ਗੋਬਿੰਦੀ
Gobindi
ਹੌਲੀ ਹੌਲੀ ਉਹ ਗੋਬਿੰਦੀ ਨੂੰ ਜ਼ਿਆਦਾ ਤੰਗ ਕਰਨ ਲੱਗ ਪਈਆਂ। ਇਕ ਦਿਨ ਸਵੇਰੇ ਉੱਠਦੇ ਹੀ ਚਾਹ ਪੀਣ ਤੋਂ ਪਹਿਲਾਂ ਵੱਡੀ ਭਾਬੀ ਨੇ ਹੁਕਮ ਸੁਣਾ ਦਿੱਤਾ। ਕਹਿੰਦੀ, “ਜਾਹ ਗੋਬਿੰਦੀਏ, ਖੂਹ ਤੋਂ ਪਾਣੀ ਭਰ ਲਿਆ। ਪਰ ਘੜੇ ਦਾ ਚੱਪਣ ਨਹੀਂ ਲਿਜਾਣਾ ਅਤੇ ਘੜਾ ਵੀ ਆਪਣੇ ਸਿਰ 'ਤੇ ਮੂਧਾ ਮਾਰ ਕੇ ਲਿਆਈਂ। ਦੇਖੀਂ ਪਾਣੀ ਨਾ ਡੁੱਲ੍ਹਣ ਦੇਈਂ।” ਗੋਬਿੰਦੀ ਵਿਚਾਰੀ ਘੜਾ ਚੁੱਕ ਕੇ ਲੈ ਗਈ। ਖੂਹ `ਤੇ ਜਾ ਕੇ ਉਸ ਨੂੰ ਪਾਣੀ ਨਾਲ ਭਰ ਲਿਆ। ਹੁਣ ਮੁਸ਼ਕਲ ਖੜੀ ਹੋ ਗਈ। ਜੇ ਘੜਾ ਸਿਰ `ਤੇ ਮੂਧਾ ਮਾਰਿਆ ਤਾਂ ਪਾਣੀ ਡੁੱਲ੍ਹ ਜਾਵੇਗਾ। ਪਾਣੀ ਘਰ ਕਿਸ ਤਰ੍ਹਾਂ ਪਹੁੰਚੇਗਾ। ਗੋਬਿੰਦੀ ਕੁਝ ਵੀ ਨਹੀਂ ਸੀ ਸੁੱਝ ਰਿਹਾ। ਆਖ਼ਰ ਉਹ ਵੈਣ ਪਾ ਕੇ ਰੋਣ ਲੱਗ ਪਈ :
“ਸੱਤੇ ਭਾਈ
ਸੱਤੇ ਗਏ ਪ੍ਰਦੇਸ ਨੂੰ
ਭਾਬੜੀਆਂ ਦੁੱਖ ਦੇਣ ਗੋਬਿੰਦੋ
ਤੂੰ ਕਿਉਂ ਨਾ ਮਰ ਗਈ ਕੁੜੇ.....।”
ਉਸ ਨੂੰ ਰੋਂਦੀ ਨੂੰ ਦੇਖ ਕੇ ਇਕ ਕੱਛੂ ਉਥੇ ਆ ਗਿਆ। ਕਹਿੰਦਾ, “ਭੈਣੇ ਮੈਨੂੰ ਦੱਸ ਤੂੰ ਕਿਉਂ ਰੋਂਦੀ ਹੈ।” ਸਤਿਜੁਗ ਵਿਚ ਜਾਨਵਰ ਵੀ ਮਨੁੱਖਾਂ ਨਾਲ ਗੱਲਾਂ ਕਰਿਆ ਕਰਦੇ ਸਨ। ਉਸ ਵੇਲੇ ਸਾਰੇ ਜਾਨਵਰ ਬੋਲਦੇ ਹੁੰਦੇ ਸਨ। ਕੋਈ ਉਹਨਾਂ ਨੂੰ ਨਹੀਂ ਸੀ ਮਾਰਦਾ। ਗੋਬਿੰਦੀ ਨੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ। ਕੱਛੂ ਕਹਿੰਦਾ, “ਭੈਣੇ, ਤੂੰ ਰੋ ਨਾ। ਇਸ ਦਾ ਇਲਾਜ ਮੇਰੇ ਕੋਲ ਹੈ। ਮੈਂ ਘੜੇ ਦੇ ਮੂੰਹ ਤੇ ਮੂਧਾ ਟਿਕ ਜਾਂਦਾ ਹਾਂ। ਤੂੰ ਡਰੀਂ ਨਾ। ਘੜੇ ਨੂੰ ਉਲਟਾ ਕਰ ਕੇ ਆਪਣੇ ਸਿਰ 'ਤੇ ਰੱਖ ਲਵੀਂ। ਮੈਂ ਪਾਣੀ ਨਹੀਂ ਡੁੱਲ੍ਹਣ ਦੇਵਾਂਗਾ।” ਇਸ ਤਰ੍ਹਾਂ ਕੱਛੂ ਦੀ ਮਦਦ ਨਾਲ ਉਹ ਪਾਣੀ ਦਾ ਘੜਾ ਘਰ ਲੈ ਗਈ। ਕੱਛੂ ਹੌਲੀ ਹੌਲੀ ਫੇਰ ਬਾਹਰ ਵੱਲ ਨੂੰ ਤੁਰ ਗਿਆ।
ਅਗਲੇ ਦਿਨ ਚਾਹ ਪੀਣ ਤੋਂ ਬਾਅਦ ਦੂਜੀ ਭਾਬੀ ਨੇ ਹੁਕਮ ਸੁਣਾ ਦਿੱਤਾ। ਕਹਿੰਦੀ, “ਜਾਹ ਗੋਬਿੰਦੀਏ ਪਹਿਲਾਂ ਬਗ਼ੈਰ ਰੱਸੀ ਦੇ ਖੇਤਾਂ ਵਿਚੋਂ ਲੱਕੜਾਂ ਦੀ ਭਰੀ ਲੈ ਕੇ ਆ, ਫੇਰ ਤੈਨੂੰ ਰੋਟੀ ਦੇਊਂ।” ਗੋਬਿੰਦੀ ਵਿਚਾਰੀ ਖੇਤਾਂ ਵੱਲ ਤੁਰ ਪਈ। ਉਥੇ ਜਾ ਕੇ ਉਹ ਨਾਲੇ ਲੱਕੜਾਂ ਚੁਗੀ ਜਾਵੇ ਅਤੇ ਨਾਲੇ ਰੋਈ ਜਾਵੇ। ਲੱਕੜਾਂ ਇਕ ਥਾਂ ਇਕੱਠੀਆਂ ਕਰ ਲਈਆਂ। ਹੁਣ ਬਿਨਾਂ ਰੁੱਸੇ ਤੋਂ ਲੱਕੜਾਂ ਕਿਸ ਤਰ੍ਹਾਂ ਲੈ ਕੇ ਜਾਵੇ। ਫੇਰ ਕੀਰਨੇ ਪਾ ਕੇ ਰੋਣ ਲੱਗ ਪਈ :
“ਸੱਤੇ ਭਾਈ
ਸੱਤੇ ਗਏ ਪ੍ਰਦੇਸ ਨੂੰ
ਭਾਬੜੀਆਂ ਦੁੱਖ ਦੇਣ ਗੋਬਿੰਦੋ
ਤੂੰ ਕਿਉਂ ਨਾ ਮਰ ਗਈ ਕੁੜੇ.....।”
ਉਸ ਦਾ ਰੋਣਾ ਸੁਣ ਕੇ ਇਕ ਸੱਪ ਖੁੱਡ ਵਿਚੋਂ ਨਿਕਲਿਆ ਅਤੇ ਗੋਬਿੰਦੀ ਵੱਲ ਤੁਰਨ ਲੱਗਾ। ਜਦ ਗੋਬਿੰਦੀ ਦੀ ਨਜ਼ਰ ਪਈ ਤਾਂ ਉਸ ਦੀ ਚੀਕ ਨਿਕਲ ਗਈ, ਕਿਉਂਕਿ ਉਸ ਨੇ ਪਹਿਲਾਂ ਸੱਪ ਕਦੇ ਨਹੀਂ ਵੇਖਿਆ ਸੀ। ਸੱਪ ਉਥੇ ਹੀ ਰੁਕ ਗਿਆ। ਕਹਿੰਦਾ, “ਮੈਂ ਤੇਰਾ ਧਰਮ ਦਾ ਭਰਾ ਹਾਂ। ਤੂੰ ਡਰ ਨਾ। ਮੈਂ ਤੈਨੂੰ ਰੋਂਦੀ ਨੂੰ ਸੁਣ ਕੇ ਆਇਆ ਹਾਂ। ਮੈਨੂੰ ਦੱਸ, ਤੈਨੂੰ ਕੀ ਦੁਖ ਐ।" ਗੋਬਿੰਦੀ ਦਾ ਦਿਲ ਟਿਕ ਗਿਆ। ਉਸ ਨੇ ਰੱਸੇ ਵਾਲੀ ਮੁਸ਼ਕਲ ਦੱਸ ਦਿੱਤੀ। ਸੱਪ ਕਹਿੰਦਾ, “ਭੈਣੇ, ਤੂੰ ਫ਼ਿਕਰ ਨਾ ਕਰ। ਮੈਂ ਧਰਤੀ 'ਤੇ ਲੰਮਾ ਪੈ ਜਾਂਦਾ ਹਾਂ। ਤੂੰ ਮੇਰੇ ਉਪਰ ਲੱਕੜਾਂ ਚਿਣ ਲਵੀਂ ਤੇ ਫੇਰ ਮੇਰੀ ਪੂਛ ਮੇਰੇ ਮੂੰਹ ਵਿਚ ਫੜਾ ਦੇਵੀਂ। ਮੈਂ ਪੂਛ ਨੂੰ ਘੁੱਟ ਕੇ ਪਕੜ ਲਵਾਂਗਾ ਅਤੇ ਇਸ ਤਰ੍ਹਾਂ ਤੂੰ ਲੱਕੜਾਂ ਚੁੱਕ ਘਰ ਲੈ ਜਾਵੀਂ। ਮੈਂ ਆਪੇ ਕਿਧਰੇ ਇਧਰ ਉਧਰ ਲੁਕ ਜਾਵਾਂਗਾ।” ਗੋਬਿੰਦੀ ਪਹਿਲਾਂ ਤਾਂ ਡਰਦੀ ਰਹੀ ਪਰ ਸੱਪ ਦੇ ਵਾਰ ਵਾਰ ਕਹਿਣ 'ਤੇ ਉਸ ਦਾ ਡਰ ਚੁੱਕਿਆ ਗਿਆ। ਉਸ ਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਲੱਕੜਾਂ ਘਰ ਲੈ ਗਈ। ਫੇਰ ਕਿਤੇ ਜਾ ਕੇ ਉਸ ਨੂੰ ਰੋਟੀ ਨਸੀਬ ਹੋਈ।
ਸਾਰਾ ਦਿਨ ਉਹ ਇਕ ਖੂੰਜੇ ਵਿਚ ਬੈਠ ਕੇ ਰੋਂਦੀ ਰਹੀ। ਉਸ ਨੂੰ ਆਪਣੀ ਮਾਂ, ਪਿਉ ਅਤੇ ਭਰਾ ਯਾਦ ਆਉਂਦੇ ਤਾਂ ਅੱਖਾਂ ਵਿਚੋਂ ਹੰਝੂ ਪਰਲ ਪਰਲ ਡਿੱਗਣ ਲੱਗਦੇ। ਸ਼ਾਮ ਹੋ ਚੱਲੀ ਸੀ। ਉਸ ਨੇ ਉੱਠ ਕੇ ਮੂੰਹ ਧੋਤਾ ਅਤੇ ਵਿਹੜੇ ਵਿਚ ਪਏ ਮੰਜੇ ਉਪਰ ਪੈ ਗਈ। ਗੋਬਿੰਦੀ ਨੂੰ ਪਈ ਦੇਖ ਕੇ ਵੱਡੀ ਭਾਬੀ ਨੇ ਝੱਟ ਹੁਕਮ ਸੁਣਾ ਦਿੱਤਾ। ਕਹਿੰਦੀ, “ਹਾਲੇ ਤੂੰ ਆਰਾਮ ਕਰ ਕੇ ਰੱਜੀ ਨਹੀਂ। ਜਾਹ ਬਾਹਰਲੇ ਘਰੋਂ ਗਊ ਦੀ ਧਾਰ ਕੱਢ ਲਿਆ। ਪਰ ਬਾਲਟੀ ਨਹੀਂ ਲਿਜਾਣੀ। ਬਿਨਾਂ ਬਾਲਟੀ ਤੋਂ ਹੀ ਮੈਨੂੰ ਦੁੱਧ ਚੋਅ ਕੇ ਲਿਆ ਕੇ ਦੇਹ।” ਹੁਣ ਤਾਂ ਉਹ ਕੇਵਲ ਗੋਬਿੰਦੀ ਨੂੰ ਤੰਗ ਕਰਨਾ ਚਾਹੁੰਦੀਆਂ ਸਨ ਤਾਂਕਿ ਉਹ ਦੁਖੀ ਹੋ ਕੇ ਘਰੋਂ ਨਿਕਲ ਜਾਵੇ। ਨਹੀਂ ਤਾਂ ਗੋਬਿੰਦੀ ਨੂੰ ਤਾਂ ਉਹ ਦੁੱਧ ਦੇ ਨੇੜੇ ਵੀ ਨਹੀਂ ਸੀ ਲੱਗਣ ਦੇਂਦੀਆਂ।
