ਤ੍ਰਿਸ਼ਨਾ ਦਾ ਰੋਗ
Trishna Da Rog
ਵਾਰਾਣਸੀ ਦੇ ਰਾਜਾ ਬ੍ਰਹਮਦੱਤ ਦੇ ਦੋ ਪੁੱਤਰ ਸਨ। ਉਸ ਨੇ ਵੱਡੇ ਪੁੱਤਰ ਨੂੰ ਯੁਵਰਾਜ ਦਾ ਅਤੇ ਛੋਟੇ ਨੂੰ ਸੈਨਾਪਤੀ ਦਾ ਪਦ ਦਿੱਤਾ। ਕੁਝ ਦੇਰ ਬਾਅਦ ਰਾਜਾ ਬ੍ਰਹਮਦੱਤ ਦੀ ਮੌਤ ਹੋ ਗਈ। ਇਸ ਹਾਲਤ ਵਿਚ ਵੱਡੇ ਰਾਜਕੁਮਾਰ ਨੂੰ ਹੀ ਸਿੰਘਾਸਣ 'ਤੇ ਬਹਿਣ ਦਾ ਅਧਿਕਾਰ ਸੀ। ਪੁਰੋਹਿਤ ਅਤੇ ਮੰਤਰੀ ਉਹਦੇ ਰਾਜ ਤਿਲਕ ਦੀ ਤਿਆਰੀ ਕਰਨ ਲੱਗ ਪਏ ਪਰ ਉਹ ਕਿਸੇ ਵੀ ਤਰ੍ਹਾਂ ਦੇ ਲਾਲਚ ਤੋਂ ਦੂਰ ਸੀ ਅਤੇ ਛੋਟੇ ਭਰਾ ਲਈ ਉਹਦੇ ਮਨ ਵਿਚ ਅਥਾਹ ਪ੍ਰੇਮ ਸੀ। ਉਹ ਬੜੇ ਪਿਆਰ ਨਾਲ ਆਪਣੀ ਜਗ੍ਹਾ ਛੋਟੇ ਭਰਾ ਨੂੰ ਦੇਣੀ ਚਾਹੁੰਦਾ ਸੀ। ਸਾਰਿਆਂ ਨੇ ਬੜਾ ਸਮਝਾਇਆ ਪਰ ਉਹਨੇ ਛੋਟੇ ਭਰਾ ਨੂੰ ਹੀ ਰਾਜਗੱਦੀ 'ਤੇ ਬਿਠਾਇਆ। ਰਾਜ ਸੱਤਾ ਦਾ ਮੋਹ ਉਹਦੇ ਅੰਦਰੋਂ ਹੌਲੀ- ਹੌਲੀ ਮਰਦਾ ਜਾ ਰਿਹਾ ਸੀ। ਉਹ ਬਿਲਕੁਲ ਸਾਦਾ ਜੀਵਨ ਜਿਉਣਾ ਚਾਹੁੰਦਾ ਸੀ। ਬਿਲਕੁਲ ਸਾਧੂ ਮਹਾਤਮਾਵਾਂ ਵਰਗਾ ਸਾਦਾ ਜੀਵਨ।
ਛੋਟੇ ਰਾਜਕੁਮਾਰ ਨੂੰ ਆਪਣੀ ਇੱਛਾ ਨਾਲ ਰਾਜ ਦੇ ਕੇ ਉਹ ਉਥੋਂ ਚਲਾ ਗਿਆ ਅਤੇ ਦੂਰ ਕਿਤੇ ਜਾ ਕੇ ਇਕ ਸੇਠ ਕੋਲ ਨੌਕਰੀ ਕਰਨ ਲੱਗ ਪਿਆ। ਵੱਡੇ ਰਾਜਕੁਮਾਰ ਨੇ ਆਪਣੀ ਜਾਣਕਾਰੀ ਗੁਪਤ ਰੱਖੀ ਸੀ। ਪਰ ਕੁਝ ਦਿਨਾਂ ਬਾਅਦ ਸੇਠ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਉਸ ਦਿਨ ਤੋਂ ਸੇਠ ਦਾ ਉਹਦੇ ਪ੍ਰਤਿ ਵਿਹਾਰ ਬਦਲ ਗਿਆ। ਹੁਣ ਸੇਠ ਦੀ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਇਹੋ ਹੁੰਦੀ ਸੀ ਕਿ ਉਹਨੂੰ ਬਹੁਤਾ ਕੰਮ ਨਾ ਆਖਿਆ ਜਾਵੇ। ਉਹ ਉਹਦੇ ਨਾਲ ਰਾਜਕੁਮਾਰਾਂ ਵਾਂਗ ਵਿਹਾਰ ਕਰਨ ਲੱਗ ਪਿਆ ਸੀ।
