Vidhyarthiya de Faraz "ਵਿਦਿਆਰਥੀਆਂ ਦੇ ਫ਼ਰਜ਼ " Punjabi Essay, Paragraph for Class 8, 9, 10, 11 and 12 Students Examination in 1000 Words.

ਪੰਜਾਬੀ ਨਿਬੰਧ - ਵਿਦਿਆਰਥੀਆਂ ਦੇ ਫ਼ਰਜ਼  
Vidhyarthiya de Faraz

ਭੂਮਿਕਾ

ਜਿਹੜਾ ਵੀ ਕਿਸੇ ਸਕੂਲ, ਕਾਲਜ ਜਾਂ ਯੂਨੀਵਰਸਿਟੀ ਤੋਂ ਵਿੱਦਿਆ ਪ੍ਰਾਪਤ ਕਰ ਰਿਹਾ ਹੁੰਦਾ ਹੈ ਉਸ ਨੂੰ ਵਿਦਿਆਰਥੀ ਕਿਹਾ ਜਾਂਦਾ ਹੈ। ਇਹ ਵਿਦਿਆਰਥੀ ਹੀ ਦੇਸ ਦਾ ਭਵਿੱਖ ਹੁੰਦੇ ਹਨ ਕਿਉਂਕਿ ਇਨ੍ਹਾਂ ਨੇ ਅੱਗੇ ਜਾ ਕੇ ਆਪਣੀ ਕੌਮ ਦੀ ਵਾਗਡੋਰ ਸੰਭਾਲਣੀ ਹੁੰਦੀ ਹੈ। ਇਸੇ ਕਾਰਨ ਵਿਦਿਆਰਥੀਆਂ ਦੇ ਬਹੁਤ ਸਾਰੇ ਫ਼ਰਜ਼ ਹੁੰਦੇ ਹਨ ਜਿਨ੍ਹਾਂ ਨਾਲ ਉਹ ਆਪਣੇ ਦੇਸ ਤੇ ਸਮਾਜ ਦੇ ਵਿਕਾਸ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਇਸੇ ਕਾਰਨ ਵਿਦਿਆਰਥੀਆਂ ਲਈ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।


ਅਧਿਆਪਕਾਂ ਤੇ ਵੱਡਿਆਂ ਦਾ ਸਤਿਕਾਰ

ਵਿਦਿਆਰਥੀ ਦਾ ਵਿੱਦਿਆ ਪ੍ਰਾਪਤ ਕਰਨ ਲਈ ਸਭ ਤੋਂ ਵਧੇਰੇ ਵਾਹ ਅਧਿਆਪਕ ਨਾਲ ਪੈਂਦਾ ਹੈ। ਇਸ ਲਈ ਉਸ ਨੂੰ ਆਪਣੇ ਅਧਿਆਪਕਾਂ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਵਿਦਿਆਰਥੀ ਨੂੰ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਛੋਟਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ।


ਸ਼ਖ਼ਸੀਅਤ ਦਾ ਵਿਕਾਸ

ਵਿਦਿਆਰਥੀ ਦੇ ਬਹੁਤ ਫ਼ਰਜ਼ ਹੁੰਦੇ ਹਨ ਇਸ ਲਈ ਉਸ ਦੀ ਆਪਣੀ ਸ਼ਖ਼ਸੀਅਤ ਦਾ ਪੂਰਨ ਤੌਰ ‘ਤੇ ਵਿਕਾਸ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਵਿਦਿਆਰਥੀ ਜੀਵਨ ਇੱਕ ਅਜਿਹਾ ਸਮਾਂ ਹੈ ਜਿਸ ਵਿੱਚ ਉਸ ਨੂੰ ਅਣਘੜ੍ਹਤ ਲੱਕੜ ਦੀ ਤਰ੍ਹਾਂ ਤਰਾਸ਼ ਕੇ ਮਨਪਸੰਦ ਵਸਤੂ ਤਿਆਰ ਕੀਤੀ ਜਾਣੀ ਹੁੰਦੀ ਹੈ। ਵਿਦਿਆਰਥੀ ਨੂੰ ਸਭ ਤੋਂ ਪਹਿਲਾਂ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਇਸ ਲਈ ਉਸ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਸ ਨੂੰ ਆਪਣੇ ਖਾਣ-ਪੀਣ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਚੰਗਾ, ਤੰਦਰੁਸਤ ਤੇ ਨਰੋਆ ਸਰੀਰ ਹਰ ਸਫਲਤਾ ਦੀ ਪਹਿਲੀ ਲੋੜ ਹੁੰਦੀ ਹੈ।


