Vadhdi Aabadi di Samasiya "ਵਧਦੀ ਅਬਾਦੀ ਦੀ ਸਮੱਸਿਆ " Punjabi Essay, Paragraph for Class 8, 9, 10, 11 and 12 Students Examination in 1000 Words.

ਪੰਜਾਬੀ ਨਿਬੰਧ - ਵਧਦੀ ਅਬਾਦੀ ਦੀ ਸਮੱਸਿਆ 
Vadhdi Aabadi di Samasiya 



ਰੂਪ-ਰੇਖਾ

ਭੂਮਿਕਾ, ਮੁੱਖ ਸਮੱਸਿਆ, ਭਾਰਤ ਦੀ ਅਬਾਦੀ, ਹੋਰ ਸਮੱਸਿਆਵਾਂ ਦੀ ਜੜ੍ਹ, ਵਧਦੀ ਅਬਾਦੀ ਦੇ ਕਾਰਨ, ਖ਼ਤਰੇ ਦੀ ਘੰਟੀ, ਸਰਕਾਰ ਦੀ ਭੂਮਿਕਾ, ਆਮ ਲੋਕਾਂ ਦੀ ਭੂਮਿਕਾ, ਸਾਰੰਸ਼।


ਭੂਮਿਕਾ

ਅੱਜ ਸਾਡੇ ਦੇਸ ਨੂੰ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉਨ੍ਹਾਂ ਵਿੱਚ ਨਿਰੰਤਰ ਵਧ ਰਹੀ ਅਬਾਦੀ ਦੀ ਸਮੱਸਿਆ ਬਹੁਤ ਗੰਭੀਰ ਹੈ। ਇਹ ਸਮੱਸਿਆ ਅੱਗੋਂ ਹੋਰ ਬਹੁਤ ਸਾਰੀਆਂ ਸਮੱਸਿਆ ਦੀ ਜੜ੍ਹ ਹੈ। ਇਸੇ ਕਾਰਨ ਇਸ ਸਮੱਸਿਆ ਵੱਲ ਬਹੁਤ ਹੀ ਸੁਹਿਰਦ ਤੇ ਗੰਭੀਰ ਯਤਨਾਂ ਦੀ ਲੋੜ ਹੈ।


ਮੁੱਖ ਸਮੱਸਿਆ

ਦੇਸ ਦੀ ਅਜ਼ਾਦੀ ਤੋਂ ਮਗਰੋਂ ਸਾਡੇ ਦੇਸ ਨੂੰ ਕਈ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ।ਗ਼ਰੀਬੀ, ਬੇਰੁਜ਼ਗਾਰੀ, ਨਸ਼ਾਖ਼ੋਰੀ, ਵਧਦੀ ਅਬਾਦੀ ਆਦਿ ਸਾਰੀਆਂ ਹੀ ਸਮੱਸਿਆਵਾਂ ਗੰਭੀਰ ਹਨ, ਪਰ ਇਨ੍ਹਾਂ ਸਾਰੀਆਂ ਵਿੱਚ ਸਭ ਤੋਂ ਗੰਭੀਰ ਸਮੱਸਿਆ ਵਧਦੀ ਅਬਾਦੀ ਹੀ ਹੈ। ਇਸ ਦੀ ਗੰਭੀਰਤਾ ਉਦੋਂ ਹੋਰ ਵਧ ਜਾਂਦੀ ਹੈ ਜਦੋਂ ਇਸ ਸਮੱਸਿਆ ਤੋਂ ਅੱਗੋਂ ਹੋਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।ਭਾਰਤ ਵਾਂਗ ਚੀਨ ਤੇ ਪਾਕਿਸਤਾਨ ਵੀ ਅਜਿਹੇ ਦੇਸ ਹਨ ਜੋ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।


