Vidhyarthi ate Anushasanhinta "ਵਿਦਿਆਰਥੀ ਅਤੇ ਅਨੁਸ਼ਾਸਨਹੀਣਤਾ" Punjabi Essay, Paragraph for Class 8, 9, 10, 11 and 12 Students Examination in 1000 Words.

ਪੰਜਾਬੀ ਨਿਬੰਧ - ਵਿਦਿਆਰਥੀ ਅਤੇ ਅਨੁਸ਼ਾਸਨਹੀਣਤਾ 
Vidhyarthi ate Anushasanhinta

ਅਨੁਸ਼ਾਸਨ ਕੀ ਹੈ?

ਅਨੁਸ਼ਾਸਨ ਮਨੁੱਖੀ ਜੀਵਨ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ।ਅਨੁਸ਼ਾਸਨ ਦਾ ਭਾਵ ਹੈ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਨਾ।ਅਨੁਸ਼ਾਸਨ ਹਰ ਸੱਭਿਅਤਾ ਸਮਾਜ ਦੀ ਨੀਂਹ ਹੁੰਦਾ ਹੈ। ਇਹ ਮਨੁੱਖੀ ਸ਼ਖ਼ਸੀਅਤ ਨੂੰ ਬੁਲੰਦੀਆਂ ਦਾ ਤਾਜ ਪਹਿਨਾਉਂਦਾ ਹੈ। ਇਹ ਮਨੁੱਖੀ ਚਰਿੱਤਰ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ ਪਰ ਇਹ ਸਭ ਗੱਲਾਂ ਹੁਣ ਕਹਾਣੀ ਜਿਹੀਆਂ ਜਾਪਦੀਆਂ ਹਨ ਕਿਉਂਕਿ ਅੱਜ ਦਾ ਵਿਦਿਆਰਥੀ, ਜੋ ਕਿ ਦੇਸ ਦਾ ਭਵਿੱਖ ਹੈ, ਉਸ ਲਈ ਇਹ ਸ਼ਬਦ ਕੋਈ ਖ਼ਾਸ ਮਤਲਬ ਨਹੀਂ ਰੱਖਦਾ। ਅਧਿਆਪਕ ਦੀ ਹਰ ਗੱਲ ਨੂੰ ਸਿਰ ਮੱਥੇ ਮੰਨਣਾ ਵਿਦਿਆਰਥੀ ਜਿੱਥੇ ਆਪਣਾ ਧਰਮ ਸਮਝਦੇ ਸਨ। ਹੁਣ ਉਹ ਵਿਦਿਆਰਥੀ ਅਧਿਆਪਕ ਨੂੰ ਮਾਰਨ ਦੀ ਧਮਕੀ ਦੇ ਕੇ ਆਪਣੇ-ਆਪ ਨੂੰ ਪਾਸ ਕਰਵਾ ਲੈਂਦੇ ਹਨ। ਹੁਣ ਵਿਦਿਆਰਥੀ ਕਾਲਜਾਂ ਵਿੱਚ ਹੜਤਾਲਾਂ ਕਰਵਾ ਦਿੰਦੇ ਹਨ, ਜੇ ਫ਼ਿਰ ਵੀ ਗੱਲ ਨਾ ਬਣੇ ਤਾਂ ਸੰਸਥਾ ਦੇ ਸ਼ੀਸ਼ੇ ਤੋੜਨਾ, ਗੱਡੀਆਂ ਬੱਸਾਂ ਨੂੰ ਅੱਗ ਲਾ ਦੇਣੀ ਇੱਕ ਆਮ ਜਿਹੀ ਗੱਲ ਬਣ ਗਈ ਹੈ।


