ਇਕ ਸੀ ਮਨਮੌਜੀ
Ek Si Manmauji
ਬਗਦਾਦ ਸ਼ਹਿਰ ਵਿਚ ਇਕ ਅਮੀਰ ਰਹਿੰਦਾ ਸੀ। ਉਹਦਾ ਨਾਂ ਰਹੀਮ ਖਾਨ ਸੀ। ਉਹ ਆਪਣੇ ਆਪ ਨੂੰ ਨਵਾਬ ਕਹਿੰਦਾ ਸੀ ਅਤੇ ਨਵਾਬਾਂ ਵਾਂਗ ਹੀ ਸੱਜ-ਸੰਵਰ ਕੇ ਰਹਿੰਦਾ ਸੀ। ਇਕ ਵਾਰ ਆਪਣੀ ਜਾਇਦਾਦ ਦੀ ਸਾਂਭ- ਸੰਭਾਲ ਲਈ ਰਹੀਮ ਖਾਨ ਨੂੰ ਇਕ ਦੀਵਾਨ ਦੀ ਲੋੜ ਪਈ।
ਇਸ ਪਦ ਵਾਸਤੇ ਅਨੇਕ ਉਮੀਦਵਾਰ ਆਏ ਪਰ ਰਹੀਮ ਖਾਨ ਨੂੰ ਕੋਈ ਵੀ ਪਸੰਦ ਨਾ ਆਇਆ।
ਇਕ ਦਿਨ ਸ਼ਾਮ ਦੇ ਵਕਤ ਇਕ ਆਦਮੀ ਰਹੀਮ ਖਾਨ ਨੂੰ ਮਿਲਣ ਆਇਆ। ਉਹ ਇਕਦਮ ਨਿਸ਼ਚਿੰਤ ਅਤੇ ਮਸਤ ਮੌਲਾ ਕਿਸਮ ਦਾ ਆਦਮੀ ਸੀ। ਉਹ ਕੋਈ ਕੰਮ-ਕਾਰ ਵੀ ਨਹੀਂ ਸੀ ਕਰਦਾ। ਸਾਰਾ ਦਿਨ ਇਧਰ-ਉਧਰ ਘੁੰਮਦਾ ਰਹਿੰਦਾ ਸੀ । ਜੇਕਰ ਕੁਝ ਮਿਲ ਜਾਂਦਾ ਤਾਂ ਖਾ ਲੈਂਦਾ, ਨਾ ਮਿਲਦਾ ਤਾਂ ਭੁੱਖਾ ਹੀ ਸੌਂ ਜਾਂਦਾ।
ਅੱਜ ਵੀ ਉਹ ਭੁੱਖਾ ਸੀ। ਪਿਛਲੇ ਦੋ ਦਿਨਾਂ ਤੋਂ ਉਹਦੇ ਢਿੱਡ ਵਿਚ ਅੰਨ ਦਾ ਇਕ ਵੀ ਦਾਣਾ ਨਹੀਂ ਸੀ ਗਿਆ।ਉਹ ਰਹੀਮ ਖਾਨ ਦੇ ਕੋਲ ਗਿਆ ਤਾਂ ਰਹੀਮ ਖਾਨ ਨੇ ਉਹਦੇ ਕੋਲੋਂ ਪੁੱਛਿਆ-‘ਨਾਂ ਕੀ ਏ ਤੇਰਾ ? ਇਥੇ ਕੀ ਕਰਨ ਆਇਆ ਏਂ ?”
ਮੇਰਾ ਨਾਂ ਮਨਮੌਜੀ ਹੈ।” ਉਹਨੇ ਜਵਾਬ ਦਿੱਤਾ—“ਮੈਂ ਤੁਹਾਨੂੰ ਕੁਦਰਤ ਦੀ ਇਕ ਅਨੋਖੀ ਦੇਣ ਬਾਰੇ ਕੁਝ ਦੱਸਣ ਆਇਆ ਹਾਂ। ਜੇਕਰ ਤੁਸੀਂ ਇਜਾਜ਼ਤ ਦਿਉ ਤਾਂ ਮੈਂ ਤੁਹਾਨੂੰ ਉਸ ਅਨੋਖੀ ਦੇਣ ਬਾਰੇ ਕੁਝ ਦੱਸ ਸਕਾਂ ।”
ਤੂੰ ਕਹਿਣਾ ਕੀ ਚਾਹੁੰਦਾ ਏਂ ?'' ਨਵਾਬ ਨੇ ਪੁੱਛਿਆ।
ਮਨਮੌਜੀ ਨੇ ਆਖਿਆ-‘ਹਜ਼ੂਰ, ਹਰ ਆਦਮੀ ਦਾ ਮੰਨਣਾ ਹੈ ਕਿ ਅੱਖਾਂ ਕੁਦਰਤ ਦੀ ਹੀ ਦਿੱਤੀ ਹੋਈ ਅਨਮੋਲ ਦੇਣ ਹੈ। ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਅੱਖਾਂ ਸਿਰਫ਼ ਵੇਖਣ ਦੇ ਕੰਮ ਆਉਂਦੀਆਂ ਹਨ। ਅਸੀਂ ਅੱਖਾਂ ਤੋਂ ਸਿਰਫ਼ ਉਹੀ ਚੀਜ਼ਾਂ ਵੇਖ ਸਕਦੇ ਹਾਂ, ਜਿਹੜੀਆਂ ਸਾਡੇ ਨੇੜੇ ਹੁੰਦੀਆਂ ਹਨ ਭਾਵ ਰੌਸ਼ਨੀ ਵਿਚ ਹੁੰਦੀਆਂ ਹਨ।”
ਫਿਰ ਤੂੰ ਕੁਦਰਤ ਦੀ ਅਨਮੋਲ ਦੇਣ ਕਿਸ ਚੀਜ਼ ਨੂੰ ਮੰਨਦਾ ਏਂ ?" ਨਵਾਬ ਨੇ ਪੁੱਛਿਆ।
‘‘ਭੁੱਖ ਨੂੰ ! ਕੁਦਰਤ ਦੀ ਅਨਮੋਲ ਦੇਣ ਸਿਰਫ਼ ਭੁੱਖ ਹੀ ਹੈ ਨਵਾਬ ਸਾਹਿਬ।”
“ਉਹ ਕਿਵੇਂ ?”
