Punjab Bed Time Story "Nirdosh Di Hatiya Di Saja " "ਨਿਰਦੋਸ਼ ਦੀ ਹੱਤਿਆ ਦੀ ਸਜ਼ਾ" Punjabi Moral Story for Kids, Dadi-Nani Diya Kahani.

ਨਿਰਦੋਸ਼ ਦੀ ਹੱਤਿਆ ਦੀ ਸਜ਼ਾ 
Nirdosh Di Hatiya Di Saja 



ਅਰਬ ਦੇਸ਼ ਵਿਚ ਰੁਮਾ ਨਾਂ ਦਾ ਇਕ ਨਗਰ ਸੀ। ਉਸ ਨਗਰ ਦੇ ਬਾਦਸ਼ਾਹ ਦਾ ਨਾਂ ਗ੍ਰੀਕ ਸੀ। ਇਕ ਵਾਰ ਬਾਦਸ਼ਾਹ ਨੂੰ ਕੁਸ਼ਟ ਰੋਗ ਹੋ ਗਿਆ ਜੀਹਦੇ ਕਾਰਨ ਉਹ ਪੀੜ ਨਾਲ ਬਹੁਤ ਤੜਫ਼ ਰਿਹਾ ਸੀ। ਨਗਰ ਦੇ ਸਾਰੇ ਵੈਦ ਅਤੇ ਹਕੀਮ ਇਲਾਜ ਕਰਕੇ ਹਾਰ ਚੁੱਕੇ ਸਨ ਪਰ ਰਾਜੇ ਦੀ ਬਿਮਾਰੀ ਵਿਚ ਕੋਈ ਫ਼ਰਕ ਨਹੀਂ ਸੀ ਪਿਆ ਤੇ ਨਾ ਹੀ ਪੀੜ ਘੱਟ ਹੋਈ ਸੀ। ਅਚਾਨਕ ਹੀ ਉਸ ਨਗਰ ਵਿਚ ਇਕ ਦੂਬਾਂ ਨਾਂ ਦਾ ਹਕੀਮ ਆਇਆ।

ਉਹ ਜ਼ਿਆਦਾ ਬੁੱਢਾ ਤਾਂ ਨਹੀਂ ਸੀ ਪਰ ਕਾਫ਼ੀ ਕਮਜ਼ੋਰ ਅਤੇ ਪਤਲਾ ਸੀ। ਉਹਦੇ ਸਿਰ ਦੇ ਅਗਲੇ ਹਿੱਸੇ ਤੋਂ ਵਾਲ ਝੜ ਚੁੱਕੇ ਸਨ ਪਰ ਸਿਰ ਦੇ ਪਿਛਲੇ ਹਿੱਸੇ 'ਤੇ ਕਾਫ਼ੀ ਵਾਲ ਸਨ ਜਿਹੜੇ ਕਿ ਉਹਦੇ ਮੋਢਿਆਂ ਤਕ ਲਟਕਦੇ ਰਹਿੰਦੇ ਸਨ। ਮੂੰਹ ’ਤੇ ਤਿੱਖੀਆਂ ਮੁੱਛਾਂ ਸਨ, ਜਿਨ੍ਹਾਂ ਉੱਤੇ ਉਹ ਬਿਨਾਂ ਵਜ੍ਹਾ ਹੱਥ ਫੇਰਦਾ ਰਹਿੰਦਾ ਸੀ। ਉਹਦੀਆਂ ਅੱਖਾਂ ਨਿੱਕੀਆਂ- ਨਿੱਕੀਆਂ ਸਨ। ਉਹ ਆਪਣੇ ਕੰਮ ਦਾ ਮਾਹਰ ਸੀ। ਜੜ੍ਹੀਆਂ-ਬੂਟੀਆਂ ਬਾਰੇ ਉਹਨੂੰ ਕਾਫ਼ੀ ਜਾਣਕਾਰੀ ਸੀ। ਇਸ ਤੋਂ ਇਲਾਵਾ ਉਹ ਹਰੇਕ ਦੇਸ਼ ਦੀ ਭਾਸ਼ਾ, ਜਿਵੇਂ ਯੂਨਾਨੀ, ਅਰਬੀ, ਫ਼ਾਰਸੀ ਆਦਿ ਚੰਗੀ ਤਰ੍ਹਾਂ ਜਾਣਦਾ ਸੀ।

ਜਦੋਂ ਉਹਨੂੰ ਪਤਾ ਲੱਗਾ ਕਿ ਉਥੋਂ ਦੇ ਬਾਦਸ਼ਾਹ ਨੂੰ ਲਾਇਲਾਜ ਬਿਮਾਰੀ ਲੱਗ ਗਈ ਹੈ, ਜਿਹੜੀ ਹਕੀਮਾਂ ਅਤੇ ਵੈਦਾਂ ਦੇ ਇਲਾਜ ਨਾਲ ਵੀ ਠੀਕ ਨਹੀਂ ਹੋਈ ਤਾਂ ਉਹਨੇ ਨਗਰ ਵਿਚ ਆਪਣੇ ਆਉਣ ਦੀ ਸੂਚਨਾ ਉਸ ਰਾਜੇ ਕੋਲ ਭੇਜੀ ਅਤੇ ਉਹਦੇ ਨਾਲ ਮੁਲਾਕਾਤ ਕਰਨ ਲਈ ਸਮਾਂ ਮੰਗਿਆ।

ਬਾਦਸ਼ਾਹ ਨੇ ਇਜਾਜ਼ਤ ਦੇ ਦਿੱਤੀ ਅਤੇ ਉਹ ਉਹਦੇ ਸਾਹਮਣੇ ਹਾਜ਼ਰ ਹੋ ਗਿਆ। “ਮੈਂ ਸੁਣਿਆ ਹੈ ਕਿ ਨਗਰ ਦੇ ਸਾਰੇ ਹਕੀਮ ਤੁਹਾਡਾ ਇਲਾਜ ਕਰ ਚੁੱਕੇ ਹਨ ਪਰ ਕੋਈ ਫ਼ਰਕ ਨਹੀਂ ਪਿਆ। ਜੇਕਰ ਤੁਸੀਂ ਆਗਿਆ ਦਿਉਂ ਤਾਂ ਮੈਂ ਕੋਈ ਖਾਣ ਜਾਂ ਲਾਉਣ ਵਾਲੀ ਦਵਾਈ ਦੇਣ ਤੋਂ ਬਿਨਾਂ ਹੀ ਤੁਹਾਡਾ ਇਲਾਜ ਕਰ ਸਕਦਾ ਹਾਂ।”

