Vidhyarthi te Kheda "ਵਿਦਿਆਰਥੀ ਤੇ ਖੇਡਾਂ" Punjabi Essay, Paragraph for Class 8, 9, 10, 11 and 12 Students Examination in 800 Words.

ਪੰਜਾਬੀ ਨਿਬੰਧ - ਵਿਦਿਆਰਥੀ ਤੇ ਖੇਡਾਂ 
Vidhyarthi te Kheda

ਭੂਮਿਕਾ

ਸਕੂਲਾਂ ਜਾਂ ਕਾਲਜਾਂ ਵਿੱਚੋਂ ਵਿੱਦਿਆ ਪ੍ਰਾਪਤ ਕਰਨ ਦੇ ਮੋਟੇ ਤੌਰ 'ਤੇ ਤਿੰਨ ਮਨੋਰਥ ਹੀ ਸਵੀਕਾਰ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚ ਬੌਧਿਕ ਵਿਕਾਸ, ਸਰੀਰਕ ਵਿਕਾਸ ਤੇ ਸਦਾਚਾਰਕ ਗੁਣਾਂ ਦੀ ਉਸਾਰੀ ਸ਼ਾਮਲ ਹਨ।ਜਿੱਥੇ ਖੇਡਾਂ ਦੀ ਸਰੀਰਕ ਵਿਕਾਸ ਲਈ ਆਪਣੀ ਵਿਸ਼ੇਸ਼ ਮਹੱਤਤਾ ਹੈ ਉੱਥੇ ਇਹ ਖਿਡਾਰੀ ਦੀ ਸ਼ਖ਼ਸੀਅਤ ਉਸਾਰੀ ਵਿੱਚ ਬਹੁਤ ਹੀ ਉਸਾਰੂ ਭੂਮਿਕਾ ਨਿਭਾਉਂਦੀਆਂ ਹਨ।ਇਸ ਲਈ ਵਿਦਿਆਰਥੀਆਂ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਣਾ ਬਹੁਤ ਮਹੱਤਵਪੂਰਨ ਹੁੰਦਾ ਹੈ।


ਵਿਦਿਆਰਥੀ ਜੀਵਨ

ਵਿਦਿਆਰਥੀਆਂ ਲਈ ਸਿੱਖਿਆ ਦਾ ਮੰਤਵ ਉਨ੍ਹਾਂ ਦੀ ਸ਼ਖਸੀਅਤ ਦੇ ਬਹੁਮੁੱਖੀ ਵਿਕਾਸ ਨੂੰ ਹੀ ਮੰਨਿਆ ਜਾਂਦਾ ਹੈ, ਇਸੇ ਕਾਰਨ ਸਿੱਖਿਆ ਤੋਂ ਭਾਵ ਕੇਵਲ ਕਿਤਾਬੀ ਗਿਆਨ ਪ੍ਰਾਪਤ ਕਰਨਾ ਹੀ ਨਹੀਂ ਬਲਕਿ ਸਰੀਰਕ ਤੇ ਮਾਨਸਿਕ ਤੌਰ 'ਤੇ ਵੀ ਤਕੜੇ ਹੋਣਾ ਹੈ। ਖੇਡਾਂ ਦੀ ਮਹੱਤਤਾ ਨਾਲ ਸੰਬੰਧਤ ਹੀ ਅੰਗਰੇਜ਼ੀ ਵਿੱਚ ਇੱਕ ਪ੍ਰਸਿੱਧ ਕਥਨ ਹੈ ਕਿ ‘A Sound Mind in a Sound Body', ਅਰਥਾਤ ਸਿਹਤਮੰਦ ਸਰੀਰ ਵਿੱਚ ਹੀ ਸਿਹਤਮੰਦ ਆਤਮਾ ਹੁੰਦੀ ਹੈ।ਇਸੇ ਲਈ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੇ ਦੌਰਾਨ ਖੇਡਾਂ ਵਾਲੇ ਪਾਸੇ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।


