Videsh Vich Jana - Lalach Ja Majburi "ਵਿਦੇਸਾਂ ਵਿੱਚ ਜਾਣਾ : ਲਾਲਚ ਜਾਂ ਮਜਬੂਰੀ? " Punjabi Essay, Paragraph for Class 8, 9, 10, 11 and 12 Students.

ਵਿਦੇਸਾਂ ਵਿੱਚ ਜਾਣਾ : ਲਾਲਚ ਜਾਂ ਮਜਬੂਰੀ? 
Videsh Vich Jana -  Lalach Ja Majburi

ਰੂਪ-ਰੇਖਾ

ਭੂਮਿਕਾ, ਮਜਬੂਰੀ ਤੇ ਗ਼ਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ, ਵਧੇਰੇ ਕੰਮ, ਵਧੇਰੇ ਧਨ ਕਮਾਉਣ ਦੀ ਲੋਚਾ ਸਾਰੰਸ਼।


ਭੂਮਿਕਾ

ਪੁਰਾਤਨ ਸਮਿਆਂ ਵਿੱਚ ਮਨੁੱਖ ਲਈ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਜ਼ਰੂਰੀ ਹੁੰਦਾ ਸੀ ਕਿਉਂਕਿ ਆਦਿ ਕਾਲ ਵਿੱਚ ਉਸ ਨੂੰ ਆਪਣਾ ਭੋਜਨ ਪ੍ਰਾਪਤ ਕਰਨ ਲਈ ਇੱਧਰ-ਉੱਧਰ ਭਟਕਣਾ ਪੈਂਦਾ ਸੀ। ਹੌਲੀ-ਹੌਲੀ ਉਸ ਨੇ ਇੱਕ ਥਾਂ 'ਤੇ ਰਹਿਣਾ ਅਰੰਭ ਕੀਤਾ ਅਤੇ ਪਿੰਡ, ਸ਼ਹਿਰ ਤੇ ਮੁਲਕ ਵਸਾਏ। ਪਰਿਵਰਤਨ ਕੁਦਰਤ ਦਾ ਨਿਯਮ ਹੈ। ਮਨੁੱਖ ਦਾ ਸੁਭਾ ਵੀ ਪਰਿਵਰਤਨਸ਼ੀਲ ਹੈ। ਉਹ ਕਦੇ ਇੱਕ ਥਾਂ 'ਤੇ ਰਹਿ ਕੇ ਅੱਕ ਜਾਂਦਾ ਹੈ ਅਤੇ ਫਿਰ ਨਵੀਂ ਧਰਤੀ ਭਾਲਦਾ ਹੈ। ਕਦੇ ਇਹ ਉਸ ਦੀ ਮਜਬੂਰੀ ਵੀ ਬਣ ਜਾਂਦੀ ਹੈ ਅਤੇ ਕਦੇ ਇਸ ਦਾ ਕਾਰਨ ਲਾਲਚ ਵੀ ਹੋ ਸਕਦਾ ਹੈ।ਅੱਜ ਪੰਜਾਬ ਦੇ ਲੱਖਾਂ ਪੰਜਾਬੀ ਪਰਵਾਸੀ ਕਹਾਉਂਦੇ ਹਨ।ਪੰਜਾਬ ਦਾ ਦੁਆਬਾ ਖੇਤਰ ਤਾਂ ਬਹੁ-ਗਿਣਤੀ ਵਿੱਚ ਵਿਦੇਸਾਂ ਵਿੱਚ ਵੱਸਦਾ ਹੈ। ਅਮਰੀਕਾ, ਕੈਨੇਡਾ, ਯੂਰਪ, ਯੂ.ਕੇ. ਆਦਿ ਸਭ ਦੇਸਾਂ ਵਿੱਚ ਪੰਜਾਬੀ ਨਜ਼ਰ ਆਉਂਦੇ ਹਨ। ਆਪਣਾ ਵਤਨ ਛੱਡ ਕੇ ਜਾਣ ਪਿੱਛੇ ਉਨ੍ਹਾਂ ਦੀਆਂ ਕੁਝ ਮਜਬੂਰੀਆਂ ਹਨ।


