Vigyaan Var ki Shrap "ਵਿਗਿਆਨ ਵਰ ਕਿ ਸਰਾਪ" Punjabi Essay, Paragraph for Class 8, 9, 10, 11 and 12 Students Examination in 800 Words.

ਪੰਜਾਬੀ ਨਿਬੰਧ - ਵਿਗਿਆਨ ਵਰ ਕਿ ਸਰਾਪ 
Vigyaan Var ki Shrap



ਰੂਪ-ਰੇਖਾ

ਭੂਮਿਕਾ, ਵਿਗਿਆਨ ਦਾ ਮਹੱਤਵ ਵਿਗਿਆਨ ਇੱਕ ਵਰ, ਆਵਾਜਾਈ ਦੇ ਸਾਧਨ, ਖੇਤੀਬਾੜੀ ਤੇ ਵਿਗਿਆਨ, ਸਿਹਤ ਸਹੂਲਤਾਂ ਤੇ ਵਿਗਿਆਨ, ਬਿਜਲੀ ਤੇ ਵਿਗਿਆਨ, ਸੰਚਾਰ ਸਾਧਨ ਤੇ ਵਿਗਿਆਨ, ਵਿਗਿਆਨ ਇੱਕ ਸਰਾਪ, ਸਾਰੰਸ਼। 


ਭੂਮਿਕਾ

21ਵੀਂ ਸਦੀ ਨੂੰ ਵਿਗਿਆਨ ਦੀ ਸਦੀ ਕਿਹਾ ਜਾ ਰਿਹਾ ਹੈ। ਭਾਵੇਂ ਕਈ ਸਦੀਆਂ ਤੋਂ ਵਿਗਿਆਨਕ ਖੋਜਾਂ ਮਨੁੱਖੀ ਸਮਾਜ ਵਿੱਚ ਆਪਣੀ ਭੂਮਿਕਾ ਨਿਭਾ ਰਹੀਆਂ ਹਨ, ਪਰ ਪਿਛਲੇ ਕੁਝ ਸਾਲਾਂ ਵਿੱਚ ਤਾਂ ਵਿਗਿਆਨ ਨੇ ਜੀਵਨ ਦੇ ਹਰ ਖੇਤਰ ਨਾਲ ਸੰਬੰਧਤ ਅਜਿਹੀਆਂ ਹੈਰਾਨੀਜਨਕ ਖੋਜਾਂ ਸਾਹਮਣੇ ਲਿਆਂਦੀਆਂ ਹਨ ਜਿਨ੍ਹਾਂ ਪੈ ਦਾ ਮਨੁੱਖੀ ਜੀਵਨ ਉੱਪਰ ਬਹੁਤ ਪ੍ਰਭਾਵ ਪੈ ਰਿਹਾ ਹੈ। ਸੱਚ ਹੀ ਆਖਦੇ ਹਨ ਕਿ ਜੇਕਰ ਕੋਈ ਪੁਰਾਤਨ ਸਮੇਂ ਦੀ ਤੁਲਨਾ ਅੱਜ ਦੀਆਂ ਸਮੁੱਚੀਆਂ ਸਥਿਤੀਆਂ ਨਾਲ ਕਰੇ ਤਾਂ ਹੈਰਾਨੀ ਹੋਵੇਗੀ ਕੀ ਇਹ ਪਹਿਲਾਂ ਵਾਲੀ ਧਰਤੀ ਹੀ ਹੈ। ਇਸ ਲਈ ਕਿਹਾ ਜਾਂਦਾ ਹੈ :