ਚੰਗੀ ਸ਼ਖ਼ਸੀਅਤ ਦੀ ਉਸਾਰੀ

ਖੇਡਾਂ ਵਿਦਿਆਰਥੀ ਦੀ ਚੰਗੇਰੀ ਸ਼ਖ਼ਸੀਅਤ ਦੀ ਉਸਾਰੀ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।ਖੇਡਾਂ ਵਿਦਿਆਰਥੀ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆਂ ਹਨ।ਖੇਡਾਂ ਵਿਚਲੀ ਜਿੱਤਾਂ-ਹਾਰਾਂ ਦੀ ਭਾਵਨਾ ਜ਼ਿੰਦਗੀ ਵਿਚਲੀਆਂ ਜਿੱਤਾਂ-ਹਾਰਾਂ ਨੂੰ ਨਿਭਾਉਣ ਦੀ ਜਾਚ ਸਿਖਾਉਂਦੀਆਂ ਹਨ।ਖੇਡਾਂ ਦੀ ਬਦੌਲਤ ਹੀ ਖਿਡਾਰੀ ਪ੍ਰਾਂਤਕ, ਕੌਮੀ ਤੇ ਅੰਤਰਰਾਸ਼ਟਰੀ ਪੱਧਰਾਂ 'ਤੇ ਸ਼ਾਮਲ ਹੋਣ ਨਾਲ ਹੀ ਇੱਕ ਦੂਸਰੇ ਦੇ ਸੰਪਰਕ ਵਿੱਚ ਆਉਂਦੇ ਹਨ, ਇਸ ਨਾਲ ਸਮੁੱਚੀ ਮਾਨਵਤਾ ਵਿੱਚ ਇੱਕ ਦੂਸਰੇ ਪ੍ਰਤੀ ਪਿਆਰ ਪੈਦਾ ਹੁੰਦਾ ਹੈ। ਅਜਿਹੇ ਗੁਣਾਂ ਸਦਕਾ ਹੀ ਸਾਰੀ ਦੁਨੀਆ ਦੀਆਂ ਉਲੰਪਿਕ ਖੇਡਾਂ ਸ਼ੁਰੂ ਹੋਈਆਂ ਸਨ।

ਖੇਡਾਂ ਦੀ ਮਹਾਨਤਾ ਦੇ ਸੰਬੰਧ ਵਿੱਚ ਹੀ ਮਹਾਨ ਜਰਨੈਲ ਨੈਪੋਲੀਅਨ ਨੂੰ ਮੈਦਾਨੇ ਜੰਗ ਵਿੱਚ ਹਰਾਉਣ ਵਾਲੇ ਜਨਰਲ ਵਲਿੰਗਟਨ ਨੇ ਆਖਿਆ ਸੀ, “ ਵਾਟਰਲੂ ਦੀ ਲੜਾਈ ਈਟਨ ਅਤੇ ਡਰਬੀ ਦੇ ਖੇਡ ਮੈਦਾਨ ਵਿੱਚ ਜਿੱਤੀ ਗਈ ਹੈ। ਉਸ ਦੇ ਇਸ ਕਥਨ ਦਾ ਭਾਵ ਸੀ ਕਿ ਜਿੱਤਣ ਦਾ ਢੰਗ ਤਰੀਕਾ ਵੀ ਖੇਡ-ਮੈਦਾਨ ਵਿੱਚੋਂ ਹੀ ਪਤਾ ਲੱਗਦਾ ਹੈ। ਇਸ ਲਈ ਵਿਦਿਆਰਥੀਆਂ ਨੂੰ ਛੋਟੀ ਉਮਰੇ ਹੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਾਲੇ ਪਾਸੇ ਵੀ ਪਾਉਣਾ ਚਾਹੀਦਾ ਹੈ।


ਸਰੀਰਕ ਅਰੋਗਤਾ ਵਿੱਚ ਖੇਡਾਂ ਦੀ ਮਹੱਤਤਾ

ਵਿਦਿਆਰਥੀਆਂ ਲਈ ਖੇਡਾਂ ਦੇ ਲਾਭ ਅਣਗਿਣਤ ਹਨ। ਖੇਡਾਂ ਸਰੀਰ ਨੂੰ ਸ਼ਕਤੀਸ਼ਾਲੀ, ਤੰਦਰੁਸਤ ਅਤੇ ਅਰੋਗ ਰੱਖਣ ਵਿੱਚ ਬਹੁਤ ਹੀ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਖੇਡਣ ਸਮੇਂ ਸਾਹ ਦੀ ਗਤੀ ਤੇਜ਼ ਹੋਣ ਕਾਰਨ ਖ਼ੂਨ ਦਾ ਦੌਰਾ ਤੇਜ਼ ਹੋ ਜਾਂਦਾ ਹੈ, ਇਸ ਨਾਲ ਸਾਰੇ ਸਰੀਰਕ ਅੰਗਾਂ ਨੂੰ ਖ਼ੂਨ ਵਧੇਰੇ ਮਾਤਰਾ ਵਿੱਚ ਪਹੁੰਚਦਾ ਹੈ । ਇਸ ਨਾਲ ਸਾਰੇ ਅੰਗ ਮਜ਼ਬੂਤ ਬਣਦੇ ਹਨ।ਇਹ ਆਮ ਵੇਖਿਆ ਜਾ ਸਕਦਾ ਹੈ ਕਿ ਖਿਡਾਰੀਆਂ ਦੀ ਸਿਹਤ ਦੂਸਰਿਆਂ ਨਾਲੋਂ ਚੰਗੀ ਹੁੰਦੀ ਹੈ। ਖੇਡਣ ਨਾਲ ਸਰੀਰ ਵਿੱਚ ਥਕਾਵਟ ਆਉਂਦੀ ਹੈ, ਜਿਸ ਨਾਲ ਨੀਂਦ ਚੰਗੀ ਆਉਂਦੀ ਹੈ ਤੇ ਸਿਹਤ ਠੀਕ ਰਹਿੰਦੀ ਹੈ। ਇਸ ਤੋਂ ਇਲਾਵਾ ਪੜ੍ਹਾਈ ਦੌਰਾਨ ਥਕੇ ਮਨ ਨੂੰ ਖੇਡਾਂ ਤਰੋ-ਤਾਜ਼ਾ ਕਰ ਦਿੰਦੀਆਂ ਹਨ। ਅਜਿਹੇ ਸਾਰੇ ਲਾਭਾਂ ਕਾਰਨ ਹੀ ਸਰੀਰ ਤੰਦਰੁਸਤ ਰਹਿੰਦਾ ਹੈ ਜਿਸ ਕਾਰਨ ਬਿਮਾਰੀ ਵੀ ਛੇਤੀ ਕੀਤਿਆਂ ਨੇੜੇ ਨਹੀਂ ਆਉਂਦੀ।


