ਪੰਜਾਬੀ ਨਿਬੰਧ - ਵਿਸਾਖੀ ਦਾ ਤਿਉਹਾਰ
Vaisakhi Da Tiyuhar
“ਓ ਜੱਟਾ ਆਈ ਵਿਸਾਖੀ, ਕਣਕਾਂ ਦੀ ਮੁੱਕ ਗਈ ਰਾਖੀ।“
ਭੂਮਿਕਾ
ਮੇਲਾ ਸ਼ਬਦ 'ਮੇਲ-ਮਿਲਾਪ' ਤੋਂ ਬਣਿਆ ਹੈ ਜਿਸ ਦਾ ਅਰਥ ਹੈ ਮਿਲਣਾ-ਜੁਲਣਾ| ਮੇਲੇ ਭਾਈਚਾਰਕ ਸੁਨੇਹਾ ਦਿੰਦੇ ਹਨ ਤੇ ਆਪਸੀ ਪਿਆਰ, ਮਿੱਤਰਤਾ ਨੂੰ ਵਧਾਉਂਦੇ ਹਨ। ਮੇਲੇ ਖ਼ੁਸ਼ੀਆਂ-ਖੇੜੇ ਤੇ ਸਦਭਾਵਨਾ ਦਾ ਸੰਦੇਸ਼ ਲੈ ਕੇ ਆਉਂਦੇ ਹਨ।
ਪੰਜਾਬ ਦਾ ਪ੍ਰਸਿੱਧ ਮੇਲਾ
ਭਾਰਤ ਦੀ ਧਰਤੀ 'ਤੇ ਅਨੇਕਾਂ ਮੇਲੇ ਲੱਗਦੇ ਹਨ ਤੇ ਸਾਰੇ ਹੀ ਮੇਲੇ ਆਪਣੀ ਵੱਖਰੀ ਪਛਾਣ ਅਤੇ ਮਹੱਤਤਾ ਰੱਖਦੇ ਹਨ। ਵਿਸਾਖੀ ਦਾ ਮੇਲਾ ਸਾਰੇ ਮੇਲਿਆਂ ਦਾ ਸਿਰਤਾਜ ਹੈ। ਪੰਜਾਬ ਵਿੱਚ ਇਸ ਮੇਲੇ ਦੀ ਖ਼ਾਸੀਅਤ ਹੀ ਕੁਝ ਵੱਖਰੀ ਹੈ।ਇਹ ਦੇਸੀ ਮਹੀਨੇ ਵਿਸਾਖ ਦੀ ਸੰਗਰਾਂਦ ਨੂੰ ਅਤੇ ਅੰਗਰੇਜ਼ੀ ਮਹੀਨੇ ਅਪਰੈਲ ਦੀ 13 ਤਰੀਕ ਨੂੰ ਮਨਾਇਆ ਜਾਂਦਾ ਹੈ। ਇਸ ਮੇਲੇ ਨੂੰ ਸਾਰੇ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਉਂਦੇ ਹਨ।
ਇਹ ਮੇਲਾ ਕਿਸਾਨਾਂ ਦੀਆਂ ਫ਼ਸਲਾਂ ਦੇ ਪੱਕਣ ਦੀ ਖ਼ੁਸ਼ੀ ਵਿੱਚ ਮਨਾਇਆ ਜਾਂਦਾ ਹੈ। ਹਾੜ੍ਹੀ ਦੀਆਂ ਫ਼ਸਲਾਂ ਜਦੋਂ ਪੱਕ ਕੇ ਤਿਆਰ ਹੋ ਜਾਂਦੀਆਂ ਹਨ ਤਾਂ ਕਿਸਾਨ ਖ਼ੁਸ਼ੀ ਵਿੱਚ ਝੂੰਮਣ ਲੱਗ ਪੈਂਦਾ ਹੈ। ਚਾਰੇ ਪਾਸੇ ਸੋਨੇ ਰੰਗੇ ਲਹਿਲਹਾਉਂਦੇ ਖੇਤ ਮਨਾਂ ਨੂੰ ਮੋਹ ਲੈਂਦੇ ਹਨ। ਕਣਕਾਂ ਪੱਕ ਕੇ ਤਿਆਰ ਹੋ ਜਾਂਦੀਆਂ ਹਨ। ਕਿਸਾਨ ਨੂੰ ਆਪਣੀ ਮਿਹਨਤ ਰੰਗ ਲਿਆਂਦੀ ਹੋਈ ਵਿਖਾਈ ਦਿੰਦੀ ਹੈ।ਇਸੇ ਦਿਨ ਤੋਂ ਉਹ ਕਣਕ ਦੀ ਵਾਢੀ ਅਰੰਭ ਕਰਦਾ ਹੈ।
ਮਨਾਉਣ ਦੇ ਕਾਰਨ