ਬਾਦਸ਼ਾਹ ਨੇ ਆਖਿਆ-“ਮੈਂ ਦਵਾਈਆਂ ਖਾ-ਖਾ ਕੇ ਅੱਕ ਗਿਆ ਹਾਂ। ਜੇਕਰ ਤੁਸੀਂ ਬਿਨਾਂ ਦਵਾਈ ਦੇ ਮੇਰਾ ਇਲਾਜ ਕਰ ਦਿਉਂ ਤਾਂ ਮੈਂ ਤੁਹਾਨੂੰ ਇਨਾਮ ਦਿਆਂਗਾ।”

ਹਕੀਮ ਦੂਬਾਂ ਬਾਦਸ਼ਾਹ ਤੋਂ ਇਜਾਜ਼ਤ ਲੈ ਕੇ ਆਪਣੇ ਘਰ ਵਾਪਸ ਆ ਗਿਆ।ਉਸੇ ਦਿਨ ਉਹਨੇ ਕੋਹੜ ਦੀ ਦਵਾਈ ਨਾਲ ਬਣੀ ਇਕ ਗੇਂਦ ਅਤੇ ਉਸੇ ਤਰ੍ਹਾਂ ਦਾ ਇਕ ਲੰਬਾ ਬੱਲਾ ਬਣਾਇਆ ਅਤੇ ਅਗਲੇ ਦਿਨ ਉਸਨੇ ਬਾਦਸ਼ਾਹ ਨੂੰ ਇਹ ਚੀਜ਼ਾਂ ਦੇ ਕੇ ਆਖਿਆ-“ਤੁਸੀਂ ਘੋੜਸਵਾਰੀ ਕਰਦੇ ਵਕਤ ਗੇਂਦਬਾਜ਼ੀ (ਪੋਲੋ) ਖੇਡੋ ਅਤੇ ਇਸ ਗੇਂਦ-ਬੱਲੇ ਦੀ ਵਰਤੋਂ ਕਰੋ।”

ਬਾਦਸ਼ਾਹ ਉਹਦੇ ਕਹਿਣ ਅਨੁਸਾਰ ਖੇਡ ਦੇ ਮੈਦਾਨ ਵਿਚ ਚਲਾ ਗਿਆ। ਹਕੀਮ ਨੇ ਆਖਿਆ–“ਇਹ ਜੜ੍ਹੀਆਂ ਬੂਟੀਆਂ ਨਾਲ ਬਣਿਆ ਬੱਲਾ ਅਤੇ ਗੇਂਦ ਹੈ।ਤੁਹਾਨੂੰ ਜਦੋਂ ਪਸੀਨਾ ਆ ਜਾਵੇਗਾ ਤਾਂ ਜੜ੍ਹੀਆਂ ਆਪਣੇ ਆਪ ਤੁਹਾਡੇ ਸਰੀਰ ਅੰਦਰ ਪ੍ਰਵੇਸ਼ ਕਰ ਜਾਣਗੀਆਂ ਅਤੇ ਤੁਸੀਂ ਗਰਮ ਪਾਣੀ ਨਾਲ ਨਹਾਇਓ। ਫਿਰ ਤੁਹਾਡੇ ਸਰੀਰ ਵਿਚ ਮੇਰੇ ਦੁਆਰਾ ਦਿੱਤੀਆਂ ਜੜ੍ਹੀਆਂ-ਬੂਟੀਆਂ ਦੇ ਤੇਲਾਂ ਦੀ ਮਾਲਿਸ਼ ਹੋਵੇਗੀ। ਮਾਲਿਸ਼ ਤੋਂ ਬਾਅਦ ਤੁਸੀਂ ਸੌਂ ਜਾਇਉ । ਮੈਨੂੰ ਵਿਸ਼ਵਾਸ ਹੈ ਕਿ ਅਗਲੇ ਦਿਨ ਉੱਠ ਕੇ ਤੁਸੀਂ ਆਪਣੇ ਆਪ ਠੀਕ ਹੋ ਜਾਵੋਗੇ।”

ਬਾਦਸ਼ਾਹ ਇਹ ਸੁਣ ਕੇ ਘੋੜੇ ’ਤੇ ਬਹਿ ਗਿਆ ਅਤੇ ਆਪਣੇ ਦਰਬਾਰੀਆਂ ਦੇ ਨਾਲ ਪੋਲੋ ਖੇਡਣ ਲੱਗ ਪਿਆ। ਉਹ ਇਕ ਪਾਸਿਓਂ ਦਰਬਾਰੀਆਂ ਵੱਲ ਗੇਂਦ ਸੁੱਟਦਾ ਸੀ ਅਤੇ ਉਹ ਦੂਸਰੇ ਪਾਸਿਓਂ ਉਹਦੇ ਵੱਲ ਗੇਂਦ ਸੁੱਟਦੇ ਸਨ। ਕਈ ਘੰਟੇ ਇਸੇ ਤਰ੍ਹਾਂ ਹੁੰਦਾ ਰਿਹਾ। ਗਰਮੀ ਕਾਰਨ ਬਾਦਸ਼ਾਹ ਦੇ ਸਾਰੇ ਸਰੀਰ 'ਚੋਂ ਮੁੜ੍ਹਕਾ ਚੋਣ ਲੱਗ ਪਿਆ ਅਤੇ ਹਕੀਮ ਦੀ ਦਿੱਤੀ ਹੋਈ ਗੇਂਦ ਅਤੇ ਬੱਲੇ ਵਾਲੀਆਂ ਜੜ੍ਹੀਆਂ ਉਹਦੇ ਸਰੀਰ ਵਿਚ ਪ੍ਰਵੇਸ਼ ਕਰ ਗਈਆਂ। ਇਸ ਤੋਂ ਬਾਦਸ਼ਾਹ ਨੇ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਇਸ਼ਨਾਨ ਕੀਤਾ। ਉਸ ਤੋਂ ਬਾਅਦ ਤੇਲਾਂ ਦੀ ਮਾਲਿਸ਼ ਅਤੇ ਦੂਸਰੀਆਂ ਸਾਰੀਆਂ ਗੱਲਾਂ, ਜਿਹੜੀਆਂ ਵੈਦ ਨੇ ਦੱਸੀਆਂ ਸਨ, ਕੀਤੀਆਂ ਗਈਆਂ। ਸੋਣ ਤੋਂ ਬਾਅਦ ਅਗਲੇ ਦਿਨ ਬਾਦਸ਼ਾਹ ਉੱਠਿਆ ਤਾਂ ਉਹਨੇ ਇੰਝ ਮਹਿਸੂਸ ਕੀਤਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ।

ਬਾਦਸ਼ਾਹ ਨੂੰ ਇਸ ਚਮਤਕਾਰੀ ਇਲਾਜ ਨਾਲ ਬੜੀ ਹੈਰਾਨੀ ਹੋਈ। ਉਹ ਖ਼ੁਸ਼ੀ-ਖ਼ੁਸ਼ੀ ਸੱਜ-ਧੱਜ ਕੇ ਦਰਬਾਰ ਵਿਚ ਜਾ ਬੈਠਾ। ਦਰਬਾਰੀ ਵੀ ਮੌਜੂਦ ਸਨ।

ਕੁਝ ਹੀ ਦੇਰ ਬਾਅਦ ਹਕੀਮ ਦੂਬਾਂ ਵੀ ਆ ਗਿਆ। ਉਹਨੇ ਤੱਕਿਆ ਕਿ ਬਾਦਸ਼ਾਹ ਦਾ ਅੰਗ-ਅੰਗ ਕੁੰਦਨ ਵਾਂਗ ਚਮਕ ਰਿਹਾ ਹੈ। ਆਪਣੇ ਇਲਾਜ ਦੀ ਸਫ਼ਲਤਾ ਲਈ ਉਹਨੇ ਰੱਬ ਦਾ ਧੰਨਵਾਦ ਕੀਤਾ ਅਤੇ ਨੇੜੇ ਆ ਕੇ ਦਰਬਾਰ ਦੀ ਰੀਤੀ ਅਨੁਸਾਰ ਸਿੰਘਾਸਣ ਨੂੰ ਚੁੰਮਿਆ।

ਬਾਦਸ਼ਾਹ ਨੇ ਹਕੀਮ ਨੂੰ ਸੱਦ ਕੇ ਆਪਣੇ ਲਾਗੇ ਬਿਠਾਇਆ ਅਤੇ ਦਰਬਾਰ ਵਿਚ ਬੈਠੇ ਲੋਕਾਂ ਸਾਹਮਣੇ ਹਕੀਮ ਦੀ ਤਾਰੀਫ਼ ਕੀਤੀ।

ਬਾਦਸ਼ਾਹ ਨੇ ਉਹਨੂੰ ਬਹੁਤ ਆਦਰ-ਮਾਣ ਦਿੱਤਾ। ਉਹਨੂੰ ਆਪਣੇ ਨਾਲ ਬਿਠਾ ਕੇ ਰੋਟੀ ਖਵਾਈ। ਸ਼ਾਮ ਦੇ ਵਕਤ ਜਦੋਂ ਦਰਬਾਰ ਸਮਾਪਤ ਹੋ ਗਿਆ ਅਤੇ ਦਰਬਾਰੀ ਵਿਦਾ ਹੋ ਗਏ ਤਾਂ ਉਹਨੇ ਇਕ ਬਹੁਤ ਹੀ ਕੀਮਤੀ ਵਸਤਰ ਅਤੇ ਸੱਠ ਹਜ਼ਾਰ ਰੁਪਏ ਦਰਬਾਰੀ ਨੂੰ ਦਿੱਤੇ।

ਉਸ ਤੋਂ ਬਾਅਦ ਵੀ ਉਹ ਦਿਨ-ਪ੍ਰਤੀਦਿਨ ਹਕੀਮ ਦੀ ਪ੍ਰਸਿੱਧੀ ਅਤੇ ਤਾਰੀਫ਼ ਦੇ ਪੁਲ ਬੰਨ੍ਹਦਾ ਰਿਹਾ। ਉਹ ਸੋਚਦਾ ਸੀ ਕਿ ‘ਹਕੀਮ ਨੇ ਜਿੰਨਾ ਅਹਿਸਾਨ ਮੇਰੇ 'ਤੇ ਕੀਤਾ ਹੈ, ਉਹਨੂੰ ਵੇਖਦਿਆਂ ਹੋਇਆਂ ਮੈਂ ਉਹਨੂੰ ਕੁਝ ਵੀ ਨਹੀਂ ਦਿੱਤਾ। ਇਸ ਲਈ ਉਹ ਉਹਨੂੰ ਹਰ ਰੋਜ਼ ਕੋਈ ਨਾ ਕੋਈ ਇਨਾਮ ਜ਼ਰੂਰ ਦੇਣ ਲੱਗ ਪਿਆ।

ਬਾਦਸ਼ਾਹ ਦਾ ਮੰਤਰੀ ਹਕੀਮ ਦੀ ਪ੍ਰਸਿੱਧੀ ਅਤੇ ਉਹਦੇ ਉਪਰ ਮਹਾਰਾਜ ਦੀ ਮਿਹਰਬਾਨੀ ਵੇਖ ਕੇ ਹਕੀਮ ਨਾਲ ਨਫ਼ਰਤ ਕਰਦਾ ਸੀ। ਉਹ ਕਈ ਦਿਨਾਂ ਤਕ ਸੋਚਦਾ ਰਿਹਾ ਕਿ ਹਕੀਮ ਨੂੰ ਬਾਦਸ਼ਾਹ ਦੀਆਂ ਨਜ਼ਰਾਂ ਵਿਚ ਕਿਵੇਂ ਨੀਵਾਂ ਕਰੇ ?