ਮਨਮੌਜੀ ਨੇ ਜਵਾਬ ਦਿੱਤਾ—“ਅਸੀਂ ਸਿਰਫ਼ ਮਹਿਸੂਸ ਕਰ ਸਕਦੇ ਹਾਂ ਕਿ ਸਾਨੂੰ ਭੁੱਖ ਲੱਗੀ ਹੈ। ਪਰ ਅਸੀਂ ਇਹ ਨਹੀਂ ਜਾਣਦੇ ਕਿ ਇਹ ਕਿਵੇਂ ਲੱਗਦੀ ਹੈ। ਭੁੱਖ ਲੱਗਣ ਲਈ ਕੌਣ ਜ਼ਿੰਮੇਵਾਰ ਹੈ ? ਜਦੋਂ ਕਿਸੇ ਨੂੰ ਭੁੱਖ ਲੱਗਦੀ ਹੈ ਤਾਂ ਉਹ ਢਿੱਡ ਭਰ ਕੇ ਰੋਟੀ ਖਾ ਲੈਂਦਾ ਹੈ। ਤਦ ਉਹਨੂੰ ਲੱਗਦਾ ਹੈ ਕਿ ਉਹਦੀ ਭੁੱਖ ਮਿਟ ਗਈ ਹੈ ਪਰ ਕੁਝ ਸਮੇਂ ਬਾਅਦ ਭੁੱਖ ਫਿਰ ਲੱਗ ਜਾਂਦੀ ਹੈ। ਜਿਉਂ ਹੀ ਕਿਸੇ ਸਵਾਦੀ ਭੋਜਨ 'ਤੇ ਉਹਦੀ ਨਜ਼ਰ ਪੈਂਦੀ ਹੈ, ਉਹਨੂੰ ਭੁੱਖ ਲੱਗਣ ਲੱਗ ਜਾਂਦੀ ਹੈ। ਮੈਂ ਪ੍ਰਕਿਰਤੀ ਦੀ ਇਸ ਅਨਮੋਲ ਦੇਣ ਤੋਂ ਬਹੁਤ ਪ੍ਰਭਾਵਿਤ ਹਾਂ। ਇਸਦਾ ਸਬੂਤ ਇਹ ਹੈ ਕਿ ਮੈਂ ਪਿਛਲੇ ਦੋ ਦਿਨਾਂ ਤੋਂ ਭੁੱਖਾ ਹਾਂ।”
ਨਵਾਬ ਨੇ ਆਖਿਆ—“ਬੜੀ ਹੈਰਾਨੀ ਵਾਲੀ ਗੱਲ ਹੈ ਕਿ ਤੂੰ ਬਗਦਾਦ ਵਿਚ ਰਹਿ ਕੇ ਵੀ ਦੋ ਦਿਨਾਂ ਤੋਂ ਭੁੱਖਾ ਏਂ ? ਮੇਰੇ ਲਈ ਇਹ ਬੜੀ ਸ਼ਰਮ ਵਾਲੀ ਗੱਲ ਹੈ।ਆ, ਪਹਿਲਾਂ ਤੂੰ ਰੋਟੀ ਖਾ ਲੈ, ਫਿਰ ਆਰਾਮ ਨਾਲ ਬਹਿ ਕੇ ਗੱਲਾਂ ਕਰਾਂਗੇ।”
ਨਵਾਬ ਮਸਮ ਮੌਲਾ ਨੂੰ ਲੈ ਕੇ ਕਮਰੇ ਵਿਚ ਆ ਗਿਆ।
ਨਵਾਬ ਨੇ ਆਵਾਜ਼ ਦਿੱਤੀ—“ਅਰੇ ਕੋਈ ਹੈ, ਗਰਮ ਪਾਣੀ ਲਿਆਉ। ਛੇਤੀ-ਛੇਤੀ ਮਹਿਮਾਨ ਦੇ ਹੱਥ-ਪੈਰ ਧਵਾ, ਫਿਰ ਰੋਟੀ ਬਣਾਉਣ ਦੀ ਤਿਆਰੀ ਕਰੋ।”