ਡੂੰਘੇਰਾ ਗਿਆਨ

ਵਿਦਿਆਰਥੀ ਨੂੰ ਆਪਣੀਆਂ ਪਾਠ-ਪੁਸਤਕਾਂ ਦੇ ਗਿਆਨ ਤੋਂ ਇਲਾਵਾ ਸਮਾਜ, ਰਾਜਨੀਤੀ, ਅਰਥ- ਸ਼ਾਸਤਰ ਅਤੇ ਆਮ ਜਾਣਕਾਰੀ ਸੰਬੰਧੀ ਵੀ ਡੂੰਘੇਰਾ ਗਿਆਨ ਹੋਣਾ ਚਾਹੀਦਾ ਹੈ।ਇਸ ਲਈ ਅਜਿਹੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਚੰਗੀਆਂ ਪੁਸਤਕਾਂ, ਅਖ਼ਬਾਰਾਂ, ਟੀ.ਵੀ., ਇੰਟਰਨੈੱਟ ਆਦਿ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ।


ਦੇਸ ਪਿਆਰ ਦਾ ਜਜ਼ਬਾ

ਹਰ ਵਿਦਿਆਰਥੀ ਦੇ ਦਿਲ ਵਿੱਚ ਦੇਸ ਪਿਆਰ ਦਾ ਜਜ਼ਬਾ ਨਾਨਾਂ ਮਾਰਦਾ ਹੋਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਆਪਣੇ ਦੇਸ ਵਿੱਚ ਅਜਿਹਾ ਜਜ਼ਬਾ ਪੈਦਾ ਕਰਨਾ ਚਾਹੀਦਾ ਹੈ ਤਾਂ ਜੋ ਲੋੜ ਪੈਣ 'ਤੇ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਵਾਂਗ ਆਪਣਾ ਫ਼ਰਜ਼ ਅਦਾ ਕਰਕੇ ਦੁਸ਼ਮਣ ਦੇ ਇਰਾਦਿਆਂ ਨੂੰ ਪੂਰਿਆਂ ਨਾ ਹੋਣ ਦਿੱਤਾ ਜਾਵੇ। ਦੇਸ ਪਿਆਰ ਦੇ ਜਜ਼ਬੇ ਸਦਕਾ ਹੀ ਵਿਦਿਆਰਥੀ ਨੂੰ ਜ਼ਿੰਦਗੀ ਦੇ ਹਰ ਖੇਤਰ ਵਿੱਚ ਵਿਚਰਦਿਆਂ ਆਪਣੇ ਫ਼ਰਜ਼ਾਂ ਨੂੰ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ।