ਜੀਵਨ ਦਾ ਜ਼ਰੂਰੀ ਅੰਗ

ਅਨੁਸ਼ਾਸਨ ਮਨੁੱਖੀ ਜੀਵਨ ਲਈ ਇੱਕ ਜ਼ਰੂਰੀ ਅੰਗ ਹੈ। ਅਨੁਸ਼ਾਸਨ ਤੋਂ ਬਿਨਾਂ ਮਨੁੱਖੀ ਜੀਵਨ ਉਸ ਬੇੜੀ ਵਰਗਾ ਹੈ, ਜਿਸ ਦਾ ਮਲਾਹ ਨਾ ਹੋਵੇ ਜਾਂ ਉਸ ਚਿੱਠੀ ਵਰਗਾ ਹੈ ਜਿਸ ਉੱਪਰ ਸਿਰਨਾਵਾਂ ਨਾ ਲਿਖਿਆ ਹੋਵੇ। ਇੱਕ ਅਨੁਸ਼ਾਸਨਹੀਣ ਵਿਅਕਤੀ ਆਪਣੇ ਜੀਵਨ ਵਿੱਚ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ।


ਵਿਦਿਆਰਥੀਆਂ ਲਈ ਲੋੜ

ਵਿਦਿਆਰਥੀ ਜੀਵਨ ਮਨੁੱਖੀ ਜੀਵਨ ਦਾ ਉਹ ਪੜਾਅ ਹੈ ਜਦੋਂ ਉਸ ਦੀ ਬੁੱਧੀ ਦਾ ਵਿਕਾਸ ਹੁੰਦਾ ਹੈ ਤੇ ਆਚਰਨ ਦੀ ਉਸਾਰੀ ਹੁੰਦੀ ਹੈ। ਇਹ ਸਮਾਂ ਹੈ, ਜਦੋਂ ਉਸ ਨੂੰ ਠੀਕ ਸਿਖਲਾਈ ਦੀ ਅਤਿਅੰਤ ਜ਼ਰੂਰਤ ਹੁੰਦੀ ਹੈ ਕਿਉਂਕਿ ਇਸ ਸਮੇਂ ਮਿਲੀ ਚੰਗੀ ਜਾਂ ਮਾੜੀ ਸਿਖਲਾਈ ਉੱਪਰ ਹੀ ਉਸ ਦੇ ਭਵਿੱਖ ਦੇ ਆਚਰਨ ਨੇ ਨਿਰਭਰ ਕਰਨਾ ਹੁੰਦਾ ਹੈ। ਸਕੂਲਾਂ, ਕਾਲਜਾਂ ਵਿੱਚ ਵਿੱਦਿਆ ਦਾ ਅਸਲੀ ਮਕਸਦ ਦੇਸ ਦੇ ਭਵਿੱਖ ਦੇ ਮਾਲਕ ਨੌਜਵਾਨਾਂ ਦੀ ਸ਼ਖ਼ਸੀਅਤ ਦੀ ਉਸਾਰੀ ਕਰਨਾ ਹੀ ਹੈ, ਜਿਸ ਨਾਲ ਇੱਕ ਨੌਜਵਾਨ ਆਪਣੇ ਪਰਿਵਾਰ, ਭਾਈਚਾਰੇ, ਸਮਾਜ ਦੇ ਪ੍ਰਤੀ ਆਪਣੇ ਕਰਤੱਵਾਂ ਦੀ ਪਛਾਣ ਕਰਦਾ ਹੋਇਆ ਸੁਚੱਜਾ ਜੀਵਨ ਜੀਵੇ। ਵਿਦਿਆਰਥੀ ਵਿੱਦਿਆ ਤੋਂ ਇਹ ਲਾਭ ਤਦ ਹੀ ਪੂਰਾ-ਪੂਰਾ ਲੈ ਸਕਦਾ ਹੈ, ਜੇਕਰ ਉਹ ਆਪਣੇ ਘਰ, ਸਕੂਲ, ਕਾਲਜ ਤੇ ਆਲੇ-ਦੁਆਲੇ ਵਿੱਚ ਅਨੁਸ਼ਾਸਨ ਅਰਥਾਤ ਮਿਥੇ ਨਿਯਮਾਂ ਦੀ ਪਾਲਣਾ ਕਰੇ ਤੇ ਉਸ ਦੀ ਹਰ ਬੁਰਾਈ ਤੇ ਅਨਿਯਮਿਤਤਾ ਤੋਂ ਬਚੇ, ਜਿਹੜੀ ਉਸ ਨੂੰ ਉਸ ਦੇ ਮਾਨਸਕ ਤੇ ਆਚਰਨਕ ਵਿਕਾਸ ਵਿੱਚ ਸਹਾਈ ਹੋਣ ਵਾਲੀ ਵਿੱਦਿਆ ਪ੍ਰਾਪਤੀ ਦੇ ਰਾਹ ਤੋਂ ਭਟਕਾਉਣ ਵਾਲੀ ਹੁੰਦੀ ਹੈ।