ਮਨਮੌਜੀ ਨੂੰ ਬੜੀ ਖ਼ੁਸ਼ੀ ਹੋਈ। ਉਹ ਗਰਮ ਪਾਣੀ ਦਾ ਇੰਤਜ਼ਾਰ ਕਰਨ ਲੱਗ ਪਿਆ। ਪਰ ਉਹਨੂੰ ਕੋਈ ਨਜ਼ਰ ਨਾ ਆਇਆ। ਕੁਝ ਦੇਰ ਬਾਅਦ ਨਵਾਬ ਨੇ ਆਖਿਆ—“ਨੌਕਰ ਗਰਮ ਪਾਣੀ ਰੱਖ ਗਿਆ ਹੈ, ਹੱਥ-ਮੂੰਹ ਧੋ ਲਉ।”
ਇੰਨਾ ਕਹਿ ਕੇ ਨਵਾਬ ਆਪਣੀ ਥਾਂ ਤੋਂ ਉੱਠ ਕੇ ਹੱਥ ਧੋਣ ਦਾ ਨਾਟਕ ਕਰਨ ਲੱਗਾ। ਪਰ ਪਾਣੀ ਉਥੇ ਕਿਤੇ ਵੀ ਨਹੀਂ ਸੀ।
ਮਨਮੌਜੀ ਵੇਖ ਰਿਹਾ ਸੀ। ਨਾ ਤਾਂ ਉਥੇ ਕੋਈ ਨੌਕਰ ਆਇਆ ਸੀ ਅਤੇ ਨਾ ਹੀ ਉਥੇ ਪਾਣੀ ਵਾਲਾ ਕੋਈ ਭਾਂਡਾ ਪਿਆ ਨਜ਼ਰ ਆ ਰਿਹਾ ਸੀ ਜਦੋਂ ਕਿ ਨਵਾਬ ਬਕਾਇਦਾ ਹੱਥ-ਪੈਰ ਧੋ ਰਿਹਾ ਸੀ।
ਮਨਮੌਜੀ ਵੀ ਮਨਮੌਜੀ ਸੀ। ਉਹ ਵੀ ਆਪਣੀ ਥਾਂ ਤੋਂ ਉੱਠਿਆ ਅਤੇ ਨਵਾਬ ਵਾਂਗ ਹੱਥ ਪੈਰ ਧੋਣ ਦਾ ਨਾਟਕ ਕਰਨ ਲੱਗਾ।
ਉਸ ਤੋਂ ਬਾਅਦ ਨਵਾਬ ਉਹਨੂੰ ਲੈ ਕੇ ਖਾਣ ਵਾਲੇ ਕਮਰੇ ਵਿਚ ਆ ਗਿਆ। ਪਰ ਉਥੇ ਵੀ ਖਾਣਾ ਕਿਤੇ ਨਜ਼ਰ ਨਹੀਂ ਸੀ ਆ ਰਿਹਾ। ਇਥੇ ਵੀ ਨਵਾਬ ਦਾ ਨਾਟਕ ਜਾਰੀ ਸੀ। ਉਹ ਖਾਣਾ ਖਾਣ ਲਈ ਬੈਠਾ ਅਤੇ ਮਨਮੌਜੀ ਨੂੰ ਬੜੇ ਅਦਬ ਨਾਲ ਆਪਣੇ ਸਾਹਮਣੇ ਬਹਿਣ ਲਈ ਆਖਿਆ।
ਮਨਮੌਜੀ ਦੀ ਸਮਝ ਵਿਚ ਕੁਝ ਨਹੀਂ ਸੀ ਆ ਰਿਹਾ। ਉਹ ਮਨ ਹੀ ਮਨ ਸੋਚਣ ਲੱਗਾ ਕਿ ਕਿਤੇ ਉਹਦੀ ਨਜ਼ਰ ਤਾਂ ਨਹੀਂ ਬੰਨ੍ਹ ਦਿੱਤੀ ਗਈ। ਜਾਂ ਫਿਰ ਨਵਾਬ ਉਹਦੇ ਨਾਲ ਮਜ਼ਾਕ ਤਾਂ ਨਹੀਂ ਕਰ ਰਿਹਾ ਹੈ ?