ਗੋਬਿੰਦੀ ਵਿਚਾਰੀ ਕੀ ਜੁਆਬ ਦੇਵੇ। ਸਮਝਦੀ ਤਾਂ ਉਹ ਵੀ ਸਭ ਕੁਝ ਸੀ। ਮੁੰਡਾ ਹੁੰਦੀ ਤਾਂ ਘਰੋਂ ਵੀ ਨਿਕਲ ਜਾਂਦੀ। ਪਰ ਕੀ ਕਰਦੀ, ਚੁੱਪ ਕਰ ਕੇ ਸੀਤੇ ਬੁੱਲ੍ਹਾਂ ਨਾਲ ਉਹ ਬਾਹਰਲੇ ਘਰ ਚਲੀ ਗਈ। ਹੁਣ ਬਾਲਟੀ ਬਗ਼ੈਰ ਧਾਰ ਕਿਸ ਤਰ੍ਹਾਂ ਕੱਢੇ ? ਇਸ ਲਈ ਉਹ ਬੂਹੇ 'ਤੇ ਬੈਠ ਕੇ ਭਰਾਵਾਂ ਨੂੰ ਯਾਦ ਕਰ ਕੇ ਵੈਣ ਪਾ ਕੇ ਰੋਣ ਲੱਗ ਪਈ :
“ਸੱਤੇ ਭਾਈ
ਸੱਤੇ ਗਏ ਪ੍ਰਦੇਸ ਨੂੰ
ਭਾਬੜੀਆਂ ਦੁੱਖ ਦੇਣ ਗੋਬਿੰਦ
ਤੂੰ ਕਿਉਂ ਨਾ ਮਰ ਗਈ ਕੁੜੇ...।”
ਫੇਰ ਉਹ ਕਿੰਨਾ ਚਿਰ ਹੀ ਗੋਡਿਆਂ ਵਿਚ ਮੂੰਹ ਦੇ ਕੇ ਡੁਸਕਦੀ ਰਹੀ। ਹਉਕੇ ਭਰਦੀ ਰਹੀ। ਉਸ ਦੀ ਕੌਣ ਸੁਣੇ ? ਧੁਰ ਅਸਮਾਨ ਤੀਕ ਜਿਵੇਂ ਹਰ ਚੀਜ਼ ਕੰਨਾਂ ਤੋਂ ਬੋਲੀ ਹੋਵੇ।
ਅਚਾਨਕ ਘੋੜਿਆਂ ਦੇ ਦਗੜ ਦਗੜ ਦੀ ਆਵਾਜ਼ ਆਈ। ਉਸ ਨੇ ਸਿਰ ਉੱਪਰ ਚੁੱਕਿਆ ਤਾਂ ਹੰਝੂਆਂ ਵਿਚੋਂ ਦੀ ਉਸ ਨੂੰ ਝਉਲਾ ਜਿਹਾ ਹੀ ਵਿਖਾਈ ਦਿੱਤਾ। ਘੋੜੇ ਉਸ ਦੇ ਸਾਹਮਣੇ ਆ ਕੇ ਰੁਕੇ ਤੇ ਉਹ ਘਬਰਾ ਗਈ। ਫ਼ੌਜੀਆਂ ਨੇ ਉਸ ਵੱਲ ਗਹੁ ਨਾਲ ਤੱਕਿਆ ਤੇ ਫੇਰ ਇਕ ਜਣਾ ਬੋਲਿਆ, “ਕੁੜੀਏ, ਤੂੰ ਕਿਤੇ ਗੋਬਿੰਦੀ ਤਾਂ ਨਹੀਂ ?” ਉਹਨਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਗੋਬਿੰਦੀ ਇਸ ਹਾਲ ਵਿਚ ਬੈਠੀ ਹੋ ਸਕਦੀ ਹੈ। ਜਦ ਗੋਬਿੰਦੀ ਨੇ ਦੇਖਿਆ ਕਿ ਇਹ ਤਾਂ ਉਸ ਦੇ ਭਰਾ ਹੀ ਹਨ ਤਾਂ ਉਹ ਭੁੱਬਾਂ ਮਾਰ ਕੇ ਰੋਣ ਲੱਗ ਪਈ। ਉਹਨਾਂ ਦਾ ਵੀ ਰੋਣ ਨਿਕਲ ਗਿਆ। ਕਿੰਨਾ ਚਿਰ ਹੀ ਗੋਬਿੰਦੀ ਅਤੇ ਉਸ ਦੇ ਭਰਾਵਾਂ ਤੋਂ ਬੋਲ ਨਾ ਹੋਇਆ। ਫੇਰ ਬਾਹਰਲੇ ਘਰੇ ਬੈਠ ਕੇ ਉਹਨਾਂ ਨੇ ਗੋਬਿੰਦੀ ਦਾ ਦੁੱਖ ਪੁੱਛਿਆ। ਗੋਬਿੰਦੀ ਰੋਂਦੀ ਰੋਂਦੀ ਨੇ ਸਾਰੀ ਵਿਥਿਆ ਸੁਣਾ ਦਿੱਤੀ। ਬੱਸ ਉਹ ਹੋਰ ਬਹੁਤਾ ਨਾ ਸੁਣ ਸਕੇ। ਉਹਨਾਂ ਦਾ ਗੱਚ ਭਰਦਾ ਆ ਰਿਹਾ ਸੀ। ਸਾਰੇ ਉੱਠੇ ਅਤੇ ਘੋੜਿਆਂ 'ਤੇ ਚੜ੍ਹ ਗਏ। ਵੱਡੇ ਭਰਾ ਨੇ ਗੋਬਿੰਦੀ ਨੂੰ ਆਪਣੇ ਪਿੱਛੇ ਬਿਠਾ ਲਿਆ।
ਘਰ ਪਹੁੰਚ ਕੇ ਉਹਨਾਂ ਨੇ ਘੋੜੇ ਖੜੇ ਖੜੋਤੇ ਛੱਡ ਦਿੱਤੇ ਅਤੇ ਬੂਹਾ ਬੰਦ ਕਰ ਲਿਆ। ਗੋਬਿੰਦੀ ਦੀਆਂ ਦੋਹਾਂ ਵੱਡੀਆਂ ਭਾਬੀਆਂ ਨੂੰ ਸਾਹਮਣੇ ਖੜਾ ਕਰ ਲਿਆ। ਉਹ ਗੋਬਿੰਦੀ ਦੇ ਪੈਰੀਂ ਡਿੱਗਣ ਲੱਗੀਆਂ। ਉਸੇ ਵੇਲੇ ਇਕ ਗੋਲੀ ਚੱਲੀ ਅਤੇ ਵੱਡੀ ਭਾਬੀ ਥਾਂ 'ਤੇ ਹੀ ਮਾਰੀ ਗਈ। ਦੂਜੀ ਗੋਬਿੰਦੀ ਦੇ ਪੈਰੀਂ ਡਿੱਗ ਪਈ ਸੀ। ਗੋਬਿੰਦੀ ਨੇ ਨਹੀਂ ਸੋਚਿਆ ਸੀ ਕਿ ਇਹ ਕੁਝ ਵੀ ਹੋ ਸਕਦਾ ਹੈ। ਉਹ ਆਪਣੀ ਭਾਬੀ ਦੇ ਉਪਰ ਡਿੱਗ ਪਈ ਅਤੇ ਮਿੰਨਤ ਕਰ ਕੇ ਉਸ ਨੂੰ ਬਚਾ ਲਿਆ। ਪਰ ਉਸ ਨੂੰ ਸਜ਼ਾ ਤਾਂ ਜ਼ਰੂਰ ਮਿਲਣੀ ਸੀ। ਸਾਰੇ ਭਰਾਵਾਂ ਨੇ ਗੋਬਿੰਦੀ ਅਤੇ ਉਸ ਦੀਆਂ ਛੋਟੀਆਂ ਭਾਬੀਆਂ ਨੂੰ ਘਰ ਦੀ ਮੁਖ਼ਤਿਆਰੀ ਦੇ ਦਿੱਤੀ ਅਤੇ ਵੱਡੀ ਭਾਬੀ ਨੂੰ ਨੌਕਰਾਂ ਸਮਾਨ ਦਰਜਾ ਦੇ ਦਿੱਤਾ। ਹੁਣ ਗੋਬਿੰਦੀ ਮੰਜੇ ਉਪਰ ਬੈਠ ਕੇ ਵੱਡੀ ਭਾਬੀ ਨੂੰ ਕੋਈ ਹੁਕਮ ਸੁਣਾਉਂਦੀ ਰਹਿੰਦੀ। ਇਸ ਤਰ੍ਹਾਂ ਗੋਬਿੰਦੀ ਦੇ ਦੁੱਖ ਕੱਟੇ ਗਏ।
0 Comments