ਅਕਲ ਅਤੇ ਕਰਮ
Akal ate Karam
ਇਕ ਵਾਰੀ ਅਕਲ ਅਤੇ ਕਰਮਾਂ ਦਾ ਝਗੜਾ ਹੋ ਗਿਆ। ਅਕਲ ਕਹਿੰਦੀ, “ਮੈਂ ਵੱਡੀ ਹਾਂ।” ਅਤੇ ਕਰਮ (ਕਿਸਮਤ) ਕਹਿੰਦੇ, “ਅਸੀਂ ਵੱਡੇ ਹਾਂ।” ਦੋਵਾਂ ਨੇ ਆਪਣੇ ਵੱਡੇਪਣ ਨੂੰ ਪਰਖਣ ਦਾ ਫ਼ੈਸਲਾ ਕਰ ਲਿਆ। ਅਕਲ ਕਹਿੰਦੀ, “ਪਹਿਲਾਂ ਤੂੰ ਆਪਣਾ ਚਮਤਕਾਰ ਵਿਖਾ।” ਇਸ ਤਰ੍ਹਾਂ ਦੋਵੇਂ ਮੁਕਾਬਲੇ ਵਿਚ ਆ ਗਏ।
ਅੱਗੇ ਖੇਤ ਵਿਚ ਇਕ ਜੱਟ ਹਲ ਵਾਹ ਰਿਹਾ ਸੀ। ਕਰਮਾਂ (ਕਿਸਮਤ ਦੇ ਲਿਖੇ ਲੇਖ) ਨੇ ਉਸ ਨੂੰ ਇਕ ਸੋਨੇ ਦੀ ਇੱਟ ਦਿੱਤੀ। ਜਦੋਂ ਉਹ ਹਲ ਅੱਗੇ ਲਿਜਾ ਰਿਹਾ ਸੀ ਤਾਂ ਹਲ ਦੀ ਚੌਅ 'ਤੇ ਸੋਨੇ ਦੀ ਇੱਟ ਚੜ੍ਹ ਗਈ ਤੇ ਬਾਹਰ ਆ ਗਈ। ਜੱਟ ਨੇ ਹਲ ਰੋਕਿਆ ਅਤੇ ਇੱਟ ਨੂੰ ਗਵਾਹ ਕੇ ਪਰਾਂ ਮਾਰਿਆ। ਖੇਤ ਵਿਚੋਂ ਇਕ ਬਾਣੀਆਂ ਲੰਘਿਆ ਜਾ ਰਿਹਾ ਸੀ। ਉਸ ਨੇ ਇੱਟ ਦੇਖ ਲਈ। ਉਸ ਨੇ ਚੁਸਤੀ ਨਾਲ ਜੱਟ ਨੂੰ ਪੁੱਛਿਆ ਕਿ ਲੰਬਰਦਾਰਾ ਤੇਰੇ ਖੇਤ ਦੀ ਥੋੜੀ ਜਿਹੀ ਮਿੱਟੀ ਚਾਹੀਦੀ ਹੈ। ਜੱਟ ਕਹਿੰਦਾ, “ਮਿੱਟੀ ਜਿੰਨੀ ਮਰਜ਼ੀ ਲੈ ਜਾਹ। ਇਥੇ ਕੋਈ ਘਾਟੈ ਮਿੱਟੀ ਦਾ। ਆਹ ਨਾਲੇ ਜਾਂਦਾ ਇੱਟ ਜਿਹੀ ਵੀ ਲੈ ਜਾਈਂ। ਸਹੁਰੇ ਦੀ ਨੇ ਮੇਰਾ ਤਾਂ ਹਲ ਈ ਤੋੜ ਦਿੱਤਾ ਸੀ।” ਬਾਣੀਏ ਨੇ ਇੱਟ ਚੁੱਕੀ ਅਤੇ ਚੁੱਪ ਕਰ ਕੇ ਲੈ ਗਿਆ। ਕਿਸਮਤ ਦੀ ਹਾਰ ਹੋ ਗਈ।