ਇਕ ਦਿਨ ਇਕਾਂਤ ਵਿਚ ਉਹਨੇ ਬਾਦਸ਼ਾਹ ਨੂੰ ਆਖਿਆ—ਮਹਾਰਾਜ ! ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ, ਜੇਕਰ ਤੁਸੀਂ ਨਾਰਾਜ਼ ਨਾ ਹੋਵੋ ਤਾਂ...।’ ਬਾਦਸ਼ਾਹ ਨੇ ਇਜਾਜ਼ਤ ਦੇ ਦਿੱਤੀ ਅਤੇ ਮੰਤਰੀ ਨੇ ਆਖਿਆ—“ਤੁਸੀਂ ਉਸ ਹਕੀਮ ਨੂੰ ਏਨਾ ਆਦਰ-ਮਾਣ ਦੇ ਰਹੇ ਹੋ, ਇਹ ਗੱਲ ਠੀਕ ਨਹੀਂ ਹੈ। ਦਰਬਾਰ ਦੇ ਲੋਕ ਵੀ ਇਸ ਗੱਲ ਨੂੰ ਗ਼ਲਤ ਮੰਨਦੇ ਹਨ ਕਿ ਇਕ ਵਿਦੇਸ਼ੀ ਨੂੰ, ਜੀਹਦੇ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ, ਏਨਾ ਆਦਰ-ਮਾਣ ਦੇਣਾ ਅਤੇ ਵਿਸ਼ਵਾਸਪਾਤਰ ਬਣਾਉਣਾ ਠੀਕ ਨਹੀਂ ਹੈ। ਅਸਲ ਵਿਚ ਉਹ ਹਕੀਮ ਦੂਬਾਂ ਬੜਾ ਚਲਾਕ ਹੈ। ਉਹ ਤੁਹਾਡੇ ਦੁਸ਼ਮਣਾਂ ਦੁਆਰਾ ਘੱਲਿਆ ਹੋਇਆ ਇਕ ਜਸੂਸ ਹੈ ਅਤੇ ਉਹ ਚਾਹੁੰਦੇ ਹਨ ਕਿ ਤੁਹਾਨੂੰ ਧੋਖੇ ਵਿਚ ਰੱਖ ਕੇ ਤੁਹਾਡਾ ਕਤਲ ਕਰ ਦਿੱਤਾ ਜਾਵੇ।”

ਬਾਦਸ਼ਾਹ ਨੇ ਜਵਾਬ ਦਿੱਤਾ—“ਮੰਤਰੀ ਜੀ, ਤੁਹਾਨੂੰ ਹੋ ਕੀ ਗਿਆ ਹੈ। ਤੁਸੀਂ ਬਿਨਾਂ ਵਜ੍ਹਾ ਹਕੀਮ ਨੂੰ ਦੋਸ਼ੀ ਠਹਿਰਾ ਰਹੇ ਹੋ।”

ਮੰਤਰੀ ਨੇ ਆਖਿਆ-‘ਸਰਕਾਰ ਮੈਂ ਬਿਨਾਂ ਸੋਚੇ-ਸਮਝੇ ਇਹ ਗੱਲ ਨਹੀਂ ਕਹਿ ਰਿਹਾ ਹਾਂ। ਮੈਂ ਚੰਗੀ ਤਰ੍ਹਾਂ ਪਤਾ ਕੀਤਾ ਹੈ ਕਿ ਇਹ ਆਦਮੀ ਭਰੋਸੇ ਦੇ ਯੋਗ ਨਹੀਂ ਹੈ। ਮਿਹਰਬਾਨੀ ਕਰਕੇ ਤੁਸੀਂ ਹਕੀਮ ਕੋਲੋਂ ਸੁਚੇਤ ਰਹੋ। ਮੈਂ ਫਿਰ ਕਹਿੰਦਾ ਹਾਂ ਕਿ ਦੂਬਾਂ ਆਪਣੇ ਦੇਸ਼ ਵਿਚ ਇਸੇ ਇਰਾਦੇ ਨਾਲ ਆਇਆ ਹੈ ਭਾਵ ਉਹ ਧੋਖੇ ਨਾਲ ਤੁਹਾਡਾ ਕਤਲ ਕਰਨਾ ਚਾਹੁੰਦਾ ਹੈ।”

“ਮੰਤਰੀ ਜੀ! ਹਕੀਮ ਦੂਬਾਂ ਹਰਗਿਜ਼ ਅਜਿਹਾ ਆਦਮੀ ਨਹੀਂ ਹੈ, ਜਿਵੇਂ ਤੁਸੀਂ ਕਹਿ ਰਹੇ ਹੋ। ਤੁਸੀਂ ਖ਼ੁਦ ਵੇਖਿਆ ਹੈ ਕਿ ਮੇਰਾ ਰੋਗ ਕਿਸੇ ਹੋਰ ਹਕੀਮ ਕੋਲੋਂ ਠੀਕ ਨਹੀਂ ਸੀ ਹੋ ਸਕਿਆ ਅਤੇ ਦੂਬਾਂ ਨੇ ਇਕੋ ਦਿਨ ਵਿਚ ਉਸ ਬਿਮਾਰੀ ਨੂੰ ਜੜ੍ਹੋਂ ਪੁੱਟ ਦਿੱਤਾ ਸੀ। ਇਸ ਇਲਾਜ ਨੂੰ ਚਮਤਕਾਰ ਤੋਂ ਇਲਾਵਾ ਹੋਰ ਕੀ ਆਖ ਸਕਦੇ ਹਾਂ। ਜੇਕਰ ਉਹ ਮੈਨੂੰ ਮਾਰਨਾ ਚਾਹੁੰਦਾ ਹੁੰਦਾ ਤਾਂ ਉਹ ਮੈਨੂੰ ਠੀਕ ਹੀ ਨਾ ਕਰਦਾ। ਉਹਦੇ ਬਾਰੇ ਅਜਿਹੇ ਵਿਚਾਰ ਰੱਖਣਾ ਕਮੀਨਾਪਣ ਹੈ। ਮੈਂ ਉਹਦੀ ਤਨਖਾਹ ਤਿੰਨ ਹਜ਼ਾਰ ਰੁਪਿਆ ਮਹੀਨਾ ਕਰ ਰਿਹਾ ਹਾਂ। ਵਿਦਵਾਨਾਂ ਦਾ ਕਹਿਣਾ ਹੈ ਕਿ ਸੱਚੇ ਇਨਸਾਨ ਉਹੀ ਹੁੰਦੇ ਨੇ, ਜਿਹੜੇ ਆਪਣੇ ਨਾਲ ਕੀਤੇ ਗਏ ਮਾਮੂਲੀ ਜਿਹੇ ਅਹਿਸਾਨ ਨੂੰ ਵੀ ਸਾਰੀ ਉਮਰ ਨਾ ਭੁੱਲਣ। ਉਹਨੇ ਤਾਂ ਮੇਰੇ ਉੱਪਰ ਬਹੁਤ ਵੱਡਾ ਅਹਿਸਾਨ ਕੀਤਾ ਹੈ, ਜੇਕਰ ਮੈਂ ਉਹਨੂੰ ਆਪਣਾ ਸਾਰਾ ਕੁਝ ਵੀ ਦੇ ਦਿਆਂ ਤਾਂ ਵੀ ਬਹੁਤ ਘੱਟ ਹੈ।”

