹਨਾਂ ਲਈ ਤਾਂ ਉਹ ਇਕ ਦਿਆਲੂ ਔਰਤ ਸੀ। ਇਸ ਤਰ੍ਹਾਂ ਇਕ ਇਕ ਕਰ ਕੇ ਡੈਣ ਛੇ ਕੁੜੀਆਂ ਨੂੰ ਖਾ ਗਈ। ਅੱਜ ਸੱਤਵੀਂ ਕੁੜੀ ਘਰ ਸੀ। ਸਵੇਰੇ ਹੀ ਜਦ ਕੁੜੀ ਅੰਦਰ ਝਾੜੂ ਫੇਰਨ ਲੱਗੀ ਤਾਂ ਉਸ ਨੇ ਇਕ ਮੰਜੇ ਥੱਲੇ ਖੋਪਰੀਆਂ ਪਈਆਂ ਦੇਖੀਆਂ। ਹੁਣ ਉਸ ਨੂੰ ਸਮਝ ਲੱਗੀ ਕਿ ਬਾਕੀ ਭੈਣਾਂ ਤਾਂ ਇਸ ਡੈਣ ਨੇ ਖਾ ਲਈਆਂ ਹਨ। ਉਸ ਨੇ ਕਾਹਲੀ ਨਾਲ ਇਕ ਝੋਲੇ ਵਿਚ ਡੈਣ ਦੇ ਭਾਂਡੇ ਪਾ ਲਏ ਅਤੇ ਤੇਜ਼ ਦੌੜ ਗਈ।

ਡੈਣ ਨੇ ਉਸ ਦਾ ਪਿੱਛਾ ਕੀਤਾ। ਜਦੋਂ ਡੈਣ ਨੇੜੇ ਆਇਆ ਕਰੇ ਤਾਂ ਕੁੜੀ ਇਕ ਭਾਂਡਾ ਸੁੱਟ ਦਿਆ ਕਰੋ। ਡੈਣ ਭਾਂਡਾ ਚੁੱਕ ਕੇ ਆਪਣੇ ਘਰ ਰੱਖਣ ਜਾਇਆ ਕਰੇ ਅਤੇ ਫਿਰ ਉਸ ਨਾਲ ਆ ਰਲਿਆ ਕਰੇ। ਉਹ ਫੇਰ ਇਕ ਭਾਂਡਾ ਸੁੱਟ ਦਿਆ ਕਰੇ। ਇਸ ਤਰ੍ਹਾਂ ਇਕ ਇਕ ਕਰ ਕੇ ਸਾਰੇ ਭਾਂਡੇ ਮੁੱਕ ਗਏ ਅਤੇ ਡੈਣ ਫੇਰ ਉਸ ਦੇ ਪਿੱਛੇ ਆ ਗਈ। ਜਦੋਂ ਡੈਣ ਬਿਲਕੁਲ ਨੇੜੇ ਆ ਗਈ ਤਾਂ ਕੁੜੀ ਨੇ ਇਕ ਅੰਬ ਦੇ ਦਰੱਖ਼ਤ ਨੂੰ ਕਿਹਾ, “ਦਰੱਖ਼ਤਾ ਦਰੱਖ਼ਤਾ ਪਾਟ ਜਾ।” ਅੰਬ ਦਾ ਦਰੱਖ਼ਤ ਪਾਟ ਗਿਆ। ਕੁੜੀ ਉਸ ਵਿਚ ਵੜ ਗਈ। ਉਸ ਨੇ ਫੇਰ ਕਿਹਾ, “ਦਰੱਖ਼ਤਾ ਦਰੱਖ਼ਤਾ ਜੁੜ ਜਾਹ" ਅਤੇ ਦਰੱਖ਼ਤ ਜੁੜ ਗਿਆ। ਡੈਣ ਬੜੇ ਗੁੱਸੇ ਨਾਲ ਦਰੱਖ਼ਤ ਵਿਚ ਵੱਜੀ ਪਰ ਉਹ ਜੁੜ ਚੁੱਕਿਆ ਸੀ। ਉਹ ਦਰੱਖ਼ਤ ਨੂੰ ਬੁਰਕੀਆਂ ਵੱਢ ਕੇ ਚਲੀ ਗਈ।