ਪਰ ਅਚਾਨਕ ਹੀ ਨਵਾਬ ਨੇ ਚੀਕਦਿਆਂ ਹੋਇਆਂ ਆਖਿਆ–“ਛੇਤੀ ਰੋਟੀ ਲਿਆਉ। ਮੇਰਾ ਮਹਿਮਾਨ ਦੋ ਦਿਨਾਂ ਤੋਂ ਭੁੱਖਾ ਹੈ।”
ਪਰ ਮਨਮੌਜੀ ਨੂੰ ਕੋਈ ਵੀ ਰੋਟੀ ਲਿਆ ਰਿਹਾ ਨਜ਼ਰ ਨਾ ਆਇਆ। ਕੁਝ ਦੇਰ ਬਾਅਦ ਨਵਾਬ ਨੇ ਆਖਿਆ–“ਆਓ, ਰੋਟੀ ਖਾਣੀ ਸ਼ੁਰੂ ਕਰੀਏ । ਮੈਨੂੰ ਉਮੀਦ ਹੈ ਕਿ ਤੁਹਾਨੂੰ ਖੀਰ ਬਹੁਤ ਪਸੰਦ ਆਵੇਗੀ, ਖਾ ਕੇ ਵੇਖੋ।” ਨਵਾਬ ਚਟਕਾਰੇ ਲੈ-ਲੈ ਕੇ ਰੋਟੀ ਖਾਣ ਦਾ ਨਾਟਕ ਕਰਨ ਲੱਗਾ- “ਵਾਹ ! ਵਾਹ !! ਕਿੰਨਾ ਸੁਆਦੀ ਭੋਜਨ ਹੈ।’’
ਮਨਮੌਜੀ ਵੀ ਰੋਟੀ ਖਾਣ ਲੱਗ ਪਿਆ। ਉਹ ਇਕ-ਇਕ ਚੀਜ਼ ਖਾਣ ਦਾ ਨਾਟਕ ਕਰਦਾ ਅਤੇ ਤਾਰੀਫ਼ ਦੇ ਪੁਲ ਬੰਨ੍ਹੀ ਜਾ ਰਿਹਾ ਸੀ।
ਦੋਹਾਂ ਨੇ ਖਾਣੇ ਦੀ ਬੜੀ ਤਾਰੀਫ਼ ਕੀਤੀ।ਜਿਵੇਂ ਉਹ ਸੱਚਮੁੱਚ ਖਾ ਰਹੇ ਹੋਣ। ਜਦਕਿ ਹਕੀਕਤ ਇਹ ਸੀ ਕਿ ਮਨਮੌਜੀ ਅਜੇ ਵੀ ਹੈਰਾਨ ਅਤੇ ਪਰੇਸ਼ਾਨ ਸੀ। ਉਹਦੀ ਸਮਝ ਵਿਚ ਕੁਝ ਨਹੀਂ ਸੀ ਆ ਰਿਹਾ ਕਿ ਇਹ ਸਭ ਕੁਝ ਕੀ ਹੋ ਰਿਹਾ ਹੈ। ਜਾਂ ਤਾਂ ਨਵਾਬ ਪਾਗਲ ਹੈ ਜਾਂ ਫਿਰ ਮੇਰੀਆਂ ਹੀ ਅੱਖਾਂ ਵਿਚ ਕੋਈ ਨੁਕਸ ਪੈ ਗਿਆ ਹੈ ।
ਮਨਮੌਜੀ ਦੇ ਖਾਣ ਦਾ ਨਾਟਕ ਕਰਦੇ ਵਕਤ ਉਹਦਾ ਸੱਚੀ-ਮੁੱਚੀਂ ਰੋਟੀ ਖਾਣ ਨੂੰ ਦਿਲ ਕਰ ਆਇਆ। ਫਿਰ ਉਹਨੇ ਨਵਾਬ ਦੇ ਇਸ ਨਾਟਕ ਵਿਚ ਕੋਈ ਅੜਚਣ ਨਾ ਪੈਣ ਦਿੱਤੀ।
ਉਹਦੇ ਮੂੰਹੋਂ ਖਾਣੇ ਦੀ ਤਾਰੀਫ਼ ਸੁਣ ਕੇ ਨਵਾਬ ਬੋਲਿਆ—ਇਹ ਮੇਰੇ ਰਸੋਈਏ ਦਾ ਕਮਾਲ ਹੈ। ਮੈਂ ਇਹਨੂੰ ਖ਼ਾਸ ਤੌਰ 'ਤੇ ਬਸਰਾ ਤੋਂ ਬੁਲਾਇਆ ਹੈ।ਮੈਂ ਇਹਨੂੰ ਕਾਫ਼ੀ ਮੋਟੀ ਤਨਖ਼ਾਹ ਦੇਂਦਾ ਹਾਂ। ਕਦੀ-ਕਦੀ ਇਨਾਮ ਵੀ ਦੇ ਦੇਂਦਾ ਹਾਂ। ਆਹ ਕੀ ? ਤੂੰ ਖੀਰ ਕਿਉਂ ਨਹੀਂ ਖਾਧੀ। ਖਾ, ਛੇਤੀ ਕਰ। ਬਹੁਤ ਸਵਾਦ ਏ, ਖਾ ਕੇ ਵੇਖ। ਦੇਖੋ, ਜੇਕਰ ਤੂੰ ਕੋਈ ਚੀਜ਼ ਨਹੀਂ ਖਾਵੇਂਗਾ ਤਾਂ ਮੈਂ ਇਹ ਸਮਝਾਂਗਾ ਕਿ ਉਹ ਵਧੀਆ ਨਹੀਂ ਬਣੀ।”
