Superstition "ਵਹਿਮ-ਭਰਮ " Punjabi Essay, Paragraph for Class 8, 9, 10, 11 and 12 Students Examination in 1200 Words.

ਪੰਜਾਬੀ ਨਿਬੰਧ - ਵਹਿਮ-ਭਰਮ 
Superstition



ਰੂਪ-ਰੇਖਾ

ਭੂਮਿਕਾ, ਵਹਿਮਾਂ-ਭਰਮਾਂ ਦੀ ਹੋਂਦ, ਸਫ਼ਰ ਨਾਲ ਸੰਬੰਧਤ ਵਹਿਮ-ਭਰਮ, ਦਿਨਾਂ ਨਾਲ ਸੰਬੰਧਤ ਵਹਿਮ- ਭਰਮ, ਖ਼ਰੀਦੋ ਫਰੋਖ਼ਤ ਨਾਲ ਸੰਬੰਧਤ ਵਹਿਮ-ਭਰਮ, ਅੰਕਾਂ ਤੇ ਸੁਪਨਿਆਂ ਨਾਲ ਸੰਬੰਧਤ ਵਹਿਮ-ਭਰਮ, ਸਰੀਰਕ ਅੰਗਾਂ ਨਾਲ ਸੰਬੰਧਤ ਭਰਮ, ਹੋਰ ਵਹਿਮ-ਭਰਮ, ਵਹਿਮਾਂ-ਭਰਮਾਂ ਦਾ ਤਿਆਗ, ਸਾਰੰਸ਼।


ਭੂਮਿਕਾ

ਵਹਿਮਾਂ-ਭਰਮਾਂ ਦਾ ਇਤਿਹਾਸ ਮਨੁੱਖੀ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਆਦਿ ਕਾਲ ਤੋਂ ਹੀ ਵਹਿਮਾਂ-ਭਰਮਾਂ ਦਾ ਮਨੁੱਖ ਨਾਲ ਨੇੜੇ ਦਾ ਸਾਥ ਰਿਹਾ ਹੈ। ਵਹਿਮ-ਭਰਮ ਕੇਵਲ ਕਿਸੇ ਇੱਕ ਦੇਸ ਵਿੱਚ ਹੀ ਨਹੀਂ ਪਾਏ ਜਾਂਦੇ ਬਲਕਿ ਸੰਸਾਰ ਭਰ ਵਿੱਚ ਇਨ੍ਹਾਂ ਨੇ ਆਪਣੀ ਥਾਂ ਬਣਾਈ ਹੋਈ ਹੈ। ਹਰ ਦੇਸ ਦੇ ਵਹਿਮਾਂ-ਭਰਮਾਂ ਵਿੱਚ ਆਪੋ ਆਪਣੀਆਂ ਸਥਿਤੀਆਂ ਅਨੁਸਾਰ ਵਖਰੇਵਾਂ ਪਾਇਆ ਜਾਂਦਾ ਹੈ।ਅਜੋਕੇ ਵਿਗਿਆਨਕ ਦੌਰ ਵਿੱਚ ਕੁਝ ਦੇਸਾਂ ਵਿੱਚ ਤਾਂ ਇਨ੍ਹਾਂ ਨੂੰ ਪਹਿਲਾਂ ਵਾਂਗ ਹੀ ਮੰਨਿਆ ਜਾਂਦਾ ਹੈ ਪਰ ਕੁਝ ਦੇਸਾਂ ਵਿੱਚ ਇਨ੍ਹਾਂ ਨੂੰ ਨਾਂਮਾਤਰ ਰੂਪ ਵਿੱਚ ਹੀ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਕਿਸੇ ਵੀ ਦੇਸ ਜਾਂ ਕੌਮ ਨੇ ਇਨ੍ਹਾਂ ਵਹਿਮਾਂ-ਭਰਮਾਂ ਦਾ ਪੂਰਨ ਤੌਰ 'ਤੇ ਤਿਆਗ ਨਹੀਂ ਕੀਤਾ। ਬਹੁਤ ਸਾਰੇ ਚਿੰਤਕਾਂ ਦੀ ਇਹ ਰਾਇ ਹੈ ਕਿ ਪੱਛਮੀ ਦੇਸਾਂ ਦੇ ਮੁਕਾਬਲੇ ਏਸ਼ੀਆ ਤੇ ਅਫ਼ਰੀਕਾ ਦੇ ਲੋਕ ਵਹਿਮਾਂ-ਭਰਮਾਂ ਵਿੱਚ ਵਧੇਰੇ ਵਿਸ਼ਵਾਸ ਰੱਖਦੇ ਹਨ।


ਵਹਿਮਾਂ

ਭਰਮਾਂ ਦੀ ਹੋਂਦ- ਹਰ ਵਹਿਮ-ਭਰਮ ਦੀ ਬੁਨਿਆਦ ਵਿੱਚ ਡਰ ਅਤੇ ਵਿਸ਼ਵਾਸ ਦੇ ਭਾਵ ਸਮਾਏ ਹੁੰਦੇ ਹਨ। ਕੋਈ ਵਹਿਮ-ਭਰਮ ਕਦੋਂ ਹੋਂਦ ਵਿੱਚ ਆਉਂਦਾ ਹੈ ਇਸ ਦੀ ਭਾਵੇਂ ਕੋਈ ਪੱਕੀ ਤਾਰੀਖ਼ ਨਹੀਂ ਦੱਸੀ ਜਾ ਸਕਦੀ ਪਰ ਇਹ ਜ਼ਰੂਰ ਹੈ ਕਿ ਆਦਿ ਕਾਲ ਤੋਂ ਮਨੁੱਖ ਦੇ ਵਿਚਰਦਿਆਂ ਜਦੋਂ ਕੋਈ ਦੁਰਘਟਨਾ ਜਾਂ ਚੰਗੀ ਘਟਨਾ ਵਾਪਰਦੀ ਹੈ ਤਾਂ ਮਨੁੱਖ ਉਸ ਨੂੰ ਹੋਰ ਗੱਲਾਂ ਨਾਲ ਜੋੜ ਕੇ ਵੇਖਣ ਲੱਗਦਾ ਹੈ।ਜਿਵੇਂ ਘਰੋਂ ਬਾਹਰ ਜਾਣ ਸਮੇਂ ਬਿੱਲੀ ਦੇ ਰਾਹ ਕੱਟਣ ਨੂੰ ਮਾੜਾ ਸਮਝਿਆ ਜਾਂਦਾ ਹੈ। ਹੋ ਸਕਦਾ ਹੈ ਕਿ ਜਦੋਂ ਕਦੇ ਕੋਈ ਵਿਅਕਤੀ ਘਰੋਂ ਬਾਹਰ ਜਾਣ ਲੱਗਾ ਹੋਵੇ ਤੇ ਉਸ ਦਾ ਰਸਤਾ ਬਿੱਲੀ ਨੇ ਕੱਟਿਆ ਹੋਵੇ। ਉਸ ਨਾਲ ਅਚਨਚੇਤੀ ਕੋਈ ਮਾੜੀ ਗੱਲ ਵਾਪਰ ਗਈ ਹੋਵੇ ਤਾਂ ਉਹ ਇਸ ਦਾ ਸੰਬੰਧ ਜਾਂ ਕਾਰਨ ਬਿੱਲੀ ਦੇ ਰਾਹ ਕੱਟਣ ਨਾਲ ਜੋੜ ਬੈਠਾ ਹੋਵੇ। ਅਜਿਹੀ ਦੁਰਘਟਨਾ-ਵੱਸ ਸਮਾਜ ਜਾਂ ਲੋਕ-ਮਨ ਇਸ ਰਸਤਾ ਕੱਟਣ ਵਾਲੀ ਗੱਲ ਨੂੰ ਹੀ ਮਾਨਤਾ ਦੇ ਦਿੰਦਾ ਹੈ ਤੇ ਇਹ ਵਹਿਮ ਭਰਮ ਦਾ ਰੂਪ ਧਾਰਨ ਕਰ ਜਾਂਦੀ ਹੈ। ਅਜਿਹੇ ਵਹਿਮਾਂ-ਭਰਮਾਂ ਦੇ ਵਿਗਿਆਨਕ ਆਧਾਰ ਭਾਵੇਂ ਸਥਾਪਤ ਨਹੀਂ ਕੀਤੇ ਜਾ ਸਕਦੇ ਪਰ ਇਹ ਮਨੁੱਖ ਨੂੰ ਕੁਝ ਹੱਦ ਤੱਕ ਸੁਚੇਤ ਜਰੂਰ ਕਰਦੇ ਹਨ। 