“ਮਹਾਰਾਜ ! ਤੁਸੀਂ ਮੇਰੀ ਗੱਲ ਦਾ ਵਿਸ਼ਵਾਸ ਕਰੋ। ਆਪਣੇ ਸ਼ਬਦਾਂ ’ਤੇ ਜ਼ੋਰ ਦੇ ਕੇ ਮੰਤਰੀ ਮੁੜ ਬੋਲਿਆ-‘ਮੈਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹਕੀਮ ਦੂਬਾਂ ਤੁਹਾਡੇ ਹੀ ਕਿਸੇ ਦੁਸ਼ਮਣ ਦਾ ਜਸੂਸ ਹੈ ਅਤੇ ਉਹਨੇ ਦੂਬਾਂ ਨੂੰ ਏਥੇ ਇਸ ਲਈ ਘੱਲਿਆ ਹੈ ਕਿ ਤੁਹਾਨੂੰ ਹੌਲੀ-ਹੌਲੀ ਮਾਰ ਦੇਵੇ। ਇਹ ਠੀਕ ਹੈ ਕਿ ਤੁਸੀਂ ਹੁਣ ਠੀਕ ਹੋ ਗਏ ਹੋ ਪਰ ਜੜ੍ਹੀਆਂ-ਬੂਟੀਆਂ ਦਾ ਕੁਝ ਚਿਰ ਬਾਅਦ ਅਜਿਹਾ ਅਸਰ ਦਿਸੇਗਾ ਜਿਹੜਾ ਲਾਇਲਾਜ ਹੋਵੇਗਾ ਅਤੇ ਸੰਭਵ ਹੈ ਕਿ ਤੁਹਾਡੀ ਮੌਤ ਵੀ ਹੋ ਜਾਵੇ। ਇਹ ਚਮਤਕਾਰ ਤਾਂ ਉਹਨੇ ਤੁਹਾਡਾ ਵਿਸ਼ਵਾਸ ਜਿੱਤਣ ਲਈ ਦਿਖਾਇਆ ਹੈ। ਅਸਲ ਵਿਚ ਉਹਦਾ ਮਕਸਦ ਕੁਝ ਹੋਰ ਹੀ ਹੈ, ਜੀਹਨੂੰ ਤੁਸੀਂ ਸਮਝ ਨਹੀਂ ਰਹੇ।”

ਮੰਤਰੀ ਦੀਆਂ ਇਹ ਗੱਲਾਂ ਸੁਣ ਕੇ ਬਾਦਸ਼ਾਹ ਨੂੰ ਸ਼ੱਕ ਹੋਣ ਲੱਗ ਪਿਆ। ਉਹ ਬੋਲਿਆ—ਸ਼ਾਇਦ ਤੂੰ ਠੀਕ ਹੀ ਆਖਦਾ ਏਂ। ਹੋ ਸਕਦਾ ਹੈ ਕਿ ਦੂਬਾਂ ਮੈਨੂੰ ਮਾਰਨ ਹੀ ਆਇਆ ਹੋਵੇ ਅਤੇ ਕਿਸੇ ਵੀ ਵਕਤ ਮੈਨੂੰ ਅਜਿਹੀ ਦਵਾਈ ਸੁੰਘਾ ਸਕਦਾ ਹੈ, ਜੀਹਦੇ ਨਾਲ ਮੇਰੀ ਮੌਤ ਹੋ ਸਕਦੀ ਹੈ। ਮੈਨੂੰ ਅਸਲ ਵਿਚ ਆਪਣੇ ਲਈ ਖ਼ਤਰਾ ਮਹਿਸੂਸ ਹੋਣ ਲੱਗ ਪਿਆ ਹੈ।”

ਮੰਤਰੀ ਨੇ ਆਪਣੇ ਮਨ ਵਿਚ ਸੋਚਿਆ ਕਿ ਆਪਣੇ ਮਕਸਦ ਨੂੰ ਛੇਤੀ ਹੀ ਪੂਰਾ ਕਰਨਾ ਚਾਹੀਦਾ ਹੈ। ਇੰਝ ਨਾ ਹੋਵੇ ਕਿ ਬਾਅਦ ਵਿਚ ਬਾਦਸ਼ਾਹ ਦਾ ਵਿਚਾਰ ਬਦਲ ਜਾਵੇ। ਉਹ ਬੋਲਿਆ—ਫਿਰ ਦੇਰ ਕਿਸ ਗੱਲ ਦੀ ਹੈ ਮਹਾਰਾਜ ! ਉਹਨੂੰ ਹੁਣੇ ਸੱਦ ਕੇ ਮਰਵਾ ਕਿਉਂ ਨਹੀਂ ਦੇਂਦੇ ?”

ਬਾਦਸ਼ਾਹ ਨੇ ਆਖਿਆ-‘ਠੀਕ ਹੈ, ਮੈਂ ਇੰਝ ਹੀ ਕਰਦਾ ਹਾਂ।” ਬਾਦਸ਼ਾਹ ਨੇ ਇਕ ਸਰਦਾਰ ਨੂੰ ਘੱਲਿਆ ਕਿ ਇਸੇ ਵਕਤ ਦੂਬਾਂ ਨੂੰ ਬੁਲਾ ਕੇ ਲਿਆਵੇ। ਦੂਬਾਂ ਦੇ ਆਉਣ 'ਤੇ ਬਾਦਸ਼ਾਹ ਨੇ ਪੁੱਛਿਆ—“ਤੈਨੂੰ ਪਤਾ ਹੈ ਕਿ ਇਸ ਵਕਤ ਤੈਨੂੰ ਕਿਉਂ ਸੱਦਿਆ ਹੈ ?”