ਮਨਮੌਜੀ ਨੇ ਖੀਰ ਖਾਣ ਦਾ ਨਾਟਕ ਕਰਦਿਆਂ ਆਖਿਆ–“ਵਾਹ, ਇਹ ਤਾਂ ਕਮਾਲ ਹੋ ਗਿਆ। ਇਹਦੇ ਵਿਚ ਤਾਂ ਪਿਸਤਾ, ਬਦਾਮ, ਚਿਰੌਂਜੀ, ਕੇਸਰ ਵਗੈਰਾ ਪਏ ਹੋਏ ਹਨ। ਏਨੀ ਸੁਆਦ ਖੀਰ ਤਾਂ ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਖਾਧੀ ਹੈ। ਅਜਿਹੀ ਖੀਰ ਤਾਂ ਸਿਰਫ਼ ਤੁਹਾਡਾ ਬਸਰੇ ਵਾਲਾ ਰਸੋਈਆ ਹੀ ਬਣਾ ਸਕਦਾ ਹੈ । ਵਾਹ ਬਈ ਵਾਹ ! ਮਜ਼ਾ ਆ ਗਿਆ। ਦੋ ਦਿਨਾਂ ਦੀ ਭੁੱਖ ਅਤੇ ਏਨਾ ਸੁਆਦੀ ਖਾਣਾ। ਵਾਹ, ਕਮਾਲ ਹੋ ਗਿਆ।”
ਉਫ਼ ! ਬਸਰਾ ਤੋਂ ਖ਼ਾਸ ਤੌਰ 'ਤੇ ਮੰਗਵਾਈ ਗਈ ਮਠਿਆਈ ਤਾਂ ਤੈਨੂੰ ਦਿੱਤੀ ਹੀ ਨਹੀਂ ਗਈ। ਉਏ, ਸੁਣਦਾ ਏਂ ? ਛੇਤੀ ਛੇਤੀ ਬਸਰਾ ਵਾਲੀ ਮਠਿਆਈ ਲੈ ਕੇ ਆ। ਮੇਰੀ ਤਾਂ ਥਾਲੀ ਖ਼ਾਲੀ ਹੋ ਚੁੱਕੀ ਹੈ।ਲਿਆ ਭਰਾਵਾ, ਛੇਤੀ ਲਿਆ ਮਠਿਆਈ, ਮੈਨੂੰ ਵੀ ਫੜਾ ਦੇ। ਵਾਹ ! ਵਾਹ!! ਕਿੰਨੀ ਸੁਆਦ ਮਠਿਆਈ ਹੈ।” ਮਠਿਆਈ ਖਾਣ ਦਾ ਨਾਟਕ ਕਰਦੇ ਵਕਤ ਨਵਾਬ ਨੇ ਮਨਮੌਜੀ ਵੱਲ ਵੇਖਦਿਆਂ ਆਖਿਆ-‘ਤੂੰ ਤਾਂ ਮਠਿਆਈ ਦੇ ਟੋਟੇ-ਟੋਟੇ ਕਰ ਦਿੱਤੇ ਹਨ। ਇਹ ਤਾਂ ਮਠਿਆਈ ਦੀ ਬੇਇੱਜ਼ਤੀ ਕਰ ਰਿਹਾ ਏਂ। ਸਾਬਤ ਮਠਿਆਈ ਮੂੰਹ ਵਿਚ ਪਾ ਕੇ ਖਾ, ਫਿਰ ਮਜ਼ਾ ਆਵੇਗਾ।”
“ਚੰਗਾ ?’” ਮਨਮੌਜੀ ਨੇ ਸਬੂਤੀ ਮਠਿਆਈ ਮੂੰਹ ਵਿਚ ਪਾਉਣ ਦਾ ਨਾਟਕ ਕੀਤਾ। ਫਿਰ ਮੂੰਹ ਮਾਰ-ਮਾਰ ਕੇ ਮਠਿਆਈ ਦਾ ਮਜ਼ਾ ਲੈਣ ਲੱਗਾ।
ਫਿਰ ਉਹਨੇ ਦਿਲ ਖੋਲ੍ਹ ਕੇ ਮਠਿਆਈ ਦੀ ਤਾਰੀਫ਼ ਕੀਤੀ।
ਆਖ਼ਿਰਕਾਰ ਖਾਣਾ ਖਾਣ ਅਤੇ ਖਵਾਉਣ ਦਾ ਨਾਟਕ ਖ਼ਤਮ ਹੋ ਗਿਆ। ਨਵਾਬ ਨੇ ਆਖਿਆ–‘ਭਰਾ ਮਨਮੌਜੀ, ਮੈਨੂੰ ਇਹ ਸੁਣ ਕੇ ਬਹੁਤ ਖ਼ੁਸ਼ੀ ਹੋਈ ਕਿ ਤੈਨੂੰ ਖਾਣਾ ਬਹੁਤ ਪਸੰਦ ਆਇਆ ਹੈ। ਮੇਰੀ ਮਹਿਮਾਨ ਨਵਾਜ਼ੀ ਵਿਚ ਜੇਕਰ ਕੋਈ ਕਸਰ ਰਹਿ ਜਾਂਦੀ ਤਾਂ ਮੈਨੂੰ ਬਹੁਤ ਦੁੱਖ ਹੋਣਾ ਸੀ।”