ਭਾਰਤ ਦੀ ਅਬਾਦੀ

ਭਾਰਤ ਨੇ 1947 ਈ: ਵਿੱਚ ਅਜ਼ਾਦੀ ਪ੍ਰਾਪਤ ਕੀਤੀ ਸੀ। 1951 ਈ: ਦੀ ਜਨਗਣਨਾ ਅਨੁਸਾਰ ਭਾਰਤ ਦੀ ਅਬਾਦੀ ਕੇਵਲ 36 ਕਰੋੜ ਹੀ ਸੀ।ਫਿਰ 1991 ਈ. ਦੀ ਜਨਗਣਨਾ ਅਨੁਸਾਰ ਇਹ ਗਿਣਤੀ ਵਧ ਕੇ 96 ਕਰੋੜ ਹੋ ਗਈ ਸੀ। ਹੁਣ 2011 ਈ: ਦੀ ਜਨਗਣਨਾ ਅਨੁਸਾਰ ਭਾਰਤ ਦੀ ਅਬਾਦੀ 123 ਕਰੋੜ ਤੋਂ ਵਧ ਗਈ ਹੈ। ਵਿਸ਼ਵ ਭਰ ਵਿੱਚ ਹੁਣ ਅਬਾਦੀ ਪੱਖੋਂ ਭਾਰਤ ਦੂਜੇ ਨੰਬਰ 'ਤੇ ਅਤੇ ਚੀਨ ਪਹਿਲੇ ਨੰਬਰ ਤੇ ਹੈ।ਜੇਕਰ ਭਾਰਤ ਵਿੱਚ ਅਬਾਦੀ ਇਸੇ ਰਫ਼ਤਾਰ ਨਾਲ ਵਧਦੀ ਰਹੀ ਤਾਂ ਥੋੜ੍ਹੇ ਸਾਲਾਂ ਵਿੱਚ ਹੀ ਭਾਰਤ ਚੀਨ ਨੂੰ ਪਿੱਛੇ ਛੱਡ ਕੇ ਨੰਬਰ ਇੱਕ 'ਤੇ ਪਹੁੰਚ ਜਾਵੇਗਾ।


ਹੋਰ ਸਮੱਸਿਆਵਾਂ ਦੀ ਜੜ੍ਹ

ਵਧਦੀ ਅਬਾਦੀ ਦੀ ਸਮੱਸਿਆ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਵਧਦੀ ਅਬਾਦੀ ਦਾ ਸਭ ਤੋਂ ਪਹਿਲਾ ਮਾਰੂ ਅਸਰ ਅਨਾਜ ਉੱਪਰ ਪੈਂਦਾ ਹੈ। ਭਾਵੇਂ ਸਾਡੇ ਮਿਹਨਤੀ ਕਿਸਾਨਾਂ ਸਦਕਾ ਅੱਜ ਸਾਡੇ ਕੋਲ ਅਨਾਜ ਦੇ ਭੰਡਾਰ ਕਾਫ਼ੀ ਮਾਤਰਾ ਵਿੱਚ ਮੌਜੂਦ ਹਨ ਪਰ ਜਿਸ ਰਫ਼ਤਾਰ ਨਾਲ ਅਬਾਦੀ ਵਧ ਰਹੀ ਹੈ, ਉਸ ਰਫ਼ਤਾਰ ਨਾਲ ਅਨਾਜ ਵਿੱਚ ਨਿਰੰਤਰ ਵਾਧਾ ਕਰਦੇ ਰਹਿਣਾ ਕਾਫ਼ੀ ਮੁਸ਼ਕਲ ਹੈ।

ਵਧਦੀ ਅਬਾਦੀ ਕਾਰਨ ਰਹਿਣ ਲਈ ਵਧੇਰੇ ਮਕਾਨ ਚਾਹੀਦੇ ਹਨ। ਇਸ ਲਈ ਮਕਾਨਾਂ ਵੱਲੋਂ ਥਾਂ ਘੇਰ ਲਏ ਜਾਣ ਕਰਕੇ ਖੇਤੀ ਲਈ ਜ਼ਮੀਨਾਂ ਘੱਟ ਰਹੀਆਂ ਹਨ।ਇਸ ਦੇ ਵੀ ਕੁਝ ਦੇਰ ਮਗਰੋਂ ਮਾੜੇ ਨਤੀਜੇ ਸਾਹਮਣੇ ਆਉਣਗੇ। ਅਬਾਦੀ ਦੇ ਵਧਣ ਨਾਲ ਹੀ ਬੇਰੁਜ਼ਗਾਰੀ ਵਧ ਰਹੀ ਹੈ। ਜਿਸ ਰਫ਼ਤਾਰ ਨਾਲ ਅਬਾਦੀ ਵਧ ਰਹੀ ਹੈ, ਉਸ ਰਫ਼ਤਾਰ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਹੋ ਰਹੇ ਹਨ।ਇਸ ਨਾਲ ਬੇਰੁਜ਼ਗਾਰ ਲੋਕ ਆਪਣੀ ਜ਼ਿੰਦਗੀ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਲਈ ਕੁਰਾਹੇ ਪੈ ਰਹੇ ਹਨ ਤੇ ਜਾਂ ਫਿਰ ਮਾਯੂਸ ਹੋ ਕੇ ਆਤਮ ਹੱਤਿਆਵਾਂ ਕਰ ਰਹੇ ਹਨ।