ਸਮਾਜਕ ਬੁਰਾਈਆਂ ਤੇ ਵਿਦਿਆਰਥੀ

ਅਜੋਕੇ ਵਿਗਿਆਨਕ ਯੁੱਗ ਵਿੱਚ ਵੀ ਭਾਰਤੀ ਲੋਕ ਅਣਗਿਣਤ ਤਰ੍ਹਾਂ ਦੀਆਂ ਸਮਾਜਕ, ਧਾਰਮਕ ਅਤੇ ਆਰਥਕ ਸਮੱਸਿਆਵਾਂ ਨੂੰ ਆਪਣੇ ਪਿੰਡੇ 'ਤੇ ਹੰਢਾ ਰਹੇ ਹਨ।ਅੱਜ ਬਹੁਤੇ ਲੋਕ ਆਪਣੀ ਫੋਕੀ ਸੁਹਰਤ ਲਈ ਵੱਡੇ-ਵੱਡੇ ਸਮਾਗਮਾਂ ਤੇ ਲੱਖਾਂ ਰੁਪਏ ਫ਼ਜ਼ੂਲ ਹੀ ਖ਼ਰਚ ਰਹੇ ਹਨ।ਵਿਆਹ ਨਾਲ ਸੰਬੰਧਤ ਸਮਾਗਮਾਂ ਵਿੱਚ ਗ਼ਰੀਬ ਲੋਕ ਵੀ ਅਮੀਰਾਂ ਦੀ ਵੇਖਾ-ਵੇਖੀ ਕਰਜ਼ੇ ਚੁੱਕ ਕੇ ਵਿਖਾਵਾ ਕਰਨ ਨੂੰ ਆਪਣੀ ਵਡਿਆਈ ਸਮਝਦੇ ਹਨ। ਇਸ ਤਰ੍ਹਾਂ ਬਹੁਤ ਸਾਰੇ ਨੌਜਵਾਨ ਬੇਰੁਜ਼ਗਾਰੀ ਦੀ ਸਥਿਤੀ ਵਿੱਚ ਨਸ਼ਿਆਂ ਦੇ ਰਾਹ ਪੈ ਜਾਂਦੇ ਹਨ ਜਾਂ ਬੁਰੀ ਸੰਗਤ ਵਿੱਚ ਪੈ ਕੇ ਗ਼ਲਤ ਤਰੀਕੇ ਨਾਲ ਪੈਸੇ ਇਕੱਠੇ ਕਰਨ ਲੱਗਦੇ ਹਨ। ਅਜਿਹੀ ਸਥਿਤੀ ਵਿੱਚ ਵਿਦਿਆਰਥੀਆਂ ਦਾ ਫ਼ਰਜ਼ ਹੈ ਕਿ ਉਹ ਅਜਿਹੇ ਲੋਕਾਂ ਨੂੰ ਫ਼ਜ਼ੂਲ ਦੇ ਵਿਖਾਵੇ ਤੇ ਖ਼ਰਚਿਆਂ ਤੋਂ ਸੁਚੇਤ ਕਰਨ। ਇਸੇ ਤਰ੍ਹਾਂ ਉਹ ਉਨ੍ਹਾਂ ਨੌਜਵਾਨਾਂ ਦੀ ਅਗਵਾਈ ਕਰਨ, ਜੋ ਕੁਰਾਹੇ ਪੈ ਚੁੱਕੇ ਹਨ। ਇਸੇ ਕਰਤੱਵ ਕਰਕੇ ਵਿਦਿਆਰਥੀਆਂ ਨੂੰ ਸਮਾਜ ਵਿੱਚ ਜਾਤ-ਪਾਤ ਦੇ ਆਧਾਰ ਉੱਪਰ ਹੁੰਦੇ ਵਿਤਕਰਿਆਂ ਦਾ ਵਿਰੋਧ ਵੀ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਰਿਸ਼ਵਤਖੋਰੀ, ਚੋਰ ਬਜ਼ਾਰੀ, ਮਾਦਾ ਭਰੂਣ ਹੱਤਿਆ, ਦਾਜ ਦੀ ਸਮੱਸਿਆ ਦਾ ਵਿਰੋਧ ਕਰਦਿਆਂ ਲੋਕਾਂ ਨੂੰ ਕਿਰਤ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ।