ਮਜਬੂਰੀ ਤੇ ਗ਼ਰੀਬੀ

ਲੋਕਾਂ ਦੇ ਬਦੇਸ ਜਾਣ ਦੀ ਸਭ ਤੋਂ ਵੱਡੀ ਮਜਬੂਰੀ ਉਨ੍ਹਾਂ ਦੀ ਗ਼ਰੀਬੀ ਹੈ। ਸਾਡੇ ਦੇਸ ਦੀ ਵਧਦੀ ਜਨਸੰਖਿਆ ਗ਼ਰੀਬੀ ਵਰਗੇ ਕੋਹੜ ਨੂੰ ਖ਼ਤਮ ਹੀ ਨਹੀਂ ਹੋਣ ਦਿੰਦੀ। ਅਮੀਰ ਲੋਕ ਹੋਰ ਅਮੀਰ ਹੁੰਦੇ ਜਾਂਦੇ ਹਨ ਤੇ ਗ਼ਰੀਬ ਹੋਰ ਗ਼ਰੀਬ। ਪਿਤਾ ਕੋਲ ਏਨਾ ਧਨ ਨਹੀਂ ਹੁੰਦਾ ਕਿ ਉਹ ਪੁੱਤਰ ਨੂੰ ਕੋਈ ਕੰਮ-ਧੰਦਾ ਖੋਲ੍ਹ ਦੇਵੇ। ਇਸ ਲਈ ਉਹ ਕਰਜ਼ਾ ਚੁੱਕ ਕੇ ਉਸ ਨੂੰ ਵਿਦੇਸ਼ ਭੇਜ ਦਿੰਦਾ ਹੈ ਕਿਉਂਕਿ ਜੇਕਰ ਇਸ ਕਰਜ਼ੇ ਨਾਲ ਉਹ ਕੰਮ-ਧੰਦਾ ਵੀ ਖੋਲ੍ਹਗਾ ਤਾਂ ਕਰਜ਼ੇ ਦੇ ਹੇਠੋਂ ਨਿਕਲ ਵੀ ਸਕੇਗਾ ਕਿ ਨਹੀਂ, ਇਸ ਵਿੱਚ ਸ਼ੱਕ ਹੀ ਰਹਿੰਦਾ ਹੈ। ਇਸੇ ਗ਼ਰੀਬੀ ਕਰਕੇ ਮਾਂ-ਬਾਪ ਪੁੱਤਰਾਂ ਅਤੇ ਧੀਆਂ ਨੂੰ ਵਿਦੇਸ ਵਿੱਚ ਵਿਆਹ ਕੇ ਆਪਣੀ ਗ਼ਰੀਬੀ ਦੂਰ ਕਰਨੀ ਲੋਚਦੇ ਹਨ।


ਬੇਰੁਜ਼ਗਾਰੀ

ਇਹ ਇੱਕ ਅਜਿਹੀ ਸਮਾਜਿਕ ਬੁਰਾਈ ਹੈ ਜੋ ਸਾਡੇ ਦੇਸ ਵਿੱਚੋਂ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈਂਦੀ। ਪੜ੍ਹ-ਲਿਖ ਕੇ ਵੀ ਜਦੋਂ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ ਤਾਂ ਉਹ ਹਤਾਸ਼ ਹੋ ਜਾਂਦੇ ਹਨ।ਜਿਸ ਕਰਕੇ ਰੁਜ਼ਗਾਰ ਲਈ ਬਦੇਸ ਵੱਲ ਮੂੰਹ ਕਰਦੇ ਹਨ। ਵਿਦੇਸਾਂ ਵਿਚਲੀਆਂ ਨੌਕਰੀਆਂ ਦੌਰਾਨ ਵਧੇਰੇ ਪੈਸੇ ਮਿਲਣ ਦੀ ਲਾਲਸਾ ਵੱਸ ਉਹ ਉੱਥੇ ਜਾਣ ਨੂੰ ਹੀ ਪਹਿਲ ਦਿੰਦੇ ਹਨ।