ਉਹਨੇ ਹੱਥ ਜੋੜ ਕੇ ਆਖਿਆ ਕਿ ਉਹਨੂੰ ਨਹੀਂ ਪਤਾ।

ਬਾਦਸ਼ਾਹ ਨੇ ਆਖਿਆ-‘ਮੈਂ ਤੈਨੂੰ ਮੌਤ ਦੀ ਸਜ਼ਾ ਦੇਣ ਵਾਸਤੇ ਬੁਲਾਇਆ ਹੈ ਤਾਂ ਕਿ ਤੇਰੀ ਜਸੂਸੀ ਤੋਂ ਅਸੀਂ ਖ਼ੁਦ ਨੂੰ ਬਚਾ ਸਕੀਏ।” ਹਕੀਮ ਨੂੰ ਬੜੀ ਹੈਰਾਨੀ ਹੋਈ ਅਤੇ ਉਹਨੇ ਪੁੱਛਿਆ-‘ਮਹਾਰਾਜ ! ਮੇਰਾ ਕਸੂਰ ਕੀ ਹੈ ? ਤੁਸੀਂ ਮੈਨੂੰ ਕਿਉਂ ਮਰਵਾ ਰਹੇ ਹੋ ?''

ਬਾਦਸ਼ਾਹ ਨੇ ਆਖਿਆ-‘ਤੂੰ ਮੇਰੇ ਕਿਸੇ ਦੁਸ਼ਮਣ ਦਾ ਜਸੂਸ ਏਂ ਤੇ ਮੈਨੂੰ ਮਾਰਨ ਹੀ ਆਇਆ ਏਂ। ਮੇਰੇ ਲਈ ਇਹੋ ਠੀਕ ਰਹੇਗਾ ਕਿ ਤੈਨੂੰ ਮੌਤ ਦੀ ਸਜ਼ਾ ਦੇ ਕੇ ਤੁਰੰਤ ਮਰਵਾ ਦਿੱਤਾ ਜਾਵੇ ।” ਇਹ ਕਹਿ ਕੇ ਬਾਦਸ਼ਾਹ ਨੇ ਜੱਲਾਦ ਨੂੰ ਸੱਦ ਕੇ ਹੁਕਮ ਦਿੱਤਾ ਕਿ ਹਕੀਮ ਦੂਬਾਂ ਨੂੰ ਤੁਰੰਤ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ।

ਹਕੀਮ ਸਮਝ ਗਿਆ ਕਿ ਮੇਰੇ ਦੁਸ਼ਮਣਾਂ ਕਰਕੇ ਬਾਦਸ਼ਾਹ ਮੈਨੂੰ ਮਰਵਾਉਣ ਲੱਗਾ ਹੈ। ਉਹ ਇਸ ਗੱਲ ’ਤੇ ਪਛਤਾਉਣ ਲੱਗਾ ਕਿ ਮੈਂ ਇਥੇ ਆਕੇ ਬਾਦਸ਼ਾਹ ਦਾ ਇਲਾਜ ਕਿਉਂ ਕੀਤਾ ਅਤੇ ਆਪਣੀ ਜਾਨ ਗਵਾਉਣ ਲਈ ਇਥੇ ਕਿਉਂ ਆਇਆ ?

ਉਹ ਬਹੁਤ ਦੇਰ ਤਕ ਬਾਦਸ਼ਾਹ ਦੇ ਸਾਹਮਣੇ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਦਾ ਰਿਹਾ ਪਰ ਬਾਦਸ਼ਾਹ ਨੇ ਉਹਨੂੰ ਮਾਰਨ ਦੀ ਜ਼ਿਦ ਫੜ ਲਈ। ਉਹਨੇ ਦੂਜੀ ਵਾਰ ਜੱਲਾਦ ਨੂੰ ਆਗਿਆ ਦਿੱਤੀ–“ਹਕੀਮ ਨੂੰ ਮਾਰ ਦਿੱਤਾ ਜਾਵੇ।”

ਹਕੀਮ ਆਖਣ ਲੱਗਾ—“ਤੁਸੀਂ ਮੈਨੂੰ ਬਿਨਾਂ ਕਿਸੇ ਕਸੂਰ ਕਸੂਰ ਦੇ ਮਰਵਾ ਰਹੇ ਹੋ। ਅੱਲ੍ਹਾ ਮੇਰੀ ਹੱਤਿਆ ਦਾ ਬਦਲਾ ਜ਼ਰੂਰ ਲਵੇਗਾ।”

ਜਦੋਂ ਜੱਲਾਦ ਦੂਬਾਂ ਨੂੰ ਮਾਰਨ ਲਈ ਉਹਦੀਆਂ ਅੱਖਾਂ 'ਤੇ ਪੱਟੀ ਬੰਨ੍ਹਣ ਲੱਗਾ ਤਾਂ ਬਾਦਸ਼ਾਹ ਦੇ ਦਰਬਾਰੀਆਂ ਨੇ ਹਕੀਮ ਨੂੰ ਬੇਕਸੂਰ ਸਮਝ ਕੇ ਇਕ ਵਾਰ ਮੁੜ ਬਾਦਸ਼ਾਹ ਅੱਗੇ ਬੇਨਤੀ ਕੀਤੀ ਕਿ ਹਕੀਮ ਨੂੰ ਨਾ ਮਾਰਿਆ ਜਾਵੇ। ਪਰ ਬਾਦਸ਼ਾਹ ਨੇ ਉਹਨਾਂ ਦੀ ਇਕ ਨਾ ਮੰਨੀ।

ਹਕੀਮ ਨੂੰ ਵਿਸ਼ਵਾਸ ਹੋ ਗਿਆ ਕਿ ਹੁਣ ਮੇਰੀ ਜਾਨ ਕਿਸੇ ਵੀ ਤਰ੍ਹਾਂ ਨਹੀਂ ਬਚ ਸਕਦੀ। ਉਹਨੇ ਬਾਦਸ਼ਾਹ ਨੂੰ ਆਖਿਆ–‘ਮਹਾਰਾਜ ! ਮੈਨੂੰ ਏਨਾ ਕੁ ਸਮਾਂ ਦਿਉ ਕਿ ਘਰ ਜਾ ਕੇ ਮੈਂ ਆਪਣੀ ਵਸੀਅਤ ਲਿਖ ਸਕਾਂ। ਮੈਂ ਆਪਣੀਆਂ ਕਿਤਾਬਾਂ ਕਿਸੇ ਵਿਸ਼ਵਾਸਪਾਤਰ ਨੂੰ ਦੇਣਾ ਚਾਹੁੰਦਾ ਹੈ। ਪਰ ਉਨ੍ਹਾਂ ਵਿਚੋਂ ਇਕ ਕਿਤਾਬ ਤੁਹਾਡੀ ਲਾਇਬ੍ਰੇਰੀ ਵਿਚ ਰੱਖਣ ਦੇ ਯੋਗ ਵੀ ਹੈ।”

ਬਾਦਸ਼ਾਹ ਨੇ ਹੈਰਾਨੀ ਨਾਲ ਪੁੱਛਿਆ—“ਅਜਿਹੀ ਕਿਹੜੀ ਪੁਸਤਕ ਹੈ ਤੇਰੇ ਕੋਲ, ਜਿਹੜੀ ਸਾਡੀ ਲਾਇਬ੍ਰੇਰੀ ਵਿਚ ਰੱਖਣ ਦੇ ਯੋਗ ਹੈ ? ਕੀ ਏ ਉਸ ਪੁਸਤਕ ਵਿਚ ?’’