ਵਧ ਰਹੀ ਅਬਾਦੀ ਨੇ ਸਾਡੀ ਆਰਥਕਤਾ ਨੂੰ ਬਹੁਤ ਭਾਰੀ ਸੱਟ ਮਾਰੀ ਹੈ। ਇਸ ਨਾਲ ਆਰਥਕ ਢਾਂਚਾ ਤਾਂ ਤਬਾਹ ਹੋਣ ਕਿਨਾਰੇ ਹੈ। ਇਸ ਨਾਲ ਮਹਿੰਗਾਈ ਇਸ ਹੱਦ ਤੱਕ ਵਧ ਰਹੀ ਹੈ ਕਿ ਆਮ ਵਿਅਕਤੀ ਨੂੰ ਬਹੁਤ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰਨਾ ਪੈ ਰਿਹਾ ਹੈ। ਅਜਿਹੀ ਸਥਿਤੀ ਵਿੱਚ ਹੀ ਸਰਕਾਰ ਵੱਲੋਂ ਲੋਕ ਭਲਾਈ ਲਈ ਐਲਾਨ ਕੀਤੀਆਂ ਜਾਂਦੀਆਂ ਯੋਜਨਾਵਾਂ ਲਗਪਗ ਅਸਫਲ ਹੀ ਹੋ ਜਾਂਦੀਆਂ ਹਨ। ਵਧਦੀ ਅਬਾਦੀ ਕਾਰਨ ਹਰ ਪਾਸੇ ਭੀੜ-ਭੜੱਕਾ ਹੀ ਨਜ਼ਰ ਆਉਂਦਾ ਹੈ।