ਅਫ਼ਸੋਸਨਾਕ ਸਥਿਤੀ

ਪਰੰਤੂ ਅੱਜ ਦੇ ਵਿਦਿਆਰਥੀ ਵਰਗ ਦੀ ਸਥਿਤੀ ਬੜੀ ਅਫ਼ਸੋਸਨਾਕ ਹੈ। ਅੱਜ ਕੇਵਲ ਭਾਰਤ ਵਿੱਚ ਹੀ ਨਹੀਂ, ਸਗੋਂ ਲਗਪਗ ਸਾਰੇ ਦੇਸਾਂ ਦਾ ਵਿਦਿਆਰਥੀ ਵਰਗ ਅਨੁਸ਼ਾਸਨਹੀਣਤਾ ਦਾ ਸ਼ਿਕਾਰ ਹੈ। ਵਿਦਿਆਰਥੀ ਵਰਗ ਵਿੱਚ ਅਨੁਸ਼ਾਸਨ ਦੀ ਘਾਟ ਭਾਰਤ ਦੀਆਂ ਪ੍ਰਮੁੱਖ ਸਮੱਸਿਆਵਾਂ ਵਿੱਚੋਂ ਇੱਕ ਹੈ। ਅਨੁਸ਼ਾਸਨਹੀਣਤਾ ਦੇ ਸ਼ਿਕਾਰ ਹੋਏ ਵਿਦਿਆਰਥੀ ਨਿੱਕੀ-ਨਿੱਕੀ ਗੱਲ 'ਤੇ ਪੜ੍ਹਾਈ ਨੂੰ ਛੱਡ ਕੇ ਹੜਤਾਲਾਂ, ਮੁਜ਼ਾਹਰਿਆਂ, ਵਾਕ-ਆਊਟਾਂ ਤੇ ਜਲੂਸਾਂ ਦੇ ਰਾਹ ਉੱਪਰ ਤੁਰ ਪੈਂਦੇ ਹਨ। ਉਹ ਪ੍ਰਿੰਸੀਪਲ ਅਤੇ ਵਾਇਸ ਚਾਂਸਲਰਾਂ ਵਿਰੁੱਧ ਨਾਅਰੇ ਮਾਰਦੇ ਤੇ ਉਨ੍ਹਾਂ ਦੇ ਪੁਤਲੇ ਸਾੜਦੇ ਹਨ। ਕਈ ਵਾਰ ਉਹ ਹਿੰਸਕ ਘਟਨਾਵਾਂ 'ਤੇ ਉੱਤਰ ਆਉਂਦੇ ਹਨ ਤੇ ਪੁਲਿਸ ਨਾਲ ਵੀ ਟੱਕਰ ਲੈਂਦੇ ਹਨ।ਦੂਜੇ ਪਾਸੇ ਪੁਲਿਸ ਅੱਥਰੂ-ਗੈਸ ਛੱਡਦੀ ਤੇ ਲਾਠੀਚਾਰਜ ਦੀ ਵਰਤੋਂ ਕਰਦੀ ਹੈ। ਫਲਸਰੂਪ ਮਾਮਲਾ ਹੋਰ ਵਿਗੜ ਜਾਂਦਾ ਹੈ। ਕਾਲਜ ਤੇ ਯੂਨੀਵਰਸਿਟੀਆਂ ਬੰਦ ਹੋ ਜਾਂਦੀਆਂ ਹਨ ਅਤੇ ਪੜ੍ਹਾਈ ਠੱਪ ਹੋ ਜਾਂਦੀ ਹੈ।