ਦੂਬਾਂ ਨੇ ਆਖਿਆ–“ਉਹਦੇ ਵਿਚ ਬੜੀਆਂ ਕੀਮਤੀ ਅਤੇ ਕੰਮ ਦੀਆਂ ਗੱਲਾਂ ਹਨ। ਉਹਦੇ ਵਿਚ ਇਕ ਗੱਲ ਇਹ ਵੀ ਹੈ ਕਿ ਸਿਰ ਦੇ ਕੱਟੇ ਜਾਣ ਤੋਂ ਬਾਅਦ ਪੁਸਤਕ ਦੇ ਛੇਵੇਂ ਪੰਨੇ ਦੇ ਖੱਬੇ ਪਾਸੇ ਦੀ ਤੀਸਰੀ ਸਤਰ ਨੂੰ ਪੜ੍ਹ ਕੇ ਤੁਸੀਂ ਮੇਰੇ ਕੱਟੇ ਹੋਏ ਸਿਰ ਕੋਲੋਂ ਜੋ ਵੀ ਪੁੱਛੋਗੇ, ਉਹ ਠੀਕ ਜਵਾਬ ਦੇਵੇਗਾ।”

ਬਾਦਸ਼ਾਹ ਨੂੰ ਸੁਣ ਕੇ ਬੜੀ ਹੈਰਾਨੀ ਹੋਈ। ਉਹਨੇ ਸੋਚ-ਵਿਚਾਰ ਕੇ ਆਪਣੇ ਸਿਪਾਹੀਆਂ ਨੂੰ ਆਗਿਆ ਦਿੱਤੀ ਕਿ ਹਕੀਮ ਨੂੰ ਉਹਦੇ ਘਰ ਲੈ ਕੇ ਜਾਓ। ਬਾਦਸ਼ਾਹ ਦੀ ਆਗਿਆ ਅਨੁਸਾਰ ਸਿਪਾਹੀ ਹਕੀਮ ਨੂੰ ਉਹਦੇ ਘਰ ਲੈ ਗਏ। ਹਕੀਮ ਨੇ ਇਕ ਦਿਨ ਵਿਚ ਆਪਣਾ ਸਾਰਾ ਕੰਮ ਨਿਬੇੜ ਲਿਆ। ਅਗਲੇ ਦਿਨ ਜਦੋਂ ਉਹਨੂੰ ਬਾਦਸ਼ਾਹ ਸਾਹਮਣੇ ਲਿਜਾਇਆ ਗਿਆ ਤਾਂ ਉਹਦੇ ਹੱਥਾਂ ਵਿਚ ਇਕ ਮੋਟੀ ਜਿਹੀ ਕਿਤਾਬ ਸੀ, ਜੀਹਦੇ ਉੱਤੇ ਚਮੜੇ ਦੀ ਜਿਲਦ ਚੜ੍ਹੀ ਹੋਈ ਸੀ।

ਹਕੀਮ ਨੇ ਬਾਦਸ਼ਾਹ ਨੂੰ ਆਖਿਆ—‘ਮੇਰੇ ਕੱਟੇ ਹੋਏ ਸਿਰ ਨੂੰ ਇਕ ਥਾਲੀ ਵਿਚ ਰੱਖ ਕੇ ਇਸ ਪੁਸਤਕ ਉੱਪਰ ਰੱਖ ਦਿਉਗੇ ਤਾਂ ਖ਼ੂਨ ਵਗਣਾ ਬੰਦ ਹੋ ਜਾਵੇਗਾ। ਇਸ ਤੋਂ ਮੇਰੀ ਦੱਸੀ ਹੋਈ ਸਤਰ ਪੜ੍ਹ ਕੇ ਜੋ ਵੀ ਪੁੱਛੋਗੇ, ਮੇਰਾ ਕੱਟਿਆ ਹੋਇਆ ਸਿਰ ਉਹਦਾ ਜਵਾਬ ਦੇਵੇਗਾ। ਪਰ ਮੈਂ ਫਿਰ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੈਂ ਬੇਕਸੂਰ ਹਾਂ। ਤੁਸੀਂ ਮੇਰੇ 'ਤੇ ਰਹਿਮ ਕਰੋ ਤੇ ਮੈਨੂੰ ਮਾਰਨ ਦਾ ਹੁਕਮ ਵਾਪਸ ਲੈ ਲਉ।

ਬਾਦਸ਼ਾਹ ਨੇ ਆਖਿਆ-ਨਹੀਂ, ਹੁਣ ਮੈਂ ਜੋ ਵੀ ਪੁੱਛਣਾ ਹੋਵੇਗਾ, ਤੇਰੇ ਕੱਟੇ ਹੋਏ ਸਿਰ ਕੋਲੋਂ ਹੀ ਪੁੱਛਾਂਗਾ। ਤੇਰੇ ਰੋਣ ਪਿੱਟਣ ਦਾ ਕੋਈ ਲਾਭ ਨਹੀਂ ਹੈ।”

ਇਹ ਕਹਿ ਕੇ ਬਾਦਸ਼ਾਹ ਨੇ ਕਿਤਾਬ ਨੂੰ ਆਪਣੇ ਹੱਥਾਂ ਵਿਚ ਫੜ ਲਿਆ ਅਤੇ ਜੱਲਾਦ ਨੂੰ ਇਸ਼ਾਰਾ ਕੀਤਾ।ਜੱਲਾਦ ਨੇ ਬਿਨਾਂ ਦੇਰ ਕੀਤਿਆਂ ਹਕੀ ਦਾ ਸਿਰ ਵੱਢ ਦਿੱਤਾ।