ਬਾਣੀਏ ਨੇ ਉਹ ਇੱਟ ਲਿਜਾ ਕੇ ਰਾਜੇ ਨੂੰ ਦਿੱਤੀ ਅਤੇ ਕਿਹਾ ਕਿ ਤੁਹਾਨੂੰ ਇਹ ਤੋਹਫ਼ਾ ਹਲਪਤ ਰਾਜੇ ਨੇ ਭੇਜਿਆ ਹੈ। ਰਾਜਾ ਬਹੁਤ ਖ਼ੁਸ਼ ਹੋਇਆ ਕਿ ਕੋਈ ਅਜਨਬੀ ਬੰਦਾ ਉਸ ਨੂੰ ਇੰਨਾ ਪਿਆਰ ਕਰਦਾ ਹੈ। ਰਾਜੇ ਨੇ ਉਸ ਦੇ ਲਈ ਵਾਪਸ ਇਕ ਦਰਿਆਈ ਘੋੜਾ ਭੇਜ ਦਿੱਤਾ। ਬਾਣੀਆਂ ਘੋੜੇ ਨੂੰ ਲੈ ਕੇ ਹਲਪਤ ਰਾਜੇ ਦੇ ਖੇਤ ਵਿਚ ਆ ਗਿਆ ਅਤੇ ਕਹਿਣ ਲੱਗਾ ਕਿ ਲੰਬਰਦਾਰਾ ਰਾਜੇ ਨੇ ਤੇਰੇ ਲਈ ਇਹ ਤੋਹਫ਼ਾ ਭੇਜਿਆ ਹੈ। ਅੱਗੋਂ ਜੱਟ ਬੋਲਿਆ, “ਲੈ ਜਾ ਪਰਾਂ ਇਸ ਖੱਚਰ ਜਿਹੀ ਨੂੰ, ਕਿੱਥੇ ਕਣਕ ਮਿਧਿਆਈ ਐ ਖੱਖੇ ਨੇ।" ਬਾਣੀਆਂ ਨਿਰਾਸ਼ ਹੋ ਕੇ ਮੁੜ ਗਿਆ। ਕਿਸਮਤ ਨੂੰ ਫੇਰ ਹਾਰ ਦਾ ਮੂੰਹ ਦੇਖਣਾ ਪਿਆ। ਕਿਉਂਕਿ ਜੱਟ ਕੋਲ ਅਕਲ ਨਹੀਂ ਸੀ।
ਬਾਣੀਏ ਨੇ ਉਹ ਦਰਿਆਈ ਘੋੜਾ ਲਿਜਾ ਕੇ ਇਕ ਹੋਰ ਰਾਜੇ ਨੂੰ ਦੇ ਦਿੱਤਾ ਅਤੇ ਕਿਹਾ ਕਿ ਇਹ ਘੋੜਾ ਤੁਹਾਨੂੰ ਫਲਾਣੇ ਰਾਜੇ ਨੇ ਭੇਜਿਆ ਹੈ। ਉਹ ਬਹੁਤ ਖ਼ੁਸ਼ ਹੋਇਆ। ਉਸ ਨੇ ਵੀ ਰਾਜੇ ਲਈ ਇਕ ਬਹੁਤ ਸੁੰਦਰ ਹਾਥੀ ਭੇਜ ਦਿੱਤਾ।
ਬਾਣੀਆਂ ਉਸ ਹਾਥੀ ਨੂੰ ਲੈ ਕੇ ਦੂਜੇ ਰਾਜੇ ਕੋਲ ਚਲਾ ਗਿਆ ਅਤੇ ਕਿਹਾ ਕਿ ਇਹ ਹਾਥੀ ਤੁਹਾਡੇ ਲਈ ਹਲਪਤ ਰਾਜੇ ਨੇ ਭੇਜਿਆ ਹੈ, ਜਿਸ ਨੇ ਸੋਨੇ ਦੀ ਇੱਟ ਭੇਜੀ ਸੀ। ਬਾਣੀਆਂ ਇਸ ਹਾਥੀ ਨੂੰ ਰਾਜੇ ਕੋਲ ਇਸ ਲਈ ਲੈ ਕੇ ਗਿਆ ਕਿਉਂਕਿ ਜੱਟ ਨੇ ਹਾਥੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਰਾਜਾ ਹਾਥੀ ਨੂੰ ਦੇਖ ਕੇ ਬਹੁਤ ਖ਼ੁਸ਼ ਹੋਇਆ। ਉਹ ਉਸ ਬੰਦੇ ਨੂੰ ਵੀ ਮਿਲਣ ਦੀ ਚਾਹ ਰੱਖਦਾ ਸੀ।