ਲੋਕਾਂ ਨੂੰ ਬਿਮਾਰੀਆਂ ਪ੍ਰਤੀ ਸੁਚੇਤ ਕਰਨਾ

ਵਿਦਿਆਰਥੀਆਂ ਨੂੰ ਸਮਾਜ ਵਿੱਚ ਵਿਚਰਦਿਆਂ ਲੋਕਾਂ ਵਿੱਚ ਵੱਧ ਰਹੀਆਂ ਬਿਮਾਰੀਆਂ ਪ੍ਰਤੀ ਵੀ ਸੁਚੇਤ ਕਰਨਾ ਚਾਹੀਦਾ ਹੈ। ਅੱਜ ਏਡਜ਼, ਹੈਜ਼ਾ, ਟੀ.ਬੀ., ਸ਼ੂਗਰ ਰੋਗ, ਖ਼ੂਨ ਦਾ ਦਬਾ, ਦਿਲ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਇਨ੍ਹਾਂ ਵਿੱਚੋਂ ਬਹੁਤੀਆਂ ਬਿਮਾਰੀਆਂ ਨੂੰ ਮਨੁੱਖ ਆਪ ਹੀ ਸੱਦਾ ਦਿੰਦਾ ਹੈ। ਕਿਉਂਕਿ ਇਹ ਬਿਮਾਰੀਆਂ ਮਨੁੱਖ ਦੀ ਆਪਣੀ ਖੁਰਾਕ ਤੇ ਉਸ ਦੀ ਜੀਵਨ ਜਾਚ ਉੱਪਰ ਹੀ ਨਿਰਭਰ ਹੁੰਦੀਆਂ ਹਨ। ਸਧਾਰਨ ਭੋਜਨ ਦੀ ਥਾਂ ਬਜ਼ਾਰੀ ਖਾਣਿਆਂ ਦਾ ਸੁਆਦ ਹੀ ਇਨ੍ਹਾਂ ਬਿਮਾਰੀਆਂ ਦਾ ਮੁੱਖ ਕਾਰਨ ਬਣਦਾ ਹੈ। ਇਸ

ਇਸੇ ਤਰ੍ਹਾਂ ਜਦੋਂ ਮਨੁੱਖ ਦਾ ਆਪਣਾ ਆਲਾ ਦੁਆਲਾ ਸਾਫ਼ ਨਹੀਂ ਹੁੰਦਾ ਤਾਂ ਉਸ ਨਾਲ ਵੀ ਕਈ ਬਿਮਾਰੀਆਂ ਫੈਲ ਜਾਂਦੀਆਂ ਹਨ।ਅਸੀਂ ਵੇਖ ਸਕਦੇ ਹਾਂ ਕਿ ਸਾਡੇ ਆਲੇ-ਦੁਆਲੇ ਦਾ ਪ੍ਰਦੂਸ਼ਣ, ਪਿੰਡਾਂ ਆਦਿ ਵਿੱਚ ਗਲੀਆਂ ਤੇ ਨਾਲੀਆਂ ਦਾ ਗੰਦਾ ਪਾਣੀ ਜਦੋਂ ਇੱਕ ਥਾਂ ਇਕੱਠਾ ਹੋਇਆ ਰਹਿੰਦਾ ਹੈ ਤਾਂ ਇਹ ਬਿਮਾਰੀਆਂ ਨੂੰ ਸੱਦਾ ਹੀ ਦੇ ਰਿਹਾ ਹੁੰਦਾ ਹੈ।ਮੱਖੀਆਂ ਤੇ ਮੱਛਰਾਂ ਦੀ ਭਰਮਾਰ ਸਦਕਾ ਮਲੇਰੀਆ ਅਤੇ ਮਿਆਦੀ ਬੁਖ਼ਾਰ ਵਰਗੀਆਂ ਬਿਮਾਰੀਆਂ ਬੇ-ਰੋਕ ਟੋਕ ਫੈਲਦੀਆਂ ਹਨ।ਜੇਕਰ ਵਿਦਿਆਰਥੀ ਆਪਣੇ ਆਲੇ-ਦੁਆਲੇ ਰਹਿੰਦੇ ਲੋਕਾਂ ਨੂੰ ਅਜਿਹੀਆਂ ਗੱਲਾਂ ਪ੍ਰਤੀ ਸੁਚੇਤ ਕਰਨ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਵਿਦਿਆਰਥੀ ਲੋਕਾਂ ਨੂੰ ਸੁਚੇਤ ਕਰ ਸਕਦੇ ਹਨ ਕਿ ਬਹੁਤ ਸਾਰੀਆਂ ਸਮੱਸਿਆਵਾਂ ਬਿਨਾਂ ਪੈਸੇ ਖ਼ਰਚ ਕੀਤਿਆਂ ਹੀ ਹੱਲ ਹੋ ਸਕਦੀਆਂ ਹਨ।