ਆਪਣੀਆਂ ਅਦਭੁੱਤ ਕਾਢਾਂ ਰਾਹੀਂ,

ਕੀਤਾ ਜਿਸ ਨੇ ਜਗ ਹੈਰਾਨ

ਸੁਖ ਸਾਧਨ ਜਿਸ ਪੈਦਾ ਕੀਤੇ

ਉਸ ਨੂੰ ਕਹਿੰਦੇ ਨੇ ਵਿਗਿਆਨ।

ਵਿਗਿਆਨ ਦੀਆਂ ਇਨ੍ਹਾਂ ਕਾਢਾਂ ਦੀ ਸਮਾਜ ਵਿੱਚ ਜਦੋਂ ਉਸਾਰੂ ਭੂਮਿਕਾ ਦੀ ਗੱਲ ਹੁੰਦੀ ਹੈ ਤਾਂ ਉਹ ਸਾਡੇ ਲਈ ਵਰ ਹੁੰਦੀ ਹੈ, ਪਰ ਜਦੋਂ ਵਿਗਿਆਨਕ ਖੋਜਾਂ ਨੂੰ ਕਿਸੇ ਪੱਧਰ 'ਤੇ ਵੀ ਮਨੁੱਖ ਦੇ ਵਿਰੁੱਧ ਵਰਤਿਆ ਜਾਂਦਾ ਹੈ ਤਾਂ ਇਹੋ ਵਰ ਸਰਾਪ ਬਣ ਜਾਂਦਾ ਹੈ। ਇਸ ਲਈ ਖੋਜ ਦਾ ਵਰ ਜਾਂ ਸਰਾਪ ਹੋਣਾ ਉਸ ਦੀ ਵਰਤੋਂ 'ਤੇ ਹੀ ਨਿਰਭਰ ਕਰਦਾ ਹੈ।


ਵਿਗਿਆਨ ਦਾ ਮਹੱਤਵ

ਅਜੋਕੇ ਮਨੁੱਖ ਦੇ ਜੀਵਨ ਵਿੱਚ ਵਿਗਿਆਨ ਦਾ ਬਹੁਤ ਮਹੱਤਵ ਹੈ। ਮਨੁੱਖੀ ਜੀਵਨ ਦੇ ਛੋਟੇ ਤੋਂ ਛੋਟੇ ਵਿਹਾਰ ਤੋਂ ਲੈ ਕੇ ਵੱਡੇ ਤੋਂ ਵੱਡੇ ਕਾਰਜਾਂ ਵਿੱਚ ਵਿਗਿਆਨ ਆਪਣੀ ਵੱਡੀ ਭੂਮਿਕਾ ਨਿਭਾ ਰਿਹਾ ਹੈ। ਅੱਜ ਦੇ ਸਮੇਂ ਵਿੱਚ ਸਾਰੇ ਸੰਚਾਰ ਸਾਧਨ, ਆਵਾਜਾਈ ਦੇ ਸਾਧਨ, ਸਿਹਤ ਸਹੂਲਤਾਂ ਵੱਡ-ਵੱਡੇ ਕਾਰਖ਼ਾਨੇ, ਬਿਜਲੀ ਦੀ ਪੈਦਾਵਾਰ, ਖੇਤੀਬਾੜੀ ਨਾਲ ਸੰਬੰਧਤ ਖੋਜਾਂ, ਸਵੈ-ਰੱਖਿਆ ਲਈ ਹਥਿਆਰ ਤੇ ਗੋਲਾ-ਬਾਰੂਦ ਆਦਿ ਸਾਰੇ ਵਿਗਿਆਨ ਦੀ ਹੀ ਦੇਣ ਹਨ। ਇਸੇ ਲਈ ਵਿਗਿਆਨ ਮਨੁੱਖ ਦੀ ਜੀਵਨ ਜਾਚ ਤੇ ਵਿਹਾਰ ਵਿੱਚ ਬਹੁਤ ਹੀ ਵੱਡੀ ਭੂਮਿਕਾ ਨਿਭਾ ਰਿਹਾ ਹੈ।


ਵਿਗਿਆਨ ਇੱਕ ਵਰ

ਵਿਗਿਆਨ ਦੀਆਂ ਪ੍ਰਾਪਤੀਆਂ ਸਦਕਾ ਅੱਜ ਦੇ ਮਨੁੱਖ ਦਾ ਜੀਵਨ ਸੁਖਾਲਾ ਤੇ ਸੁਹਾਵਣਾ ਵੀ ਹੋਇਆ ਹੈ। ਜੀਵਨ ਦੇ ਹਰ ਖੇਤਰ ਵਿੱਚ ਵਿਗਿਆਨ ਨੇ ਬੇਮਿਸਾਲ ਖੋਜਾਂ ਸਾਹਮਣੇ ਲਿਆਂਦੀਆਂ ਹਨ। ਜਿਹੜੀਆਂ ਖੋਜਾਂ ਨੇ ਮਨੁੱਖੀ ਜੀਵਨ ਵਿੱਚ ਹਾਂ ਪੱਖੀ ਭੂਮਿਕਾ ਨਿਭਾਈ ਹੈ, ਉਹ ਸਮਾਜ ਲਈ ਵਰ ਹੀ ਹਨ।