ਇਕ ਦਿਨ ਵੱਡੇ ਰਾਜਕੁਮਾਰ ਨੂੰ ਪਤਾ ਲੱਗਾ ਕਿ ਰਾਜ ਕਰਮਚਾਰੀ ਲਗਾਨ ਹਾਸਿਲ ਕਰਨ ਲਈ ਖੇਤਾਂ ਦੀ ਨਵੇਂ ਸਿਰੇ ਤੋਂ ਮਿਣਤੀ ਕਰ ਰਹੇ ਹਨ ਤੇ ਸੇਠ ਇਸ ਮਾਮਲੇ ਵਿਚ ਬਹੁਤ ਪ੍ਰੇਸ਼ਾਨ ਹੈ। ਵੱਡੇ ਰਾਜਕੁਮਾਰ ਇਸ ਮੌਕੇ ’ਤੇ ਆਪਣੇ ਮਾਲਿਕ ਦੀ ਸਹਾਇਤਾ ਕਰਨੀ ਆਪਣਾ ਧਰਮ ਸਮਝਿਆ। ਉਹਨੇ ਆਪਣੇ ਛੋਟੇ ਭਰਾ ਨੂੰ ਇਸ ਸੰਬੰਧ ਵਿਚ ਇਕ ਖ਼ਤ ਭੇਜਿਆ ਕਿ ਮੈਂ ਬਹੁਤ ਦਿਨਾਂ ਤੋਂ ਅਮੁਕ ਸੇਠ ਦੇ ਘਰ ਰਹਿ ਰਿਹਾ ਹਾਂ, ਇਸ ਲਈ ਮੇਰੇ ਕਹਿਣ 'ਤੇ ਉਹਦਾ ਲਗਾਨ ਮਾਫ਼ ਕਰ ਦੇ।
ਛੋਟੇ ਭਰਾ ਨੇ ਖ਼ਤ ਮਿਲਦਿਆਂ ਹੀ ਰਾਜ ਕਰਮਚਾਰੀਆਂ ਨੂੰ ਉਸ ਸੇਠ ਕੋਲੋਂ ਟੈਕਸ ਨਾ ਲੈਣ ਦਾ ਹੁਕਮ ਦਿੱਤਾ। ਸੇਠ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਰਾਜਕੁਮਾਰ ਨੇ ਚੁੱਪਚਾਪ ਉਸਦਾ ਬੜਾ ਵੱਡਾ ਕੰਮ ਕਰ ਦਿੱਤਾ ਹੈ ਤਾਂ ਉਹ ਖ਼ੁਸ਼ੀ ਨਾਲ ਫੁੱਲਾ ਨਾ ਸਮਾਇਆ। ਹੋਰਨਾਂ ਲੋਕਾਂ 'ਤੇ ਆਪਣਾ ਪ੍ਰਭਾਵ ਪਾਉਣ ਲਈ ਉਹਨੇ ਬੜੇ ਜ਼ੋਰ-ਸ਼ੋਰ ਨਾਲ ਇਸ ਗੱਲ ਦਾ ਪ੍ਚਾਰ ਕਰਨਾ ਸ਼ੁਰੂ ਕਰ ਦਿੱਤਾ। ਨਤੀਜਾ ਇਹ ਹੋਇਆ ਕਿ ਪਿੰਡ ਅਤੇ ਪ੍ਰਾਂਤ ਦੇ ਸਾਰੇ ਲੋਕ ਲਗਾਨ ਮਾਫ਼ ਕਰਵਾਉਣ ਲਈ ਵੱਡੇ ਰਾਜਕੁਮਾਰ ਕੋਲ ਆ ਗਏ। ਵੱਡੇ ਰਾਜਕੁਮਾਰ ਨੇ ਕਿਸੇ ਨੂੰ ਨਿਰਾਸ਼ ਨਾ ਕੀਤਾ। ਉਹਨੇ ਹਰੇਕ ਲਈ ਰਾਜੇ ਨੂੰ ਖ਼ਤ ਲਿਖ ਦਿੱਤਾ ਅਤੇ ਰਾਜੇ ਨੇ ਵੱਡੇ ਭਰਾ ਦੇ ਕਹਿਣ 'ਤੇ ਸਾਰਿਆਂ ਦਾ ਲਗਾਨ ਮਾਫ਼ ਕਰ ਦਿੱਤਾ।
ਉਥੋਂ ਦੇ ਲੋਕ ਵੱਡੇ ਰਾਜਕੁਮਾਰ ਦੇ ਭਗਤ ਬਣ ਗਏ ਅਤੇ ਦਿਲੋਂ ਉਹਨੂੰ ਆਪਣਾ ਰਾਜਕੁਮਾਰ ਮੰਨਣ ਲੱਗ ਪਏ । ਉਹ ਲੋਕ ਉਸ ਨੂੰ ਟੈਕਸ ਵੀ ਦੇਣ ਲੱਗ ਪਏ । ਇਸ ਤਰ੍ਹਾਂ ਸਾਰੇ ਪ੍ਰਾਂਤ ਵਿਚ ਉਸਦੀ ਇੱਜ਼ਤ ਅਤੇ ਸ਼ੁਹਰਤ ਫੈਲ ਗਈ। ਸਰਬਸੰਮਤੀ ਨਾਲ ਉਹ ਉਥੋਂ ਦਾ ਸੁਤੰਤਰ ਰਾਜਾ ਬਣ ਗਿਆ।