ਅਨਪੜ੍ਹ ਲੋਕਾਂ ਦੀ ਅਗਵਾਈ

ਸਾਡੇ ਦੇਸ ਵਿੱਚ ਭਾਵੇਂ ਸਰਕਾਰ ਨੇ ਅਨਪੜ੍ਹਤਾ ਨੂੰ ਖ਼ਤਮ ਕਰਨ ਲਈ ਸਮੇਂ-ਸਮੇਂ ਬਹੁਤ ਸਾਰੀਆਂ ਯੋਜਨਾਵਾਂ ਬਣਾਈਆਂ ਹਨ ਤਾਂ ਵੀ ਅਜੇ ਤੱਕ ਪੇਂਡੂ ਖੇਤਰਾਂ ਵਿੱਚ ਅਨਪੜ੍ਹਤਾ ਦੀ ਦਰ ਕਾਫ਼ੀ ਉੱਚੀ ਹੈ। ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਿਹਲੇ ਸਮੇਂ ਵਿੱਚ ਅਨਪੜ੍ਹ ਲੋਕਾਂ ਨੂੰ ਪੜ੍ਹਾ ਕੇ ਦੇਸ ਦੀ ਉਸਾਰੀ ਵਿੱਚ ਵਡਮੁੱਲਾ ਯੋਗਦਾਨ ਪਾ ਸਕਦੇ ਹਨ।ਇਸ ਨਾਲ ਆਮ ਲੋਕਾਂ ਨੂੰ ਆਪਣੇ ਜੀਵਨ ਵਿਹਾਰ ਵਿੱਚ ਮੁਢਲਾ ਗਿਆਨ ਪ੍ਰਾਪਤ ਹੋ ਸਕੇਗਾ ਜੋ ਕਿਸੇ ਕਾਰਨ ਉਹ ਸਕੂਲ ਵਿੱਚ ਨਾ ਜਾਣ ਕਾਰਨ ਪ੍ਰਾਪਤ ਨਹੀਂ ਕਰ ਸਕੇ।ਵਿਦਿਆਰਥੀਆਂ ਨੂੰ ਆਮ ਲੋਕਾਂ ਦੇ ਮਨੋਰੰਜਨ ਲਈ ਵੀ ਸਮੇਂ- ਸਮੇਂ ਕੋਈ ਪ੍ਰੋਗਰਾਮ ਬਣਾਉਣੇ ਚਾਹੀਦੇ ਹਨ।ਇਸ ਨਾਲ ਵਿਦਿਆਰਥੀਆਂ ਦੀ ਕਲਾ ਵਿੱਚ ਵੀ ਨਿਖ਼ਾਰ ਆਵੇਗਾ ਅਤੇ ਆਮ ਪੇਂਡੂ ਲੋਕਾਂ ਦਾ ਮਨੋਰੰਜਨ ਵੀ ਹੋ ਜਾਵੇਗਾ। ਇੰਜ ਵਿਦਿਆਰਥੀਆਂ ਨੂੰ ਆਮ ਲੋਕਾਂ ਨੂੰ ਸਮੇਂ-ਸਮੇਂ ਸੁਚੇਤ ਕਰਨਾ ਚਾਹੀਦਾ ਹੈ ਕਿ ਉਹ ਹਰ ਤਰ੍ਹਾਂ ਦੀਆਂ ਵੋਟਾਂ ਪੈਣ ਸਮੇਂ ਆਪਣੀ ਵੋਟ ਦੀ ਠੀਕ ਵਰਤੋਂ ਕਰਨ। ਅਜਿਹੇ ਸਮੇਂ ਸਧਾਰਨ ਤੇ ਪੇਂਡੂ ਲੋਕਾਂ ਨੂੰ ਇਹ ਅਹਿਸਾਸ ਕਰਵਾਉਣ ਦੀ ਲੋੜ ਹੈ ਕਿ ਉਨ੍ਹਾਂ ਦੀ ਵੋਟ ਬਹੁਤ ਮੁੱਲਵਾਨ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਛੋਟੇ-ਮੋਟੇ ਲਾਲਚ ਵਿੱਚ ਆ ਕੇ ਵੋਟਾਂ ਆਪਣੇ ਮਨ ਦੀ ਮਰਜ਼ੀ ਦੇ ਖਿਲਾਫ਼ ਨਹੀਂ ਪਾਉਣੀਆਂ ਚਾਹੀਦੀਆਂ। ਇਸੇ ਤਰ੍ਹਾਂ ਅਜਿਹੇ ਲੋਕਾਂ ਨੂੰ ਸਹਿਜ ਤੇ ਕਿਰਤ ਭਰਪੂਰ ਜੀਵਨ ਜਾਚ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਉਣਾ ਚਾਹੀਦਾ ਹੈ।