ਸਫ਼ਰ ਨਾਲ ਸੰਬੰਧਤ ਵਹਿਮ-ਭਰਮ

ਮਨੁੱਖ ਸਮਾਜਕ ਜੀਵ ਹੈ ਇਸ ਕਰਕੇ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਆਪਣੀਆਂ ਲੋੜਾਂ ਲਈ ਅਕਸਰ ਹੀ ਜਾਣਾ ਪੈਂਦਾ ਹੈ।ਪੁਰਾਣੇ ਸਮਿਆਂ ਵਿੱਚ ਆਵਾਜਾਈ ਦੇ ਸਾਧਨ ਵੀ ਅੱਜ ਨਾਲੋਂ ਬਿਲਕੁਲ ਵੱਖਰੀ ਤਰ੍ਹਾਂ ਦੇ ਸਨ। ਇਸੇ ਕਾਰਨ ਅੱਜ ਵੀ ਸਫ਼ਰ ਨਾਲ ਕਈ ਪ੍ਰਕਾਰ ਦੇ ਵਹਿਮ-ਭਰਮ ਜੁੜੇ ਹੋਏ ਹਨ। ਪੁਰਾਣੇ ਸਮੇਂ ਵਿੱਚ ਸਫ਼ਰ ਜਹਾਜ਼ਾਂ, ਰੇਲਾਂ, ਬੱਸਾਂ ਜਾਂ ਕਾਰਾਂ ਵਿੱਚ ਨਹੀਂ ਕੀਤਾ ਜਾਂਦਾ ਸੀ ਬਲਕਿ ਲੋਕ ਵਧੇਰੇ ਕਰਕੇ ਪੈਦਲ ਹੀ ਜਾਇਆ ਕਰਦੇ ਸਨ। ਉਸ ਸਮੇਂ ਪੱਕੀਆਂ ਸੜਕਾਂ ਵੀ ਨਹੀਂ ਸਨ ਸਗੋਂ ਕੱਚੇ ਤੇ ਟੇਢੇ ਮੇਢੇ ਰਸਤੇ ਹੁੰਦੇ ਸਨ।ਇਸੇ ਕਾਰਨ ਮਨੁੱਖ ਨੂੰ ਸਫ਼ਰ ਦੌਰਾਨ ਸੱਜੇ ਖੱਬੇ ਵੇਖ ਕੇ ਤੁਰਨਾ ਪੈਂਦਾ ਸੀ ਭਾਵ ਉਸ ਨੂੰ ਸਫ਼ਰ ਦੌਰਾਨ ਬਹੁਤ ਸੁਚੇਤ ਰਹਿਣਾ ਪੈਂਦਾ ਸੀ।


ਸਫ਼ਰ ਨਾਲ ਸੰਬੰਧਤ ਵਹਿਮਾਂ

ਭਰਮਾਂ ਵਿੱਚ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੇਕਰ ਖੋਤਾ ਖੱਬੇ ਪਾਸੇ ਹੀਂਗੇ ਜਾਂ ਭਾਰ ਨਾਲ ਲੱਦਿਆ ਮਿਲੇ ਤਾਂ ਬਹੁਤ ਚੰਗਾ ਹੁੰਦਾ ਹੈ। ਜੇਕਰ ਤਿੱਤਰ ਖੱਬੇ ਪਾਸੇ ਬੋਲੇ ਤਾਂ ਬੁਰਾ ਸਮਝਿਆ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਘਰੋਂ ਬਾਹਰ ਨਿਕਲਣ ਸਮੇਂ ਕੋਈ ਨਿੱਛ ਮਾਰ ਦੇਵੇ ਜਾਂ ਕੋਈ ਜਾਣ ਦਾ ਕਾਰਨ ਪੁੱਛੇ ਤਾਂ ਬੁਰਾ ਸਮਝਿਆ ਜਾਂਦਾ ਹੈ। ਇਸੇ ਤਰ੍ਹਾਂ ਘਰੋਂ ਨਿਕਲਣ ਸਮੇਂ ਜੇਕਰ ਅੱਗੋਂ ਕੋਈ ਖ਼ਾਲੀ ਭਾਂਡਾ ਲਈ ਮਿਲੇ ਤਾਂ ਬਹੁਤ ਮਾੜਾ ਸਮਝਿਆ ਜਾਂਦਾ ਹੈ।ਪਰ ਜੇਕਰ ਕੋਈ ਪਾਣੀ ਦੀ ਭਰੀ ਬਾਲਟੀ, ਦੁੱਧ ਦਾ ਛੰਨਾ ਜਾਂ ਗੰਦ ਦੀ ਟੋਕਰੀ ਚੁੱਕੀ ਜਮਾਂਦਾਰਨੀ ਮਿਲੇ ਤਾਂ ਇਸ ਨੂੰ ਬਹੁਤ ਚੰਗਾ ਸਮਝਿਆ ਜਾਂਦਾ ਹੈ।