ਆਵਾਜਾਈ ਦੇ ਸਾਧਨ

ਵਿਗਿਆਨਕ ਖੋਜਾਂ ਨਾਲ ਆਵਾਜਾਈ ਦੇ ਖੇਤਰ ਵਿੱਚ ਬਹੁਤ ਹੀ ਹੈਰਾਨੀਜਨਕ ਤਬਦੀਲੀ ਆਈ ਹੈ। ਅੱਜ ਦਾ ਮਨੁੱਖ ਇੱਕ ਦੇਸ ਤੋਂ ਦੂਜੇ ਦੇਸ ਵਿੱਚ ਸਾਲਾਂ,ਮਹੀਨਿਆਂ ਜਾਂ ਦਿਨਾਂ ਵਿੱਚ ਨਹੀਂ ਬਲਕਿ ਘੰਟਿਆਂ ਵਿੱਚ ਹੀ ਪਹੁੰਚ ਜਾਂਦਾ ਹੈ।ਜਿੱਥੇ ਪਹਿਲਾਂ ਬਹੁਤਾ ਸਫ਼ਰ ਪੈਦਲ ਹੀ ਕੀਤਾ ਜਾਂਦਾ ਸੀ ਉੱਥੇ ਅੱਜ ਸਕੂਟਰ, ਕਾਰਾਂ, ਬੱਸਾਂ, ਰੇਲਾਂ ਗੱਡੀਆਂ, ਸਮੁੰਦਰੀ ਜਹਾਜ਼ਾ ਤੇ ਹਵਾਈ ਜਹਾਜ਼ਾਂ ਆਦਿ ਨੇ ਇਸ ਸਫ਼ਰ ਨੂੰ ਸੁਖਾਲਾ ਵੀ ਕੀਤਾ ਹੈ ਤੇ ਇਸ ਵਿੱਚ ਸਮਾਂ ਵੀ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਘੱਟ ਲੱਗਦਾ ਹੈ। ਪੈਦਲ ਸਫ਼ਰ ਕਰਨ ਵਾਲਾ ਮਨੁੱਖ ਅੱਜ ਇਨ੍ਹਾਂ ਸਾਧਨਾਂ ਸਦਕਾ ਹੀ ਸਮੁੰਦਰਾਂ ਤੇ ਅਕਾਸ਼ ਦੀ ਸੈਰ ਕਰ ਰਿਹਾ ਹੈ। ਇਸ ਨਾਲ ਮੇਲ ਮਿਲਾਪ ਵਧਿਆ ਹੈ ਤੇ ਵਪਾਰਕ ਲੋੜਾਂ ਵੀ ਸੌਖਿਆਂ ਪੂਰੀਆਂ ਹੋ ਰਹੀਆਂ ਹਨ। ਮਾਲ ਗੱਡੀਆਂ ਤੇ ਸਮੁੰਦਰੀ ਜਹਾਜ਼ ਬਹੁਤ ਥੋੜ੍ਹੇ ਸਮੇਂ ਵਿੱਚ ਲੱਖਾਂ ਟਨ ਸਮਾਨ ਇੱਧਰੋਂ ਉੱਧਰ ਪਹੁੰਚਾਉਣ ਦੇ ਸਮਰੱਥ ਹਨ। 


