Punjab Bed Time Story "ਕਲਿੰਗਰਾਜ ਦਾ ਅਭਿਆਨ" "Kalingraj Da Abhiyan" Punjabi Story for Kids, Dadi-Nani Diya Kahaniya.

ਕਲਿੰਗਰਾਜ ਦਾ ਅਭਿਆਨ 
Kalingraj Da Abhiyan



ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਕਲਿੰਗ ਦੇਸ਼ ਵਿਚ ਇਕ ਬੜਾ ਸੂਰਵੀਰ ਅਤੇ ਤਾਕਤਵਰ ਰਾਜਾ ਰਾਜ ਕਰਦਾ ਸੀ। ਉਹਦੇ ਕੋਲ ਬੜੀ ਚੁਸਤ ਤੇ ਚਲਾਕ ਸੈਨਾ ਸੀ। ਉਹ ਕਿਸੇ ਵੀ ਰਾਜੇ ਦੀ ਤਾਕਤ ਦੀ ਪ੍ਰਸੰਸਾ ਸੁਣ ਕੇ ਨਫ਼ਰਤ ਨਾਲ ਭਰ ਜਾਂਦਾ ਸੀ ਅਤੇ ਉਹਦੇ ਮਨ ਵਿਚ ਇੱਛਾ ਜਾਗਦੀ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਉਸ ਰਾਜੇ ਨਾਲ ਯੁੱਧ ਕਰਕੇ ਉਹਦੀ ਮਾਣ- ਮਰਿਆਦਾ ਨੂੰ ਖੰਡਤ ਕੀਤਾ ਜਾਵੇ ਅਤੇ ਜਦੋਂ ਤਕ ਉਹ ਅਜਿਹਾ ਕਰ ਨਹੀਂ ਸੀ ਲੈਂਦਾ, ਉਹਨੂੰ ਚੈਨ ਨਹੀਂ ਸੀ ਆਉਂਦਾ। ਇਹੋ ਕਾਰਨ ਸੀ ਕਿ ਸਾਰੀ ਧਰਤੀ ਉੱਤੇ ਉਹਦਾ ਦਬਦਬਾ ਕਾਇਮ ਹੋ ਗਿਆ।ਕੁਝ ਰਾਜਿਆਂ ਨੂੰ ਉਹਨੇ ਯੁੱਧ ਵਿਚ ਹਰਾ ਦਿੱਤਾ ਤੇ ਕਈਆਂ ਨੇ ਬਿਨਾਂ ਯੁੱਧ ਕੀਤਿਆਂ ਹੀ ਹਾਰ ਮੰਨ ਲਈ। ਇਸ ਤਰ੍ਹਾਂ ਸਾਰੇ ਰਾਜਿਆਂ ਨੇ ਨਾ ਸਿਰਫ਼ ਉਹਦੀ ਤਾਕਤ ਦਾ ਲੋਹਾ ਹੀ ਮੰਨਿਆ ਸਗੋਂ ਉਹਨੂੰ ਆਪਣਾ ਸ਼ਿਰੋਮਣੀ ਰਾਜਾ ਵੀ ਮੰਨ ਲਿਆ।

ਇਸੇ ਤਰ੍ਹਾਂ ਕਾਫ਼ੀ ਸਮਾਂ ਲੰਘ ਗਿਆ। ਹੁਣ ਰਾਜਾ ਯੁੱਧ ਕਰੇ ਤਾਂ ਕੀਹਦੇ ਨਾਲ ਕਰੇ ? ਯੁੱਧ ਤੋਂ ਬਿਨਾਂ ਤਾਂ ਉਹਨੂੰ ਇਕ ਪਲ ਵੀ ਚੈਨ ਨਹੀਂ ਸੀ ਆਉਂਦਾ। ਯੁੱਧ ਤਾਂ ਜਿਵੇਂ ਉਹਦੀ ਆਦਤ ਬਣ ਚੁੱਕਾ ਸੀ, ਯੁੱਧ ਉਹਦੀ ਖੁਰਾਕ ਵਿਚ ਸ਼ਾਮਲ ਹੋ ਚੁੱਕਾ ਸੀ। ਪਰ ਹੁਣ ਉਹ ਯੁੱਧ ਕੀਹਦੇ ਨਾਲ ਕਰੇ ? ਕਹਿੰਦੇ ਹਨ, ਜਿਉਂ ਜਿਉਂ ਇਨਸਾਨ ਦੀ ਇੱਛਾ ਵਧਦੀ ਜਾਂਦੀ ਹੈ, ਤਿਉਂ- ਤਿਉਂ ਉਹਦੀ ਤ੍ਰਿਸ਼ਨਾ ਵੀ ਵਧਦੀ ਜਾਂਦੀ ਹੈ। ਤ੍ਰਿਸ਼ਨਾ ਦਾ ਕੋਈ ਅੰਤ ਨਹੀਂ ਹੁੰਦਾ। ਇਹੋ ਹਾਲ ਕਲਿੰਗਰਾਜ ਦਾ ਸੀ। ਏਨਾ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਵੀ ਉਹਦੇ ਮਨ ਵਿਚ ਹੋਰ ਤਾਕਤ ਹਾਸਿਲ ਕਰਨ ਦੀ ਲਾਲਸਾ ਸੀ। ਉਹਦੇ ਅੰਦਰ ਅਜਿਹਾ ਹੰਕਾਰ ਸੀ ਜਿਹੜਾ ਕਿਸੇ ਨੂੰ ਆਪਣੇ ਅੱਗੇ ਝੁਕਾ ਕੇ ਹੀ ਸੰਤੁਸ਼ਟ ਹੁੰਦਾ ਹੈ। ਜਦੋਂ ਕੋਈ ਰਾਜਾ ਉਹਦੇ ਸਾਹਮਣੇ ਬੰਦੀ ਬਣ ਕੇ ਝੁਕਦਾ ਤਾਂ ਉਹਨੂੰ ਬੜੀ ਖ਼ੁਸ਼ੀ ਮਿਲਦੀ, ਪਰ ਹੁਣ ਕਾਫ਼ੀ ਸਮੇਂ ਤੋਂ ਇੰਝ ਨਹੀਂ ਸੀ ਹੋਇਆ। ਇਹੋ ਕਾਰਨ ਸੀ ਕਿ ਕਲਿੰਗਰਾਜ ਯੁੱਧ ਕਰਨ ਲਈ ਛਟਪਟਾਉਣ ਲੱਗ ਪਿਆ।

