The need for vocational education "ਕਿੱਤਾ-ਮੁਖੀ ਸਿੱਖਿਆ ਦੀ ਲੋੜ" Punjabi Essay, Paragraph for Class 8, 9, 10, 11 and 12 Students Examination in 600 Words.

ਕਿੱਤਾ-ਮੁਖੀ ਸਿੱਖਿਆ ਦੀ ਲੋੜ 
The need for vocational education

ਭੂਮਿਕਾ

ਮੂਲ ਤੌਰ 'ਤੇ ਸਿੱਖਿਆ ਦਾ ਮੁੱਖ ਉਦੇਸ਼ ਕਿਸੇ ਵੀ ਤਰ੍ਹਾਂ ਦਾ ਕੰਮ-ਧੰਦਾ ਜਾਂ ਰੁਜ਼ਗਾਰ ਦੁਆਉਣਾ ਨਹੀਂ ਹੁੰਦਾ ਪਰੰਤੂ ਅੱਜ ਦੀ ਜੀਵਨ-ਜਾਚ ਹੀ ਕੁਝ ਅਜਿਹੀ ਬਣ ਗਈ ਹੈ ਕਿ ਸਿੱਖਿਆ ਤਾਂ ਕੀ, ਹਰ ਸ਼ੈਅ, ਹਰੇਕ ਤਰ੍ਹਾਂ ਦੇ ਸੰਬੰਧਾਂ ਤੇ ਜੀਵਨ ਨੂੰ ਆਰਥਕਤਾ ਦੀ ਨਜ਼ਰ ਨਾਲ ਵੇਖਿਆ ਜਾਣ ਲੱਗ ਪਿਆ ਹੈ। ਆਪਸੀ ਰਿਸ਼ਤੇ-ਨਾਤੇ, ਮਨੁੱਖਤਾ, ਪ੍ਰੇਮ, ਭਾਈਚਾਰਾ, ਧਰਮ-ਕਰਮ, ਸਭ ਨੂੰ ਅੱਜ ਦੌਲਤ ਦੇ ਤਰਾਜੂ ਵਿੱਚ ਤੋਲਿਆ ਜਾਣ ਲੱਗ ਪਿਆ ਹੈ।ਇਸੇ ਕਰਕੇ ਅੱਜ ਸਿੱਖਿਆ ਦੇ ਖੇਤਰ ਵਿੱਚ ਕਿੱਤਾ-ਮੁਖੀ ਸਿੱਖਿਆ ਦੀ ਲੋੜ ਸਮਝੀ ਜਾਣ ਲੱਗ ਪਈ ਹੈ।


ਸਿੱਖਿਆ ਦਾ ਅਰਥ ਤੇ ਸਰੂਪ

ਸਧਾਰਨ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸਿੱਖਿਆ ਦਾ ਮੁੱਖ ਅਰਥ ਜਾਂ ਕਾਰਜ ਬੱਸ ਐਨਾ ਹੀ ਹੈ ਕਿ ਉਹ ਮਨੁੱਖ ਦੀ ਪ੍ਰਤਿਭਾ, ਕਾਰਜ-ਸ਼ਕਤੀ ਅਤੇ ਸੂਝ-ਬੂਝ ਨੂੰ ਜਗਾ ਕੇ ਸੰਤੁਲਿਤ ਬਣਾ ਦੇਵੇ। ਮਨੁੱਖ ਨੂੰ ਇਸ ਹੱਦ ਤੱਕ ਜਾਗਰੂਕ ਅਤੇ ਸਮਰੱਥ ਬਣਾਵੇ ਕਿ ਉਹ ਆਪਣੇ ਆਉਣ ਵਾਲੇ ਜੀਵਨ ਵਿੱਚ ਕੁਝ ਵੀ ਕਰ ਸਕਣ ਦੇ ਯੋਗ ਹੋ ਸਕੇ।ਪਰੰਤੂ ਵਰਤਮਾਨ ਸਿੱਖਿਆ ਪ੍ਰਣਾਲੀ ਏਨੀ ਖੋਖਲੀ ਤੇ ਬੇਕਾਰ ਹੋ ਚੁੱਕੀ ਹੈ ਕਿ ਇਹ ਪੂਰਨ ਤੌਰ 'ਤੇ ਵਿਦਿਆਰਥੀ ਨੂੰ ਸਮਰੱਥ ਬਣਾਉਣ ਵਿੱਚ ਨਾਕਾਮਯਾਬ ਰਹੀ ਹੈ। ਇਹ ਤਾਂ ਅੰਗਰੇਜ਼ਾਂ ਵੱਲੋਂ ਕੇਵਲ ਚਿੱਟ-ਕੱਪੜੀਏ ਬਾਬੂ ਜਾਂ ਕਲਰਕ ਬਣਾਉਣ ਲਈ ਅਰੰਭ ਕੀਤੀ ਗਈ ਸੀ। ਇਸ ਲਈ ਅੱਜ ਵੀ ਇਸ ਦੀ ਮਾਨਸਿਕਤਾ ਸੰਪੂਰਨ ਤੌਰ 'ਤੇ ਉਹੋ ਜਿਹੀ ਹੀ ਬਣੀ ਹੋਈ ਹੈ। ਭਾਵੇਂ ਅੱਜ ਕੁਝ ਕਿੱਤਾ- ਮੁਖੀ ਕੋਰਸ ਵੀ ਇਸ ਨਾਲ ਜੋੜੇ ਗਏ ਹਨ ਫੇਰ ਵੀ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਿਆ।