ਖੇਤੀਬਾੜੀ ਤੇ ਵਿਗਿਆਨ

ਪਹਿਲਾਂ ਖੇਤੀ ਦੇ ਸਾਰੇ ਕੰਮ ਹੱਥੀਂ ਕੀਤੇ ਜਾਂਦੇ ਸਨ ਤੇ ਪਾਣੀ ਦੇ ਪੱਖੋਂ ਖੇਤੀ ਲਗਪਗ ਕੁਦਰਤ ਉੱਪਰ ਹੀ ਨਿਰਭਰ ਹੁੰਦੀ ਸੀ।ਪਹਿਲਾਂ ਫ਼ਸਲਾਂ ਨੂੰ ਬਿਮਾਰੀਆਂ ਵੀ ਬਹੁਤ ਨੁਕਸਾਨ ਪਹੁੰਚਾਉਂਦੀਆਂ ਸਨ।ਪਰ ਵਿਗਿਆਨਕ ਖੋਜਾਂ ਸਦਕਾ ਖੇਤੀਬਾੜੀ ਦੇ ਖੇਤਰ ਵਿੱਚ ਵੀ ਮਸ਼ੀਨੀਕਰਨ ਨੇ ਵੱਡੀ ਕ੍ਰਾਂਤੀ ਲੈ ਆਂਦੀ ਹੈ। ਹੁਣ ਟਰੈਕਟਰ, ਕੰਬਾਈਨਾਂ ਤੇ ਸਪਰੇਅ ਮਸ਼ੀਨਾਂ ਖੇਤੀ ਦੇ ਸਾਰੇ ਕੰਮਾਂ ਨੂੰ ਬਹੁਤ ਸੌਖਿਆਂ ਤੇ ਛੇਤੀ ਖ਼ਤਮ ਕਰ ਦਿੰਦੀਆਂ ਹਨ।ਹੁਣ ਫ਼ਸਲਾਂ ਦੀ ਬਿਜਾਈ, ਵਢਾਈ ਮਹੀਨਿਆਂ ਦਾ ਕੰਮ ਨਹੀਂ ਰਿਹਾ ਬਲਕਿ ਦੋ ਹਫ਼ਤਿਆਂ ਵਿੱਚ ਹੀ ਸਾਰੇ ਕੰਮ ਨਿਬੇੜ ਲਏ ਜਾਂਦੇ ਹਨ। ਡੂੰਘੇ ਸਬਮਰਸੀਬਲ ਪੰਪ, ਨਵੇਂ ਬੀਜਾਂ ਦੀ ਖੋਜ, ਕੀਟਨਾਸ਼ਕਾਂ, ਨਦੀਨਨਾਸ਼ਕਾਂ ਤੇ ਰਸਾਇਣਕ ਖਾਦਾਂ ਦੀ ਖੋਜ ਨੇ ਖੇਤੀ ਦੀ ਪੈਦਾਵਾਰ ਵਿੱਚ ਬਹੁਤ ਵਾਧਾ ਕੀਤਾ ਹੈ। ਅਜੋਕੇ ਸਮੇਂ ਵਿੱਚ ਪੌਲੀ ਹਾਊਸਾਂ ਵਿੱਚ ਬੇਮੌਸਮੀ ਸਬਜ਼ੀਆਂ ਵੀ ਉਗਾਈਆਂ ਜਾ ਰਹੀਆਂ ਹਨ।ਜਿੱਥੇ ਭਾਰਤ ਨੂੰ ਪਹਿਲਾਂ ਅਨਾਜ ਦੀਆਂ ਲੋੜਾਂ ਦੀ ਪੂਰਤੀ ਲਈ ਦੂਸਰੇ ਦੇਸਾਂ 'ਤੇ ਨਿਰਭਰ ਹੋਣਾ ਪੈਂਦਾ ਸੀ ਉੱਥੇ ਹੁਣ ਭਾਰਤ ਵਿੱਚੋਂ ਅਨਾਜ ਬਾਹਰਲੇ ਦੇਸ਼ਾਂ ਨੂੰ ਭੇਜਿਆ ਜਾ ਰਿਹਾ ਹੈ। ਇਸ ਦਾ ਸਿਹਰਾ ਮੁੱਖ ਰੂਪ ਵਿੱਚ ਵਿਗਿਆਨ ਤੇ ਮਿਹਨਤੀ ਕਿਸਾਨਾਂ ਦੇ ਸਿਰ ਹੀ ਬੱਝਦਾ ਹੈ।