ਸਾਲਤੀ ਜਿਲਸ ਦੀ ਨਿਰੰਤ ਕਾਰਨ

ਸਾਡੇ ਦੇਸ ਵਿੱਚ ਵਿਦਿਆਰਥੀਆਂ ਦੀ ਇਸ ਅਨੁਸ਼ਾਸਨਹੀਣਤਾ ਸੰਬੰਧੀ ਇਕੱਲੇ ਵਿਦਿਆਰਥੀ ਵਰਗ ਨੂੰ ਹੀ ਦੋਸ਼ ਦੇਣਾ ਠੀਕ ਨਹੀਂ। ਇਸ ਦੇ ਹੇਠ ਲਿਖੇ ਮੁੱਖ ਕਾਰਨ ਹਨ


ਵਿਦਿਆਰਥੀਆਂ ਦੀ ਗਿਣਤੀ ਦਾ ਵਧਣਾ

ਪਿਛਲੇ ਕੁਝ ਸਾਲਾਂ ਤੋਂ ਸਕੂਲਾਂ-ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਵਧ ਗਈ ਹੈ, ਪਰ ਇਸ ਦੇ ਮੁਕਾਬਲੇ ਵਿੱਦਿਆ ਸੰਸਥਾਵਾਂ ਦੀ ਗਿਣਤੀ ਬਹੁਤ ਘੱਟ ਹੈ। ਸਕੂਲਾਂ, ਕਾਲਜਾਂ ਵਿੱਚ ਲੱਗਣ ਵਾਲੀਆਂ ਕਲਾਸਾਂ ਵਿੱਚ ਭੀੜ ਲੱਗੀ ਰਹਿੰਦੀ ਹੈ।ਵਿਦਿਆਰਥੀਆਂ ਨੂੰ ਪੂਰੀਆਂ ਸਹੂਲਤਾਂ ਨਹੀਂ ਮਿਲਦੀਆਂ । ਇੱਥੋਂ ਤੱਕ ਕਿ ਉਨ੍ਹਾਂ ਦੇ ਬੈਠਣ ਲਈ ਸੀਟਾਂ ਵੀ ਪੂਰੀਆਂ ਨਹੀਂ ਦੇ ਹੁੰਦੀਆਂ। ਵਿਦਿਆਰਥੀ ਬਹੁਤੇ ਹੋਣ ਕਰਕੇ ਅਧਿਆਪਕ ਹਰ ਇੱਕ ਵੱਲ ਪੂਰੀ ਤਰ੍ਹਾਂ ਧਿਆਨ ਨਹੀਂ ਦੇ ਸਕਦਾ। ਕਈ ਵਾਰੀ ਅਧਿਆਪਕ ਨੂੰ ਆਪਣੀ ਕਲਾਸ ਦੇ ਵਿਦਿਆਰਥੀਆਂ ਦੇ ਚਿਹਰਿਆਂ ਦਾ ਵੀ ਪਤਾ ਨਹੀਂ ਹੁੰਦਾ, ਜਿਸ ਕਰਕੇ ਵਿਦਿਆਰਥੀਆਂ ਨੂੰ ਕਲਾਸ ਵਿੱਚ ਸ਼ਰਾਰਤ ਕਰਨ, ਰੌਲਾ ਪਾਉਣ ਤੇ ਪੜ੍ਹਾਈ ਵੱਲੋਂ ਬੇਧਿਆਨੇ ਹੋਣ ਦੇ ਮੌਕੇ ਮਿਲ ਜਾਂਦੇ ਹਨ।