ਇਸ ਮੇਲੇ ਨਾਲ ਇਤਿਹਾਸਕ ਘਟਨਾਵਾਂ ਵੀ ਜੁੜੀਆਂ ਹੋਈਆਂ ਹਨ। 1699 ਈ: ਨੂੰ ਵਿਸਾਖੀ ਵਾਲੇ ਦਿਨ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸੇ ਦਿਨ 13 ਅਪਰੈਲ, ਹਾਕਮ ਜਨਰਲ ਡਾਇਰ ਨੇ ਜਲ੍ਹਿਆਂ ਵਾਲੇ ਬਾਗ਼ ਅੰਮ੍ਰਿਤਸਰ ਵਿਖੇ ਨਿਹੱਥੇ ਭਾਰਤੀਆਂ ਉੱਤੇ ਗੋਲੀਆਂ ਚਲਾ ਕੇ ਲਾਸ਼ਾਂ ਦੇ ਢੇਰ ਲਗਾ ਦਿੱਤੇ ਸਨ। ਲੋਕ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਵੀ ਇਹ ਮੇਲਾ ਮਨਾਉਂਦੇ ਹਨ।
ਮਨਾਉਣ ਦਾ ਢੰਗ
ਵਿਸਾਖੀ ਦਾ ਮੇਲਾ ਹਰ ਪਿੰਡ ਤੇ ਹਰ ਸ਼ਹਿਰ ਵਿੱਚ ਲੱਗਦਾ ਹੈ। ਲੋਕ ਪਵਿੱਤਰ ਸਰੋਵਰਾਂ 'ਤੇ ਜਾ ਕੇ ਇਸ਼ਨਾਨ ਕਰਦੇ ਹਨ।ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਲੱਖਾਂ ਲੋਕ ਟੁੱਭੀ ਲਾਉਂਦੇ ਹਨ।ਲੋਕ ਸੋਹਣੇ-ਸੋਹਣੇ ਕੱਪੜੇ ਪਾ ਕੇ ਖ਼ੁਸ਼ ਵਿਖਾਈ ਦਿੰਦੇ ਹਨ। ਅੰਮ੍ਰਿਤਸਰ ਦੀ ਵਿਸਾਖੀ ਵੇਖਣਯੋਗ ਹੁੰਦੀ ਹੈ।
ਮੇਲੇ ਦਾ ਦ੍ਰਿਸ਼
ਮੇਲੇ ਵਿੱਚ ਅਨੇਕਾਂ ਵਸਤਾਂ ਦੇ ਸਟਾਲ ਲੱਗੇ ਹੁੰਦੇ ਹਨ।ਕੋਈ ਚੂੜੀਆਂ ਵੇਚਦਾ ਹੈ, ਕੋਈ ਖਿਡੌਣੇ ਵੇਚਦਾ ਹੈ, ਕੋਈ ਜਲੇਬੀਆਂ ਤੇ ਪਕੌੜੇ ਵੇਚਦੇ ਹਨ।ਕਿਤੇ ਮਦਾਰੀ ਦਾ ਤਮਾਸ਼ਾ ਵੇਖਣ ਨੂੰ ਮਿਲਦਾ ਹੈ ਤੇ ਕਿਤੇ ਪਹਿਲਵਾਨ ਛਿੰਝ ਪਾਉਂਦੇ ਹਨ। ਜੱਟ ਤੁਰ੍ਹੇ ਵਾਲੀਆਂ ਪੱਗਾਂ ਬੰਨ੍ਹ ਕੇ, ਕੈਂਠੇ ਪਾ ਕੇ, ਮੋਢਿਆਂ 'ਤੇ ਡਾਂਗਾਂ ਧਰ ਕੇ ਬੋਲੀਆਂ ਪਾਉਂਦੇ ਤੇ ਬੱਕਰੇ ਬੁਲਾਉਂਦੇ ਹਨ। ਗੁਰਦਵਾਰਿਆਂ ਦੇ ਅੰਦਰ ਸ਼ਰਧਾਲੂ ਮੱਥਾ ਟੇਕਣ ਵਾਸਤੇ ਲੰਮੀਆਂ ਕਤਾਰਾਂ ਬੰਨ੍ਹ ਕੇ ਵਾਰੀ ਦੀ ਉਡੀਕ ਕਰਦੇ ਹਨ। ਕੜਾਹ ਪ੍ਰਸ਼ਾਦ ਦੀ ਦੇਗ਼ ਮਿਲਦੀ ਹੈ ਤੇ ਖੁੱਲ੍ਹਾ ਲੰਗਰ ਲੱਗਾ ਹੁੰਦਾ ਹੈ।