ਵਧਦੀ ਅਬਾਦੀ ਦੇ ਕਾਰਨ

ਸਾਡੇ ਦੇਸ ਦੀ ਅਬਾਦੀ ਵਧਣ ਦੇ ਭਾਵੇਂ ਬਹੁਤ ਸਾਰੇ ਕਾਰਨ ਹਨ ਪਰ ਸਭ ਤੋਂ ਵੱਡਾ ਕਾਰਨ ਲੋਕਾਂ ਵਿੱਚ ਚੇਤਨਾ ਦੀ ਘਾਟ ਹੈ। ਇਸ ਘਾਟ ਦਾ ਅਸਲੀ ਕਾਰਨ ਅਨਪੜ੍ਹਤਾ ਹੈ। ਅੱਜ ਵੀ ਅਨਪੜ੍ਹ ਲੋਕ ਔਲਾਦ ਨੂੰ ਕੁਦਰਤ ਦੀ ਦੇਣ ਸਮਝਦੇ ਹਨ ਜਿਸ ਕਰਕੇ ਉਹ ਪਰਿਵਾਰ ਨਿਯੋਜਨ ਦੇ ਸਾਧਨਾਂ ਨੂੰ ਅਪਣਾਉਣ ਤੋਂ ਗੁਰੇਜ਼ ਕਰਦੇ ਹਨ। ਇਸੇ ਤਰ੍ਹਾਂ ਛੋਟੀ ਉਮਰੇ ਕੀਤੇ ਜਾਣ ਵਾਲੇ ਵਿਆਹ ਵੀ ਇਸ ਸਮੱਸਿਆ ਵਿੱਚ ਹੋਰ ਵਾਧਾ ਕਰਦੇ ਹਨ। ਇਸ ਸਮੱਸਿਆ ਪਿੱਛੇ ਧਾਰਮਕ ਸੋਚ ਦੀ ਵੀ ਵੱਡੀ ਭੂਮਿਕਾ ਹੈ। ਕਈ ਧਰਮਾਂ ਵਿੱਚ ਬੱਚੇ ਦੇ ਜਨਮ ਦੀ ਕੁਦਰਤੀ ਪ੍ਰਕਿਰਿਆ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਦਾ ਵਿਰੋਧ ਕਰਦਿਆਂ ਇਸ ਨੂੰ ਪਾਪ ਸਮਝਿਆ ਜਾਂਦਾ ਹੈ। ਇਸ ਤੋਂ ਅੱਗੇ ਰਾਜਨੀਤਕ ਲੋਕ ਆਪਣਾ ਵੋਟ ਬੈਂਕ ਵਧਾਉਣ ਲਈ ਆਪਣੇ ਨਾਲ ਸੰਬੰਧਤ ਭੋਲੇ-ਭਾਲੇ ਲੋਕਾਂ ਨੂੰ ਵਧੇਰੇ ਬੱਚੇ ਪੈਦਾ ਕਰਨ ਲਈ ਨਿਰਸੰਕੋਚ ਉਤਸ਼ਾਹਿਤ ਕਰਦੇ ਹਨ। ਇਸ ਦੇ ਨਾਲ ਹੀ ਆਮ ਲੋਕਾਂ ਤੱਕ ਡਾਕਟਰੀ ਸਹੂਲਤਾਂ ਦੀ ਪਹੁੰਚ ਦਾ ਨਾ ਹੋਣਾ ਵੀ ਅਬਾਦੀ ਦੇ ਵਧਣ ਦਾ ਇੱਕ ਕਾਰਨ ਹੈ। ਸਿਹਤ ਵਿਗਿਆਨ ਵਿਚਲੀਆਂ ਖੋਜਾਂ ਸਦਕਾ ਹੈਜ਼ਾ, ਪਲੇਗ ਅਤੇ ਛੂਤ ਦੀਆਂ ਹੋਰ ਬਿਮਾਰੀਆਂ 'ਤੇ ਕਾਬੂ ਪਾਉਣ ਨਾਲ ਮੌਤ ਦਰ ਘਟਣਾ ਵੀ ਇਸ ਦਾ ਇੱਕ ਛੋਟਾ ਕਾਰਨ ਹੈ। ਇਸ ਤਰ੍ਹਾਂ ਇਹ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਕਾਰਨ ਅਬਾਦੀ ਨਿਰੰਤਰ ਵਧ ਰਹੀ ਹੈ ਤੇ ਹੋਰ ਸਮੱਸਿਆਵਾਂ ਪੈਦਾ ਕਰ ਰਹੀ ਹੈ।


ਖ਼ਤਰੇ ਦੀ ਘੰਟੀ

ਸਾਡੇ ਦੇਸ ਵਿੱਚ ਅੱਜ ਅਬਾਦੀ ਜਿਸ ਰਫ਼ਤਾਰ ਨਾਲ ਵਧ ਕੇ 123 ਕਰੋੜ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਉਹ ਸਾਡੇ ਸਾਰਿਆਂ ਲਈ ਇੱਕ ਖ਼ਤਰੇ ਦੀ ਘੰਟੀ ਹੀ ਹੈ।ਜਿਹੜੇ ਦੇਸਾਂ ਵਿੱਚ ਅਬਾਦੀ ਘੱਟ ਹੈ ਉੱਥੋਂ ਦੇ ਲੋਕ ਬਹੁਤ ਖ਼ੁਸ਼ਹਾਲ ਹਨ।ਇਸ ਸੰਬੰਧ ਵਿੱਚ ਨਾਰਵੇ, ਨਿਊਜ਼ੀਲੈਂਡ, ਇਟਲੀ, ਸਪੇਨ, ਸਵੀਡਨ, ਆਸਟ੍ਰੇਲੀਆ, ਕੈਨੇਡਾ ਆਦਿ ਦੇਸਾਂ ਨੂੰ ਵੇਖਿਆ ਜਾ ਸਕਦਾ ਹੈ। ਇਨ੍ਹਾਂ ਦੇਸਾਂ ਦੇ ਭੂਗੋਲਿਕ ਖੇਤਰ ਅਤੇ ਪ੍ਰਾਪਤ ਵਸੀਲਿਆਂ ਦੀ ਅਨੁਪਾਤ ਵਿੱਚ ਅਬਾਦੀ ਬਹੁਤ ਘੱਟ ਹੈ। ਪਰ ਭਾਰਤ ਵਿੱਚ ਜਿਸ ਤਰ੍ਹਾਂ ਅਬਾਦੀ ਵੱਧ ਰਹੀ ਹੈ, ਹੋ ਸਕਦਾ ਹੈ ਆਉਣ ਵਾਲੇ ਸਮਿਆਂ ਵਿੱਚ ਭਾਰਤੀਆਂ ਨੂੰ ਕੀੜਿਆਂ ਮਕੌੜਿਆਂ ਵਾਂਗ ਹੀ ਧਰਤੀ ਤੇ ਰਹਿਣ ਲਈ ਮਜਬੂਰ ਹੋਣਾ ਪਵੇਗਾ। ਇਸੇ ਲਈ ਇਸ ਸਮੱਸਿਆ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ।