ਬਾਦਸ਼ਾਹ ਨੇ ਹਕੀਮ ਦਾ ਕੱਟਿਆ ਹੋਇਆ ਸਿਰ ਸੋਨੇ ਦੀ ਥਾਲੀ ਵਿਚ ਰੱਖ ਕੇ ਹਕੀਮ ਦੁਆਰਾ ਦਿੱਤੀ ਕਿਤਾਬ 'ਤੇ ਰੱਖਿਆ ਤੇ ਖ਼ੂਨ ਵਗਣਾ ਬੰਦ ਹੋ ਗਿਆ।ਇਹ ਵੇਖਕੇ ਬਾਦਸ਼ਾਹ ਅਤੇ ਦਰਬਾਰੀਆਂ ਨੂੰ ਬੜੀ ਹੈਰਾਨੀ ਹੋਈ। ਉਸ ਕੱਟੇ ਹੋਏ ਸਿਰ ਨੇ ਅੱਖਾਂ ਖੋਲ੍ਹ ਕੇ ਬਾਦਸ਼ਾਹ ਨੂੰ ਆਖਿਆ—“ਕਿਤਾਬ ਦਾ ਛੇਵਾਂ ਪੰਨਾ ਖੋਲ੍ਹੋ।’

ਬਾਦਸ਼ਾਹ ਨੇ ਇਵੇਂ ਹੀ ਕੀਤਾ, ਪਰ ਪੁਸਤਕ ਦੇ ਪੰਨੇ ਇਕ ਦੂਜੇ ਨਾਲ ਜੁੜੇ ਹੋਏ ਸਨ। ਇਸ ਲਈ ਉਹਨੇ ਉਂਗਲੀ ਨਾਲ ਥੁੱਕ ਲਾ ਕੇ ਪੰਨਿਆਂ ਨੂੰ ਵੱਖ-ਵੱਖ ਕਰਨਾ ਸ਼ੁਰੂ ਕੀਤਾ। ਜਦੋਂ ਛੇਵਾਂ ਪੰਨਾ ਖੁੱਲ੍ਹਿਆ ਤਾਂ ਬਾਦਸ਼ਾਹ ਨੇ ਵੇਖਿਆ ਕਿ ਉਸ ਪੰਨੇ ਉੱਪਰ ਕੁਝ ਵੀ ਨਹੀਂ ਸੀ ਲਿਖਿਆ ਹੋਇਆ। ਉਹਨੇ ਇਹ ਗੱਲ ਦੱਸੀ ਤਾਂ ਕੱਟੇ ਹੋਏ ਸਿਰ ਨੇ ਆਖਿਆ—“ਅਗਲੇ ਪੰਨੇ ਵੇਖ, ਸ਼ਾਇਦ ਉਨ੍ਹਾਂ ਵਿਚ ਕੁਝ ਲਿਖਿਆ ਹੋਵੇਗਾ।”

ਅਸਲ ਵਿਚ ਹਕੀਮ ਨੇ ਕਿਤਾਬ ਦੇ ਹਰੇਕ ਪੰਨੇ ’ਤੇ ਜ਼ਹਿਰ ਲਾ ਦਿੱਤਾ ਸੀ। ਥੁੱਕ ਵਾਲੀ ਉਂਗਲੀ ਵਾਰ-ਵਾਰ ਪੰਨਿਆਂ ’ਤੇ ਰਗੜਣ ਨਾਲ ਅਤੇ ਫਿਰ ਮੂੰਹ ਵਿਚ ਪਾਉਣ ਨਾਲ ਉਨ੍ਹਾਂ ਪੰਨਿਆਂ ’ਤੇ ਲੱਗਾ ਜ਼ਹਿਰ ਬਾਦਸ਼ਾਹ ਦੇ ਸਰੀਰ ਅੰਦਰ ਚਲਾ ਗਿਆ। ਬਾਦਸ਼ਾਹ ਦੀ ਹਾਲਤ ਖ਼ਰਾਬ ਹੋਣ ਲੱਗੀ, ਪਰ ਉਹਨੇ ਕੱਟੇ ਹੋਏ ਸਿਰ ਕੋਲੋਂ ਪ੍ਰਸ਼ਨਾਂ ਦੇ ਉੱਤਰ ਸੁਣਨ ਦੀ ਲਾਲਸਾ ਵਿਚ ਇਸ ਵੱਲ ਕੋਈ ਧਿਆਨ ਨਾ ਦਿੱਤਾ।

ਅਖ਼ੀਰ ਉਹਦੀ ਨਜ਼ਰ ਘਟ ਗਈ ਅਤੇ ਉਹ ਰਾਜ ਸਿੰਘਾਸਣ ਤੋਂ ਹੇਠਾਂ ਡਿੱਗ ਪਿਆ। ਹਕੀਮ ਦੇ ਸਿਰ ਨੇ ਜਦੋਂ ਵੇਖਿਆ ਕਿ ਜ਼ਹਿਰ ਪੂਰੀ ਤਰ੍ਹਾਂ ਚੜ੍ਹ ਗਿਆ ਹੈ ਅਤੇ ਬਾਦਸ਼ਾਹ ਇਕ-ਦੋ ਪਲਾਂ ਦਾ ਹੀ ਮਹਿਮਾਨ ਹੈ ਤਾਂ ਉਹ ਹੱਸ ਕੇ ਬੋਲਿਆ-“ਉਏ ਮਤਲਬੀ, ਹੁਣ ਪਤਾ ਲੱਗਾ ਕਿ ਕਿਸੇ ਨਿਰਦੋਸ਼ ਵਿਅਕਤੀ ਦੀ ਸਜ਼ਾ ਦਾ ਕੀ ਨਤੀਜਾ ਨਿਕਲਦਾ ਹੈ ? ਇਨ੍ਹਾਂ ਪੰਨਿਆਂ 'ਤੇ ਜ਼ਹਿਰ ਲੱਗਾ ਹੋਇਆ ਸੀ, ਜਿਹੜਾ ਤੈਨੂੰ ਮਾਰ ਦੇਵੇਗਾ।”

ਇਹ ਸੁਣਦਿਆਂ ਹੀ ਬਾਦਸ਼ਾਹ ਦੀ ਮੌਤ ਹੋ ਗਈ। ਇੰਜ ਬਾਦਸ਼ਾਹ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ।


Post a Comment

0 Comments