ਦਿਨਾਂ ਨਾਲ ਸੰਬੰਧਤ ਵਹਿਮ-ਭਰਮ

ਸਾਡੇ ਸਮਾਜ ਵਿੱਚ ਹਫ਼ਤੇ ਦੇ ਦਿਨਾਂ ਨਾਲ ਸੰਬੰਧਤ ਵੀ ਕਈ ਵਹਿਮ-ਭਰਮ ਮਿਲਦੇ ਹਨ। ਜਿਵੇਂ ਔਰਤਾਂ ਵੀਰਵਾਰ, ਮੰਗਲਵਾਰ, ਸ਼ਨਿਚਰਵਾਰ, ਮੱਸਿਆ ਅਤੇ ਸੰਗਰਾਂਦ ਵਾਲੇ ਦਿਨ ਸਿਰ ਨਹੀਂ ਨਹਾਉਂਦੀਆਂ। ਸਮਝਿਆ ਜਾਂਦਾ ਹੈ ਕਿ ਇਸ ਨਾਲ ਘਰ ਵਿੱਚ ਕੋਈ ਦੁਰਘਟਨਾ ਵਾਪਰ ਸਕਦੀ ਹੈ। ਇਸੇ ਤਰ੍ਹਾਂ ਜੇਕਰ ਨਵਾਂ ਕੱਪੜਾ ਪਾਉਣਾ ਹੋਵੇ ਤਾਂ ਬੁੱਧਵਾਰ ਤੇ ਸ਼ਨਿਚਰਵਾਰ ਦੇ ਦਿਨ ਨੂੰ ਚੰਗਾ ਸਮਝਿਆ ਜਾਂਦਾ ਹੈ।ਇਸੇ ਤਰ੍ਹਾਂ ਜੇਕਰ ਨਵਾਂ ਗਹਿਣਾ ਪਾਉਣਾ ਹੋਵੇ ਤਾਂ ਐਤਵਾਰ ਦਾ ਦਿਨ ਚੰਗਾ ਸਮਝਿਆ ਜਾਂਦਾ ਹੈ ਇਸੇ ਸੰਬੰਧੀ ਆਮ ਕਿਹਾ ਜਾਂਦਾ ਹੈ:

“ਬੁੱਧ ਸ਼ਨਿਚਰ ਕੱਪੜਾ, ਗਹਿਣਾ ਐਤਵਾਰ"

ਇਸੇ ਤਰ੍ਹਾਂ ਜੇਕਰ ਘਰ ਵਿੱਚ ਕੋਈ ਕੰਮ ਸ਼ੁਰੂ ਕਰਨਾ ਹੋਵੇ ਤਾਂ ਬੁੱਧਵਾਰ ਨੂੰ ਚੰਗਾ ਸਮਝਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ‘ਬੁੱਧ ਕੰਮ ਸ਼ੁੱਧ' । ਇਸੇ ਤਰ੍ਹਾਂ ਸ਼ਨਿਚਰਵਾਰ ਵਾਲੇ ਦਿਨ ਘਰ ਲੋਹਾ ਖ਼ਰੀਦ ਕੇ ਲਿਆਉਣਾ ਬੁਰਾ ਸਮਝਿਆ ਜਾਂਦਾ ਹੈ। ਘਰ ਆਏ ਮਹਿਮਾਨ ਨੂੰ ਵੀ ਚੌਥੇ ਜਾਂ ਨੌਵੇਂ ਦਿਨ ਜਾਣ ਤੋਂ ਅਕਸਰ ਰੋਕਿਆ ਜਾਂਦਾ ਹੈ। ਇੰਜ ਦਿਨਾਂ ਨਾਲ ਸੰਬੰਧਤ ਅਣਗਿਣਤ ਵਹਿਮ-ਭਰਮ ਮਿਲਦੇ ਹਨ।

ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਮਨੁੱਖ ਨੂੰ ਖ਼ਰੀਦੋ ਫ਼ਰੋਖ਼ਤ ਕਰਨੀ ਪੈਂਦੀ ਆਈ ਹੈ। ਇਸੇ ਕਾਰਨ ਬਹੁਤ ਸਾਰੇ ਵਹਿਮ-ਭਰਮ ਖ਼ਰੀਦੋ-ਫ਼ਰੋਖ਼ਤ ਨਾਲ ਵੀ ਜੁੜੇ ਹੋਏ ਹਨ।ਜੇਕਰ ਪਸ਼ੂ ਖ਼ਰੀਦਣ ਸਮੇਂ ਉਹ ਗੋਹਾ ਕਰ ਦੇਵੇ ਤਾਂ ਸੌਦਾ ਬਹੁਤ ਹੀ ਚੰਗਾ ਸਮਝਿਆ ਜਾਂਦਾ ਹੈ ਪਰ ਜੇਕਰ ਉਹ ਮੂਤਰ ਕਰ ਦੇਵੇ ਤਾਂ ਇਸ ਨੂੰ ਬਹੁਤ ਬੁਰਾ ਸਮਝਿਆ ਜਾਂਦਾ ਹੈ।ਜੇਕਰ ਖ਼ਰੀਦ ਕਰਨ ਸਮੇਂ ਘੋੜਾ ਹਿਣਕ ਪਵੇ ਤਾਂ ਇਸ ਨੂੰ ਬਹੁਤ ਚੰਗਾ ਸਮਝਿਆ ਜਾਂਦਾ ਹੈ ਤੇ ਇਸ ਨੂੰ ਘੋੜੇ ਵੱਲੋਂ ਨਵੇਂ ਮਾਲਕ ਲਈ ਪ੍ਰਵਾਨਗੀ ਵਜੋਂ ਮੰਨਿਆ ਜਾਂਦਾ ਹੈ।


ਅੰਕਾਂ ਤੇ ਸੁਪਨਿਆਂ ਨਾਲ ਸੰਬੰਧਤ ਵਹਿਮ-ਭਰਮ

ਸਾਡੇ ਸਮਾਜ ਵਿੱਚ ਬਹੁਤ ਸਾਰੇ ਵਹਿਮ-ਭਰਮ ਅੰਕਾਂ ਅਤੇ ਸੁਪਨਿਆਂ ਨਾਲ ਵੀ ਸੰਬੰਧਤ ਹਨ। ਪੰਜ ਅਤੇ ਸੱਤ ਦੇ ਅੰਕ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਤੇ ਤਿੰਨ ਅਤੇ ਤੇਰਾਂ ਦੇ ਅੰਕਾਂ ਨੂੰ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ। ਇਸੇ ਸੰਬੰਧੀ ਕਿਹਾ ਜਾਂਦਾ ਹੈ:

“ਤੀਜਾ ਵੜਿਆ ਘਰ ਸੜਿਆ।"

ਸਾਡੇ ਦੇਸ ਵਿੱਚ ਤੇਰਾਂ ਦਾ ਅੰਕ ਤਾਂ ਏਨਾ ਅਸ਼ੁਭ ਮੰਨਿਆ ਜਾਂਦਾ ਹੈ ਕਿ ਵੱਡੇ ਸ਼ਹਿਰਾਂ ਤੇ ਕਈ ਹੋਟਲਾਂ ਵਿੱਚ ਵੀ ਸੈਕਟਰਾਂ ਜਾਂ ਕਮਰਿਆਂ ਦਾ ਤੇਰਾਂ ਨੰਬਰ ਨਹੀਂ ਰੱਖਿਆ ਜਾਂਦਾ। ਪਰ ਪੱਛਮ ਦੇ ਲੋਕ ਤੇਰਾਂ ਦਾ ਅੰਕ ਚੰਗਾ ਸਮਝਦੇ ਹਨ।