ਫੇਰ ਇਕ ਰਾਜੇ ਦੇ ਨੌਕਰ ਉਸ ਅੰਬ ਨੂੰ ਵੱਢਣ ਆਏ ਤਾਂ ਅੰਦਰੋਂ ਕੁੜੀ ਬੋਲੀ :

“ਹੇਠੋਂ ਵੱਢਿਓ ਵੇ, ਉਤੋਂ ਵੱਢਿਓ ਵੇ

ਵਿਚੋਂ ਕੋਰ ਕੋਰ ਕੱਢਿਓ ਵੇ।”

ਨੌਕਰ ਕਹਿੰਦੇ, “ਸ਼ੈ ਬੋਲਦੀ ਐ। ਕੋਈ ਭੂਤ ਨਾ ਹੋਵੇ।” ਉਹ ਉਥੋਂ ਡਰਦੇ ਮਾਰੇ ਦੌੜ ਗਏ। ਜਾ ਕੇ ਰਾਜੇ ਨੂੰ ਗੱਲ ਦੱਸੀ। ਰਾਜਾ ਆਪ ਨੌਕਰਾਂ ਨੂੰ ਨਾਲ ਲੈ ਕੇ ਆ ਗਿਆ। ਜਦੋਂ ਨੌਕਰ ਵੱਢਣ ਲੱਗੇ ਤਾਂ ਫੇਰ ਉਸੇ ਤਰ੍ਹਾਂ ਆਵਾਜ਼ ਆਈ : 

“ਹੇਠੋਂ ਵੱਢਿਓ ਵੇ, ਉਤੋਂ ਵੱਢਿਓ ਵੇ

ਵਿਚੋਂ ਕੋਰ ਕੋਰ ਕੱਢਿਓ ਵੇ।”

ਰਾਜਾ ਕਹਿੰਦਾ, “ਜਿਸ ਤਰ੍ਹਾਂ ਆਵਾਜ਼ ਆਉਂਦੀ ਹੈ, ਉਸੇ ਤਰ੍ਹਾਂ ਹੀ ਕਰੋ।” ਨੌਕਰਾਂ ਨੇ ਹੇਠੋਂ ਅਤੇ ਉੱਤੋਂ ਵੱਢ ਲਿਆ। ਫੇਰ ਹੌਲੀ ਹੌਲੀ ਪੋਰੇ ਦੇ ਵਿਚਕਾਰਲੇ ਹਿੱਸੇ ਨੂੰ ਛਿੱਲਣ ਲੱਗੇ ਤਾਂ ਵਿਚੋਂ ਉਹ ਸੁੰਦਰ ਕੁੜੀ ਨਿਕਲ ਆਈ। ਰਾਜਾ ਬਹੁਤ ਖ਼ੁਸ਼ ਹੋਇਆ। ਰਾਜਾ ਉਸ ਨੂੰ ਰਾਣੀ ਬਣਾ ਕੇ ਮਹਿਲੀਂ ਲੈ ਗਿਆ।