ਉਹਨੇ ਚਾਰੇ ਪਾਸੇ ਆਪਣੇ ਸੈਨਿਕ ਭੇਜੇ ਕਿ ਜਿਥੇ ਕਿਤੇ ਵੀ ਬੁਰਾਈ ਹੋ ਰਹੀ ਹੋਵੇ ਜਾਂ ਕੋਈ ਰਾਜਾ ਉਹਦੇ ਖ਼ਿਲਾਫ਼ ਕੋਈ ਚਾਲ ਚੱਲ ਰਿਹਾ ਹੋਵੇ ਤਾਂ ਤੁਰੰਤ ਮੈਨੂੰ ਆ ਕੇ ਸੂਚਿਤ ਕਰੋ ਤਾਂ ਕਿ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਦੇ ਨਾਲ ਯੁੱਧ ਕਰ ਸਕੇ ।

ਹਨੇਰੀ- -ਤੂਫ਼ਾਨ ਦੀ ਪਰਵਾਹ ਕੀਤੇ ਬਿਨਾਂ ਸੈਨਿਕ ਚਾਰੇ ਦਿਸ਼ਾਵਾਂ ਵਿਚ ਫੈਲ ਗਏ ਪਰ ਛੇਤੀ ਹੀ ਵਾਪਸ ਆ ਗਏ। ਕਿਸੇ ਵੀ ਰਾਜ ਵਿਚ ਉਹਨਾਂ ਨੂੰ ਕੋਈ ਦੋਸ਼ ਨਜ਼ਰ ਨਾ ਆਇਆ। ਇਹ ਸਮਾਚਾਰ ਸੁਣ ਕੇ ਕਲਿੰਗਰਾਜ ਹੋਰ ਵੀ ਜ਼ਿਆਦਾ ਪ੍ਰੇਸ਼ਾਨ ਹੋ ਗਿਆ। ਉਹਦਾ ਮਨ ਬੇਚੈਨ ਰਹਿਣ ਲੱਗ ਪਿਆ।ਰਾਜ ਵਿਚ ਖ਼ੁਸ਼ਹਾਲੀ ਅਤੇ ਸੁਖ-ਸ਼ਾਂਤੀ ਹੋਣ ਦੇ ਬਾਵਜੂਦ ਵੀ ਉਹ ਆਪਣੇ-ਆਪ ਨੂੰ ਉਦਾਸ ਮਹਿਸੂਸ ਕਰ ਰਿਹਾ ਸੀ। ਅਖ਼ੀਰ ਵਿਚ ਜਦੋਂ ਉਹਦੀ ਬੇਚੈਨੀ ਚਰਮ ਸੀਮਾ 'ਤੇ ਪੁੱਜ ਗਈ ਤਾਂ ਉਹਨੇ ਆਪਣੇ ਮੰਤਰੀਆਂ ਦੀ ਇਕ ਸਭਾ ਸੱਦੀ ਅਤੇ ਆਖਿਆ—“ਮੰਤਰੀਓ ! ਮੈਂ ਵਿਹਲਾ ਬਹਿ ਕੇ ਥੱਕ ਗਿਆ ਹਾਂ। ਮੈਂ ਯੁੱਧ ਕਰਨਾ ਚਾਹੁੰਦਾ ਹਾਂ...ਯੁੱਧ ! ਪਰ ਮੈਂ ਯੁੱਧ ਕਰਾਂ ਕੀਹਦੇ ਨਾਲ ? ਕੀ ਤੁਸੀਂ ਕੋਈ ਅਜਿਹੀ ਯੋਜਨਾ ਨਹੀਂ ਬਣਾ ਸਕਦੇ ਕਿ ਅਸੀਂ ਕਿਸੇ ਰਾਜੇ ਨਾਲ ਛੇਤੀ ਹੀ ਯੁੱਧ ਕਰ ਸਕੀਏ।”

“ਮਹਾਰਾਜ !”ਮਹਾਂਮੰਤਰੀ ਨੇ ਉੱਠ ਕੇ ਆਖਿਆ—ਯੁੱਧ ਕਰਨ ਦਾ ਕੋਈ ਕਾਰਨ ਹੁੰਦਾ ਹੈ। ਏਥੇ ਤਾਂ ਸਭ ਠੀਕ ਹੈ...ਏਥੇ ਹੀ ਨਹੀਂ ਬਲਕਿ ਦੂਰ- ਦੁਰਾਡੇ ਦੇਸ਼ਾਂ ਦੇ ਰਾਜੇ ਵੀ ਤੁਹਾਡੀ ਤਾਕਤ ਦਾ ਲੋਹਾ ਮੰਨਦੇ ਅਤੇ ਤੁਹਾਡਾ ਨਾਂ ਸੁਣ ਕੇ ਹੀ ਨਤਮਸਤਕ ਹੋ ਜਾਂਦੇ ਹਨ। ਨੀਤੀ ਦੇ ਅਨੁਸਾਰ ਜਿਹੜੇ ਤੁਹਾਡੀ ਤਾਕਤ ਦਾ ਬਿਨਾਂ ਯੁੱਧ ਕੀਤਿਆਂ ਹੀ ਲੋਹਾ ਮੰਨਦੇ ਹਨ, ਜਿਹੜੇ ਤੁਹਾਡੇ ਸਾਹਮਣੇ ਖ਼ੁਦ ਨੂੰ ਤੁੱਛ ਸਮਝਦੇ ਹਨ, ਉਹਨਾਂ ਨਾਲ ਯੁੱਧ ਕਰਨਾ ਅਨਿਆਇ ਹੋਵੇਗਾ। ਇਸ ਤਰ੍ਹਾਂ ਤੁਹਾਡੀ ਬੇਇੱਜ਼ਤੀ ਹੋਵੇਗੀ, ਮਹਾਰਾਜ !” “ਤੁਸੀਂ ਹੀ ਦੱਸੋ ਮੰਤਰੀ ਜੀ ! ਅਸੀਂ ਕੀ ਕਰੀਏ। ਯੁੱਧ ਕਰਨ ਤੋਂ ਬਿਨਾਂ ਮੈਂ ਬੇਚੈਨ ਹੋ ਗਿਆ ਹਾਂ ਅਤੇ ਬਿਨਾਂ ਕਾਰਨ ਯੁੱਧ ਕਰਨ ਨੂੰ ਤੁਸੀਂ ਜਾਇਜ਼ ਨਹੀਂ ਮੰਨਦੇ।” ਬੇਚੈਨ ਹੋ ਕੇ ਕਲਿੰਗਰਾਜ ਨੇ ਆਖਿਆ-‘ਆਖ਼ਿਰਕਾਰ ਮੇਰੀ ਇਹ ਇੱਛਾ ਪੂਰੀ ਕਿਵੇਂ ਹੋਵੇਗੀ। ਕਿੰਨਾ ਸਮਾਂ ਲੰਘ ਗਿਆ ਏ ਮੈਨੂੰ ਕੋਈ ਯੁੱਧ ਲੜਿਆਂ। ਆਖ਼ਿਰਕਾਰ ਕਦੋਂ ਤਕ ਮੈਂ ਹੱਥ 'ਤੇ ਹੱਥ ਧਰ ਕੇ ਬੈਠਾ ਰਹਾਂਗਾ। ਕੀ ਤੁਸੀਂ ਲੋਕ ਯੁੱਧ ਵਾਸਤੇ ਕੋਈ ਕਾਰਨ ਪੈਦਾ ਨਹੀਂ ਕਰ ਸਕਦੇ ?”

