Punjabi Moral Story Kana Chibbad "ਕਾਣਾ ਚਿੱਬੜ" for Students and Kids in Punjabi Language.

ਕਾਣਾ ਚਿੱਬੜ 
Kana Chibbad



ਇਕ ਕਾਣਾ ਚਿੱਬੜ ਸੀ। ਉਸ ਦਾ ਮਾਮਾ ਖੇਤ ਹੱਲ ਵਾਹੁਣ ਗਿਆ ਹੋਇਆ ਸੀ। ਚਿੱਬੜ ਕਹਿੰਦਾ, “ਮਾਂ, ਅੱਜ ਮੈਂ ਆਪਣੇ ਮਾਮੇ ਦੀ ਰੋਟੀ ਲੈ ਕੇ ਜਾਵਾਂਗਾ।” ਮਾਂ ਕਹਿੰਦੀ, “ਪੁੱਤ, ਤੂੰ ਤਾਂ ਚਿੱਬੜ ਹੈਂ।” ਕਹਿੰਦਾ, “ਨਹੀਂ, ਮੈਂ ਹੀ ਜਾਊਂਗਾ। ਤੂੰ ਫ਼ਿਕਰ ਨਾ ਕਰ।” ਉਹ ਰੋਟੀ ਲੈ ਕੇ ਚਲਾ ਗਿਆ। ਜਦੋਂ ਖੇਤ ਪਹੁੰਚਿਆ ਤਾਂ ਉਸ ਦੇ ਮਾਮੇ ਨੇ ਉਸ ਨੂੰ ਦੇਖ ਕੇ ਹਲ ਰੋਕ ਲਿਆ ਅਤੇ ਚਿੱਬੜ ਨੇ ਉਸ ਨੂੰ ਰੋਟੀ ਫੜਾ ਦਿੱਤੀ। ਉਸ ਦਾ ਮਾਮਾ ਕਹਿੰਦਾ, “ਜਾਹ ਚਿੱਬੜਾ, ਮੇਰੇ ਰੋਟੀ ਖਾਂਦੇ ਖਾਂਦੇ ਬੌਲਦਾਂ ਨੂੰ ਪਾਣੀ ਪਿਆ ਲਿਆ।” ਇਕ ਬੌਲਦ ਗੋਰਾ ਸੀ ਤੇ ਦੂਜਾ ਬੱਗਾ। ਮਾਮਾ ਕਹਿੰਦਾ, “ਓਏ ਖ਼ਿਆਲ ਰੱਖੀਂ। ਜਦੋਂ ਗੋਰਾ ਬੌਲਦ ਗੋਹਾ ਕਰੇ ਤਾਂ ਤੂੰ ਬੱਗੇ ਪਿੱਛੇ ਹੋ ਜਾਈਂ ਅਤੇ ਜਦੋਂ ਬੱਗਾ ਕਰੇ ਤਾਂ ਤੂੰ ਗੋਰੇ ਪਿੱਛੇ ਹੋ ਜਾਈਂ।” ਇਸ ਤਰ੍ਹਾਂ ਚਿੱਬੜ ਬੌਲਦਾਂ ਨੂੰ ਸਾਹਮਣੇ ਖਾਲੇ 'ਤੇ ਪਾਣੀ ਪਿਲਾਣ ਲੈ ਗਿਆ।

ਉਥੇ ਜਾ ਕੇ ਉਹੀ ਗੱਲ ਹੋਈ। ਗੋਰਾ ਗੋਹਾ ਕਰਨ ਲੱਗਿਆ ਤਾਂ ਚਿੱਬੜ ਰੁੜ੍ਹ ਕੇ ਬੱਗੇ ਪਿੱਛੇ ਹੋ ਗਿਆ। ਪਰ ਉਸੇ ਵੇਲੇ ਬੱਗੇ ਨੇ ਵੀ ਗੋਹਾ ਕਰ ਦਿੱਤਾ। ਚਿੱਬੜ ਗੋਹੇ ਥੱਲੇ ਦੱਬਿਆ ਗਿਆ। ਉਧਰੋਂ ਇਕ ਰਾਜਾ ਲੰਘਿਆ ਜਾ ਰਿਹਾ ਸੀ। ਉਸ ਨੇ ਦੇਖਿਆ ਕਿ ਇਹਨਾਂ ਬੌਲਦਾਂ ਦਾ ਕੋਈ ਮਾਲਕ ਨਹੀਂ ਦਿੱਸਦਾ। ਉਸ ਨੇ ਆਪਣੇ ਨੌਕਰ ਨੂੰ ਕਿਹਾ ਕਿ ਇਹਨਾਂ ਨੂੰ ਹੱਕ ਕੇ ਤਬੇਲੇ ਵਿਚ ਲੈ ਚੱਲ। ਨੌਕਰ ਅਤੇ ਰਾਜਾ ਬੌਲਦਾਂ ਨੂੰ ਆਪਣੇ ਤਬੇਲੇ ਵਿਚ ਲੈ ਗਏ। ਬਾਅਦ ਵਿਚ ਉਥੇ ਇਕ ਗੋਹਾ ਚੁੱਕਣ ਵਾਲੀ ਆਈ। ਉਸ ਨੇ ਚਿੱਬੜ ਨੂੰ ਕੱਢ ਕੇ ਪਾਣੀ ਵਾਲੇ ਖਾਲ ਵਿਚ ਸੁੱਟ ਦਿੱਤਾ। ਚਿੱਬੜ ਤੈਰਦਾ ਤੈਰਦਾ ਰਾਜੇ ਦੇ ਮਹਿਲਾਂ ਕੋਲ ਪਹੁੰਚ ਗਿਆ। ਕਿਸੇ ਪਾਣੀ ਪੀਣ ਵਾਲੇ ਨੇ ਉਸ ਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ। ਚਿੱਬੜ ਮਹਿਲਾਂ ਵਿਚ ਚਲਾ ਗਿਆ। ਉਸ ਨੇ ਰਾਜੇ ਨੂੰ ਬੌਲਦ ਵਾਪਸ ਕਰਨ ਦੀ ਬੇਨਤੀ ਕੀਤੀ ਪਰੰਤੂ ਰਾਜੇ ਨੇ ਉਸ ਨੂੰ ਬਾਹਰ ਕੱਢ ਦਿੱਤਾ।