ਪਰ ਕਿਸੇ ਨੇ ਸੱਚ ਹੀ ਆਖਿਆ ਹੈ—ਸ਼ੁਹਰਤ ਵੇਖ ਕੇ ਕਿਹੜਾ ਅਜਿਹਾ ਵਿਅਕਤੀ ਹੈ ਜਿਹੜਾ ਨਸ਼ੇ ਵਿਚ ਚੂਰ ਨਾ ਹੋ ਗਿਆ ਹੋਵੇ ਅਤੇ ਉਹ ਤ੍ਰਿਸ਼ਨਾਂ ਤੋਂ ਬਚ ਸਕੇ । ਉਹਨੇ ਛੋਟੇ ਭਰਾ ਨੂੰ ਸਪੱਸ਼ਟ ਲਿਖ ਦਿੱਤਾ ਕਿ ਹੁਣ ਇਸ ਪ੍ਰਾਂਤ ਉੱਪਰ ਮੇਰਾ ਰਾਜ ਹੋਵੇਗਾ। ਛੋਟੇ ਭਰਾ ਨੇ ਬੜੀ ਖ਼ੁਸ਼ੀ ਨਾਲ ਉਹਨੂੰ ਉਥੋਂ ਦਾ ਸ਼ਾਸਕ ਮੰਨ ਲਿਆ। ਵੱਡਾ ਭਰਾ ਇਸ ਗੱਲ ਨਾਲ ਵੀ ਸੰਤੁਸਟ ਨਾ ਹੋਇਆ।ਉਹਨੇ ਆਸ-ਪਾਸ ਦੇ ਕਈ ਹੋਰਨਾਂ ਪ੍ਰਾਂਤਾਂ ਨੂੰ ਵੀ ਆਪਣੇ ਰਾਜ ਵਿਚ ਮਿਲਾਉਣ ਦੀ ਕੋਸ਼ਿਸ਼ ਕੀਤੀ। ਛੋਟੇ ਭਰਾ ਨੇ ਉਹਦੀ ਇਹ ਗੱਲ ਵੀ ਮੰਨ ਲਈ। ਉਹਦੀ ਹਰੇਕ ਮੰਗ ਪੂਰੀ ਹੁੰਦੀ ਗਈ, ਫਿਰ ਵੀ ਉਹਦਾ ਮਨ ਨਾ ਭਰਿਆ ਤੇ ਤ੍ਰਿਸ਼ਨਾ ਵਧਦੀ ਗਈ। ਹੁਣ ਉਹ ਆਪਣੇ ਭਰਾ ਦੇ ਰਾਜ ਹਾਸਿਲ ਕਰਨਾ ਚਾਹੁੰਦਾ ਸੀ।
ਉਹਨੂੰ ਸ਼ੱਕ ਸੀ ਕਿ ਛੋਟਾ ਭਰਾ ਆਸਾਨੀ ਨਾਲ ਸਾਰਾ ਤਾਂ ਰਾਜ ਦੇਵੇਗਾ ਨਹੀਂ, ਇਸ ਲਈ ਆਪਣੇ ਰਾਜ ਦੇ ਸਾਰੇ ਆਦਮੀਆਂ ਨੂੰ ਨਾਲ ਲੈ ਕੇ ਉਹਨੇ ਵਾਰਾਣਸੀ 'ਤੇ ਹਮਲਾ ਕਰ ਦਿੱਤਾ। ਲੋਕਾਂ ਦੀ ਭੀੜ ਲੈ ਕੇ ਉਹ ਰਾਜ ਦੁਆਰ ’ਤੇ ਪੁੱਜ ਗਿਆ। ਉਥੇ ਪਹੁੰਚ ਕੇ ਉਹਨੇ ਛੋਟੇ ਭਰਾ ਨੂੰ ਲਲਕਾਰਿਆ ਤੇ ਆਖਿਆ ਕਿ ‘ਰਾਜ ਦਿਉ ਜਾਂ ਫਿਰ ਆ ਕੇ ਮੇਰੇ ਨਾਲ ਯੁੱਧ ਕਰੋ'।
ਛੋਟਾ ਭਰਾ ਬੜੇ ਵੱਡੇ ਧਰਮ-ਸੰਕਟ ਵਿਚ ਫਸ ਗਿਆ। ਜੇਕਰ ਉਹ ਆਤਮ ਸਮਰਪਣ ਕਰਦਾ ਤਾਂ ਲੋਕਾਂ ਨੇ ਉਹਨੂੰ ਡਰਪੋਕ ਕਹਿ ਕੇ ਭੰਡਣਾ ਸੀ ਅਤੇ ਜੇਕਰ ਉਹ ਵੱਡੇ ਭਰਾ ਨਾਲ ਯੁੱਧ ਕਰਦਾ ਅਤੇ ਯੁੱਧ ਦਰਮਿਆਨ ਉਹਦਾ ਵੱਡਾ ਭਰਾ ਮਰ ਜਾਂਦਾ ਤਾਂ ਵੀ ਲੋਕਾਂ ਨੇ ਉਹਨੂੰ ਹੀ ਬੁਰਾ ਭਲਾ ਕਹਿਣਾ ਸੀ। ਛੋਟੇ ਭਰਾ ਲਈ ਬੜੀ ਵੱਡੀ ਮੁਸੀਬਤ ਖੜੀ ਹੋ ਗਈ ਸੀ। ਬਹੁਤ ਸੋਚਣ-ਵਿਚਾਰਣ ਤੋਂ ਬਾਅਦ ਛੋਟੇ ਭਰਾ ਨੇ ਵੱਡੇ ਭਰਾ ਦੀ ਦਿੱਤੀ ਹੋਈ ਚੀਜ਼ ਉਸ ਨੂੰ ਵਾਪਸ ਕਰਣ ਦਾ ਫ਼ੈਸਲਾ ਕਰ ਲਿਆ ਅਤੇ ਵੱਡੇ ਭਰਾ ਨੂੰ ਬੜੇ ਮਾਣ ਸਤਿਕਾਰ ਨਾਲ ਸਿੰਘਾਸਣ 'ਤੇ ਬਿਠਾ ਦਿੱਤਾ।
ਵੱਡਾ ਰਾਜਕੁਮਾਰ ਵਾਰਾਣਸੀ ਦਾ ਰਾਜਾ ਬਣ ਗਿਆ। ਇਕ-ਇਕ ਕਰਕੇ ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ, ਪਰ ਫਿਰ ਵੀ ਉਹਦੀ ਤ੍ਰਿਸ਼ਨਾ ਨਾ ਮਿਟੀ। ਉਹਦੇ ਦਿਲ ਵਿਚ ਇਕ ਤੋਂ ਵੱਧ ਕੇ ਇਕ ਲਾਲਸਾ ਪੈਦਾ ਹੋਣ ਲੱਗ ਪਈ। ਰਾਜ ਕਰਨ ਲਈ ਹੁਣ ਉਹਨੂੰ ਆਪਣਾ ਦੇਸ਼ ਛੋਟਾ ਨਜ਼ਰ ਆਉਣ ਲੱਗ ਪਿਆ। ਉਹਦੇ ਮਨ ਵਿਚ ਵਿਚਾਰ ਆਇਆ ਕਿ ਆਸ-ਪਾਸ ਦੇ ਰਾਜਾਂ ਨੂੰ ਵੀ ਜਿੱਤ ਕੇ ਆਪਣੇ ਰਾਜ ਵਿਚ ਮਿਲਾ ਲਿਆ ਜਾਵੇ । ਇਹ ਉਹਦਾ ਨਿੱਤ ਦਾ ਕੰਮ ਹੋ ਗਿਆ। ਆਪਣੇ ਸਾਹਮਣੇ ਉਹ ਕਿਸੇ ਦੂਸਰੇ ਦੀ ਪ੍ਰਸਿੱਧੀ ਨਹੀਂ ਸੀ ਵੇਖ ਸਕਦਾ। ਦਿਨ-ਪ੍ਰਤੀਦਿਨ ਨਾ ਸਿਰਫ਼ ਉਹਦਾ ਸੁਭਾਅ ਬਦਲ ਰਿਹਾ ਸੀ ਸਗੋਂ ਤ੍ਰਿਸ਼ਨਾ ਵੀ ਵਧਦੀ ਜਾ ਰਹੀ ਸੀ।
ਇੰਦਰ ਉਸ ਰਾਜੇ ਦੀ ਵਧਦੀ ਹੋਈ ਤ੍ਰਿਸ਼ਨਾ ਵੇਖ ਕੇ ਬੜਾ ਦੁਖੀ ਹੋਇਆ। ਇਕ ਦਿਨ ਦ੍ਰਿੜ ਫੈਸਲਾ ਕਰਕੇ ਉਹ ਬ੍ਰਹਮਚਾਰੀ ਦੇ ਭੇਸ ਵਿਚ ਰਾਜੇ ਦੇ ਕੋਲ ਆਇਆ ਅਤੇ ਕਹਿਣ ਲੱਗਾ-‘ਮਹਾਰਾਜ, ਮੈਂ ਤਿੰਨ ਅਜਿਹੇ ਨਗਰ ਵੇਖ ਕੇ ਆ ਰਿਹਾ ਹਾਂ ਜਿਥੇ ਬਹੁਤ ਹੀ ਜ਼ਿਆਦਾ ਧਨ ਹੈ। ਉਥੇ ਤਾਂ ਹਰੇਕ ਘਰ ਸੋਨੇ ਨਾਲ ਭਰਿਆ ਪਿਆ ਹੈ। ਮਹਾਰਾਜ, ਉਨ੍ਹਾਂ ਨਗਰਾਂ ਨੂੰ ਤੁਸੀਂ ਛੇਤੀ ਹੀ ਆਪਣੇ ਅਧਿਕਾਰ ਖੇਤਰ ਵਿਚ ਕਰ ਲਵੋ।”
ਬ੍ਰਹਮਚਾਰੀ ਦੀ ਗੱਲ ਸੁਣਦਿਆਂ ਹੀ ਰਾਜਾ ਲਾਲਚ ਵਿਚ ਅੰਨ੍ਹਾ ਹੋ ਗਿਆ ਅਤੇ ਉਹਨੇ ਛੇਤੀ ਹੀ ਚੜ੍ਹਾਈ ਕਰਨ ਲਈ ਬੇਚੈਨ ਹੋ ਗਿਆ। ਬ੍ਰਹਮਚਾਰੀ ਰਾਜੇ ਨੂੰ ਇੰਨਾ ਕਹਿ ਕੇ ਚੁੱਪਚਾਪ ਬਾਹਰ ਚਲਾ ਗਿਆ। ਰਾਜੇ ਨੇ ਲਾਲਚ ਵਿਚ ਉਹਦਾ ਨਾਂ ਵੀ ਨਹੀਂ ਸੀ ਪੁੱਛਿਆ, ਕਿਉਂਕਿ ਉਹਦਾ ਮਨ ਤਾਂ ਕਿਤੇ ਹੋਰ ਚਲਾ ਗਿਆ ਸੀ। ਉਹਨੇ ਆਪਣੇ ਮੰਤਰੀਆਂ ਨੂੰ ਸੱਦ ਕੇ ਆਖਿਆ—“ਮੈਂ ਹੁਣੇ-ਹੁਣੇ ਇਕ ਬ੍ਰਹਮਚਾਰੀ ਕੋਲੋਂ ਸੁਣਿਆ ਹੈ ਕਿ ਕਿਤੇ ਤਿੰਨਾਂ ਬਹੁਤ ਹੀ ਧਨ ਜਾਇਦਾਦ ਵਾਲੇ ਨਗਰ ਹਨ। ਉਥੇ ਅਥਾਹ ਜਾਇਦਾਦ ਹੈ ਅਤੇ ਹਰੇਕ ਘਰ ਸੋਨੇ ਨਾਲ ਭਰਿਆ ਪਿਆ ਹੈ। ਅਜਿਹੇ ਵਿਲੱਖਣ ਨਗਰਾਂ ਉੱਤੇ ਤਾਂ ਸਾਨੂੰ ਛੇਤੀ ਹੀ ਹਮਲਾ ਕਰ ਦੇਣਾ ਚਾਹੀਦਾ ਹੈ ਅਤੇ ਉਹਨਾਂ ਨਗਰਾਂ ਨੂੰ ਜਿੱਤ ਲੈਣਾ ਚਾਹੀਦਾ ਹੈ। ਬ੍ਰਹਮਚਾਰੀ ਦੇ ਦੱਸੇ ਨਗਰਾਂ ਉੱਤੇ ਮੈਂ ਤੁਰੰਤ ਜਿੱਤ ਹਾਸਲ ਕਰਨਾ ਚਾਹੁੰਦਾ ਹਾਂ।”
ਮੰਤਰੀ ਨੇ ਪੁੱਛਿਆ“ਮਹਾਰਾਜ, ਉਹ ਨਗਰ ਕਿਥੇ ਤੇ ਕਿਧਰ ਹਨ ?’ ਰਾਜਾ ਹੈਰਾਨ ਹੋਇਆ—ਇਹ ਤਾਂ ਮੈਨੂੰ ਪਤਾ ਨਹੀਂ। ਪਰ ਉਹ ਬ੍ਰਹਮਚਾਰੀ ਜਾਣਦਾ ਹੈ। ਉਹ ਉਨ੍ਹਾਂ ਨਗਰਾਂ ਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਆਇਆ ਹੈ। ਉਹਦੇ ਕੋਲੋਂ ਹੀ ਪੁੱਛ ਲਵੋ, ਉਹ ਬਾਹਰ ਖਲੋਤਾ ਹੋਵੇਗਾ।”
ਮੰਤਰੀ ਨੇ ਬਾਹਰ ਜਾ ਕੇ ਬ੍ਰਹਮਚਾਰੀ ਨੂੰ ਬਹੁਤ ਲੱਭਿਆ, ਪਰ ਬ੍ਰਹਮਚਾਰੀ ਨਾ ਲੱਭਾ। ਵਾਪਸ ਆ ਕੇ ਉਹਨੇ ਰਾਜੇ ਨੂੰ ਪੁੱਛਿਆ—“ਮਹਾਰਾਜ, ਉਹ ਬ੍ਰਹਮਚਾਰੀ ਪਤਾ ਨਹੀਂ ਕਿਥੇ ਚਲਾ ਗਿਆ ਹੈ। ਸਾਰੇ ਨਗਰ ਵਿਚ ਲੱਭਣ 'ਤੇ ਵੀ ਉਹਦਾ ਕੋਈ ਪਤਾ ਨਹੀਂ ਲੱਗਾ।”
ਇਹ ਗੱਲ ਸੁਣ ਕੇ ਰਾਜੇ ਦੀ ਛਾਤੀ 'ਤੇ ਜਿਵੇਂ ਪਹਾੜ ਡਿੱਗ ਪਿਆ ਹੋਵੇ। ਉਹ ਤੜਫ਼ਦਾ ਹੋਇਆ ਕਹਿਣ ਲੱਗਾ—‘ਹਾਏ ! ਹੁਣ ਕੀ ਹੋਵੇਗਾ ? ਉਨ੍ਹਾਂ ਨਗਰਾਂ ਬਾਰੇ ਸੁਣ ਕੇ ਮੈਂ ਏਨਾ ਸਵਾਰਥੀ ਹੋ ਗਿਆ ਸਾਂ ਕਿ ਮੈਂ ਬ੍ਰਹਮਚਾਰੀ ਕੋਲੋਂ ਉਹਨਾਂ ਬਾਰੇ ਕੋਈ ਜਾਣਕਾਰੀ ਵੀ ਹਾਸਿਲ ਨਹੀਂ ਕਰ ਸਕਿਆ ਅਤੇ ਨਾ ਹੀ ਮੈਂ ਉਹਦਾ ਸਵਾਗਤ ਕੀਤਾ। ਹੋ ਸਕਦਾ ਹੈ ਇਸੇ ਕਰਕੇ ਉਹ ਗੁੱਸੇ ਹੋ ਕੇ ਚਲਾ ਗਿਆ ਹੋਵੇ ।...ਹਾਏ ਉਏ ਰੱਬਾ...ਤਿੰਨ ਤਿੰਨ ਸੋਨੇ ਦੇ ਨਗਰ। ਹੁਣ ਮੈਂ ਉਸ ਬ੍ਰਹਮਚਾਰੀ ਨੂੰ ਕਿਵੇਂ ਲੱਭਾ...ਕਿਵੇਂ ਉਹਨਾਂ ਨਗਰਾਂ ਤਕ ਪੁੱਜਾਂ...