ਸਿਹਤ ਸਹੂਲਤਾਂ ਤੇ ਵਿਗਿਆਨ

ਵਿਗਿਆਨ ਨੇ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਹੀ ਬਹੁਤ ਤਰੱਕੀ ਕੀਤੀ ਹੈ। ਪੁਰਾਣੇ ਸਮਿਆਂ ਵਿੱਚ ਕਈ ਬਿਮਾਰੀਆਂ ਨਾਲ ਪਿੰਡਾਂ ਦੇ ਪਿੰਡ ਜਾਂ ਸ਼ਹਿਰਾਂ ਦੇ ਸ਼ਹਿਰ ਦਿਨਾਂ ਵਿੱਚ ਹੀ ਮੌਤਾਂ ਹੋਣ ਕਰਕੇ ਖ਼ਾਲੀ ਹੋ ਜਾਂਦੇ ਸਨ। ਉਸ ਸਮੇਂ ਸਧਾਰਨ ਮਨੁੱਖ ਇਨ੍ਹਾਂ ਬਿਮਾਰੀਆਂ ਨੂੰ ਕੁਦਰਤੀ ਕਰੋਪੀ ਜਾਂ ਲਾਇਲਾਜ ਬਿਮਾਰੀਆਂ ਸਮਝ ਕੇ ਸਬਰ ਕਰਨ ਲਈ ਮਜਬੂਰ ਹੁੰਦਾ ਸੀ।ਪਰ ਹੁਣ ਪਲੇਗ ਵਰਗੀਆਂ ਮਾਰੂ ਬਿਮਾਰੀਆਂ ਦਾ ਨਾਮੋ-ਨਿਸ਼ਾਨ ਨਹੀਂ ਰਿਹਾ। ਵਿਗਿਆਨਕ ਖੋਜਾਂ ਸਦਕਾ ਅੱਜ ਹਰ ਬਿਮਾਰੀ ਨੂੰ ਟੈਸਟਾਂ ਰਾਹੀਂ ਪਛਾਣ ਲਿਆ ਜਾਂਦਾ ਹੈ ਤੇ ਫਿਰ ਉਸ ਲਈ ਹਰ ਤਰ੍ਹਾਂ ਦੀਆਂ ਦਵਾਈਆਂ ਪ੍ਰਾਪਤ ਹੋਣ ਕਰਕੇ ਉਸ ਨੂੰ ਠੀਕ ਕਰ ਦਿੱਤਾ ਜਾਂਦਾ ਹੈ।ਅੱਜ ਸਰਜਰੀ ਦੇ ਖੇਤਰ ਵਿੱਚ ਤਾਂ ਹੈਰਾਨੀਜਨਕ ਤਰੱਕੀ ਹੋਈ ਹੈ।ਮਨੁੱਖੀ ਸਰੀਰ ਦੇ ਬਹੁਤੇ ਭਾਗਾਂ ਨੂੰ ਬਦਲਣਾ ਆਮ ਗੱਲ ਸਮਝੀ ਜਾਂਦੀ ਹੈ। ਅੱਜ ਪੁਰਖ ਨਲੀ ਸ਼ਿਸ਼ੂ ਵੀ ਵਿਗਿਆਨਕ ਖੋਜਾਂ ਦਾ ਹੀ ਸਿੱਟਾ ਹਨ। ਹੁਣ ਵੱਡੀਆਂ- ਵੱਡੀਆਂ ਐਕਸਰੇ ਤੇ ਸਕੈਨਿੰਗ ਮਸ਼ੀਨਾਂ ਨਾਲ ਮਨੁੱਖ ਅੰਦਰਲੀ ਹਰ ਬਿਮਾਰੀ ਸੰਬੰਧੀ ਜਾਣਿਆ ਜਾ ਸਕਦਾ ਹੈ। ਅੱਜ ਦੇ ਭਾਰਤ ਵਿੱਚ ਹਰ ਪੱਧਰ 'ਤੇ ਮੌਤ-ਦਰ ਘਟੀ ਹੈ ਤਾਂ ਇਹ ਸਿਹਤ ਦੇ ਖੇਤਰ ਵਿੱਚ ਵਿਗਿਆਨਕ ਖੋਜਾਂ ਸਦਕਾ ਹੀ ਸੰਭਵ ਹੋਇਆ ਹੈ।