ਇਸੇ ਤਰ੍ਹਾਂ ਬਹੁਤ ਸਾਰੇ ਵਹਿਮ

ਭਰਮ ਸੁਪਨਿਆਂ ਨਾਲ ਵੀ ਸੰਬੰਧਤ ਹਨ। ਲੋਕਾਂ ਦੀ ਧਾਰਨਾ ਹੈ ਕਿ ਜੋ ਕੁਝ ਸੁਪਨੇ ਵਿੱਚ ਵੇਖਿਆ ਜਾਂਦਾ ਹੈ ਉਹ ਅਕਸਰ ਸੱਚ ਹੋ ਹੀ ਜਾਂਦਾ ਹੈ। ਸੁਪਨੇ ਵਿੱਚ ਪਾਣੀ ਜਾਂ ਸੱਪਾਂ ਦਾ ਨਜ਼ਰ ਆਉਣਾ ਬਹੁਤ ਮਾੜਾ ਸਮਝਿਆ ਜਾਂਦਾ ਹੈ। ਜੇਕਰ ਸੁਪਨੇ ਵਿੱਚ ਤੁਸੀਂ ਸੱਪ ਮਾਰਦੇ ਹੋ ਤਾਂ ਮੰਨਿਆ ਜਾਂਦਾ ਹੈ ਕਿ ਇਹ ਦੁਸ਼ਮਣ ਉੱਪਰ ਜਿੱਤ ਪ੍ਰਾਪਤ ਕਰਨ ਦਾ ਸੰਕੇਤ ਹੈ। ਇਸੇ ਤਰ੍ਹਾਂ ਸੁਪਨੇ ਵਿੱਚ ਜਿਸ ਦੀ ਮੌਤ ਹੋਈ ਦਿੱਸੇ ਉਸ ਦੀ ਉਮਰ ਹੋਰ ਵਧ ਜਾਣ ਬਾਰੇ ਵਹਿਮ-ਭਰਮ ਹੈ।


ਸਰੀਰਕ ਅੰਗਾਂ ਨਾਲ ਸੰਬੰਧਤ ਭਰਮ

ਸਮਾਜ ਵਿੱਚ ਮਨੁੱਖ ਦੇ ਸਰੀਰਕ ਅੰਗਾਂ ਨਾਲ ਸੰਬੰਧਤ ਵੀ ਬਹੁਤ ਸਾਰੇ ਵਹਿਮ-ਭਰਮ ਮਿਲਦੇ ਹਨ।ਜੇਕਰ ਆਦਮੀ ਦਾ ਖੱਬਾ ਤੇ ਔਰਤ ਦਾ ਸੱਜਾ ਅੰਗ ਫਰਕੇ ਤਾਂ ਮਾੜਾ ਸਮਝਿਆ ਜਾਂਦਾ ਹੈ।ਇਸੇ ਤਰ੍ਹਾਂ ਜੇਕਰ ਖੱਬੇ ਹੱਥ ਦੀ ਤਲੀ ਉੱਪਰ ਖਾਰਸ਼ ਹੋਵੇ ਤਾਂ ਪੈਸੇ ਮਿਲਣ ਦੀ ਆਸ ਹੁੰਦੀ ਹੈ ਪਰ ਜੇ ਸੱਜੇ ਹੱਥ ਉੱਪਰ ਖਾਰਸ਼ ਹੋਵੇ ਤਾਂ ਕੋਈ ਖ਼ਰਚਾ ਹੋਣ ਦੀ ਸੰਕੇਤ ਮੰਨਿਆ ਜਾਂਦਾ ਹੈ।


ਹੋਰ ਵਹਿਮ-ਭਰਮ

ਉਪਰੋਕਤ ਵਹਿਮਾਂ-ਭਰਮਾਂ ਤੋਂ ਇਲਾਵਾ ਹੋਰ ਵੀ ਕਈ ਵਹਿਮ-ਭਰਮ ਪਾਏ ਜਾਂਦੇ ਹਨ— ਜਿਵੇਂ ਰੋਟੀਆਂ ਪਕਾਉਣ ਸਮੇਂ ਆਟਾ ਭੁੜਕੇ ਜਾਂ ਕੋਠੇ 'ਤੇ ਕਾਂ ਬੋਲੇ ਤਾਂ ਇਸ ਨੂੰ ਘਰ ਕਿਸੇ ਮਹਿਮਾਨ ਦੇ ਆਉਣ ਦਾ ਸੰਕੇਤ ਮੰਨਿਆ ਜਾਂਦਾ ਹੈ।ਇਸੇ ਤਰ੍ਹਾਂ ਪਾਣੀ, ਦਰਖ਼ਤਾਂ, ਮੜ੍ਹੀਆਂ, ਮਸਾਨਾਂ, ਬਿਮਾਰੀਆਂ, ਕੰਮਾਂ-ਕਾਰਾਂ, ਰਸਮਾਂ-ਰੀਤਾਂ ਨਾਲ ਸੰਬੰਧਤ ਬਹੁਤ ਸਾਰੇ ਵਹਿਮ-ਭਰਮ ਮਿਲਦੇ ਹਨ।