ਦੋਸ਼ਪੂਰਨ ਪਰੀਖਿਆ ਪ੍ਰਣਾਲੀ

ਸਾਡੀ ਪਰੀਖਿਆ ਪ੍ਰਣਾਲੀ ਦਾ ਦੋਸ਼ਪੂਰਨ ਹੋਣਾ ਵੀ ਵਿਦਿਆਰਥੀਆਂ ਵਿੱਚ ਅਨੁਸ਼ਾਸਨਹੀਣਤਾ ਦਾ ਇੱਕ ਕਾਰਨ ਹੈ। ਇਸ ਪਰੀਖਿਆ ਪ੍ਰਣਾਲੀ ਕਾਰਨ ਕਈ ਵਾਰੀ ਬਹੁਤ ਹੁਸ਼ਿਆਰ ਅਤੇ ਗੰਭੀਰ ਵਿਦਿਆਰਥੀ ਫੇਲ੍ਹ ਹੋ ਜਾਂਦੇ ਹਨ, ਪਰ ਨਾਲਾਇਕ ਤੇ ਬੇਮੁਹਾਰੇ ਵਿਦਿਆਰਥੀ ਪਾਸ ਹੋ ਜਾਂਦੇ ਹਨ। ਗਾਈਡਾਂ, ਨੋਟਸਾਂ ਤੇ ਗੈਸ ਪੇਪਰਾਂ ਦੀ ਪ੍ਰਾਪਤੀ ਹੋਣ ਕਰਕੇ ਤੇ ਇਮਤਿਹਾਨ ਵਿੱਚ ਨਕਲ ਦਾ ਕੰਮ ਚਲਦਾ ਹੋਣ ਕਰਕੇ ਵਿਦਿਆਰਥੀ ਪੜ੍ਹਾਈ ਵੱਲੋਂ ਅਵੇਸਲੇ ਹੋ ਜਾਂਦੇ ਹਨ ਤੇ ਪਰੀਖਿਆ ਵਿੱਚ ਨਕਲ ਨੂੰ ਰੋਕਣ ਵਾਲਿਆਂ ਨਾਲ ਗੁਸਤਾਖ਼ੀ ਨਾਲ ਪੇਸ਼ ਆਉਂਦੇ ਹਨ। ਕਈ ਵਾਰ ਉਨ੍ਹਾਂ ਨੂੰ ਧਮਕੀਆਂ ਦੇ ਕੇ, ਗਾਲ੍ਹਾਂ ਕੱਢ ਕੇ ਜਾਂ ਮਾਰ-ਕੁੱਟ ਕੇ ਅਨੁਸ਼ਾਸਨ ਦੀਆਂ ਧੱਜੀਆਂ ਉਡਾ ਦਿੰਦੇ ਹਨ। ਅਸ ਤਲ


ਰਾਜਨੀਤਕ ਪਾਰਟੀਆਂ ਦਾ ਦਖ਼ਲ

ਸਾਡੀਆਂ ਕਈ ਰਾਜਨੀਤਕ ਪਾਰਟੀਆਂ ਵੀ ਸਕੂਲਾਂ ਅਤੇ ਕਾਲਜਾਂ ਵਿੱਚ ਦਖ਼ਲ ਦਿੰਦੀਆਂ ਹਨ ਅਤੇ ਉਹ ਵਿਦਿਆਰਥੀਆਂ ਨੂੰ ਵਰਗਲਾ ਕੇ ਆਪਣੇ ਰਾਜਨੀਤਕ ਆਸ਼ਿਆਂ ਦੀ ਸਿੱਧੀ ਲਈ ਵਰਤਦੀਆਂ ਹਨ। ਵਿਦਿਆਰਥੀ ਉਨ੍ਹਾਂ ਦੀ ਉਕਸਾਹਟ ਵਿੱਚ ਆ ਕੇ ਅਨੁਸ਼ਾਸਨ ਨੂੰ ਤੋੜਦੇ ਹਨ।ਅੱਜ ਕੱਲ੍ਹ ਹਰ ਰਾਜਨੀਤਕ ਪਾਰਟੀ ਨੇ ਵਿੱਦਿਅਕ ਅਦਾਰਿਆਂ ਵਿੱਚ ਵੀ ਅਪਣੇ ਵਿੰਗ ਸਥਾਪਤ ਕੀਤੇ ਹੋਏ ਹਨ।


