Vidhya Vichari Ta Parupkari "ਵਿੱਦਿਆ ਵੀਚਾਰੀ ਤਾਂ ਪਰਉਪਕਾਰੀ " Punjabi Essay, Paragraph for Class 8, 9, 10, 11 and 12 Students Examination in 300 Words.

ਵਿੱਦਿਆ ਵੀਚਾਰੀ ਤਾਂ ਪਰਉਪਕਾਰੀ 
Vidhya Vichari Ta Parupkari



ਭੂਮਿਕਾ

ਮਨੁੱਖੀ ਜੀਵਨ ਵਿੱਚ ਵਿੱਦਿਆ ਦਾ ਬਹੁਤ ਮਹੱਤਵ ਹੁੰਦਾ ਹੈ। ਇਸੇ ਲਈ ਵਿੱਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਵੀ ਕਿਹਾ ਗਿਆ ਹੈ।ਮਨੁੱਖ ਆਪਣੇ ਵਿਦਿਆਰਥੀ ਜੀਵਨ ਵਿੱਚ ਕਿਤਾਬੀ ਪੜ੍ਹਾਈ ਪ੍ਰਾਪਤ ਕਰਨ ਦੇ ਨਾਲ ਨਾਲ ਅਜਿਹੀ ਸਿੱਖਿਆ ਵੀ ਗ੍ਰਹਿਣ ਕਰਦਾ ਹੈ ਜਿਸ ਨਾਲ ਉਹ ਸਮਾਜ ਵਿੱਚ ਇੱਕ ਬਹੁਤ ਹੀ ਜ਼ਿੰਮੇਵਾਰ ਵਿਅਕਤੀ ਵਾਂਗ ਵਿਚਰਦਾ ਹੈ।


ਵਿੱਦਿਆ ਦਾ ਮਹੱਤਵ

ਵਿਦਿਆਰਥੀਆਂ ਲਈ ਵਿੱਦਿਆ ਦਾ ਬਹੁਤ ਵਧੇਰੇ ਮਹੱਤਵ ਹੁੰਦਾ ਹੈ। ਵਿਦਿਆਰਥੀ ਸਕੂਲ ਵਿੱਚ ਆਪਣੇ ਪਾਠ-ਕ੍ਰਮ ਅਨੁਸਾਰ ਪੜ੍ਹਾਈ ਵੀ ਕਰਦਾ ਹੈ ਤੇ ਇਸੇ ਦੌਰਾਨ ਉਸ ਦੀ ਸ਼ਖ਼ਸੀਅਤ ਦੇ ਦੂਸਰੇ ਪੱਖ ਵੀ ਵਿਕਸਤ ਹੁੰਦੇ ਹਨ। ਇਸੇ ਲਈ ਕਿਹਾ ਜਾਂਦਾ ਹੈ ਕਿ ਸਕੂਲੀ ਪੜ੍ਹਾਈ ਕੇਵਲ ਕਿਤਾਬ ਗਿਆਨ ਤੱਕ ਹੀ ਸੀਮਤ ਨਹੀਂ ਹੁੰਦੀ ਬਲਕਿ ਇਸ ਨਾਲ ਵਿਦਿਆਰਥੀ ਦੀ ਸੰਪੂਰਨ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ ਅਰਥਾਤ ਇਸ ਸਮੇਂ ਦੌਰਾਨ ਉਸ ਦੀ ਸੋਚ ਦਾ ਘੇਰਾ ਵਿਸ਼ਾਲ ਹੁੰਦਾ ਹੈ ਤੇ ਉਹ ਜ਼ਿੰਦਗੀ ਵਿੱਚ ਹਰ ਪੱਧਰ 'ਤੇ ਚੰਗੇ ਤਰੀਕੇ ਨਾਲ ਵਿਚਰਨ ਦੀ ਜਾਚ ਸਿੱਖਦਾ ਹੈ।


ਵਿਦਿਆਰਥੀ ਤੇ ਡਿਗਰੀ

ਪੜ੍ਹਾਈ ਦੌਰਾਨ ਵਿਦਿਆਰਥੀ ਦਾ ਮੁੱਖ ਉਦੇਸ਼ ਡਿਗਰੀ ਪ੍ਰਾਪਤ ਕਰਨਾ ਹੁੰਦਾ ਹੈ। ਵਿਦਿਆਰਥੀ ਆਪਣੀ ਲਗਨ ਤੇ ਮਿਹਨਤ ਨਾਲ ਵਿੱਦਿਆ ਦੇ ਖੇਤਰ ਵਿੱਚ ਉੱਚੀ ਤੋਂ ਉੱਚੀ ਡਿਗਰੀ ਪ੍ਰਾਪਤ ਕਰ ਸਕਦੇ ਹਨ। ਇਸ ਲਈ ਦੇਸ ਭਰ ਵਿੱਚ ਸਕੂਲ, ਕਾਲਜ ਤੇ ਵਿਸ਼ਵ-ਵਿਦਿਆਲੇ ਖੁੱਲ੍ਹੇ ਹੋਏ ਹਨ। ਇਹ ਡਿਗਰੀ ਵਿਦਿਆਰਥੀ ਨੂੰ ਨੌਕਰੀ ਪ੍ਰਾਪਤ ਕਰਨ ਦੇ ਯੋਗ ਬਣਾਉਂਦੀ ਹੈ।


ਵਿੱਦਿਆ ਤੇ ਪਰਉਪਕਾਰ

ਵਿਦਿਆਰਥੀ ਜੀਵਨ ਵਿੱਚ ਡਿਗਰੀਆਂ ਪ੍ਰਾਪਤ ਕਰਨ ਦਾ ਆਪਣਾ ਇੱਕ ਵੱਖਰਾ ਉਦੇਸ਼ ਹੁੰਦਾ ਹੈ ਪਰ ਹਰ ਮਨੁੱਖ ਸਮਾਜ ਦਾ ਹਿੱਸਾ ਹੁੰਦਾ ਹੈ। ਸਮਾਜ ਵਿੱਚ ਵਿਚਰਦਿਆਂ ਉਸ ਨੂੰ ਆਪਣੀ ਜੀਵਨ ਜਾਚ ਇਸ ਤਰ੍ਹਾਂ ਦੀ ਰੱਖਣੀ ਚਾਹੀਦੀ ਹੈ ਕਿ ਉਹ ਦੂਸਰੇ ਲੋਕਾਂ ਦੇ ਕੰਮ ਆ ਸਕੇ। ਉਹ ਆਪਣੀ ਯੋਗਤਾ ਤੇ ਲਿਆਕਤ ਨਾਲ ਲੋੜਵੰਦਾਂ ਦੀ ਯਥਾਯੋਗ ਸਹਾਇਤਾ ਕਰੇ। ਅਜਿਹੀ ਸੋਚ ਵਿੱਦਿਆ ਦੇ ਅਸਲੀ ਮੰਤਵ ਨੂੰ ਗ੍ਰਹਿਣ ਕਰਨ ਨਾਲ ਹੀ ਪੈਦਾ ਹੁੰਦੀ ਹੈ। ਇਸ ਲਈ ਜੇਕਰ ਹਰ ਵਿਦਿਆਰਥੀ ਆਪਣੇ ਮਨ ਵਿੱਚ ਅਜਿਹੀ ਸੋਚ ਨਾਲ ਸਮਾਜ ਵਿੱਚ ਵਿਚਰੇ ਤਾਂ ਇਹ ਸਮਾਜ ਬਹੁਤ ਹੀ ਹੁਸੀਨ ਹੋਵੇਗਾ।


Post a Comment

0 Comments