ਬਿਜਲੀ ਤੇ ਵਿਗਿਆਨ

ਬਿਜਲੀ ਦੀ ਪੈਦਾਵਾਰ ਤੇ ਇਸ ਨਾਲ ਸੰਬੰਧਤ ਖੇਤਰ ਵੀ ਵਿਗਿਆਨ ਦੀ ਹੈਰਾਨੀਜਨਕ ਖੋਜ ਹੈ। ਬਿਜਲੀ ਨਾਲ ਅੱਜ ਰਾਤ ਨੂੰ ਵੀ ਦਿਨ ਵਿੱਚ ਬਦਲਿਆ ਜਾ ਸਕਦਾ ਹੈ। ਬਿਜਲੀ ਦੀ ਕਾਢ ਸਦਕਾ ਹੀ ਸਾਡੇ ਜੀਵਨ ਵਿਚਲੇ ਛੋਟੇ- ਛੋਟੇ ਕੰਮਾਂ ਤੋਂ ਲੈ ਕੇ ਵੱਡੇ-ਵੱਡੇ ਕੰਮ ਸੁਖਾਲੇ ਹੋ ਗਏ ਹਨ। ਘਰਾਂ ਵਿੱਚ ਮਿਕਸੀ, ਪੱਖੇ, ਕੂਲਰ, ਟੀ.ਵੀ., ਫ਼ਰਿਜ, ਏ.ਸੀ. ਟਿਊਬਾਂ ਆਦਿ ਸਭ ਬਿਜਲੀ ਨਾਲ ਹੀ ਚੱਲਦੇ ਹਨ।ਇਸੇ ਕਾਰਨ ਜੋ ਬਿਜਲੀ ਬੰਦ ਹੋ ਜਾਵੇ ਤਾਂ ਬਹੁਤ ਔਖਾ ਲੱਗਦਾ ਹੈ। ਅੱਜ ਵੱਡੇ-ਵੱਡੇ ਕਾਰਖ਼ਾਨੇ ਬਿਜਲੀ ਨਾਲ ਹੀ ਚਲਦੇ ਹਨ ਜੋ ਸਾਡੀ ਜ਼ਿੰਦਗੀ ਨਾਲ ਸੰਬੰਧਤ ਸਮਾਨ ਬਣਾ ਕੇ ਸਾਡੀਆਂ ਮੰਗਾਂ ਦੀ ਪੂਰਤੀ ਕਰਦੇ ਹਨ। ਇਸ ਤਰ੍ਹਾਂ ਵਿਗਿਆਨ ਨੇ ਬਿਜਲੀ ਦੀ ਕਾਢ ਕੱਢ ਕੇ ਮਨੁੱਖੀ ਜੀਵਨ ਨੂੰ ਸੁਖਾਲਾ ਤੇ ਵਧੀਆ ਬਣਾਇਆ ਹੈ।