ਫਿਰ ਨਵਾਬ ਮਨਮੌਜੀ ਨੂੰ ਨਾਲ ਲੈ ਕੇ ਦੂਜੇ ਕਮਰੇ ਵਿਚ ਆ ਗਿਆ ਅਤੇ ਬੋਲਿਆ‘ਰੋਟੀ ਖਾਣ ਲੱਗਿਆਂ ਤਾਂ ਬਹੁਤ ਮਜ਼ਾ ਆਇਆ।ਕੁਝ ਪੀਣ-ਪਿਆਉਣ ਬਾਰੇ ਤੇਰਾ ਕੀ ਖ਼ਿਆਲ ਹੈ ? ਮੇਰੇ ਕੋਲ ਮਹਿਮਾਨਾਂ ਲਈ ਖ਼ਾਸ ਮਾਲ ਹੁੰਦਾ ਹੈ।”
ਤੁਹਾਡੇ ਵਰਗੇ ਅਮੀਰ ਲੋਕਾਂ ਦੀ ਤਾਂ ਗੱਲ ਹੀ ਵੱਖਰੀ ਹੈ।” ਮਨਮੌਜੀ ਨੇ ਆਖਿਆ—“ਪਰ ਹਜ਼ੂਰ ! ਮੈਨੂੰ ਇਹਦੇ ਤੋਂ ਦੂਰ ਹੀ ਰੱਖੋ ਤਾਂ ਚੰਗੀ ਗੱਲ ਹੈ ।”
ਨਵਾਬ ਬੋਤਲ ਖੋਲ੍ਹ ਕੇ ਗਲਾਸ ਵਿਚ ਸ਼ਰਾਬ ਪਾਉਣ ਦਾ ਨਾਟਕ ਕਰਨ ਲੱਗ ਪਿਆ।ਪਰ ਅਸਲ ਵਿਚ ਤਾਂ ਨਾ ਉਥੇ ਸ਼ਰਾਬ ਵਾਲੀ ਕੋਈ ਬੋਤਲ ਸੀ ਤੇ ਨਾ ਹੀ ਗਲਾਸ ਹੀ ਸਨ।
ਨਵਾਬ ਨੇ ਗਿਲਾਸ ਮਨਮੌਜੀ ਵੱਲ ਵਧਾਇਆ ਪਰ ਉਹਨੇ ਨਿਮਰਤਾ ਸਹਿਤ ਗਿਲਾਸ ਫੜਨ ਤੋਂ ਮਨ੍ਹਾ ਕਰ ਦਿੱਤਾ। ਪਰ ਨਵਾਬ ਨੇ ਜ਼ਬਰਦਸਤੀ ਉਹਨੂੰ ਗਲਾਸ ਫੜਾਉਂਦਿਆਂ ਆਖਿਆ-“ਬਸ, ਥੋੜੀ-ਥੋੜੀ ਹੋ ਜਾਵੇ।”
ਆਖ਼ਿਰਕਾਰ ਮਨਮੌਜੀ ਨੇ ਹਾਰ ਕੇ ਗਿਲਾਸ ਫੜ ਲਿਆ ਅਤੇ ਗਟਾਗਟ ਸ਼ਰਾਬ ਪੀਣ ਦਾ ਨਾਟਕ ਕਰਨ ਲੱਗਾ। ਇਹ ਕ੍ਰਮ ਕਈ ਵਾਰ ਚੱਲਿਆ।
ਹਰ ਵਾਰ ਉਹ ਗਿਲਾਸ ਫੜਦਾ ਅਤੇ ਗਟਾਰਟ ਪੀਣ ਦਾ ਨਾਟਕ ਕਰਦਾ। ਨਸ਼ੇ ਵਿਚ ਝੂਮਦਿਆਂ ਹੋਇਆਂ ਉਹਨੇ ਆਖਿਆ—‘ਇਹਨੂੰ ਆਖਦੇ ਨੇ ਅਸਲੀ ਸ਼ਰਾਬ ! ਲਿਆਉ, ਇਕ ਗਿਲਾਸ ਹੋਰ ਭਰ ਦਿਉ।
ਨਵਾਬ ਨੇ ਮਨਮੌਜੀ ਦਾ ਗਿਲਾਸ ਇਕ ਵਾਰ ਮੁੜ ਭਰ ਦਿੱਤਾ। ਮਨਮੌਜੀ ਨੇ ਗਿਲਾਸ ਚੁੱਕਿਆ ਅਤੇ ਗਟਾਰਟ ਪੀ ਗਿਆ। ਹੁਣ ਉਹ ਲੜਖੜਾਉਣ ਲੱਗਾ। ਜਿਵੇਂ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਹੋਵੇ।
ਫਿਰ ਅਚਾਨਕ ਹੀ ਅਜਿਹਾ ਭਾਣਾ ਵਾਪਰਿਆ ਕਿ ਮਨਮੌਜੀ ਚੀਤੇ ਵਾਂਗ ਨਵਾਬ ਉੱਪਰ ਟੁੱਟ ਪਿਆ ਅਤੇ ਇਸ ਤੋਂ ਪਹਿਲਾਂ ਕਿ ਨਵਾਬ ਦੀ ਸਮਝ ਵਿਚ ਕੋਈ ਗੱਲ ਆਉਂਦੀ, ਉਹਨੇ ਉਹਦੀ ਦਾੜ੍ਹੀ ਫੜ ਲਈ ਅਤੇ ਖਿੱਚਦਾ ਹੋਇਆ ਬੋਲਿਆ-‘ਕਿਉਂ ਬਈ ਨਵਾਬ ! ਕੱਲ੍ਹ ਤੂੰ ਮੈਨੂੰ ਮੁੱਕਾ ਕਿਉਂ ਮਾਰਿਆ ਸੀ ? ਅੱਜ ਮੈਂ ਤੈਨੂੰ ਜਿੰਦਾ ਨਹੀਂ ਛੱਡਾਂਗਾ।”