ਯੁੱਧ ਦੀਆਂ ਪਰਿਸਥਿਤੀਆਂ ਪੈਦਾ ਕਰਨ ਦਾ ਇਕ ਉਪਾਅ ਹੈ, ਮਹਾਰਾਜ !” ਇਕ ਮੰਤਰੀ ਨੇ ਆਖਿਆ।

“ਕੀ...ਕੀ ਉਪਾਅ ਹੈ ? ਛੇਤੀ ਦੱਸ।”

“ਮਹਾਰਾਜ ! ਤੁਹਾਡੀਆਂ ਕੁੜੀਆਂ ਬਹੁਤ ਸੋਹਣੀਆਂ ਹਨ। ਵੱਡੇ ਵੱਡੇ ਰਾਜਿਆਂ ਦੀ ਇੱਛਾ ਹੈ ਕਿ ਤੁਹਾਡੀਆਂ ਕੁੜੀਆਂ ਨਾਲ ਵਿਆਹ ਕਰਵਾ ਕੇ ਤੁਹਾਡੇ ਨਾਲ ਰਿਸ਼ਤਾ ਜੋੜ ਸਕਣ। ਪਰ ਤੁਹਾਡੇ ਡਰ ਕਾਰਨ ਕੋਈ ਆਪਣੇ ਮੂੰਹੋਂ ਇਹ ਗੱਲ ਨਹੀਂ ਕਹਿੰਦਾ। ਤੁਸੀਂ ਰਾਜਕੁਮਾਰੀਆਂ ਨੂੰ ਰਥ ਵਿਚ ਬਿਠਾ ਕੇ ਰਥ ਦੇ ਚਾਰੇ ਪਾਸੇ ਇਕ ਪਰਦਾ ਲਗਵਾ ਦਿਉ ਅਤੇ ਰਥ ਚਾਲਕ ਨੂੰ ਆਖੋ ਕਿ ਉਹ ਰੱਥ ਨੂੰ ਚਾਰੇ ਪਾਸੇ ਘੁੰਮਾ ਦੇਵੇ ਅਤੇ ਨਾਲ ਹੀ ਇਕ ਵਿਅਕਤੀ ਕੋਲੋਂ ਮੁਨਾਦੀ ਕਰਵਾ ਦਿਉ ਕਿ ਜਿਹੜਾ ਵੀ ਸੱਚਾ ਮਰਦ ਹੈ, ਉਹ ਕਲਿੰਗ ਰਾਜਕੁਮਾਰੀਆਂ ਨੂੰ ਆਪਣੀ ਪਤਨੀ ਬਣਾ ਸਕਦਾ ਹੈ। ਪਰ ਉਹਨੂੰ ਆਪਣੀ ਮਰਦਾਨਗੀ ਸਾਬਤ ਕਰਨ ਲਈ ਕਲਿੰਗਰਾਜ ਨਾਲ ਯੁੱਧ ਕਰਨਾ ਪਵੇਗਾ। ਮੇਰਾ ਖ਼ਿਆਲ ਹੈ ਇਸ ਲਾਲਚ ਵਿਚ ਆ ਕੇ ਜ਼ਰੂਰ ਹੀ ਕੋਈ ਨਾ ਕੋਈ ਤੁਹਾਡੇ ਨਾਲ ਯੁੱਧ ਕਰਨ ਲਈ ਤਿਆਰ ਹੋ ਜਾਵੇਗਾ |

“ਵਾਹ ! ਇਹ ਤਾਂ ਕਮਾਲ ਦੀ ਸਕੀਮ ਹੈ। ਇੰਝ ਤਾਂ ਮੇਰੇ ਉੱਪਰ ਕਿਸੇ ਨੂੰ ਲਲਕਾਰ ਕੇ ਕਿਸੇ ਨਿਰਦੋਸ਼ ਨਾਲ ਯੁੱਧ ਕਰਨ ਦਾ ਦੋਸ਼ ਵੀ ਨਹੀਂ ਲੱਗੇਗਾ ਤੇ ਮੇਰੀ ਮਨ ਦੀ ਇੱਛਾ ਵੀ ਪੂਰੀ ਹੋ ਜਾਵੇਗੀ।” ਕਲਿੰਗਰਾਜ ਖ਼ੁਸ਼ ਹੋ ਗਿਆ—“ਮਹਾਂਮੰਤਰੀ ਜੀ! ਕੱਲ੍ਹ ਹੀ ਰਾਜਕੁਮਾਰੀਆਂ ਨੂੰ ਭੇਜ ਦਿਉ।”

ਅਗਲੇ ਦਿਨ ਕਲਿੰਗ ਰਾਜਕੁਮਾਰੀਆਂ ਨੂੰ ਰੱਥ ਵਿਚ ਬਿਠਾ ਕੇ ਰਵਾਨਾ ਕਰ ਦਿੱਤਾ ਗਿਆ।ਰਾਜਕੁਮਾਰੀਆਂ ਦੇ ਨਾਲ ਸੈਨਾ ਦੀ ਇਕ ਟੁਕੜੀ ਅਤੇ ਰਾਜ ਦੇ ਕੁਝ ਪ੍ਰਮੁੱਖ ਸੇਵਾਦਾਰ ਵੀ ਸਨ। ਉਹ ਹਰੇਕ ਰਾਜ ਵਿਚ ਜਾ ਕੇ ਮੁਨਾਦੀ ਕਰਦੇ, ਪਰ ਕਿਸੇ ਵੀ ਰਾਜੇ ਨੇ ਕਲਿੰਗਰਾਜ ਦੀ ਸ਼ਰਤ ਉੱਤੇ ਉਨ੍ਹਾਂ ਰਾਜਕੁਮਾਰੀਆਂ ਨਾਲ ਵਿਆਹ ਕਰਾਉਣ ਦੀ ਇੱਛਾ ਨਹੀਂ ਜਤਾਈ। ਪੂਰੇ ਜੰਬੂਦੀਪ ਦਾ ਚੱਕਰ ਲਾ ਕੇ ਕਲਿੰਗ ਰਾਜਕੁਮਾਰੀਆਂ ਦਾ ਰੱਥ ਅਸਕਰਾਜ ਵੱਲ ਚੱਲ ਪਿਆ। ਅਸਕਰਾਜ ਨੂੰ ਆਪਣੇ ਜਾਸੂਸਾਂ ਰਾਹੀਂ ਪਹਿਲਾਂ ਹੀ ਇਹ ਸੂਚਨਾ ਮਿਲ ਚੁੱਕੀ ਸੀ। ਅਖ਼ੀਰ ਉਹਨਾਂ ਨੇ ਰੱਥ ਨੂੰ ਨਗਰ ਵਿਚ ਵੜਨ ਤੋਂ ਪਹਿਲਾਂ ਹੀ ਤੋਹਫੇ ਵਗੈਰਾ ਦੇ ਕੇ ਨਗਰ ਦੇ ਦੁਆਰ ਬੰਦ ਕਰਵਾ ਕੇ ਚੈਨ ਦਾ ਸਾਹ ਲਿਆ।ਰਾਜੇ ਦਾ ਇਸ ਤਰ੍ਹਾਂ ਭੈਭੀਤ ਹੋ ਕੇ ਤੋਹਫ਼ੇ ਭੇਜਣਾ ਅਤੇ ਦੁਆਰ ਬੰਦ ਕਰਨ ਲੈਣਾ ਅਸਕਰਾਜ ਦੇ ਮੰਤਰੀ ਨੰਦਸੇਨ ਨੂੰ ਬਹੁਤ ਬੁਰਾ ਲੱਗਾ ।