ਵਹਿਮਾਂ-ਭਰਮਾਂ ਦਾ ਤਿਆਗ

ਆਦਿ ਕਾਲ ਤੋਂ ਸਮਾਜ ਵਿੱਚ ਵਹਿਮ-ਭਰਮ ਮੰਨੇ ਜਾ ਰਹੇ ਹਨ। ਅਜੋਕੇ ਸਮੇਂ 21ਵੀਂ ਸਦੀ ਨੂੰ ਵਿਗਿਆਨ ਦੀ ਸਦੀ ਕਿਹਾ ਜਾ ਰਿਹਾ ਹੈ। ਇਸ ਲਈ ਅਜੋਕੇ ਮਨੁੱਖ ਨੂੰ ਅਜਿਹੇ ਵਹਿਮਾ-ਭਰਮਾਂ ਦਾ ਤਿਆਗ ਕਰਨਾ ਚਾਹੀਦਾ ਹੈ ਕਿਉਂਕਿ ਵਿਗਿਆਨਕ ਯੁੱਗ ਵਿੱਚ ਵਿਗਿਆਨਕ ਨਜ਼ਰੀਏ ਅਨੁਸਾਰ ਹੀ ਜੀਵਨ ਗੁਜ਼ਾਰਨਾ ਚਾਹੀਦਾ ਹੈ। ਹਰ ਪੜ੍ਹੇ-ਲਿਖੇ ਮਨੁੱਖ ਨੂੰ ਆਪ ਵੀ ਆਪਣੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਇਸ ਸੰਬੰਧੀ ਸੁਚੇਤ ਕਰਨਾ ਚਾਹੀਦਾ ਹੈ।


ਸਾਰੰਸ਼

ਭਾਵੇਂ ਆਦਿ ਕਾਲ ਤੋਂ ਸਮਾਜ ਵਿੱਚ ਵਹਿਮਾਂ-ਭਰਮਾਂ ਦੀ ਨਿਰੰਤਰ ਪਾਲਣਾ ਕੀਤੀ ਜਾਂਦੀ ਰਹੀ ਹੈ। ਇਸੇ ਲਈ ਜੀਵਨ ਵਿਚਲੇ ਹਰ ਵਿਹਾਰ ਨਾਲ ਕੋਈ ਨਾ ਕੋਈ ਵਹਿਮ-ਭਰਮ ਜੁੜਿਆ ਹੋਇਆ ਹੈ।ਪਰ ਵਿਗਿਆਨਕ ਯੁੱਗ ਵਿੱਚ ਇਨ੍ਹਾਂ ਵਹਿਮਾਂ- ਭਰਮਾਂ ਦੀ ਸਾਰਥਕਤਾ ਨਿਰਮੂਲ ਹੈ ਇਸ ਲਈ ਇਨ੍ਹਾਂ ਦਾ ਤਿਆਗ ਕਰਕੇ ਸਮਾਜ ਨੂੰ ਹੋਰ ਹੁਸੀਨ ਬਣਾਇਆ ਜਾ ਸਕਦਾ ਹੈ। ਗੁਰਬਾਣੀ ਵਿੱਚ ਗੁਰੂ ਸਾਹਿਬਾਨ ਨੇ ਲਿਖਿਆ ਹੈ:

ਥਿਤੁ ਵਾਰੁ ਨਾ ਜੋਗੀ ਜਾਣੈ

ਰੁਤਿ ਮਾਹੁ ਨਾ ਕੋਈ।

ਜਾ ਕਰਤਾ ਸਿਰਠੀ ਕਉ ਸਾਜੇ

ਆਪੇ ਜਾਣੈ ਸੋਈ।


Post a Comment

0 Comments