ਮੈਨੂੰ ਤਾਂ ਉਹਨਾਂ ਨਗਰਾਂ ਬਾਰੇ ਕੁਝ ਵੀ ਪਤਾ ਨਹੀਂ ਹੈ।” ਇਸ ਤਰ੍ਹਾਂ ਪਛਤਾਉਂਦਾ ਹੋਇਆ ਰਾਜਾ ਚਿੰਤਾ ਵਿਚ ਡੁੱਬ ਗਿਆ।ਉਨ੍ਹਾਂ ਤਿੰਨਾਂ ਨਗਰਾਂ ਦੀ ਯਾਦ ਆਉਂਦਿਆਂ ਹੀ ਉਹਦੇ ਦਿਲ ਵਿਚ ਹੌਲ ਜਹੇ ਪੈਣ ਲੱਗ ਪੈਂਦੇ। ਇਸ ਦੁੱਖ ਵਿਚ ਨਾ ਤਾਂ ਉਹਨੂੰ ਨੀਂਦ ਆਉਂਦੀ,ਨਾ ਉਹਨੂੰ ਰੋਟੀ ਪਚਦੀ। ਹੌਲੀ-ਹੌਲੀ ਵਿਗੜਦੀ ਮਾਨਸਿਕ ਸਥਿਤੀ ਦੇ ਕਾਰਨ ਉਹਨੂੰ ਭਿਅੰਕਰ ਬਿਮਾਰੀ ਲੱਗ ਗਈ। ਵੈਦਾਂ ਨੇ ਬਹੁਤ ਇਲਾਜ ਕੀਤਾ, ਪਰ ਜਿਉਂ ਜਿਉਂ ਦਵਾ ਕੀਤੀ, ਰੋਗ ਵਧਦਾ ਹੀ ਗਿਆ' ਵਾਲਾ ਹਿਸਾਬ ਹੋ ਗਿਆ।
ਉਨ੍ਹਾਂ ਦਿਨਾਂ ਵਿਚ ਇਕ ਵੈਦ ਆਯੁਰਵੈਦ ਦੀ ਸਿੱਖਿਆ ਲੈ ਕੇ ਵਾਪਸ ਆਇਆ ਸੀ। ਰਾਜਾ ਦੀ ਨਾਮੁਰਾਦ ਬਿਮਾਰੀ ਬਾਰੇ ਸੁਣ ਕੇ ਉਹ ਆਪਣੀ ਇੱਛਾ ਨਾਲ ਰਾਜੇ ਦਾ ਇਲਾਜ ਕਰਨ ਆ ਗਿਆ। ਉਸ ਨੇ ਰਾਜ ਦੁਆਰ ’ਤੇ ਖੜ੍ਹੇ ਹੋ ਕੇ ਰਾਜੇ ਨੂੰ ਸੁਨੇਹਾ ਘੱਲਿਆ। ਰਾਜਾ ਪੀੜ ਨਾਲ ਤੜਪ ਰਿਹਾ ਸੀ। ਪਰ ਉਹਨੂੰ ਕਿਸੇ ਅਨੁਭਵਹੀਣ ਵੈਦ ਕੋਲੋਂ ਇਲਾਜ ਕਰਵਾਉਣਾ ਮਨਜ਼ੂਰ ਨਹੀਂ ਸੀ ਜਦ ਕਿ ਪੀੜ ਤੋਂ ਵੀ ਮੁਕਤ ਹੋਣਾ ਚਾਹੁੰਦਾ ਸੀ। ਡੁੱਬ ਰਿਹਾ ਵਿਅਕਤੀ ਤਿਣਕੇ ਦਾ ਵੀ ਸਹਾਰਾ ਲੱਭ ਰਿਹਾ ਹੁੰਦਾ ਹੈ। ਰਾਜੇ ਨੇ ਉਸ ਨਵੇਂ ਵੈਦ ਨੂੰ ਬੁਲਾ ਲਿਆ ਅਤੇ ਆਖਿਆ—ਸਾਰੇ ਵੈਦਾਂ ਨੇ ਇਸ ਰੋਗ ਨੂੰ ਲਾਇਲਾਜ ਦੱਸਿਆ ਹੈ। ਤੂੰ ਵੀ ਆਪਣੀ ਕੋਸ਼ਿਸ਼ ਕਰਕੇ ਵੇਖ ਲੈ, ਪਰ ਮੈਨੂੰ ਲਗਦਾ ਹੈ ਕਿ ਮੈਂ ਇਸ ਦੁਨੀਆ ਨੂੰ ਛੇਤੀ ਹੀ ਛੱਡ ਜਾਵਾਂਗਾ।”
ਉਸ ਵੈਦ ਨੇ ਰਾਜੇ ਦੀ ਗੱਲ ਧਿਆਨ ਨਾਲ ਸੁਣ ਕੇ ਆਖਿਆ- “ਮਹਾਰਾਜ, ਘਬਰਾਉਣ ਵਾਲੀ ਗੱਲ ਨਹੀਂ ਹੈ। ਕੋਸ਼ਿਸ਼ ਕਰਨ ਨਾਲ ਅਸੰਭਵ ਵੀ ਸੰਭਵ ਹੋ ਜਾਂਦਾ ਹੈ। ਤੁਸੀਂ ਕ੍ਰਿਪਾ ਕਰਕੇ ਇਹ ਦੱਸੋ ਕਿ ਇਹ ਰੋਗ ਤੁਹਾਨੂੰ ਕਦੋਂ ਦਾ ਲੱਗਾ ਹੈ ਤੇ ਕਿਵੇਂ ਲੱਗਾ ਹੈ ?”