ਚਿੱਬੜ ਨੇ ਹੁਣ ਮਹਿਲਾਂ ਅੰਦਰ ਦਾਖ਼ਲ ਹੋ ਕੇ ਕੋਈ ਕਾਰਵਾਈ ਕਰਨ ਦੀ ਯੋਜਨਾ ਬਣਾਈ। ਉਸ ਨੇ ਆਪਣੇ ਨਾਲ ਭੂਰੀਆਂ ਕੀੜੀਆਂ, ਸੋੜ (ਇਕ ਕਿਸਮ ਦੀ ਬੀਮਾਰੀ) ਅਤੇ ਮਿਰਚਾਂ ਲੈ ਲਈਆਂ। ਫੇਰ ਉਹ ਰਾਤ ਨੂੰ ਬੂਹੇ ਦੇ ਤਖ਼ਤਿਆਂ ਦੇ ਥੱਲੇ ਦੀ ਰਿੜ ਕੇ ਅੰਦਰ ਵੜ ਗਿਆ ਅਤੇ ਤਬੇਲੇ ਵਿਚ ਚਲਾ ਗਿਆ, ਜਿਥੇ ਰਾਜੇ ਦੇ ਹਾਥੀ ਘੋੜੇ ਬੰਨ੍ਹੇ ਹੋਏ ਸਨ। ਉਸ ਨੇ ਹਾਥੀਆਂ ਦੇ ਮੂੰਹਾਂ ਕੋਲ ਭੂਰੀਆਂ ਕੀੜੀਆਂ ਛੱਡ ਦਿੱਤੀਆਂ। ਕੀੜੀਆਂ ਹਾਥੀਆਂ ਦੇ ਸੁੰਢਾਂ 'ਤੇ ਲੜ ਗਈਆਂ ਤੇ ਉਹ ਮਰ ਗਏ। ਫੇਰ ਉਸ ਨੇ ਘੋੜਿਆਂ ਵਿਚ ਸੋੜ ਦੀ ਬੀਮਾਰੀ ਛੱਡ ਦਿੱਤੀ। ਨਾਲ ਦੀ ਨਾਲ ਉਸ ਨੇ ਮਿਰਚਾਂ ਦੀ ਲੱਪ ਭਰ ਕੇ ਛੱਤ ਵੱਲ ਨੂੰ ਮਾਰੀ। ਘੋੜਿਆਂ ਨੂੰ ਹੱਥੂ ਆ ਗਏ ਅਤੇ ਉਹ ਚੀਕਾਂ ਮਾਰਨ ਲੱਗੇ। ਰਾਜਾ ਅਤੇ ਉਸ ਦੇ ਨੌਕਰ ਦੌੜ ਕੇ ਤਬੇਲੇ ਵਿਚ ਆਏ। ਹਾਥੀ ਤਾਂ ਮਰੇ ਪਏ ਸਨ ਅਤੇ ਘੋੜਿਆਂ ਨੂੰ ਮਿਰਚਾਂ ਚੜ੍ਹੀਆਂ ਹੋਈਆਂ ਸਨ। ਹੁਣ ਰਾਜਾ ਪਛਤਾਉਣ ਲੱਗਿਆ। ਕਹਿੰਦਾ, “ਮੈਂ ਇਕ ਗ਼ਰੀਬ ਨਾਲ ਧੱਕਾ ਕੀਤਾ ਸੀ, ਮੈਨੂੰ ਫ਼ਲ ਮਿਲ ਗਿਆ।” ਰਾਜੇ ਨੇ ਤੁਰੰਤ ਚਿੱਬੜ ਦੇ ਬੌਲਦ ਛੱਡ ਦਿੱਤੇ ਅਤੇ ਚਿੱਬੜ ਆਪਣੇ ਬੌਲਦ ਹੱਕ ਕੇ ਆਪਣੇ ਮਾਮੇ ਕੋਲ ਲੈ ਆਇਆ। ਚੱਲ ਭਾਈ, ਐਡੀ ਮੇਰੀ ਬਾਤ, ਉਤੋਂ ਪੈ ਗਈ ਰਾਤ।


Post a Comment

0 Comments