ਹੁਣ ਉਹ ਕੁੜੀ ਤਾਂ ਮੌਜਾਂ ਕਰਨ ਲੱਗੀ ਪਰ ਉਸ ਨੂੰ ਆਪਣੇ ਮਾਂ-ਪਿਉ ਦੀ ਯਾਦ ਸਤਾਉਣ ਲੱਗੀ। ਫਿਰ ਉਸ ਨੇ ਇਕ ਵਿਉਂਤ ਬਣਾਈ। ਉਸ ਨੇ ਇਕ ਪਰਚੀ 'ਤੇ ਆਪਣਾ ਪਤਾ ਲਿਖ ਕੇ ਇਕ ਘੁੱਗੀ ਦੇ ਗਲ ਲਟਕਾ ਦਿੱਤਾ। ਨਾਲ ਉਸ ਨੂੰ ਇਕ ਜ਼ੁਬਾਨੀ ਸੁਨੇਹਾ ਵੀ ਦੇ ਦਿੱਤਾ। ਉਹਨਾਂ ਸਮਿਆਂ ਵਿਚ ਘੁੱਗੀਆਂ, ਕਬੂਤਰ ਜਾਨਵਰ ਆਦਿ ਹੀ ਸੁਨੇਹੇ ਪਹੁੰਚਾਂਦੇ ਸਨ। ਘੁੱਗੀ ਉਸ ਦੇ ਪਿਉ ਰਾਜੇ ਦੇ ਮਹਿਲਾਂ ਵਿਚ ਜਾ ਕੇ ਇਕ ਡੇਕ ਦੇ ਦਰੱਖ਼ਤ ਉੱਤੇ ਬੈਠ ਗਈ। ਹੇਠਾਂ ਰਾਜਾ ਪਿਆ ਸੀ। ਘੁੱਗੀ ਕਹਿਣ ਲੱਗੀ :

“ਇਕ ਰਾਜੇ ਦੀਆਂ ਸੱਤ ਧੀਆਂ, ਘੂੰਗੂੰ ਘੂੰ।

ਮਤੋਰ ਮਾਂ ਨੇ ਘਰੀ ਕੱਢੀਆਂ, ਘੂੰਗੂੰ ਘੂੰ।

ਵਿਚ ਜੰਗਲਾਂ ਦੇ ਛੱਡੀਆਂ, ਘੁੱਗੂ ਘੂੰ।

ਛੇ ਭੈਣ ਨੇ ਖਾਧੀਆਂ, ਘੂੰ ਘੂੰ।

ਇਕ ਨੇ ਭੱਜ ਜਾਣ ਬਚਾਈ, ਘੁੱਗੂੰ ਘੂੰ।

ਉਹ ਰਾਜੇ ਪਰਨਾਈ, ਘੂੰਗੂੰ ਘੂੰ।”

ਰਾਜਾ ਇਹ ਸੁਣ ਕੇ ਹੈਰਾਨ ਰਹਿ ਗਿਆ। ਉਸ ਦਾ ਅੰਦਰ ਕੰਬ ਗਿਆ। ਜਦੋਂ ਘੁੱਗੀ ਨੇ ਦੋ ਤਿੰਨ ਵਾਰ ਇਸ ਤਰ੍ਹਾਂ ਕਿਹਾ ਤਾਂ ਰਾਜੇ ਨੇ ਉੱਠ ਕੇ ਉਸ ਦੇ ਗਲ 'ਚੋਂ ਪਰਚੀ ਲਾਹ ਲਈ। ਦੂਜੇ ਰਾਜੇ ਦਾ ਪਤਾ ਪੜ੍ਹਿਆ ਅਤੇ ਆਪਣੀ ਧੀ ਦਾ ਸੁਨੇਹਾ ਲਿਆ। ਉਹ ਉਸੇ ਵੇਲੇ ਚੱਲ ਪਿਆ ਅਤੇ ਦਿੱਤੇ ਪਤੇ 'ਤੇ ਪਹੁੰਚ ਗਿਆ। ਕੁੜੀ ਆਪਣੇ ਰਾਜੇ ਪਿਉ ਨੂੰ ਮਿਲ ਕੇ ਰੋ ਪਈ ਅਤੇ ਫੇਰ ਰੱਜ ਕੇ ਗੱਲਾਂ ਕੀਤੀਆਂ। ਉਸ ਦੀ ਖ਼ੂਬ ਸੇਵਾ ਕੀਤੀ ਅਤੇ ਉਸ ਨੂੰ ਉਥੇ ਕਈ ਦਿਨ ਰੱਖਿਆ। ਦੂਜੇ ਪਾਸੇ ਕੁੜੀ ਨੇ ਇਕ ਪੀਪੇ ਵਿਚ ਨੂੰਹੇਂ, ਭਰਿੰਡਾਂ ਅਤੇ ਡੂਮਣੇ ਦੀਆਂ ਮੱਖੀਆਂ ਬੰਦ ਕਰਵਾ ਕੇ ਜਿੰਦਰਾ ਲੁਆ ਦਿੱਤਾ।

ਜਦ ਕੁੜੀ ਦਾ ਪਿਉ ਵਾਪਸ ਆਉਣ ਲਈ ਤੁਰਿਆ ਤਾਂ ਕੁੜੀ ਨੇ ਇਹ ਪੀਪਾ ਉਸ ਨੂੰ ਫੜਾ ਦਿੱਤਾ। ਕਹਿੰਦੀ, “ਇਹ ਮੇਰੀ ਮਾਂ-ਰਾਣੀ ਲਈ ਹੈ। ਉਸ ਨੂੰ ਫੜਾ ਦੇਵੀਂ। ਇਸ ਵਿਚ ਉਸ ਦੇ ਲਈ ਵਧੀਆ ਤੋਹਫ਼ੇ ਅਤੇ ਖਾਣ ਪੀਣ ਦੀਆਂ ਚੀਜ਼ਾਂ ਹਨ। ਨਾਲੇ ਆਖੀਂ ਕਿ ਇਸ ਪੀਪੇ ਨੂੰ ਸੰਦੂਕ ਵਿਚ ਰੱਖ ਕੇ ਮੂੰਹ ਅੰਦਰ ਕਰ ਕੇ ਖੋਲ੍ਹੇ।” ਰਾਜਾ ਪੀਪਾ ਲੈ ਗਿਆ ਅਤੇ ਉਸੇ ਤਰ੍ਹਾਂ ਦੱਸ ਕੇ ਰਾਣੀ ਨੂੰ ਫੜਾ ਦਿੱਤਾ। ਰਾਜੇ ਨੇ ਇਹ ਵੀ ਦੱਸਿਆ ਕਿ ਕੁੜੀ ਨੇ ਉਸ ਦੀ ਬਹੁਤ ਸੇਵਾ ਕੀਤੀ।

ਜਦੋਂ ਰਾਣੀ ਨੇ ਪੀਪੇ ਨੂੰ ਸੰਦੂਕ ਵਿਚ ਰੱਖ ਕੇ ਮੂੰਹ ਅੰਦਰ ਕਰ ਕੇ ਖੋਲ੍ਹਿਆ ਤਾਂ ਗ਼ੁੱਸੇ ਵਿਚ ਆਈਆਂ ਸਾਰੀਆਂ ਚੀਜ਼ਾਂ ਇਕ ਦਮ ਉਸ ਦੇ ਮੂੰਹ ਨੂੰ ਚੰਬੜ ਗਈਆਂ। ਉਹ ਅੰਦਰੋਂ ਉੱਚੀ ਉੱਚੀ ਬੋਲੀ, “ਵੇ ਰਾਜਾ, ਮੈਂ ਖਾਏ ਲਈ।”

ਰਾਜਾ ਸਮਝਿਆ ਕਿ ਉਸ ਨੂੰ ਕੁਝ ਹੋਰ ਖਾਣ ਲਈ ਕਹਿ ਰਹੀ ਹੈ। ਉਸ ਨੇ ਜੁਆਬ ਦਿੱਤਾ, “ਮੈਂ ਖਾ ਆਇਆਂ, ਤੂੰ ਖਾਏ ਲੈ।” ਰਾਣੀ ਦੋ ਤਿੰਨ ਵਾਰੀ ਬੋਲੀ ਅਤੇ ਰਾਜੇ ਨੇ ਵੀ ਉਸੇ ਤਰ੍ਹਾਂ ਦੋ ਤਿੰਨ ਵਾਰ ਜੁਆਬ ਦੇ ਦਿੱਤਾ। ਚੰਦ ਮਿੰਟਾਂ ਵਿਚ ਹੀ ਰਾਣੀ ਆਪਣੀ ਕਰਨੀ ਦਾ ਫਲ ਭੋਗ ਕੇ ਪਾਰ ਬੋਲੀ


Post a Comment

0 Comments