ਅਗਲੇ ਦਿਨ ਰਾਜੇ ਨੇ ਆਪਣੇ ਬੰਦੇ ਭੇਜ ਦਿੱਤੇ ਕਿ ਉਸ ਜੱਟ ਨੂੰ ਸਤਿਕਾਰ ਨਾਲ ਮੇਰੇ ਅੱਗੇ ਪੇਸ਼ ਕੀਤਾ ਜਾਵੇ। ਜੱਟ ਨੂੰ ਰਾਜੇ ਸਾਹਮਣੇ ਪੇਸ਼ ਕੀਤਾ ਗਿਆ। ਅਕਲ ਅਤੇ ਕਰਮ ਵੀ ਜੱਟ ਦੇ ਕੋਲ ਖੜੇ ਰਹੇ। ਰਾਜੇ ਨੇ ਜੱਟ (ਹਲਪਤ ਰਾਜਾ) ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੇ ਤੂੰ ਸਾਹਮਣੇ ਦਰੱਖ਼ਤ 'ਤੇ ਟੰਗੇ ਸੇਬਾਂ ਵਿਚੋਂ ਵਿਚਕਾਰਲੇ ਦੇ ਨਿਸ਼ਾਨਾ ਲਾ ਦੇਵੇਂ ਤਾਂ ਮੈਂ ਤੈਨੂੰ ਆਪਣੀ ਲੜਕੀ ਦਾ ਡੋਲਾ ਦੇਵਾਂਗਾ ਅਤੇ ਆਪਣਾ ਅੱਧਾ ਰਾਜ-ਭਾਗ ਵੀ। ਉਸ ਨੇ ਜੱਟ ਨੂੰ ਬੰਦੂਕ ਦੇ ਦਿੱਤੀ ਅਤੇ ਸਿਪਾਹੀ ਉਸ ਨੂੰ ਨਿਸ਼ਾਨੇ ਵਾਲੀ ਥਾਂ 'ਤੇ ਲੈ ਗਏ। ਉਥੇ ਜਾ ਕੇ ਜੱਟ ਨੇ ਸ਼ਿਸਤ ਬੰਨ੍ਹੀ ਪਰ ਦੋ ਵਾਰ ਨਿਸ਼ਾਨਾ ਚੁੱਕ ਗਿਆ। ਹੁਣ ਇਹ ਤੀਜੀ ਵਾਰੀ ਆਖ਼ਰੀ ਵਾਰੀ ਸੀ। ਅਕਲ ਨੇ ਜੱਟ ਦੇ ਨੇੜੇ ਹੋ ਕੇ ਕਰਮਾਂ ਨੂੰ ਕਿਹਾ ਕਿ ਮੈਂ ਆਵਾਂ ਹੁਣ ਕਰਮਾਂ ਨੇ ਹਾਰ ਮੰਨ ਲਈ। ਕਹਿੰਦੇ, “ਆ ਜਾਹ ਹੁਣ ਤਾਂ। ਤੇਰੇ ਬਿਨਾਂ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ।” ਅਕਲ ਨੇ ਆ ਕੇ ਕਰਮਾਂ ਦਾ ਸਾਥ ਦਿੱਤਾ ਅਤੇ ਨਿਸ਼ਾਨਾ ਸਹੀ ਥਾਂ 'ਤੇ ਲੱਗ ਗਿਆ। ਰਾਜੇ ਨੇ ਜੱਟ ਨੂੰ ਆਪਣੀ ਲੜਕੀ ਦਾ ਡੋਲਾ ਦੇ ਦਿੱਤਾ ਅਤੇ ਆਪਣਾ ਅੱਧਾ ਰਾਜ-ਭਾਗ ਦੇ ਕੇ ਰਾਜਾ ਬਣਾ ਦਿੱਤਾ। ਇਸ ਤਰ੍ਹਾਂ ਅਕਲ ਅਤੇ ਕਰਮਾਂ ਦੇ ਸੁਮੇਲ ਨਾਲ ਇਕ ਹਲਵਾਹ ਜੱਟ ਰਾਜਾ ਬਣ ਗਿਆ ਅਤੇ ਲੋਕ ਉਸ ਨੂੰ ਹਲਪਤ ਰਾਜਾ ਕਹਿਣ ਲੱਗ ਪਏ।
0 Comments