ਰਾਜਾ ਪੀੜ ਨਾਲ ਚੀਕਦਾ ਹੋਇਆ ਬੋਲਿਆ-“ਬਿਮਾਰੀ ਦੀ ਕਹਾਣੀ ਸੁਣ ਕੇ ਕੀ ਕਰੇਂਗਾ ? ਸਿੱਧੀ ਸਿੱਧੀ ਦਵਾਈ ਦੇ ਤੇ ਮੇਰਾ ਇਲਾਜ ਸ਼ੁਰੂ ਕਰ।” ਵੈਦ ਨੇ ਆਖਿਆ—“ਮਹਾਰਾਜ, ਰੋਗ ਦੇ ਸੰਬੰਧ ਵਿਚ ਸਾਰੀਆਂ ਗੱਲਾਂ ਸਮਝ ਕੇ ਹੀ ਮੈਂ ਦਵਾਈ ਦੇ ਸਕਦਾ ਹੈ। ਰੋਗ ਦੀ ਜੜ੍ਹ ਨੂੰ ਲੱਭ ਕੇ ਹੀ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ, ਨਹੀਂ ਤਾਂ ਆਰਾਮ ਨਹੀਂ ਆ ਸਕਦਾ।”
ਰਾਜੇ ਨੂੰ ਉਨ੍ਹਾਂ ਤਿੰਨਾਂ ਨਗਰਾਂ ਦੇ ਹੱਥੋਂ ਨਿਕਲ ਜਾਣ ਦਾ ਦੁੱਖ ਸੀ। ਰਾਜੇ ਨੇ ਸਾਰੀ ਗੱਲ ਦੱਸ ਦਿੱਤੀ। ਰਾਜੇ ਦੀ ਗੱਲ ਸੁਣ ਕੇ ਵੈਦ ਕਹਿਣ ਲੱਗਾ-“ਮਹਾਰਾਜ ! ਤੁਸੀਂ ਇਹ ਦੱਸੋ ਕਿ ਕੀ ਇੰਝ ਚਿੰਤਾ ਕਰਨ ਨਾਲ ਤੁਸੀਂ ਉਨ੍ਹਾਂ ਨਗਰਾਂ ਨੂੰ ਹਾਸਿਲ ਕਰ ਸਕੋਗੇ ???
“ਨਹੀਂ ਭਰਾਵਾ ! ਇੰਝ ਤਾਂ ਉਹ ਨਗਰ ਹਾਸਿਲ ਨਹੀਂ ਕੀਤੇ ਜਾ ਸਕਦੇ। ਸਾਰਾ ਮੇਰਾ ਹੀ ਕਸੂਰ ਸੀ, ਲੋਭ ਵਿਚ ਆ ਕੇ ਮੈਂ ਉਸ ਬ੍ਰਹਮਚਾਰੀ ਦਾ ਮਾਣ- ਸਤਿਕਾਰ ਕਰਨਾ ਭੁੱਲ ਗਿਆ ਸੀ ਅਤੇ ਉਨ੍ਹਾਂ ਨਗਰਾਂ ਬਾਰੇ ਜਾਣਕਾਰੀ ਵੀ ਹਾਸਿਲ ਨਹੀਂ ਸਾਂ ਕਰ ਸਕਿਆ। ਮੈਂ ਤਾਂ ਤੁਰੰਤ ਉਨ੍ਹਾਂ ਨਗਰਾਂ ਨੂੰ ਜਿੱਤ ਲੈਣਾ ਚਾਹੁੰਦਾ ਸਾਂ।”
ਵੈਦ ਨੇ ਆਖਿਆ-“ਤੁਸੀਂ ਇਸ ਗੱਲ ਕਰਕੇ ਕਿਉਂ ਪ੍ਰੇਸ਼ਾਨ ਹੋ ਰਹੇ ਹੋ ? ਤੁਹਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਜ਼ਰੂਰਤ ਤੋਂ ਜ਼ਿਆਦਾ ਸ਼ੁਹਰਤ ਦੀ ਲਾਲਸਾ ਨਾ ਕਰੋ। ਇਕ ਵਿਅਕਤੀ ਲਈ ਇਕ ਬਿਸਤਰਾ ਹੀ ਬਹੁਤ ਹੁੰਦਾ ਹੈ । ਉਹ ਚਾਰ ਬਿਸਤਰਿਆਂ 'ਤੇ ਇਕੋ ਵਾਰ ਨਹੀਂ ਸੌਂ ਸਕਦਾ।