ਆਧੁਨਿਕ ਯੁੱਗ ਦੀ ਮੰਗ

ਅਸਲ ਵਿੱਚ ਅੱਜ ਦੇ ਯੁੱਗ ਦੀ ਨਜ਼ਰ ਪੂਰਨ ਰੂਪ ਵਿੱਚ ਕਿੱਤਾ-ਮੁਖੀ ਹੋ ਚੁੱਕੀ ਹੈ। ਅੱਜ ਹਰੇਕ ਚੀਜ਼ ਨੂੰ ਕੇਵਲ ਹਾਨੀ ਲਾਭ ਦੀ ਤੱਕੜੀ ਵਿੱਚ ਤੋਲਿਆ ਜਾਂਦਾ ਹੈ। ਇਸ ਲਈ ਅੱਜ ਪੜ੍ਹਨ-ਲਿਖਣ ਜਾਂ ਸਿੱਖਿਆ ਹਾਸਲ ਕਰਨ ਦਾ ਕੰਮ ਵੀ ਸ਼ਖ਼ਸੀਅਤ ਦੇ ਵਿਕਾਸ, ਗਿਆਨ ਹਾਸਲ ਕਰਨ, ਚੰਗੇ-ਮਾੜੇ ਦੀ ਪਛਾਣ ਅਤੇ ਸਮਰੱਥ ਬਣਨ ਲਈ ਹੀ ਨਹੀਂ ਕੀਤਾ ਜਾਂਦਾ। ਸਿੱਖਿਆ ਦਾ ਉਦੇਸ਼ ਤਾਂ ਹੁਣ ਇੱਕ ਚੰਗੀ ਨੌਕਰੀ ਹਾਸਲ ਕਰ ਲੈਣਾ ਬਣ ਗਿਆ ਹੈ। ਇਹੀ ਕਾਰਨ ਹੈ ਕਿ ਅੱਜ ਸਾਡੇ ਘਰੇਲੂ ਕੰਮ-ਧੰਦੇ ਅਤੇ ਲਘੂ-ਉਦਯੋਗ ਖ਼ਤਮ ਹੁੰਦੇ ਜਾ ਰਹੇ ਹਨ। ਨੌਕਰੀਆਂ ਵੀ ਧਨ ਅਤੇ ਸਿਫ਼ਾਰਸ਼ ਜਾਂ ਪਹੁੰਚ ਦੇ ਆਧਾਰ 'ਤੇ ਹੀ ਮਿਲਦੀਆਂ ਹਨ।ਇਨ੍ਹਾਂ ਸਭ ਕਾਰਨਾਂ ਕਰਕੇ ਹੀ ਕਿੱਤਾ ਮੁਖੀ ਸਿੱਖਿਆ ਦੀ ਮੰਗ ਜ਼ੋਰਦਾਰ ਢੰਗ ਨਾਲ ਕੀਤੀ ਜਾ ਰਹੀ ਹੈ। ਇਸ ਮੰਗ ਦੇ ਪਿੱਛੇ ਇਹੀ ਦ੍ਰਿਸ਼ਟੀਕੋਣ ਕੰਮ ਕਰ ਰਿਹਾ ਹੈ ਕਿ ਪੜ੍ਹਿਆ-ਲਿਖਿਆ ਮਨੁੱਖ ਸਿੱਖਿਆ ਪ੍ਰਾਪਤੀ ਤੋਂ ਮਗਰੋਂ ਕੇਵਲ ਨੌਕਰੀ ਪਾ ਲੈਣ ਦੀ ਦੌੜ ਵਿੱਚ ਹੀ ਸ਼ਾਮਲ ਨਾ ਹੋ ਜਾਵੇ ਸਗੋਂ ਕੋਈ ਆਪਣਾ ਕਿੱਤਾ ਜਾਂ ਕੰਮ-ਧੰਦਾ ਅਰੰਭ ਕਰਕੇ ਰੋਜ਼ੀ-ਰੋਟੀ ਕਮਾਵੇ। ਬਦਲਦੇ ਯੁੱਗ ਵਿੱਚ ਅਸੀਂ ਇਸ ਮੰਗ ਨੂੰ ਜੇਕਰ ਧਿਆਨ ਨਾਲ ਵੇਖੀਏ ਤਾਂ ਇਹ ਸਾਰਥਕ ਅਤੇ ਉਚਿਤ ਹੀ ਜਾਪਦੀ ਹੈ।