ਸੰਚਾਰ ਸਾਧਨ ਤੇ ਵਿਗਿਆਨ

ਵਿਗਿਆਨ ਨੇ ਹੋਰ ਖੇਤਰਾਂ ਵਾਂਗ ਸੰਚਾਰ ਸਾਧਨਾਂ ਵਿੱਚ ਵੀ ਹੈਰਾਨੀਜਨਕ ਤਰੱਕੀ ਕੀਤੀ ਹੈ। ਰੇਡੀਓ, ਟੀ.ਵੀ., ਮੋਬਾਇਲ ਫ਼ੋਨ, ਅਖ਼ਬਾਰਾਂ, ਰਸਾਲੇ, ਇੰਟਰਨੈੱਟ ਆਦਿ ਨੇ ਮਨੁੱਖ ਨੂੰ ਮਨੁੱਖ ਦੇ ਬਹੁਤ ਨੇੜੇ ਕਰ ਦਿੱਤਾ ਹੈ। ਅੱਜ ਦੇ ਸਮੇਂ ਵਿੱਚ ਪਹਿਲਾਂ ਮਹੀਨਿਆਂ ਵਿੱਚ ਪਹੁੰਚਣ ਵਾਲੀਆਂ ਚਿੱਠੀਆਂ ਦਾ ਕੋਈ ਵਧੇਰੇ ਮਹੱਤਵ ਨਹੀਂ ਰਿਹਾ, ਹੁਣ ਤਾਂ ਪਹਿਲਾਂ ਸੰਚਾਰ ਦਾ ਤੇਜ਼ ਸਮਝੀ ਜਾਣ ਵਾਲੀ ਤਾਰ (ਟੈਲੀਗ੍ਰਾਮ) ਨੂੰ ਵਿਭਾਗ ਨੇ ਹੀ ਖ਼ਤਮ ਕਰ ਦਿੱਤਾ ਹੈ। ਸੰਚਾਰ ਦੇ ਇਨ੍ਹਾਂ ਸਾਰੇ ਸਾਧਨਾਂ ਨੇ ਮਨੁੱਖ ਦੇ ਮਨੋਰੰਜਨ ਲਈ ਮੌਕੇ ਬਹੁਤ ਵਧਾ ਦਿੱਤੇ ਹਨ। ਅੱਜ ਹਰ ਤਰ੍ਹਾਂ ਦੀ ਪਸੰਦ ਦੇ ਪ੍ਰੋਗਰਾਮ ਨੂੰ ਟੀ.ਵੀ. ਜਾਂ ਇੰਟਰਨੈੱਟ 'ਤੇ ਵੇਖਿਆ ਜਾ ਸਕਦਾ ਹੈ। ਅੱਜ ਵਿਸ਼ਵ ਵਿੱਚ ਕਿਸੇ ਥਾਂ ਵੀ ਹੁੰਦੇ ਮੈਚ ਘਟਨਾ ਜਾਂ ਕਿਸੇ ਪ੍ਰੋਗਰਾਮ ਨੂੰ ਨਾਲੋ ਨਾਲ ਘਰ ਬੈਠ ਕੇ ਵੇਖਿਆ ਜਾ ਸਕਦਾ ਹੈ।ਇਸ ਤਰ੍ਹਾਂ ਵਿਸ਼ਵ ਭਰ ਵਿੱਚ ਕਿਸੇ ਵੀ ਥਾਂ 'ਤੇ ਬੈਠਿਆਂ ਕਿਤੇ ਵੀ ਸਿੱਧੀ ਗੱਲਬਾਤ ਕੀਤੀ ਜਾ ਸਕਦੀ ਹੈ।


ਵਿਗਿਆਨ ਇੱਕ ਸਰਾਪ

ਵਿਗਿਆਨ ਨੇ ਜਿੱਥੇ ਮਨੁੱਖੀ ਜੀਵਨ ਦੀ ਉਸਾਰੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਉੱਥੇ ਨਾਲ ਹੀ ਇਸ ਦੁਆਰਾ ਪੈਦਾ ਕੀਤੀਆਂ ਖੋਜਾਂ ਦੇ ਕਈ ਨੁਕਸਾਨ ਵੀ ਭੁਗਤਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਿਹਤ ਸਹੂਲਤਾਂ ਦੇ ਖੇਤਰਾਂ ਵਿੱਚ ਭੂਮਿਕਾ ਨਿਭਾ ਰਹੀਆਂ ਮਸ਼ੀਨਾਂ ਨੇ ਮਾਂ ਦੇ ਗਰਭ ਵਿੱਚ ਪਲ ਰਹੇ ਬੱਚੇ ਦਾ ਲਿੰਗ ਨਿਰਧਾਰਤ ਕਰਕੇ ਮਾਦਾ ਭਰੂਣ ਹੱਤਿਆ ਵਿੱਚ ਬੇਸ਼ੁਮਾਰ ਵਾਧਾ ਕੀਤਾ ਹੈ।ਇਸੇ ਤਰ੍ਹਾਂ ਬਿਮਾਰੀਆਂ ਲਈ ਵਰਤੀਆਂ ਜਾ ਰਹੀਆਂ ਦਵਾਈਆਂ ਨੂੰ ਨਸ਼ਿਆਂ ਵਜੋਂ ਵੀ ਵਰਤਿਆ ਜਾ ਰਿਹਾ ਹੈ।