ਕਲਿੰਗਰਾਜ ਦੀ ਘੋਸ਼ਣਾ ਨੇ ਤਾਂ ਉਹਨੂੰ ਹੋਰ ਵੀ ਜ਼ਿਆਦਾ ਬੇਚੈਨ ਕਰ ਦਿੱਤਾ ਸੀ। ਉਹ ਅਸਕਰਾਜ ਦੇ ਰਾਜੇ ਨੂੰ ਕਹਿਣ ਲੱਗਾ-‘ਮਹਾਰਾਜ ! ਨਮਰਦ ਦਾ ਕਲੰਕ ਲਵਾ ਕੇ ਜੀਣ ਨਾਲੋਂ ਤਾਂ ਯੁੱਧ ਵਿਚ ਮਰ ਕੇ ਸ਼ਹੀਦੀ ਹੋ ਜਾਣਾ ਕਿਤੇ ਚੰਗਾ ਹੈ। ਮੇਰੀ ਬੇਨਤੀ ਹੈ ਕਿ ਤੁਸੀਂ ਉਨ੍ਹਾਂ ਰਾਜਕੁਮਾਰੀਆਂ ਨੂੰ ਰਾਜਮਹੱਲ ਵਿਚ ਬੁਲਾ ਕੇ ਕਲਿੰਗਰਾਜ ਦੀ ਚੁਣੌਤੀ ਸਵੀਕਾਰ ਕਰੋ ਤਾਂ ਕਿ ਉਨ੍ਹਾਂ ਨੂੰ ਪਤਾ ਲੱਗੇ ਕਿ ਇਸ ਧਰਤੀ ਉੱਤੇ ਵੀ ਸੂਰਬੀਰ ਰਹਿੰਦੇ ਹਨ। ਜੇਕਰ ਤੁਸੀਂ ਜਿੱਤ ਗਏ ਤਾਂ ਸਾਰੀ ਦੁਨੀਆ ਵਿਚ ਤੁਹਾਡੀ ਬਹਾਦਰੀ ਦੇ ਚਰਚੇ ਹੋਣਗੇ ਅਤੇ ਜੇਕਰ ਤੁਸੀਂ ਹਾਰ ਗਏ ਤਾਂ ਫਿਰ ਵੀ ਅਸੀਂ ਬਹਾਦੁਰ ਤਾਂ ਅਖਵਾਵਾਂਗੇ ਹੀ। ਯੁੱਧ ਵਿਚ ਹਾਰਨਾ ਅਲੱਗ ਗੱਲ ਹੈ ਪਰ ਵਿਆਹ ਕਰਵਾਉਣ ਲਈ ਬੂਹੇ 'ਤੇ ਆਈਆਂ ਰਾਜਕੁਮਾਰੀਆਂ ਨੂੰ ਮੋੜਨਾ ਤਾਂ ਬੜੀ ਸ਼ਰਮਿੰਦਗੀ ਵਾਲੀ ਗੱਲ ਹੈ।’”

ਆਪਣੇ ਮੰਤਰੀ ਦੀਆਂ ਗੱਲਾਂ ਸੁਣ ਕੇ ਰਾਜਾ ਬਹੁਤ ਪ੍ਰਭਾਵਿਤ ਹੋਇਆ ਅਤੇ ਉਹਦੀ ਮਰਦਾਨਗੀ ਵੀ ਜਾਗ ਪਈ। ਉਹਨੇ ਤੁਰੰਤ ਰਾਜਕੁਮਾਰੀਆਂ ਨੂੰ ਬੜੇ ਆਦਰ ਸਤਿਕਾਰ ਨਾਲ ਮਹੱਲ ਵਿਚ ਬੁਲਾਇਆ ਅਤੇ ਉਸੇ ਵਕਤ ਕਲਿੰਗਰਾਜ ਨੂੰ ਇਸ ਗੱਲ ਦੀ ਸੂਚਨਾ ਘੱਲ ਦਿੱਤੀ।

ਕਲਿੰਗਰਾਜ ਤਾਂ ਯੁੱਧ ਕਰਨ ਵਾਸਤੇ ਪਹਿਲਾਂ ਹੀ ਬੇਚੈਨ ਹੋ ਰਿਹਾ ਸੀ। ਅਖ਼ੀਰ ਇਹ ਸੂਚਨਾ ਸੁਣਦਿਆਂ ਹੀ ਉਹਨੇ ਆਪਣੀ ਚੁਸਤ ਸੈਨਾ ਤਿਆਰ ਕੀਤੀ ਅਤੇ ਯੁੱਧ ਵਾਸਤੇ ਤਿਆਰੀ ਕੱਸ ਲਈ।

ਉਹਦੀ ਸੈਨਾ ਗਰਜਦੀ ਅਤੇ ਮਿੱਟੀ ਉਡਾਉਂਦੀ ਹੋਈ ਜਦੋਂ ਉਸ ਰਾਜ ਦੀ ਸੀਮਾ ਦੇ ਕੋਲ ਪਹੁੰਚੀ ਤਾਂ ਨੰਦਸੇਨ ਨੇ ਆਪਣੇ ਦੂਤ ਨੂੰ ਕਲਿੰਗਰਾਜ ਦੇ ਕੋਲ ਇਹ ਕਹਿ ਕੇ ਭੇਜਿਆ ਕਿ ਦੋਹਾਂ ਦਲਾਂ ਨੂੰ ਆਪਣੀ-ਆਪਣੀ ਸੀਮਾਂ ਵਿਚ ਰਹਿ ਕੇ ਕੇਂਦਰੀ ਮੈਦਾਨ ਵਿਚ ਯੁੱਧ ਕਰਨਾ ਚਾਹੀਦਾ ਹੈ। ਕਲਿੰਗਰਾਜ ਨੇ ਇਸ ਗੱਲ ਨੂੰ ਮੰਨ ਕੇ ਆਪਣੀ ਸੈਨਾ ਨੂੰ ਉਥੇ ਹੀ ਰੋਕ ਲਿਆ।