ਹੌਸਲਾ ਤੇ ਨਿਡਰਤਾ ਪੈਦਾ ਕਰਨਾ

ਖੇਡਾਂ ਵਿਦਿਆਰਥੀਆਂ ਵਿੱਚ ਹੌਸਲੇ ਤੇ ਨਿਡਰਤਾ ਵਰਗੇ ਮਹੱਤਵਪੂਰਨ ਗੁਣ ਪੈਦਾ ਕਰਦੀਆਂ ਹਨ।ਖਿਡਾਰੀ ਥੋੜ੍ਹੀ ਬਹੁਤ ਸੱਟ ਲੱਗਣ 'ਤੇ ਵੀ ਘਬਰਾਉਣ ਦੀ ਥਾਂ ਖੇਡਦੇ ਹਨ। ਇਸੇ ਤਰ੍ਹਾਂ ਉਹ ਗਰਮੀ ਸਰਦੀ ਤੋਂ ਡਰਨ ਦੀ ਥਾਂ ਹਰ ਤਰ੍ਹਾਂ ਦੇ ਮੌਸਮ ਵਿੱਚ ਖੇਡਦੇ ਹਨ। ਇਸ ਤਰ੍ਹਾਂ ਹੌਸਲਾ ਤੇ ਨਿਡਰਤਾ ਖਿਡਾਰੀਆਂ ਦੀ ਸ਼ਖ਼ਸੀਅਤ ਵਿੱਚ ਸਹਿਜੇ ਹੀ ਸਮਾ ਜਾਂਦੇ ਹਨ।


ਬੌਧਿਕ ਵਿਕਾਸ ਵਿੱਚ ਯੋਗਦਾਨ

ਖੇਡਾਂ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਵਿੱਚ ਵੀ ਵੱਡਾ ਹਿੱਸਾ ਪਾਉਂਦੀਆਂ ਹਨ। ਹਾਕੀ, ਟੇਬਲ ਟੈਨਿਸ, ਵਾਲੀਬਾਲ, ਫੁਟਬਾਲ, ਕੁਸ਼ਤੀ, ਬਾਕਸਿੰਗ ਆਦਿ ਖੇਡਾਂ ਖੇਡਦਿਆਂ ਸਮੇਂ ਸਰੀਰਕ ਸ਼ਕਤੀ ਦੇ ਨਾਲ-ਨਾਲ ਬੁੱਧੀ ਤੋਂ ਵੀ ਬਹੁਤ ਜ਼ਿਆਦਾ ਕੰਮ ਲੈਣਾ ਪੈਂਦਾ ਹੈ। ਇਨ੍ਹਾਂ ਖੇਡਾਂ ਨੂੰ ਖੇਡਣ ਸਮੇਂ ਖਿਡਾਰੀ ਵਿੱਚ ਵੱਖਰੀਆਂ-ਵੱਖਰੀਆਂ ਸਥਿਤੀਆਂ ਦੌਰਾਨ ਬਹੁਤ ਹੀ ਜਲਦੀ ਵਿੱਚ ਫ਼ੈਸਲੇ ਲੈਣੇ ਪੈਂਦੇ ਹਨ। ਅਜਿਹਾ ਕਰਦਿਆਂ ਉਨ੍ਹਾਂ ਦੀ ਦਿਮਾਗ਼ੀ ਕਸਰਤ ਵੀ ਹੋ ਜਾਂਦੀ ਹੈ। ਇਸ ਨਾਲ ਖਿਡਾਰੀ ਬੌਧਿਕ ਤੌਰ 'ਤੇ ਵੀ ਦੂਸਰਿਆਂ ਨਾਲੋਂ ਨਰੋਏ ਹੋ ਜਾਂਦੇ ਹਨ।ਅਜੋਕੇ ਸਮੇਂ ਵਿੱਚ ਤਾਂ ਖਿਡਾਰੀਆਂ ਦੀ ਸਰੀਰਕ ਤੰਦਰੁਸਤੀ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਕਰੜੇ ਬਣਾਉਣ ਲਈ ਮਾਹਿਰ ਮਨੋਵਿਗਿਆਨੀਆਂ ਦੀਆਂ ਸੇਵਾਵਾਂ ਵੀ ਲਈਆਂ ਜਾਂਦੀਆਂ ਹਨ।