ਅਧਿਆਪਕਾਂ ਦਾ ਸਤਿਕਾਰ ਘਟ ਹੋਣਾ

ਅੱਜ-ਕੱਲ੍ਹ ਸੰਸਾਰ ਭਰ ਦੇ ਲੋਕਾਂ ਵਿੱਚ ਪਦਾਰਥਕ ਰੁਚੀਆਂ ਵਧਣ ਕਰਕੇ ਆਚਰਨਕ ਤੇ ਸਦਾਚਾਰਕ ਮਾਣ-ਮਰਿਆਦਾ ਕਾਇਮ ਨਹੀਂ ਰਹੀ। ਅੱਜ ਦਾ ਵਿਦਿਆਰਥੀ ਪੁਰਾਣੇ ਸਮੇਂ ਦੇ ਵਿਦਿਆਰਥੀ ਵਾਂਗ ਅਧਿਆਪਕ ਦਾ ਆਦਰ ਸਤਿਕਾਰ ਨਹੀਂ ਕਰਦਾ। ਵਿਦਿਆਰਥੀ ਸੋਚਦੇ ਹਨ ਕਿ ਉਹ ਤਾਂ ਫੀਸਾਂ ਦੇ ਕੇ ਹੀ ਅਧਿਆਪਕ ਤੋਂ ਪੜ੍ਹ ਰਹੇ ਹਨ। ਉਨ੍ਹਾਂ ਵਿਚਕਾਰ ਸਤਿਕਾਰ, ਪਿਆਰ ਕਰਕੇ ਨੇੜਤਾ ਵਾਲਾ ਰਿਸ਼ਤਾ ਨਹੀਂ ਸਗੋਂ ਓਪਰੇਪਨ ਨੇ ਘਰ ਕਰ ਲਿਆ ਹੈ।ਮਾਂ- ਬਾਪ ਕੋਲ ਆਪਣੇ ਬੱਚਿਆਂ ਵੱਲ ਧਿਆਨ ਦੇਣ ਦੀ ਵਿਹਲ ਹੀ ਨਹੀਂ ਹੁੰਦੀ। ਬੱਚਿਆਂ ਨੂੰ ਆਪਣੇ ਮਾਂ-ਬਾਪ ਵੱਲੋਂ ਉੱਚੇ ਆਚਰਨ ਦੀ ਕੋਈ ਸਿੱਖਿਆ ਨਹੀਂ ਮਿਲਦੀ। ਬੱਚਿਆਂ ਨੂੰ ਘਰ ਤੋਂ ਦੂਰ ਹੋਸਟਲਾਂ ਵਿੱਚ ਰੱਖਿਆ ਜਾਂਦਾ ਹੈ।ਉੱਥੇ ਰਹਿੰਦੇ ਬੱਚਿਆਂ ਨੂੰ ਕੋਈ ਸੱਭਿਆਚਾਰਕ ਨਿਯਮ ਨਹੀਂ ਆਉਂਦੇ । ਉਨ੍ਹਾਂ ਦਾ ਮਾਂ-ਬਾਪ ਅਤੇ ਭੈਣ-ਭਰਾਵਾਂ ਨਾਲ ਕੋਈ ਪਿਆਰ ਨਹੀਂ ਹੁੰਦਾ ਅਤੇ ਉਹ ਸ਼ਰਾਰਤੀ, ਖਰੂਦੀ, ਅੱਖੜ ਤੇ ਆਪ-ਮੁਹਾਰੇ ਬਣ ਜਾਂਦੇ ਹਨ।


ਆਰਥਕ ਸੰਕਟ

ਵਿਦਿਆਰਥੀ ਵਰਗ ਦੀ ਅਨੁਸ਼ਾਸਨਹੀਣਤਾ ਦਾ ਕਾਰਨ ਆਰਥਕ ਸੰਕਟ ਵੀ ਹੈ। ਅੱਜ-ਕੱਲ੍ਹ ਬੇਰੁਜ਼ਗਾਰੀ ਦਿਨੋ-ਦਿਨ ਵਧ ਰਹੀ ਹੈ।ਜਿੰਨੀ ਤੇਜ਼ੀ ਨਾਲ ਵਿੱਦਿਆ ਫੈਲੀ ਹੈ, ਉਨਾ ਰੁਜ਼ਗਾਰ ਵਿੱਚ ਵਾਧਾ ਨਹੀਂ ਹੋਇਆ।ਹਰ ਪੜ੍ਹੇ-ਲਿਖੇ ਨੌਜਵਾਨ ਨੂੰ ਆਪਣਾ ਭਵਿੱਖ ਹਨੇਰਾ ਦਿਖਾਈ ਦਿੰਦਾ ਹੈ।ਉਹ ਸੋਚਦਾ ਹੈ ਕਿ ਪੜ੍ਹਾਈ ਕਰ ਕੇ ਵੀ ਕੀ ਮਿਲਦਾ ਹੈ। ਵਿੱਦਿਅਕ ਯੋਗਤਾ ਕਿਹੜੀ ਨੌਕਰੀਆਂ ਪੈਦਾ ਕਰ ਦੇਵੇਗੀ ? ਇਸ ਤਰ੍ਹਾਂ ਸੋਚਦਿਆਂ ਪੜ੍ਹਾਈ ਵੱਲੋਂ ਵਿਦਿਆਰਥੀਆਂ ਦਾ ਮਨ ਉਚਾਟ ਹੋ ਜਾਂਦਾ ਹੈ।