ਯੁੱਧ ਭੂਮੀ ਦੇ ਨੇੜੇ ਹੀ ਇਕ ਤਪੱਸਵੀ ਮਹਾਤਮਾ ਦੀ ਕੁਟੀਆ ਸੀ। ਇਕ ਦਿਨ ਕਲਿੰਗਰਾਜ ਭੇਸ ਬਦਲ ਕੇ ਮਹਾਤਮਾ ਜੀ ਨੂੰ ਮਿਲਿਆ। ਉਹਨੇ ਮਹਾਤਮਾ ਜੀ ਨੂੰ ਯੁੱਧ ਦੇ ਸੰਬੰਧ ਵਿਚ ਭਵਿੱਖਬਾਣੀ ਕਰਨ ਦੀ ਬੇਨਤੀ ਕੀਤੀ। ਹਾਲਾਂਕਿ ਉਹਨੂੰ ਇਸ ਗੱਲ ਦੀ ਆਸ ਸੀ ਕਿ ਜਿੱਤ ਉਸੇ ਦੀ ਹੋਵੇਗੀ ਪਰ ਫਿਰ ਵੀ ਉਹ ਇਹ ਗੱਲ ਉਸ ਮਹਾਤਮਾ ਦੇ ਮੂੰਹੋਂ ਸੁਣਨਾ ਚਾਹੁੰਦਾ ਸੀ। ਮਹਾਤਮਾ ਜੀ ਉਸੇ ਵਕਤ ਇਸ ਸੰਬੰਧ ਵਿਚ ਕੁਝ ਨਾ ਦੱਸ ਸਕੇ। ਉਨ੍ਹਾਂ ਨੇ ਕਲਿੰਗਰਾਜ ਨੂੰ ਅਗਲੇ ਦਿਨ ਆਉਣ ਵਾਸਤੇ ਆਖਿਆ। ਉਹ ਚਲਾ ਗਿਆ। ਰਾਤ ਨੂੰ ਮਹਾਤਮਾ ਨੇ ਇੰਦਰ ਨੂੰ ਬੁਲਾ ਕੇ ਪੁੱਛਿਆ- ਹੋਣ ਵਾਲੇ ਯੁੱਧ ਵਿਚ ਜਿੱਤ ਕੀਹਦੀ ਹੋਵੇਗੀ ਅਤੇ ਜਿੱਤਣ ਅਤੇ ਹਾਰਨ ਵਾਲੇ ਵੱਲੋਂ ਕਿਹੜੇ ਲੱਛਣ ਵੇਖਣ ਨੂੰ ਮਿਲਣਗੇ ?”

ਇੰਦਰ ਹੋਣ ਵਾਲੇ ਯੁੱਧ ਦਾ ਨਤੀਜਾ ਦੱਸ ਕੇ ਚਲਾ ਗਿਆ। ਅਗਲੇ ਦਿਨ ਕਲਿੰਗਰਾਜ ਭੇਸ ਬਦਲ ਕੇ ਆਪਣੇ ਪ੍ਰਸ਼ਨ ਦਾ ਜਵਾਬ ਪੁੱਛਣ ਆਇਆ। ਮਹਾਤਮਾ ਜੀ ਨੇ ਸਹਿਜ ਭਾਵ ਨਾਲ ਆਖਿਆ-‘ਇਸ ਯੁੱਧ ਵਿਚ ਕਲਿੰਗਰਾਜ ਦੀ ਜਿੱਤ ਹੋਵੇਗੀ ਅਤੇ ਅਸਕਰਾਜ ਦੀ ਹਾਰ ਹੋਵੇਗੀ।”

ਮਹਾਤਮਾ ਦੇ ਮੂੰਹੋਂ ਇਹ ਗੱਲ ਸੁਣਦਿਆਂ ਹੀ ਕਲਿੰਗਰਾਜ ਖ਼ੁਸ਼ੀ ਨਾਲ ਨੱਚਣ ਲੱਗ ਪਿਆ। ਉਹ ਬਿਨਾਂ ਹੋਰ ਕੁਝ ਪੁੱਛਿਆਂ ਹੀ ਉਥੋਂ ਵਾਪਸ ਚਲਾ ਗਿਆ।ਆਪਣੇ ਡੇਰੇ 'ਤੇ ਪੁੱਜਦਿਆਂ ਹੀ ਉਹਨੇ ਇਸ ਭਵਿੱਖਬਾਣੀ ਦਾ ਪ੍ਚਾਰ ਕਰਨਾ ਸ਼ੁਰੂ ਕਰ ਦਿੱਤਾ। ਹੁੰਦੀ-ਹੁੰਦੀ ਇਹ ਗੱਲ ਅਸਕਰਾਜ ਦੇ ਕੰਨਾਂ ਤਕ ਵੀ ਪਹੁੰਚ ਗਈ।ਉਹ ਪਹਿਲਾਂ ਹੀ ਡਰਿਆ ਬੈਠਾ ਸੀ ਅਤੇ ਇਹ ਗੱਲ ਸੁਣ ਕੇ ਤਾਂ ਉਹ ਬਿਲਕੁਲ ਹੀ ਪ੍ਰੇਸ਼ਾਨ ਹੋ ਗਿਆ।