ਪੜ੍ਹਾਈ ਤੇ ਪ੍ਰਭਾਵ

ਬਹੁਤ ਸਾਰੇ ਲੋਕਾਂ ਦਾ ਇਹ ਵਿਚਾਰ ਹੈ ਕਿ ਖੇਡਾਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕਰਦੀਆਂ ਹਨ, ਇਸ ਨਾਲ ਵਿਦਿਆਰਥੀਆਂ ਦਾ ਸਮਾਂ ਬਰਬਾਦ ਹੁੰਦਾ ਹੈ।ਪਰ ਅਜਿਹੇ ਲੋਕਾਂ ਦੀ ਇਹ ਸੋਚ ਜਾਂ ਧਾਰਨਾ ਦਾ ਕੋਈ ਮਜ਼ਬੂਤ ਆਧਾਰ ਨਹੀਂ।ਅਸੀਂ ਵੇਖਦੇ ਹਾਂ ਕਿ ਜਿਹੜੇ ਵਿਦਿਆਰਥੀ ਪੜ੍ਹਾਈ ਵਿੱਚ ਚੰਗੇ ਹੁੰਦੇ ਹਨ ਉਹ ਜਦੋਂ ਖੇਡਾਂ ਵਿੱਚ ਭਾਗ ਲੈਂਦੇ ਹਨ ਤਾਂ ਉਨ੍ਹਾਂ ਦੀ ਪੜ੍ਹਾਈ ਵਿੱਚ ਨਿਘਾਰ ਨਹੀਂ ਬਲਕਿ ਨਿਖ਼ਾਰ ਆਉਂਦਾ ਹੈ। ਖੇਡ ਦੌਰਾਨ ਤਰੋ-ਤਾਜਾ ਹੋਇਆ ਮਨ ਪੜ੍ਹਾਈ ਵਿੱਚ ਵਧੇਰੇ ਲੱਗਦਾ ਹੈ। ਜਿਹੜੇ ਵਿਦਿਆਰਥੀ ਪੜ੍ਹਾਈ ਮਗਰੋਂ ਖੇਡਣ ਦੀ ਥਾਂ ਹੋਰ ਫ਼ਜ਼ੂਲ ਰੁਚੀਆਂ ਨੂੰ ਅਪਨਾ ਕੇ ਆਪਣਾ ਕੀਮਤੀ ਸਮਾਂ ਵਿਅਰਥ ਗਵਾ ਲੈਂਦੇ ਹਨ ਉਨ੍ਹਾਂ ਨਾਲੋਂ ਖਿਡਾਰੀ ਕਈ ਗੁਣਾ ਚੰਗੇ ਵਿਦਿਆਰਥੀ ਬਣ ਜਾਂਦੇ ਹਨ।


ਸਾਰੰਸ਼

ਉਪਰੋਕਤ ਵਿਚਾਰਾਂ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਖੇਡਾਂ ਦਾ ਮਨੁੱਖੀ ਜੀਵਨ ਵਿੱਚ ਬਹੁਤ ਹੀ ਉਸਾਰੂ ਮਹੱਤਵ ਹੁੰਦਾ ਹੈ। ਖੇਡਾਂ ਵਿਦਿਆਰਥੀ ਦੀ ਸਮੁੱਚੀ ਸ਼ਖ਼ਸੀਅਤ ਦੀ ਬਹੁਪੱਖੀ ਉਸਾਰੀ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।ਜੇਕਰ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਣ ਤਾਂ ਉਨ੍ਹਾਂ ਦੀ ਸ਼ਖ਼ਸੀਅਤ ਲਈ ਸਨ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ।


Post a Comment

1 Comments