ਅਚਾਨਕ ਹੋਏ ਹਮਲੇ ਕਰਕੇ ਨਵਾਬ ਹੈਰਾਨ ਹੋ ਗਿਆ। ਉਹ ਖ਼ੁਦ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਮਨਮੌਜੀ ਨੇ ਉਹਨੂੰ ਕੱਸ ਫੜਿਆ ਹੋਇਆ ਸੀ। ਨਵਾਬ ਨੇ ਮਨਮੌਜੀ ਦੀਆਂ ਬੜੀਆਂ ਮਿੰਨਤਾਂ ਕੀਤੀਆਂ ਪਰ ਉਹਨੇ ਉਹਦੀ ਇਕ ਨਾ ਸੁਣੀ ਅਤੇ ਉਹਦੇ ਢਿੱਡ ਵਿਚ ਘਸੁੰਨ ਮਾਰਨ ਲੱਗ ਪਿਆ। ਨਵਾਬ ਦੀ ਦਾੜ੍ਹੀ ਉਹਨੇ ਬੜੀ ਰਹਿਮੀ ਨਾਲ ਫੜੀ ਹੋਈ ਸੀ ਤੇ ਉਸ ਨੂੰ ਜ਼ੋਰ-ਜ਼ੋਰ ਦੀ ਖਿੱਚ ਰਿਹਾ ਸੀ।
ਦਰਦ ਹੋਣ ਕਰਕੇ ਨਵਾਬ ਚੀਕਣ ਲੱਗ ਪਿਆ ਅਤੇ ਮਨਮੌਜੀ ਦੇ ਸਾਹਮਣੇ ਤਰਲੇ ਕਰਦਿਆਂ ਹੋਇਆਂ ਉਹਨੇ ਆਖਿਆ—‘ਮਨਮੌਜੀ ! ਮੈਨੂੰ ਛੱਡ ਦੇ। ਮੇਰੇ ਪਿਉ ਦੀ ਤੌਬਾ ! ਮੈਂ ਅੱਗੇ ਤੋਂ ਤੈਨੂੰ ਕਦੀ ਵੀ ਸ਼ਰਾਬ ਪੀਣ ਲਈ ਨਹੀਂ ਆਖਾਂਗਾ। ਮੈਂ ਕਦੀ ਵੀ ਤੇਰੇ ਨਾਲ ਮਜ਼ਾਕ ਨਹੀਂ ਕਰਾਂਗਾ। ਇਸ ਵਾਰ ਮੈਨੂੰ ਛੱਡ ਦੇ।”
“ਮੇਰੇ ਨਾਲ ਹੀ ਨਹੀਂ, ਭਵਿੱਖ ਵਿਚ ਕਿਸੇ ਹੋਰ ਨਾਲ ਵੀ ਅਜਿਹਾ ਮਜ਼ਾਕ ਨਾ ਕਰਨ ਦੀ ਕਸਮ ਖਾ, ਨਹੀਂ ਤਾਂ ਮੈਂ ਤੈਨੂੰ ਜਾਨ ਤੋਂ ਮਾਰ ਦਿਆਂਗਾ।” ਮਨਮੌਜੀ ਨੇ ਨਵਾਬ ਨੂੰ ਧਮਕਾਉਂਦੇ ਹੋਏ ਆਖਿਆ।
“ਨਹੀਂ ਕਰਾਂਗਾ, ਪਰ ਛੱਡ ਤਾਂ ਸਹੀ।’” ਨਵਾਬ ਉਹਦੇ ਹੱਥ ਵਿਚੋਂ ਆਪਣੀ ਦਾੜ੍ਹੀ ਛੁਡਾਉਣ ਦੀ ਕੋਸ਼ਿਸ਼ ਕਰਦਾ ਹੋਇਆ ਚੀਕ ਰਿਹਾ ਸੀ। ਮਨਮੌਜੀ ਨੇ ਉਹਦੀ ਦਾੜ੍ਹੀ ਛੱਡ ਦਿੱਤੀ। ਨਵਾਬ ਮਨਮੌਜੀ ਦੇ ਹੱਥੋਂ ਛੁੱਟ ਕੇ ਦੂਰ ਜਾ ਕੇ ਡਿੱਗ ਪਿਆ। ਹੁਣ ਉਹਦਾ ਨਸ਼ਾ ਬਿਲਕੁਲ ਲੱਥ ਗਿਆ ਸੀ।ਫਿਰ ਉਹਨੇ ਆਪਣੇ ਕੱਪੜਿਆਂ ਤੋਂ ਮਿੱਟੀ ਝਾੜੀ ਅਤੇ ਨਵਾਬ ਉਹਦੇ ਨੇੜੇ ਆਇਆ ਅਤੇ ਉਹਨੂੰ ਗਲ ਨਾਲ ਲਾਉਂਦਾ ਹੋਇਆ ਬੋਲਿਆ-ਭਰਾਵਾ, ਤੂੰ ਦੀਵਾਨ ਦੇ ਇਮਤਿਹਾਨ ਵਿਚੋਂ ਪਾਸ ਹੋ ਗਿਆ ਏਂ। ਇਸ ਨੌਕਰੀ ਲਈ ਮੇਰੇ ਕੋਲ ਕਈ ਲੋਕ ਆਏ ਸਨ। ਉਨ੍ਹਾਂ ਸਾਰਿਆਂ ਨਾਲ ਮੈਂ ਇਸੇ ਤਰ੍ਹਾਂ ਕੀਤਾ ਸੀ। ਪਰ ਹੁਣ ਤਕ ਕੋਈ ਵੀ ਇਸ ਨਾਟਕ ਨੂੰ ਜ਼ਿਆਦਾ ਦੇਰ ਤਕ ਬਰਦਾਸ਼ਤ ਨਹੀਂ ਸੀ ਕਰ ਸਕਿਆ। ਕਈ ਲੋਕ ਤਾਂ ਮੈਨੂੰ ਪਾਗਲ ਕਹਿ ਕੇ ਹੀ ਭੱਜ ਗਏ ਸਨ। ਤੂੰ ਸ਼ਰਾਬੀ ਦੀ ਐਕਟਿੰਗ ਬਹੁਤ ਇ ਵਧੀਆ ਕੀਤੀ ਹੈ।