ਸਰਕਾਰ ਦੀ ਭੂਮਿਕਾ

ਵਧਦੀ ਅਬਾਦੀ ਦੀ ਸਮੱਸਿਆ ਉੱਤੇ ਕਾਬੂ ਪਾਉਣ ਲਈ ਸਰਕਾਰ ਨੂੰ ਬਹੁਤ ਹੀ ਗੰਭੀਰ ਪਹੁੰਚ ਅਪਣਾਉਣ ਦੀ ਲੋੜ ਹੈ।ਅਜਿਹੇ ਕਾਨੂੰਨ ਬਣਾਉਣ ਲਈ ਚੀਨ ਵਰਗੇ ਦੇਸਾਂ ਤੋਂ ਅਗਵਾਈ ਪ੍ਰਾਪਤ ਕੀਤੀ ਜਾ ਸਕਦੀ ਹੈ। ਸਰਕਾਰ ਨੂੰ ਅਜਿਹੇ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਸਿੱਖਿਅਤ ਕਰੇ ਕਿ ਬੱਚੇ ਦਾ ਜਨਮ ਕੁਦਰਤ ਦੀ ਦੇਣ ਨਹੀਂ ਸਗੋਂ ਇੱਕ ਜੀਵ ਵਿਗਿਆਨਕ ਵਰਤਾਰਾ ਹੈ। ਧਾਰਮਕ ਆਗੂਆਂ ਤੇ ਰਾਜਨੀਤਕ ਨੇਤਾਵਾਂ ਨੂੰ ਵੀ ਆਪਣੇ ਸਵਾਰਥ ਤਿਆਗ ਕੇ ਭੋਲੇ-ਭਾਲੇ ਲੋਕਾਂ ਨੂੰ ਜ਼ਿੰਦਗੀ ਜਾਂ ਜੀਵਨ ਦੀਆਂ ਤਲਖ਼ ਹਕੀਕਤਾਂ ਦੇ ਸਨਮੁਖ ਕਰਨਾ ਚਾਹੀਦਾ ਹੈ।

ਸਰਕਾਰ ਨੂੰ ਚਾਹੀਦਾ ਹੈ ਕਿ ਸਧਾਰਨ ਲੋਕਾਂ ਲਈ ਪਰਿਵਾਰ ਨਿਯੋਜਨ ਦੇ ਸਾਧਨਾਂ ਦੀ ਪਹੁੰਚ ਨੂੰ ਸੁਖਾਲਾ ਬਣਾਏ। ਪਰਿਵਾਰ ਨਿਯੋਜਨ ਸੰਬੰਧੀ ਆਪਰੇਸ਼ਨਾਂ ਪ੍ਰਤੀ ਵੀ ਸਰਕਾਰ ਨੂੰ ਲੋਕਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਜਿਹੜੇ ਮਰਦ-ਔਰਤ ਇੱਕ ਬੱਚਾ ਹੀ ਪੈਦਾ ਕਰਦੇ ਹਨ, ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕਰਨਾ ਚਾਹੀਦਾ ਹੈ। ਲੜਕੇ-ਲੜਕੀ ਦੀ ਵਿਆਹ ਲਈ ਨਿਰਧਾਰਤ 21 ਸਾਲ ਤੇ 18 ਸਾਲ ਦੀ ਉਮਰ ਉੱਪਰ ਵੀ ਪੂਰੀ ਨਜ਼ਰ ਰੱਖੀ ਜਾਣੀ ਚਾਹੀਦੀ ਹੈ।