ਭ੍ਰਿਸ਼ਟਾਚਾਰੀ

ਭ੍ਰਿਸ਼ਟਾਚਾਰੀ ਨੇ ਤਾਂ ਸਾਡੇ ਸਮਾਜ ਨੂੰ ਖੋਖਲਾ ਕਰ ਦਿੱਤਾ। ਅੱਜ ਕਿਤੇ ਵੀ ਕੋਈ ਕੰਮ ਕਰਾਉਣ ਚਲੇ ਜਾਓ, ਪੈਸੇ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ। ਜੇ ਪੈਸੇ ਦੇ ਕੇ ਕਰਾਉਣਾ ਹੋਵੇ ਤਾਂ ਕੰਮ ਦੋ ਦਿਨਾਂ ਵਿੱਚ ਹੋ ਜਾਂਦਾ ਹੈ ਤੇ ਜੇ ਪੈਸੇ ਨਾ ਦਿਓ ਤਾਂ ਦੋ ਸਾਲ ਵੀ ਲੱਗ ਸਕਦੇ ਹਨ। ਸਰਕਾਰੀ ਮਸ਼ੀਨਰੀ ਤੇ ਢਾਂਚਾ ਇਸ ਭ੍ਰਿਸ਼ਟਾਚਾਰ ਨੇ ਅੰਦਰੋ ਅੰਦਰੀ ਖਾ ਲਿਆ ਹੈ। ਅਜਿਹੀਆਂ ਮਾੜੀਆਂ ਸਥਿਤੀਆਂ ਵੀ ਲੋਕਾਂ ਨੂੰ ਵਿਦੇਸਾਂ ਵਿੱਚ ਜਾਣ ਲਈ ਉਕਸਾਉਂਦੀਆਂ ਹਨ।


ਵਧੇਰੇ ਕੰਮ

ਸਾਡੇ ਦੇਸ ਵਿੱਚ ਇੱਕ ਮਜ਼ਦੂਰ ਵਿਅਕਤੀ, ਜੋ ਕਿ ਕਠਨ ਤੇ ਮਿਹਨਤ ਵਾਲਾ ਕੰਮ ਕਰਦਾ ਹੈ ਤੇ ਉਸ ਦੇ ਕੰਮ ਦੇ ਘੰਟੇ ਵੀ ਵਧੇਰੇ ਹਨ ਤਾਂ ਵੀ ਉਸ ਦੇ ਬਦਲੇ ਉਸ ਨੂੰ ਇੰਨਾ ਘੱਟ ਪੈਸਾ ਮਿਲਦਾ ਹੈ ਕਿ ਉਹ ਵਿਚਾਰਾ ਮਸਾਂ ਦੋ ਵਕਤ ਦੀ ਰੋਟੀ ਹੀ ਜੁਟਾ ਸਕਦਾ ਹੈ। ਏਨਾ ਪੜ੍ਹ-ਲਿਖ ਕੇ ਵੀ ਡਾਕਟਰਾਂ, ਇੰਜੀਨੀਅਰਾਂ ਨੂੰ ਉਨ੍ਹਾਂ ਦੀ ਮਨ-ਮਰਜ਼ੀ ਦੀ ਤਨਖ਼ਾਹ ਨਹੀਂ ਮਿਲਦੀ। ਇਸ ਲਈ ਉਹ ਮਾਯੂਸ ਹੋ ਕੇ ਵਿਦੇਸਾਂ ਦਾ ਰੁਖ਼ ਕਰੀ ਜਾ ਰਹੇ ਹਨ।