ਮੈਂ ਵੀ ਆਪਣੇ ਮਾਤਾ-ਪਿਤਾ ਨਾਲ ਹਰ ਸਾਲ ਵਿਸਾਖੀ ਦਾ ਮੇਲਾ ਦੇਖਣ ਜਾਂਦਾ ਹਾਂ ਤੇ ਉੱਥੋਂ ਕਈ ਚੀਜਾਂ ਖ਼ਰੀਦ ਕੇ ਲਿਆਉਂਦਾ ਹਾਂ।
ਭੀੜ-ਭੜੱਕਾ
ਬਜ਼ਾਰਾਂ ਵਿੱਚ ਗਹਿਮਾ-ਗਹਿਮੀ ਹੁੰਦੀ ਹੈ।ਢੋਲਾਂ ਦਾ ਸ਼ੋਰ-ਸ਼ਰਾਬਾ ਤੇ ਲੋਕਾਂ ਦੀ ਭੀੜ ਵੇਖਣ ਵਾਲੀ ਹੁੰਦੀ ਹੈ। ਮੇਲੇ ਵਿੱਚ ਇੰਨੀ ਭੀੜ ਹੁੰਦੀ ਹੈ ਕਿ ਤਿਲ ਸੁੱਟਣ ਨੂੰ ਥਾਂ ਵੀ ਨਹੀਂ ਹੁੰਦੀ।ਮੇਲੇ ਵਿੱਚ ਦੁਕਾਨਦਾਰਾਂ ਦੀ ਤਾਂ ਚਾਂਦੀ ਹੁੰਦੀ ਹੈ।ਉਹ ਮਹਿੰਗੇ ਭਾਅ ਚੀਜ਼ਾਂ ਵੇਚ ਕੇ ਲੱਖਾਂ ਰੁਪਏ ਕਮਾਉਂਦੇ ਹਨ। ਸਭ ਤੋਂ ਵਧੇਰੇ ਪੈਸੇ ਜਲੇਬੀਆਂ ਤੇ ਪਕੌੜੇ ਵੇਚਣ ਵਾਲੇ ਇਕੱਠੇ ਕਰਦੇ ਹਨ। ਟਿੱਕੀਆਂ ਤੇ ਗੋਲ-ਗੱਪੇ ਵੀ ਬਹੁਤ ਵਿਕਦੇ ਹਨ।ਕਈ ਆਈਸ-ਕਰੀਮ ਖਾਂਦੇ ਹਨ ਤੇ ਠੰਢੀਆਂ ਬੋਤਲਾਂ ਪੀਂਦੇ ਹਨ। ਇਹ ਮੇਲਾ ਸ਼ਾਮ ਨੂੰ ਹਨੇਰੇ ਪਏ ਤੱਕ ਚੱਲਦਾ ਰਹਿੰਦਾ ਹੈ। ਕਈ ਸ਼ਰਾਬਾਂ ਪੀ ਕੇ ਬੜ੍ਹਕਾਂ ਮਾਰਦੇ ਹਨ ਤੇ ਲੜਾਈਆਂ ਵੀ ਕਰਦੇ ਹਨ। ਇਹ ਇੱਕ ਬਹੁਤ ਬੁਰੀ ਗੱਲ ਹੈ। ਪੁਲਿਸ ਵਾਲੇ ਬੁਰਾਈ ਫੈਲਾਉਣ ਵਾਲਿਆਂ ਨੂੰ ਫੜ ਕੇ ਖ਼ੂਬ ਕੁੱਟਦੇ ਹਨ ਤੇ ਥਾਣੇ ਲਿਜਾ ਕੇ ਬੰਦ ਕਰ ਦਿੰਦੇ ਹਨ।
ਸਾਰੰਸ਼
ਸਾਨੂੰ ਇਸ ਮੇਲੇ ਦੀ ਪਵਿੱਤਰਤਾ ਬਣਾਈ ਰੱਖਣੀ ਚਾਹੀਦੀ ਹੈ ਤੇ ਖ਼ੁਸ਼ੀ ਨਾਲ ਮੇਲਾ ਵੇਖਣਾ ਚਾਹੀਦਾ ਹੈ। ਮੈਨੂੰ ਤਾਂ ਹਰ ਸਾਲ ਮੇਲੇ ਦੀ ਉਡੀਕ ਰਹਿੰਦੀ ਹੈ।ਕਿਸੇ ਨੇ ਠੀਕ ਕਿਹਾ ਹੈ—
''ਮੇਲੇ ਦੇ ਤ੍ਰੈ ਕੰਮ ਪੱਕੇ-ਧੁੱਪ, ਧੂੜ ਤੇ ਨਿਕੰਮੇ ਧੱਕੇ।“
0 Comments