ਆਮ ਲੋਕਾਂ ਦੀ ਭੂਮਿਕਾ

ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਤੇ ਸਵੈ-ਸੇਵੀ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਲੋਕਾਂ ਵਿੱਚ ਇਸ ਸਮੱਸਿਆ ਦੀ ਗੰਭੀਰਤਾ ਦਾ ਪ੍ਰਚਾਰ ਕਰਦਿਆਂ ਸਪਸ਼ਟ ਕਰਨ ਕਿ ਜ਼ਿੰਦਗੀ ਵਿਚਲੇ ਸਾਰੇ ਸੁਖਾਂ ਦਾ ਆਧਾਰ ਛੋਟਾ ਪਰਿਵਾਰ ਹੀ ਹੈ।ਮਾਤਾ-ਪਿਤਾ ਬਣਨ ਜਾ ਰਹੇ ਲੋਕਾਂ ਨੂੰ ਸਮਝਾਇਆ ਜਾਵੇ ਕਿ ਔਰਤ ਕੇਵਲ ਮਨੋਰੰਜਨ ਦਾ ਸਾਧਨ ਜਾਂ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਮਾਤਰ ਨਹੀਂ ਸਗੋਂ ਬੱਚੇ ਦਾ ਜਨਮ ਉਨ੍ਹਾਂ ਲਈ ਬਹੁਤ ਵੱਡੀ ਜ਼ਿੰਮੇਵਾਰੀ ਵੀ ਨਾਲ ਲੈ ਕੇ ਆਉਂਦਾ ਹੈ।


ਸਾਰੰਸ਼

ਇੰਜ ਸਪਸ਼ਟ ਹੈ ਕਿ ਵਧਦੀ ਅਬਾਦੀ ਇੱਕ ਗੰਭੀਰ ਸਮੱਸਿਆ ਹੈ ਜੋ ਹੋਰ ਸਮੱਸਿਆਵਾਂ ਦੀ ਜੜ੍ਹ ਹੈ। ਸਰਕਾਰ, ਧਾਰਮਕ ਆਗੂਆਂ, ਰਾਜਨੀਤਕ ਆਗੂਆਂ, ਸਵੈ-ਸੇਵੀ ਸੰਸਥਾਵਾਂ ਤੇ ਮਾਤਾ-ਪਿਤਾ ਬਣਨ ਜਾ ਰਹੇ ਲੋਕਾਂ ਨੂੰ ਆਪੋ ਆਪਣੀ ਪੱਧਰ 'ਤੇ ਇਸ ਸਮੱਸਿਆ ਪ੍ਰਤੀ ਗੰਭੀਰਤਾ ਨਾਲ ਸੋਚਣ ਵਿਚਾਰਨ ਦੀ ਲੋੜ ਹੈ।ਜੇਕਰ ਅਸੀਂ ਇਸ ਵੱਲ ਧਿਆਨ ਨਾ ਦਿੱਤਾ ਤਾਂ ਸਾਡਾ ਦੇਸ ਵਿਕਾਸ ਦੀ ਲੀਹੋਂ ਲਹਿ ਜਾਵੇਗਾ-ਜੇਕਰ ਇਹ ਸਮੱਸਿਆ ਹੱਲ ਹੋ ਗਈ ਤਾਂ ਗ਼ਰੀਬੀ, ਬੇਰੁਜ਼ਗਾਰੀ, ਨਸ਼ਾਖੋਰੀ ਵਰਗੀਆਂ ਸਮੱਸਿਆਵਾਂ ਥੋੜ੍ਹੇ ਸਾਲਾਂ ਵਿੱਚ ਆਪਣੀ ਮੌਤੇ ਆਪ ਹੀ ਮਰ ਜਾਣਗੀਆਂ।


Post a Comment

0 Comments