ਅਸਕਰਾਜ ਦਾ ਮਨੋਬਲ ਭਾਵੇਂ ਟੁੱਟ ਰਿਹਾ ਸੀ ਪਰ ਉਹਦਾ ਮੰਤਰੀ ਅਜਿਹੀਆਂ ਗੱਲਾਂ ਵਿਚ ਆ ਕੇ ਹਿੰਮਤ ਹਾਰਨ ਵਾਲਾ ਨਹੀਂ ਸੀ। ਮਨ ਹੀ ਮਨ ਉਹਨੇ ਦ੍ਰਿੜੁ ਫ਼ੈਸਲਾ ਕੀਤਾ ਹੋਇਆ ਸੀ ਕਿ ਭਾਵੇਂ ਕੁਝ ਵੀ ਹੋ ਜਾਵੇ, ਇਸ ਵਾਰ ਕਲਿੰਗਰਾਜ ਨੂੰ ਹਰਾ ਕੇ ਹੀ ਛੱਡਣਾ ਹੈ। ਕਲਿੰਗਰਾਜ ਦੁਆਰਾ ਫੈਲਾਈ ਇਸ ਗੱਲ ਦੀ ਜਾਂਚ ਕਰਾਉਣ ਲਈ ਰਾਤ ਨੂੰ ਨੰਦਸੇਨ ਖ਼ੁਦ ਉਸ ਤਪੱਸਵੀ ਮਹਾਤਮਾ ਦੇ ਕੋਲ ਗਿਆ। ਉਹਦੇ ਪੁੱਛਣ 'ਤੇ ਵੀ ਮਹਾਤਮਾ ਜੀ ਨੇ ਉਹੀ ਗੱਲ ਆਖੀ, ਜਿਹੜੀ ਕਲਿੰਗਰਾਜ ਨੂੰ ਆਖੀ ਸੀ। ਫਿਰ ਮੰਤਰੀ ਨੇ ਪੁੱਛਿਆ—ਮਹਾਰਾਜ, ਯੁੱਧ ਵਿਚ ਜਿੱਤਣ ਅਤੇ ਹਾਰਨ ਵਾਲੇ ਵੱਲੋਂ ਕਿਹੜੇ ਸ਼ੁਭ-ਅਸ਼ੁਭ ਲੱਛਣ ਦਿਖਾਈ ਦੇਣਗੇ ??”

ਮਹਾਤਮਾ ਜੀ ਬੋਲੇ—“ਅਸਕਰਾਜ ਨੂੰ ਦੂਸਰੇ ਪਾਸੇ ਚਿੱਟਾ ਬਲਦ ਨਜ਼ਰ ਆਵੇਗਾ।ਉਹ ਅਸਲ ਵਿਚ ਕਲਿੰਗਰਾਜ ਦਾ ਰੱਖਿਅਕ ਦੇਵਤਾ ਹੋਵੇਗਾ ਅਤੇ ਕਲਿੰਗਰਾਜ ਦੇ ਦੂਸਰੇ ਪਾਸੇ ਇਕ ਕਾਲਾ ਬਲਦ ਹੋਵੇਗਾ ਜਿਹੜਾ ਅਸਲ ਵਿਚ ਅਸਕਰਾਜ ਦਾ ਕਾਲ ਹੋਵੇਗਾ।”

ਨੰਦਸੇਨ ਉਥੋਂ ਚਲਾ ਗਿਆ। ਇਸ ਭਵਿੱਖਬਾਣੀ ਨਾਲ ਉਹ ਨਿਰਾਸ਼ ਨਹੀਂ ਹੋਇਆ। ਉਹਨੇ ਇਕ ਹਜ਼ਾਰ ਚੁਣੇ ਹੋਏ ਸੈਨਿਕਾਂ ਨੂੰ ਆਪਣੇ ਕੋਲ ਬੁਲਾਇਆ। ਉਹਨੇ ਕਈ ਤਰ੍ਹਾਂ ਨਾਲ ਸੈਨਿਕਾਂ ਦਾ ਇਮਤਿਹਾਨ ਲਿਆ ਅਤੇ ਪਰਖਿਆ ਕਿ ਉਹ ਮਹਾਰਾਜ ਵਾਸਤੇ ਕੀ ਕਰ ਸਕਦੇ ਹਨ। ਕਈ ਤਰ੍ਹਾਂ ਨਾਲ ਉਨ੍ਹਾਂ ਦਾ ਇਮਤਿਹਾਨ ਲੈਣ ਤੋਂ ਬਾਅਦ ਨੰਦਸੇਨ ਸੰਤੁਸ਼ਟ ਹੋ ਕੇ ਬੋਲਿਆ-‘ਹੁਣ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਤੁਸੀਂ ਲੋਕ ਮੌਕਾ ਮਿਲਦਿਆਂ ਹੀ ਆਤਮ-ਬਲੀਦਾਨ ਕਰਨ ਲਈ ਤਿਆਰ ਹੋ ਜਾਵੋਗੇ। ਤੁਸੀਂ ਇਸ ਭਾਵ ਨਾਲ ਯੁੱਧ ਲੜਨਾ ਕਿ ਤੁਹਾਡੇ ਅੰਦਰੋਂ ਮਰਨ ਦਾ ਡਰ ਹੀ ਮੁੱਕ ਜਾਵੇ।”

ਮਿਥੀ ਹੋਈ ਤਰੀਕ 'ਤੇ ਯੁੱਧ ਆਰੰਭ ਹੋ ਗਿਆ। ਕਲਿੰਗਰਾਜ ਭਵਿੱਖਬਾਣੀ 'ਤੇ ਪੂਰਾ ਵਿਸ਼ਵਾਸ ਕਰਕੇ ਪਹਿਲਾਂ ਤੋਂ ਹੀ ਆਪਣੀ ਜਿੱਤ ਮੰਨੀ ਬੈਠਾ ਸੀ, ਇਸ ਲਈ ਉਹਨੇ ਜਿੱਤ ਲਈ ਕੋਈ ਵਿਸ਼ੇਸ਼ ਕੋਸ਼ਿਸ਼ ਨਹੀਂ ਕੀਤੀ। ਜਦ ਕਿ ਅਸਕਰਾਜ ਆਪਣੇ ਬਚਾਅ ਲਈ ਪੂਰੀ ਤਾਕਤ ਨਾਲ ਯੁੱਧ ਲੜ ਰਿਹਾ ਸੀ। ਜਦ-ਜਦ ਉਹਦੇ ਸੈਨਿਕ ਥੱਕੇ ਹੋਏ ਨਜ਼ਰ ਆਉਂਦੇ, ਨੰਦਸੇਨ ਮਗਰੋਂ ਉਨ੍ਹਾਂ ਦੀ ਹਿੰਮਤ ਵਧਾਉਣ ਲੱਗ ਜਾਂਦਾ। ਖ਼ੁਦ ਉਹ ਵੀ ਬੜੀ ਚਤੁਰਾਈ ਨਾਲ ਯੁੱਧ ਲੜ ਰਿਹਾ ਸੀ। ਗਹਿ ਗੱਚ ਟੱਕਣ ਹੋਣ ਦੇ ਬਾਵਜੂਦ ਵੀ ਉਹ ਅਸਕਰਾਜ ਦੇ ਸੈਨਿਕਾਂ ਨੂੰ ਪਿੱਛੇ ਮੁੜਨ ਨਹੀਂ ਸੀ ਦੇ ਰਿਹਾ।ਉਸੇ ਵਕਤ ਨੰਦਸੇਨ ਨੂੰ ਮਹਾਤਮਾ ਦੀ ਗੱਲ ਯਾਦ ਆਈ। ਉਹਨੇ ਤੁਰੰਤ ਅਸਕਰਾਜ ਨੂੰ ਪੁੱਛਿਆ—“ਮਹਾਰਾਜ, ਤੁਹਾਨੂੰ ਓਧਰ ਕੋਈ ਜਾਨਵਰ ਨਜ਼ਰ ਆ ਰਿਹਾ ਹੈ?”