ਵਿਗਿਆਨ ਦੀਆਂ ਕਾਢਾਂ ਸਦਕਾ ਇੱਕ ਮਸ਼ੀਨ ਬਹੁਤ ਸਾਰੇ ਮਨੁੱਖਾਂ ਦਾ ਕੰਮ ਬਹੁਤ ਜਲਦੀ ਕਰ ਦਿੰਦੀ ਹੈ। ਇਸ ਨਾਲ ਬੇਰੁਜ਼ਗਾਰਾਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ। ਇਸੇ ਤਰ੍ਹਾਂ ਸੰਚਾਰ ਸਾਧਨਾਂ ਦੀ ਵਰਤੋਂ ਨਾਲ ਵੀ ਕਈ ਅਮਾਨਵੀ ਰੁਚੀਆਂ ਤੇ ਕਾਰਜਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ।ਟੀ.ਵੀ. ਜਾਂ ਇੰਟਰਨੈੱਟ 'ਤੇ ਵਪਾਰਕ ਦ੍ਰਿਸ਼ਟੀਕੋਣ ਤੋਂ ਬਣਾਏ ਜਾ ਰਹੇ ਅਸ਼ਲੀਲ ਪ੍ਰੋਗਰਾਮ ਲੋਕਾਂ ਦੇ ਚਰਿੱਤਰ ਵਿੱਚ ਮਦੀਆਂ ਰੁਚੀਆਂ ਵਿੱਚ ਵਾਧਾ ਕਰਦੇ ਹਨ।ਇਸੇ ਤਰ੍ਹਾਂ ਆਪਣੀ ਰੱਖਿਆ ਦੇ ਨਾਂ 'ਤੇ ਬਹੁਤ ਸਾਰੇ ਹਥਿਆਰ ਤੇ ਗੋਲਾ ਬਾਰੂਦ ਬਣਾਇਆ ਜਾ ਚੁੱਕਾ ਹੈ ਤੇ ਇਸ ਦੀ ਵਰਤੋਂ ਵੀ ਕੀਤੀ ਗਈ ਹੈ । ਇਸ ਬਾਰੂਦ ਨਾਲ ਲੱਖਾਂ ਲੋਕਾਂ ਨੂੰ ਪਲ ਵਿੱਚ ਸਦਾ ਦੀ ਨੀਂਦ ਸੁਆਇਆ ਜਾ ਸਕਦਾ ਹੈ।ਇੰਜ ਵਿਗਿਆਨ ਵਰ ਹੋਣ ਦੇ ਨਾਲ-ਨਾਲ ਸਰਾਪ ਵਾਲੀ ਭੂਮਿਕਾ ਵੀ ਨਿਭਾ ਰਿਹਾ ਹੈ। 

ਸਾਰੰਸ਼

ਇਸ ਤਰ੍ਹਾਂ ਵਿਗਿਆਨਕ ਖੋਜਾਂ ਨੇ ਮਨੁੱਖੀ ਜੀਵਨ ਨੂੰ ਵਿਕਾਸ ਦੇ ਸਿਖਰਾਂ 'ਤੇ ਪਹੁੰਚਾਇਆ ਹੈ।ਜੀਵਨ ਦੇ ਹਰ ਖੇਤਰ ਵਿੱਚ ਇਸ ਦੀ ਭੂਮਿਕਾ ਨੂੰ ਕਦੇ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਵਿਗਿਆਨਕ ਕਾਢਾਂ ਨੂੰ ਅਮਾਨਵੀ ਕਾਰਜਾਂ ਲਈ ਵੀ ਵਰਤਿਆ ਜਾ ਰਿਹਾ ਹੈ।ਇਸ ਲਈ ਲੋੜ ਹੈ ਕਿ ਹਰ ਤਰ੍ਹਾਂ ਦਾ ਸਵਾਰਥ ਤਿਆਗ ਕੇ ਵਿਗਿਆਨਕ ਖੋਜਾਂ ਨੂੰ ਕੇਵਲ ਮਨੁੱਖ ਦੀ ਭਲਾਈ ਲਈ ਹੀ ਵਰਤਿਆ ਜਾਵੇ। ਅਜਿਹਾ ਕਰਕੇ ਹੀ ਅਸੀਂ ਵਿਗਿਆਨ ਸਰਾਪ ਨਹੀਂ ਬਲਕਿ ਵਰ ਕਹਿ ਸਕਾਂਗੇ।


Post a Comment

0 Comments