ਤੁਸੀਂ ਇਕੋ ਵਾਰ ਚਾਰ ਬਿਸਤਰਿਆਂ ਦਾ ਲਾਲਚ ਕਰਨਾ ਛੱਡ ਦਿਉ। ਤੁਹਾਡੇ ਕੋਲ ਜੋ ਹੈ, ਉਹ ਬਹੁਤ ਕੁਝ ਹੈ। ਫਾਲਤੂ ਚੀਜ਼ਾਂ ਉੱਤੇ ਆਪਣਾ ਜੀਵਨ ਗੁਆ ਦੇਣਾ, ਮੂਰਖਤਾ ਹੈ। ਤੁਸੀਂ ਲਾਲਚ ਛੱਡ ਕੇ ਸੰਤੁਸ਼ਟ ਹੋ ਜਾਓ ਅਤੇ ਇਹ ਮਹਿਸੂਸ ਕਰੋ ਕਿ ਮੇਰੇ ਕੋਲ ਬਹੁਤ ਕੁਝ ਹੈ । ਇਸੇ ਵਿਚ ਹੀ ਸਭ ਕੁਝ ਹੈ।’
ਰਾਜਾ ਥੋੜ੍ਹਾ ਸ਼ਾਂਤ ਚਿੱਤ ਹੋ ਕੇ ਕਹਿਣ ਲੱਗਾ-‘ਠੀਕ ਏ, ਹੁਣ ਛੱਡ ਇਨ੍ਹਾਂ ਗੱਲਾਂ ਨੂੰ...ਮੇਰੀ ਬਿਮਾਰੀ ਬਾਰੇ ਕੋਈ ਦਵਾਈ ਦੇ।”
ਵੈਦ ਨੇ ਆਖਿਆ—“ਇਹ ਪੇਟ ਦਾ ਰੋਗ ਨਹੀਂ, ਮਨ ਦਾ ਰੋਗ ਹੈ। ਉਸੇ ਰੋਗ ਲਈ ਮੈਂ ਤੁਹਾਨੂੰ ਪਰਮ ਗੁਣਕਾਰੀ ਗਿਆਨ ਦੀ ਬੂਟੀ ਦਿੱਤੀ ਹੈ। ਤੁਹਾਨੂੰ ਉਹਦੇ ਨਾਲ ਹੀ ਆਰਾਮ ਆ ਜਾਵੇਗਾ। ਆਪਣੇ ਮਨ ਵਿਚੋਂ ਚਿੰਤਾ ਨੂੰ ਕੱਢ ਦਿਉ। ਹੁਣ ਤੁਸੀਂ ਠੀਕ ਹੋ ਜਾਓਗੇ।”
ਰਾਜੇ ਨੇ ਵੈਦ ਦੇ ਕਹਿਣ 'ਤੇ ਪਰਾਏ ਧਨ ਦੀ ਲਾਲਸਾ ਤਿਆਗ ਦਿੱਤੀ। ਉਹਨੇ ਬੀਤੀਆਂ ਗੱਲਾਂ ਲਈ ਹਾਏ ਹਾਏ ਵੀ ਕਰਨਾ ਛੱਡ ਦਿੱਤਾ ।ਉਹਦਾ ਮਨ ਰਾਜ਼ੀ ਅਤੇ ਸ਼ਾਂਤ ਹੋ ਗਿਆ। ਥੋੜ੍ਹੇ ਦਿਨਾਂ ਵਿਚ ਹੀ ਰੋਗੀ ਰਾਜਾ ਬਿਨਾਂ ਕਿਸੇ ਦਵਾਈ ਦੇ ਹੀ ਠੀਕ ਹੋ ਗਿਆ।
ਕਿਸੇ ਨੇ ਠੀਕ ਹੀ ਆਖਿਆ ਹੈ—ਇੱਛਾਵਾਂ ਦਾਕੋਈ ਅੰਤ ਨਹੀਂ ਹੁੰਦਾ। ਇਕ ਇੱਛਾ ਦੀ ਪੂਰਤੀ ਹੁੰਦਿਆਂ ਹੀ ਦੂਸਰੀ ਇੱਛਾ ਸਿਰ ਚੁੱਕ ਲੈਂਦੀ ਹੈ ਅਤੇ ਅੱਜ ਦਾ ਇਨਸਾਨ ਇਨ੍ਹਾਂ ਇੱਛਾਵਾਂ ਦੇ ਮਗਰ ਲੱਗ ਕੇ ਹੀ ਆਪਣੇ ਮਨ ਦੀ ਸ਼ਾਂਤੀ ਗੁਆ ਬੈਠਾ ਹੈ। ਸਾਨੂੰ ਆਪਣੀਆਂ ਇੱਛਾਵਾਂ ਦਾ ਅੰਤ ਕਰਨਾ ਸਿੱਖਣਾ ਚਾਹੀਦਾ ਹੈ ਤਾਂ ਕਿ ਅਸੀਂ ਜ਼ਿੰਦਗੀ ਵਿਚ ਸੁਖ ਅਤੇ ਸ਼ਾਂਤੀ ਨੂੰ ਅਨੁਭਵ ਕਰ ਸਕੀਏ।
0 Comments