ਰਾਜਾ ਨੇ ਆਖਿਆ–‘ਹਾਂ, ਉਸ ਸੈਨਾ ਵਿਚ ਇਕ ਚਿੱਟੇ ਰੰਗ ਦਾ ਬਲਦ ਨਜ਼ਰ ਆ ਰਿਹਾ ਹੈ।

ਨੰਦਸੇਨ ਨੇ ਤੁਰੰਤ ਆਪਣੇ ਇਕ ਹਜ਼ਾਰ ਵਿਸ਼ਵਾਸਪਾਤਰ ਸੈਨਿਕਾਂ ਨੂੰ ਅੱਗੇ ਕਰਕੇ ਆਖਿਆ—“ਮਹਾਰਾਜ, ਤੁਸੀਂ ਇਨ੍ਹਾਂ ਸੈਨਿਕਾਂ ਨੂੰ ਲਿਜਾ ਕੇ ਪਹਿਲਾਂ ਉਸ ਜਾਨਵਰ ਨੂੰ ਮਾਰ ਦਿਉ।ਉਸੇ ਕਾਰਨ ਕਲਿੰਗਰਾਜ ਅੱਜ ਤਕ ਜਿੱਤਦਾ ਆ ਰਿਹਾ ਹੈ। ਉਹਨੂੰ ਮਾਰ ਕੇ ਹੀ ਦੁਸ਼ਮਣ ਨੂੰ ਹਰਾਇਆ ਜਾ ਰਿਹਾ ਹੈ।”

ਅਸਕਰਾਜ ਚੁਣੇ ਹੋਏ ਸਿਪਾਹੀਆਂ ਨੂੰ ਲੈ ਕੇ ਦੁਸ਼ਮਣ ਸੈਨਿਕਾਂ ਨੂੰ ਮਾਰਦਾ-ਵੱਢਦਾ ਕਲਿੰਗਰਾਜ ਵਾਲੇ ਪਾਸੇ ਵੜ ਗਿਆ। ਦੁਸ਼ਮਣਾਂ ਦੇ ਬਹੁਤ ਰੋਕਣ ਦੇ ਬਾਵਜੂਦ ਵੀ ਉਹਦੇ ਬਹਾਦਰ ਸੈਨਿਕ ਨਹੀਂ ਰੁਕੇ। ਉਹ ਦੇ ਸਾਰੇ ਸੈਨਿਕ ਰਾਜੇ ਲਈ ਆਪਣੀ ਜਾਨ ਤਕ ਵਾਰਨ ਲਈ ਤਿਆਰ ਸਨ। ਉਥੇ ਪਹੁੰਚ ਕੇ ਉਹਨਾਂ ਉਸ ਬਲਦ ਨੂੰ ਮਾਰ ਦਿੱਤਾ। ਬਲਦ ਦੇ ਮੁਰਦਿਆਂ ਹੀ ਕਲਿੰਗਰਾਜ ਦੀ ਦੈਵੀ ਤਾਕਤ ਨਸ਼ਟ ਹੋ ਗਈ। ਅਸਕਰਾਜ ਨੇ ਪੂਰੇ ਉਤਸ਼ਾਹ ਨਾਲ ਉਹਦੀ ਸੈਨਾ ਨੂੰ ਗਾਜਰ ਮੂਲੀਆਂ ਵਾਂਗ ਵੱਢਣਾ ਸ਼ੁਰੂ ਕਰ ਦਿੱਤਾ। ਦੁਸ਼ਮਣ ਸੈਨਿਕ ਘਬਰਾ ਕੇ ਮੈਦਾਨ ਛੱਡ ਕੇ ਭੱਜਣ ਲੱਗ ਪਏ। ਇੰਝ ਅਸਕਰਾਜ ਦਾ ਉਤਸ਼ਾਹ ਹੋਰ ਵਧ ਗਿਆ ਅਤੇ ਉਹ ਦੁਗਣੇ ਵੇਗ ਨਾਲ ਦੁਸ਼ਮਣ 'ਤੇ ਟੁੱਟ ਪਏ। ਕਲਿੰਗਰਾਜ ਦੀ ਹਾਰ ਹੋਣ ਲੱਗ ਪਈ। ਕਲਿੰਗਰਾਜ ਦਾ ਜੇਤੂ ਸੁਪਨਾ ਚਕਨਾਚੂਰ ਹੋ ਗਿਆ।ਉਹ ਯੁੱਧ ਵਿਚੋਂ ਜਾਨ ਬਚਾ ਕੇ ਭੱਜ ਗਿਆ। ਰਸਤੇ ਵਿਚ ਉਹਨੇ ਮਹਾਤਮਾ ਦੀ ਕੁਟੀਆ ਅੱਗੋਂ ਲੰਘਦਿਆਂ ਬੜੇ ਗੁੱਸੇ ਨਾਲ ਪੁੱਛਿਆ—“ਉਏ ਮੂਰਖਾ ! ਮੈਂ ਤੇਰੀ ਭਵਿੱਖਬਾਣੀ 'ਤੇ ਵਿਸ਼ਵਾਸ ਕਰਕੇ ਬੜਾ ਵੱਡਾ ਧੋਖਾ ਖਾਧਾ ਹੈ। ਜੇਕਰ ਮੈਂ ਤੇਰੀ ਭਵਿੱਖਬਾਣੀ 'ਤੇ ਬਿਨਾਂ ਵਿਸ਼ਵਾਸ ਕੀਤਿਆਂ ਯੁੱਧ ਕਰਦਾ ਤਾਂ ਮੈਨੂੰ ਪੱਕਾ ਯਕੀਨ ਹੈ ਕਿ ਮੈਂ ਜਿੱਤ ਜਾਣਾ ਸੀ।”

ਇਹ ਕਹਿ ਕੇ ਉਹ ਆਪਣੀ ਰਾਜਧਾਨੀ ਵੱਲ ਚਲਾ ਗਿਆ। ਮਹਾਤਮਾ ਨੂੰ ਇੰਦਰ ਦੀ ਭਵਿੱਖਬਾਣੀ ਝੂਠ ਹੁੰਦੀ ਵੇਖ ਕੇ ਬੜੀ ਹੈਰਾਨੀ ਹੋਈ। ਰਾਤ ਨੂੰ ਮਹਾਤਮਾ ਨੇ ਇੰਦਰ ਨੂੰ ਦੁਬਾਰਾ ਸੱਦ ਕੇ ਆਖਿਆ-“ਦੇਵ, ਤੁਸੀਂ ਤਾਂ ਆਖਿਆ ਸੀ ਕਿ ਦੇਵਤਾ ਕਲਿੰਗਰਾਜ ਦੇ ਪੱਖ ਵਿਚ ਹਨ, ਇਸ ਲਈ ਉਹੀ ਜਿੱਤਣਗੇ, ਪਰ ਏਥੇ ਤਾਂ ਉਲਟਾ ਹੀ ਹੋਇਆ। ਅਸਕਰਾਜ ਜਿੱਤ ਕਿਵੇਂ ਗਿਆ ?”