ਸਾਰੰਸ਼

ਵਿਦਿਆਰਥੀ ਜੀਵਨ ਵਿੱਚ ਅਨੁਸ਼ਾਸਨ ਦਾ ਬਹੁਤ ਹੀ ਮਹੱਤਵ ਹੈ। ਵਿਦਿਆਰਥੀਆਂ ਦਾ ਭਲਾ ਚਾਹੁਣ ਵਾਲੇ ਵਿਚਾਰਵਾਨ ਇਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਅਨੁਸ਼ਾਸਨਹੀਣਤਾ ਅਤੇ ਬੇਚੈਨੀ ਦਾ ਜਲਦੀ ਇਲਾਜ ਹੋਣਾ ਚਾਹੀਦਾ ਹੈ। ਅੱਜ ਦੇ ਵਿਦਿਆਰਥੀ ਕੱਲ੍ਹ ਦੇ ਆਗੂ ਹਨ। ਇਹ ਦੇਸ਼ ਦੇ ਨਿਰਮਾਤਾ ਹਨ। ਇਨ੍ਹਾਂ ਵਿੱਚ ਜੇ ਅਨੁਸ਼ਾਸਨ ਦੀ ਘਾਟ ਰਹੀ ਤਾਂ ਇਹ ਦੇਸ- ਭਲਾਈ ਦੇ ਲਈ ਕੁਝ ਨਹੀਂ ਕਰ ਸਕਣਗੇ। ਸਾਡੇ ਲੋਕ-ਰਾਜ ਦਾ ਭਵਿੱਖ ਸਾਡੇ ਨੌਜਵਾਨਾਂ 'ਤੇ ਨਿਰਭਰ ਹੈ, ਜੇ ਉਹ ਜ਼ਿੰਮੇਵਾਰ ਨਾਗਰਿਕ ਸਾਬਤ ਹੁੰਦੇ ਹਨ, ਤਾਂ ਹੀ ਉਹ ਮੁਲਕ ਦੀ ਖ਼ੁਸ਼ਹਾਲੀ ਤੇ ਨਵ-ਉਸਾਰੀ ਲਈ ਭਰਪੂਰ ਰੂਪ ਵਿੱਚ ਸਹਾਈ ਹੋ ਸਕਣਗੇ। ਦੇਸ ਦੀ ਸਰਕਾਰ ਅਤੇ ਭਾਈਚਾਰੇ ਨੂੰ ਵਿਸ਼ੇਸ਼ ਯਤਨਾਂ ਰਾਹੀਂ ਉਨ੍ਹਾਂ ਕਾਰਨਾਂ ਨੂੰ ਦੂਰ ਕਰਨਾ ਚਾਹੀਦਾ ਹੈ, ਜਿਹੜੇ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਦੀ ਘਾਟ ਤੇ ਬੇਚੈਨੀ ਪੈਦਾ ਕਰਨ ਦੇ ਜ਼ਿੰਮੇਵਾਰ ਹਨ ਕਿਉਂਕਿ ਇਸੇ ਤਰ੍ਹਾਂ ਹੀ ਦੇਸ ਦੇ ਭਵਿੱਖ ਨੂੰ ਉਸਾਰਨ ਵਾਲੇ ਨੌਜਵਾਨ ਦੀ ਸ਼ਕਤੀ ਅਤੇ ਯੋਗਤਾ ਨੂੰ ਬਚਾ ਕੇ ਉਸਾਰੂ ਪਾਸੇ ਵੱਲ ਲਾਇਆ ਜਾ ਸਕਦਾ ਹੈ।


Post a Comment

0 Comments