ਤੂੰ ਇਹ ਸਾਬਤ ਕਰ ਦਿੱਤਾ ਹੈ ਕਿ ਤੂੰ ਮੇਰੀ ਗ਼ਲਤੀਆਂ ਨੂੰ ਹਜ਼ਮ ਨਹੀਂ ਕਰ ਸਕੇਂਗਾ। ਮੇਰੀਆਂ ਗ਼ਲਤੀਆਂ 'ਤੇ ਕਿੰਤੂ ਜ਼ਰੂਰ ਕਰੇਂਗਾ। ਮੈਨੂੰ ਜਿਸ ਤਰ੍ਹਾਂ ਦੇ ਦੀਵਾਨ ਦੀ ਤਲਾਸ਼ ਸੀ, ਉਹ ਅੱਜ ਪੂਰੀ ਹੋ ਗਈ ਹੈ। ਮੈਨੂੰ ਮੇਰੀ ਮਰਜ਼ੀ ਦਾ ਦੀਵਾਨ ਮਿਲ ਗਿਆ ਹੈ।”
“ਝੂਠ ! ਬਿਲਕੁਲ ਨਹੀਂ ਮਿਲਿਆ ਹੈ। ਮਨਮੌਜੀ ਨੇ ਜਵਾਬ ਦਿੱਤਾ। “ਕਿਉਂ ?” ਨਵਾਬ ਨੇ ਉਹਨੂੰ ਆਖਿਆ।
“ਇਸ ਲਈ ਕਿ ਮੈਂ ਤਾਂ ਇਕ ਲਾਪਰਵਾਹ ਅਤੇ ਮਨਮੌਜੀ ਆਦਮੀ ਹਾਂ। ਮੈਂ ਤੇਰੇ ਕੋਲ ਨੌਕਰੀ ਕਿਵੇਂ ਕਰ ਸਕਦਾ ਹਾਂ ?” ਮਨਮੌਜੀ ਨੇ ਜਵਾਬ ਦਿੱਤਾ।
ਨਵਾਬ ਨੇ ਹੱਸਦਿਆਂ ਆਖਿਆ–“ਕੋਈ ਗੱਲ ਨਹੀਂ, ਤੂੰ ਮੇਰੇ ਕੋਲ ਨੌਕਰੀ ਨਾ ਕਰ, ਪਰ ਤੂੰ ਮੇਰੇ ਕੋਲ ਮਹਿਮਾਨ ਦੇ ਤੌਰ 'ਤੇ ਤਾਂ ਰਹਿ ਸਕਦਾ ਏਂ ਨਾ। ਮੈਨੂੰ ਬਹੁਤ ਖ਼ੁਸ਼ੀ ਹੋਵੇਗੀ। ਤੇਰੇ ਵਰਗਾ ਸੱਚਾ ਇਨਸਾਨ ਮੈਨੂੰ ਹੋਰ ਕਿਥੋਂ ਮਿਲ ਸਕਦਾ ਏ, ਜਿਹੜਾ ਕਿ ਬਿਨਾਂ ਕਿਸੇ ਲਾਲਚ ਦੇ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿ ਸਕੇ।”
ਫਿਰ ਕੁਝ ਦੇਰ ਰੁਕ ਕੇ ਨਵਾਬ ਨੇ ਮਨਮੌਜੀ ਦੇ ਮੋਢੇ 'ਤੇ ਹੱਥ ਰੱਖਦਿਆਂ ਹੋਇਆਂ ਆਖਿਆ-“ਮੈਂ ਤਾਂ ਭੁੱਲ ਹੀ ਗਿਆ ਸਾਂ। ਆਓ, ਪਹਿਲਾਂ ਅਸੀਂ ਰੋਟੀ ਖਾ ਲਈਏ।”
ਫਿਰ ਮਨਮੌਜੀ ਅਤੇ ਨਵਾਬ ਨੇ ਖ਼ੁਸ਼ੀ-ਖ਼ੁਸ਼ੀ ਇਕੱਠੇ ਬਹਿ ਕੇ ਰੋਟੀ ਖਾਧੀ।ਉਸ ਤੋਂ ਬਾਅਦ ਮਨਮੌਜੀ ਨਵਾਬ ਦੇ ਕੋਲ ਹੀ ਰਹਿਣ ਲੱਗ ਪਿਆ।
ਉਹ ਉਹਨੂੰ ਨੇਕ ਸਲਾਹ ਦੇਂਦਾ, ਉਹਦੇ ਗ਼ਲਤ ਫ਼ੈਸਲਿਆਂ ਦਾ ਵਿਰੋਧ ਕਰਦਾ| ਇਹੋ ਜਿਹਾ ਸੀ ਮਨਮੌਜੀ।
0 Comments