ਇੰਦਰ ਨੇ ਆਖਿਆ-‘ਤਪੱਸਵੀ ! ਦੇਵਤਾ ਤਾਂ ਬਹਾਦੁਰ ਮਨੁੱਖ ਦੀ ਹੀ ਮਦਦ ਕਰਦੇ ਹਨ । ਇਸ ਯੁੱਧ ਵਿਚ ਅਸਕਰਾਜ ਨੇ ਜਿੰਨੀ ਸੰਜਮਤਾ, ਬਹਾਦੁਰੀ, ਉਤਸ਼ਾਹ ਅਤੇ ਮਰਦਾਨਗੀ ਦਾ ਸਬੂਤ ਦਿੱਤਾ ਹੈ, ਇਸ ਨਾਲ ਦੇਵਤਾ ਉਹਦੇ ਵੱਲ ਹੋ ਗਏ। ਜਿਸ ਵਕਤ ਮੈਂ ਭਵਿੱਖਬਾਣੀ ਕੀਤੀ ਸੀ, ਉਸ ਵਕਤ ਮੈਨੂੰ ਵਿਸ਼ਵਾਸ ਸੀ ਕਿ ਕਲਿੰਗਰਾਜ ਯੁੱਧ ਵਿਚ ਪਹਿਲਾਂ ਵਾਂਗ ਹੀ ਬਹਾਦੁਰੀ ਨਾਲ ਲੜੇਗਾ, ਪਰ ਆਪਣੀ ਜਿੱਤ ਨੂੰ ਯਕੀਨੀ ਮੰਨ ਕੇ ਉਹ ਇਹ ਗੱਲ ਭੁੱਲ ਗਿਆ ਕਿ ਹਰ ਯੁੱਧ ਚੁਤਰਾਈ ਤੇ ਬਹਾਦੁਰੀ ਨਾਲ ਹੀ ਲੜਿਆ ਜਾਂਦਾ ਹੈ। ਜਦਕਿ ਇਸ ਯੁੱਧ ਵਿਚ ਅਸਕਰਾਜ ਨੇ ਪੂਰੀ ਬਹਾਦੁਰੀ ਨਾਲ ਮੁਕਾਬਲਾ ਕੀਤਾ ਅਤੇ ਦੁਸ਼ਮਣ ਨੂੰ ਢੇਰੀ ਕਰ ਦਿੱਤਾ। ਉਹਨਾਂ ਨੇ ਦੁਸ਼ਮਣ ਨੂੰ ਪੂਰੀ ਤਰ੍ਹਾਂ ਬੇਚੈਨ ਕਰ ਦਿੱਤਾ ਅਤੇ ਉਹ ਆਪਣੀ ਇਸ ਕੋਸ਼ਿਸ਼ ਵਿਚ ਸਫ਼ਲ ਹੋ ਗਿਆ।”

ਇੰਦਰ ਇਹ ਕਹਿ ਕੇ ਚਲੇ ਗਏ। ਅਸਕਰਾਜ ਜੇਤੂ ਸੰਖ ਵਜਾਉਂਦਾ ਹੋਇਆ ਆਪਣੇ ਮਹੱਲ ਵਿਚ ਚਲਾ ਗਿਆ । ਨੰਦਸੇਨ ਦੇ ਕਹਿਣ 'ਤੇ ਉਹਨੇ ਕਲਿੰਗਰਾਜ ਨੂੰ ਇਹ ਸੰਦੇਸ ਭੇਜਿਆ ਕਿ ਮੈਂ ਤੁਹਾਡੀਆਂ ਰਾਜਕੁਮਾਰੀਆਂ ਨਾਲ ਵਿਆਹ ਕਰਵਾ ਰਿਹਾ ਹਾਂ, ਉਸ ਵਾਸਤੇ ਛੇਤੀ ਹੀ ਸਨਮਾਨਪੂਰਵਕ ਕੰਨਿਆਦਾਨ ਭੇਜੋ, ਨਹੀਂ ਤਾਂ ਮੈਂ ਸੈਨਾ ਸਮੇਤ ਖ਼ੁਦ ਲੈਣ ਆ ਜਾਵਾਂਗਾ।”

ਕਲਿੰਗਰਾਜ ਦੀ ਸ਼ਕਤੀ ਬਿਖਰ ਚੁੱਕੀ ਸੀ। ਹੁਣ ਉਹਦੇ ਵਿਚ ਅਸਕਰਾਜ ਦੀ ਕਿਸੇ ਵੀ ਗੱਲ ਨੂੰ ਠੁਕਰਾਉਣ ਦੀ ਹਿੰਮਤ ਨਹੀਂ ਸੀ। ਅਸਕਰਾਜ ਨੂੰ ਸੰਤੁਸ਼ਟ ਕਰਨ ਲਈ ਉਹਨੂੰ ਦਾਜ ਦੇ ਰੂਪ ਵਿਚ ਕਾਫ਼ੀ ਧਨ ਦੇਣਾ ਪਿਆ। ਭਵਿੱਖ ਵਿਚ ਉਹਨੇ ਫਿਰ ਕਦੀ ਵੀ ਝਗੜਾ ਮੁੱਲ ਲੈਣ ਦੀ ਹਿੰਮਤ ਨਹੀਂ ਦਿਖਾਈ।

ਕਿਸੇ ਨੇ ਸੱਚ ਹੀ ਆਖਿਆ ਹੈ ਕਿ ਜਿਹੜਾ ਆਪਣੀਆਂ ਸਫ਼ਲਤਾਵਾਂ ਦੇ ਨਸ਼ੇ ਵਿਚ ਚੂਰ ਹੋ ਕੇ ਉਸ ਸਫ਼ਲਤਾ ਨੂੰ ਕਾਇਮ ਰੱਖਣ ਲਈ ਉਦਮ ਕਰਨਾ ਛੱਡ ਦੇਂਦਾ ਹੈ, ਉਹਦਾ ਅਭਿਆਨ ਕਲਿੰਗਰਾਜ ਵਾਂਗ ਚਕਨਾਚੂਰ ਹੋ ਜਾਂਦਾ ਹੈ।


Post a Comment

0 Comments