ਵਧੇਰੇ ਧਨ ਕਮਾਉਣ ਦੀ ਲੋਚਾ

ਮਨੁੱਖ ਦੀਆਂ ਮਜਬੂਰੀਆਂ ਉਸ ਨੂੰ ਪਰਵਾਸ ਧਾਰਨ ਕਰਨ ਲਈ ਪ੍ਰੇਰਿਤ ਕਰਦੀਆਂ ਹਨ ਪਰ ਕਦੇ-ਕਦੇ ਲਾਲਚ ਵੱਸ ਵੀ ਉਹ ਅਜਿਹਾ ਕਰਦਾ ਹੈ। ਸਭ ਤੋਂ ਵੱਡਾ ਲਾਲਚ ਤਾਂ ਪੈਸੇ ਦਾ ਲਾਲਚ ਹੈ। ਵਿਦੇਸੀ ਕਰੰਸੀ ਦੀ ਅੰਤਰ-ਰਾਸ਼ਟਰੀ ਪੱਧਰ 'ਤੇ ਵਧੇਰੇ ਕੀਮਤ ਹੈ ਜਿਸ ਕਰਕੇ ਭਾਰਤ ਵਿੱਚ ਇਹ ਧਨ ਕਈ ਗੁਣਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਸਿੱਖਿਆ-ਪ੍ਰਾਪਤੀ ਲਈ ਵੀ ਲੋਕ ਵਿਦੇਸਾਂ ਵੱਲ ਖਿੱਚੇ ਜਾਂਦੇ ਹਨ।ਉੱਥੋਂ ਦੀ ਪੜ੍ਹਾਈ ਨੂੰ ਸਾਡੇ ਦੇਸ ਨਾਲੋਂ ਕਿਤੇ ਵਧੇਰੇ ਮਾਨਤਾ ਪ੍ਰਾਪਤ ਹੈ। ਬਾਹਰ ਦੇ ਮੁਲਕਾਂ ਵਿੱਚ ਭਾਰਤ ਨਾਲੋਂ ਵੱਧ ਵਿਕਾਸ ਹੋ ਰਿਹਾ ਹੈ । ਭਾਵੇਂ ਉਹ ਕੋਈ ਵੀ ਖੇਤਰ ਹੋਵੇ। ਤਕਨੀਕ ਤੇ ਵਿਗਿਆਨ ਦੇ ਖੇਤਰਾਂ ਵਿੱਚ ਉਨ੍ਹਾਂ ਨੇ ਕਮਾਲ ਹੀ ਕਰ ਦਿੱਤਾ ਹੈ। ਸਾਡੇ ਇੰਜੀਨੀਅਰ ਉੱਥੇ ਜਾ ਕੇ ਕਰਿਸ਼ਮਾ ਕਰ ਰਹੇ ਹਨ।ਇੱਕ ਹੋਰ ਚੀਜ਼, ਜਿਹੜੀ ਕਿ ਸਾਡੇ ਮੁਲਕ ਵਿੱਚ ਨਾਂ-ਮਾਤਰ ਹੀ ਹੈ ਉਹ ਹੈ—ਭਵਿੱਖ ਦੀ ਸੁਰੱਖਿਆ। ਅੱਜ ਜੇਕਰ ਘਰ ਦੇ ਕਮਾਉਣ ਵਾਲੇ ਵਿਅਕਤੀ ਨੂੰ ਕੁਝ ਅਚਾਨਕ ਹੋ ਜਾਵੇ ਤਾਂ ਬਾਕੀ ਦਾ ਪਰਿਵਾਰ ਜੀਣ-ਜੋਗਾ ਨਹੀਂ ਰਹਿੰਦਾ।ਪਰ ਉੱਥੇ ਸਰਕਾਰ ਵੱਲੋਂ ਅਜਿਹੀ ਸਥਿਤੀ ਵਿੱਚ ਸਭ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਮੈਡੀਕਲ ਸਹੂਲਤਾਂ ਉਸ ਨੂੰ ਬਿਮਾਰ ਹੋਣ 'ਤੇ ਮਦਦ ਕਰਦੀਆਂ ਹਨ। ਇੱਕ ਹੋਰ ਚੀਜ਼ ਹੈ—ਉੱਥੇ ਭ੍ਰਿਸ਼ਟਾਚਾਰ ਦੀ ਗ਼ੈਰ-ਮੌਜੂਦਗੀ, ਇੱਕ ਬਿਹਤਰ ਸਮਾਜ ਦੀ ਉਸਾਰੀ ਕਰਦੀ ਹੈ।


ਸਾਰੰਸ਼

ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਵਿਦੇਸ ਜਾਣਾ ਕਿਸੇ ਲਈ ਤਾਂ ਮਜਬੂਰੀ ਹੋ ਸਕਦੀ ਹੈ ਤੇ ਕਿਸੇ ਦਾ ਇਸ ਪਿੱਛੇ ਕੋਈ ਲਾਲਚ ਵੀ ਹੋ ਸਕਦਾ ਹੈ। ਇਹ ਤਾਂ ਮਨੁੱਖ ਦੀਆਂ ਹਾਲਤਾਂ 'ਤੇ ਨਿਰਭਰ ਕਰਦਾ ਹੈ।ਪਰ ਫੇਰ ਵੀ ਮਨੁੱਖ ਵਿਦੇਸ਼ ਜਾ ਕੇ ਆਪਣੇ ਵਤਨ ਨੂੰ ਭੁੱਲਦਾ ਨਹੀਂ, ਉਹ ਕਿਤੇ ਨਾ ਕਿਤੇ ਮੁੜ ਵਤਨੀਂ ਆਉਣਾ ਚਾਹੁੰਦਾ ਹੈ ਕਿਉਂਕਿ ਆਪਣੀ ਮਿੱਟੀ ਦੀ ਮਹਿਕ ਉਸ ਦੇ ਹਿਰਦੇ ਵਿੱਚ ਵੱਸੀ ਹੁੰਦੀ ਹੈ ਅਤੇ ਇਹ ਮਹਿਕ ਉਦੋਂ ਤੱਕ ਨਹੀਂ ਮੁੱਕਦੀ ਜਦ ਤੱਕ ਉਸ ਦੇ ਸਾਹ ਪ੍ਰਾਣ ਚੱਲਦੇ ਹਨ।


Post a Comment

0 Comments