ਸਾਰੰਸ਼

ਉਪਰੋਕਤ ਵਿਚਾਰਾਂ ਤੋਂ ਸਪਸ਼ਟ ਹੈ ਕਿ ਵਿਦਿਆਰਥੀ ਸਮਾਜ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹੁੰਦੇ ਹਨ।ਇਨ੍ਹਾਂ ਵਿਦਿਆਰਥੀਆਂ ਨੇ ਹੀ ਅੱਗੇ ਜਾ ਕੇ ਦੇਸ ਦੀ ਕਮਾਨ ਸੰਭਾਲਣੀ ਹੁੰਦੀ ਹੈ। ਇਸ ਲਈ ਵਿਦਿਆਰਥੀਆਂ ਦੀ ਭੂਮਿਕਾ ਦੂਹਰੀ ਹੋ ਜਾਂਦੀ ਹੈ ਜਿਸ ਦੇ ਅੰਤਰਗਤ ਵਿਦਿਆਰਥੀਆਂ ਨੂੰ ਆਪਣੀ ਸ਼ਖ਼ਸੀਅਤ ਦੀ ਉਸਾਰੀ ਵੱਲ ਵੀ ਸੁਚੇਤ ਹੋਣਾ ਪੈਂਦਾ ਹੈ ਤੇ ਇੱਕ ਜ਼ਿੰਮੇਵਾਰ ਨਾਗਰਿਕ ਦੀ ਤਰ੍ਹਾਂ ਆਪਣੇ ਆਲੇ-ਦੁਆਲੇ ਦੇ ਆਮ ਤੇ ਸਧਾਰਨ ਲੋਕਾਂ ਨੂੰ ਸਮਾਜ ਨੂੰ ਹਰ ਹੀਲੇ ਹਰ ਪੱਧਰ ਤੇ ਵਧੇਰੇ ਖ਼ੁਸ਼ਹਾਲ 'ਤੇ ਹੁਸੀਨ ਬਣਾਉਣ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ। ਜੇਕਰ ਵਿਦਿਆਰਥੀ ਆਪਣੇ ਅਜਿਹੇ ਫ਼ਰਜ਼ਾਂ ਪ੍ਰਤੀ ਸੁਚੇਤ ਹੋ ਕੇ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਦੇਸ ਵਾਸੀ ਵੀ ਹਰ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਸਮੱਸਿਆਵਾਂ ਤੋਂ ਮੁਕਤ ਹੋ ਕੇ ਖ਼ੁਸ਼ੀ ਭਰਿਆ ਜੀਵਨ ਗੁਜ਼ਾਰਨ ਦੇ ਸਮਰੱਥ ਹੋ ਜਾਣਗੇ।


Post a Comment

0 Comments