ਕਿੱਤਾ-ਮੁਖੀ ਸਿੱਖਿਆ ਦੇ ਸਾਧਨ

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੇ ਅਜ਼ਾਦ ਭਾਰਤ ਲਈ ਜਿਸ ਬੁਨਿਆਦੀ ਸਿੱਖਿਆ ਦੀ ਕਲਪਨਾ ਕੀਤੀ ਸੀ, ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਪੜ੍ਹਾਈ-ਲਿਖਾਈ ਦੇ ਨਾਲ-ਨਾਲ ਛੋਟੇ-ਮੋਟੇ ਕੰਮ-ਧੰਦੇ ਸਿਖਾਉਣ ਵਾਲੇ ਬੁਨਿਆਦੀ ਸਕੂਲ ਵੀ ਖੋਲ੍ਹੇ ਗਏ ਸਨ। ਉਨ੍ਹਾਂ ਦਾ ਮੂਲ ਮਕਸਦ ਸਿੱਖਿਆ ਨੂੰ ਕਿੱਤਾ-ਮੁਖੀ ਬਣਾਉਣਾ ਹੀ ਸੀ। ਅੱਜ ਸਕੂਲ, ਕਾਲਜ ਯੂਨੀਵਰਸਿਟੀਆਂ ਆਪਣੀ ਪੱਧਰ 'ਤੇ ਕਈ ਪ੍ਰਕਾਰ ਦੇ ਕਿੱਤਾ-ਮੁਖੀ ਕੋਰਸ ਕਰਵਾ ਰਹੀਆਂ ਹਨ, ਜਿਵੇਂ ਹੋਟਲ ਮੈਨੇਜਮੈਂਟ, ਆਫ਼ਿਸ ਮੈਨੇਜਮੈਂਟ, ਕੇਟਰਿੰਗ, ਕੁੱਕਰੀ, ਕੰਪਿਊਟਰ ਕੋਰਸ ਆਦਿ।ਪਰ ਸਭ ਤੋਂ ਵੱਧ ਲੋੜ ਸ਼ੁਰੂ ਤੋਂ ਹੀ ਅਜਿਹੀ ਸਿੱਖਿਆ ਦੇਣ ਦੀ ਹੈ ਤਾਂ ਕਿ ਸੀਨੀਅਰ ਸੈਕੰਡਰੀ ਪਾਸ ਕਰਨ ਉਪਰੰਤ ਵਿਅਕਤੀ ਆਪਣਾ ਕਾਰੋਬਾਰ ਕਰ ਸਕੇ। ਭਾਵੇਂ ਸਰਕਾਰ ਵੱਲੋਂ ਸਕੂਲ ਪੱਧਰ 'ਤੇ ਇਸ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਪਰੰਤੂ ਸਹੀ ਤੌਰ 'ਤੇ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਤੇ ਇਸ ਦਾ ਓਨਾ ਲਾਭ ਨਹੀਂ ਮਿਲਿਆ ਜਿੰਨਾ ਮਿਲ ਸਕਦਾ ਹੈ। ਇਸ ਲਈ ਇਸ ਪਾਸੇ ਸਰਕਾਰ ਨੂੰ ਜ਼ਰੂਰੀ ਧਿਆਨ ਦੇਣਾ ਚਾਹੀਦਾ ਹੈ।


ਸਾਰੰਸ਼

ਅੰਤ ਵਿੱਚ ਅਸੀਂ ਇਹ ਆਖ ਸਕਦੇ ਹਾਂ ਕਿ ਅੱਜ ਜੇਕਰ ਸਿੱਖਿਆ ਪ੍ਰਾਪਤੀ ਦਾ ਉਦੇਸ਼ ਰੁਜ਼ਗਾਰ ਪਾਉਣਾ ਮੰਨ ਲਿਆ ਗਿਆ ਹੈ ਤਾਂ ਇਹ ਜ਼ਰੂਰੀ ਹੈ ਕਿ ਜਲਦ ਤੋਂ ਜਲਦ ਸਿੱਖਿਆ ਪ੍ਰਣਾਲੀ ਨੂੰ ਬਦਲ ਕੇ ਕਿੱਤਾ-ਮੁਖੀ ਬਣਾਇਆ ਜਾਵੇ। ਸਿੱਖਿਆ ਦੇ ਨਾਂ 'ਤੇ ਕੇਵਲ ਸਾਖ਼ਰਤਾ ਦੀਆਂ ਡਿਗਰੀਆਂ ਵੰਡਣ ਦਾ ਹੁਣ ਕੋਈ ਅਰਥ ਨਹੀਂ ਜਾਪਦਾ। ਇਸ ਲਈ ਬਦਲਦੇ ਸਮੇਂ ਨੂੰ ਮੁੱਖ ਰੱਖ ਕੇ ਇਸ ਪਾਸੇ ਧਿਆਨ ਦਿੱਤਾ ਜਾਵੇ ਅਤੇ ਇਸ ਨੂੰ ਸਹੀ ਅਰਥਾਂ ਵਿੱਚ ਲਾਗੂ ਕੀਤਾ ਜਾਵੇ।


Post a Comment

0 Comments