Shri Guru Granth Sahib, "ਸ੍ਰੀ ਗੁਰੂ ਗ੍ਰੰਥ ਸਾਹਿਬ" Punjabi Essay, Paragraph for Class 8, 9, 10, 11 and 12 Students Examination in 1200 Words.

ਪੰਜਾਬੀ ਨਿਬੰਧ 'ਸ੍ਰੀ ਗੁਰੂ ਗ੍ਰੰਥ ਸਾਹਿਬ'

Shri Sri Guru Granth Sahib

ਜਾਂ 

ਆਦਿ ਗ੍ਰੰਥ 

Adi Granth




ਰੂਪ-ਰੇਖਾ (Outline)

ਭੂਮਿਕਾ, ਆਦਿ ਗ੍ਰੰਥ ਦੀ ਸੰਪਾਦਨਾ, ਆਦਿ ਗ੍ਰੰਥ ਵਿੱਚ ਸ਼ਾਮਲ ਗੁਰੂ ਬਾਣੀਕਾਰ, ਆਦਿ ਗ੍ਰੰਥ ਵਿੱਚ ਸ਼ਾਮਲ ਭਗਤ ਕਵੀ, ਬਾਣੀ ਦੀ ਤਰਤੀਬ, ਆਦਿ ਗ੍ਰੰਥ ਵਿਚਲੇ ਰਾਗ, ਆਦਿ ਗ੍ਰੰਥ ਵਿਚਲੀ ਬੋਲੀ, ਆਦਿ ਗ੍ਰੰਥ ਵਿਚਲਾ ਛੰਦ ਪ੍ਰਬੰਧ ਅਤੇ ਕਾਵਿ-ਰੂਪ, ਆਦਿ ਗ੍ਰੰਥ ਵਿਚਲੀਆਂ ਪ੍ਰਮੁੱਖ ਬਾਣੀਆਂ, ਆਦਿ ਗ੍ਰੰਥ ਦੀ ਸਾਹਿਤਕ ਵਿਸ਼ੇਸ਼ਤਾ, ਸਾਰੰਸ਼।


ਭੂਮਿਕਾ (Introduction)

'ਸ੍ਰੀ ਗੁਰੂ ਗ੍ਰੰਥ ਸਾਹਿਬ' ਨੂੰ ਆਦਿ ਗ੍ਰੰਥ ਵੀ ਆਖਿਆ ਜਾਂਦਾ ਹੈ।ਸਿੱਖ ਜਗਤ ਵਿੱਚ ਇਸ ਪਵਿੱਤਰ ਗ੍ਰੰਥ ਨੂੰ ‘ਗੁਰੂ ਰੂਪ' ਵਿੱਚ ਪ੍ਰਵਾਨ ਕੀਤਾ ਜਾਂਦਾ ਹੈ। ਇਸ ਧਾਰਮਕ ਗ੍ਰੰਥ ਦਾ ਸੰਪਾਦਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ। ਆਦਿ ਗ੍ਰੰਥ ਵਿੱਚ ਗੁਰੂ ਸਾਹਿਬਾਨ ਅਤੇ ਵੱਖ-ਵੱਖ ਜਾਤੀਆਂ ਨਾਲ ਸੰਬੰਧਤ ਪੰਦਰਾਂ ਭਗਤਾਂ ਦੀ ਬਾਣੀ ਸ਼ਾਮਲ ਹੈ।


ਆਦਿ ਗ੍ਰੰਥ ਦੀ ਸੰਪਾਦਨਾ (Editing of Adi Granth)

 ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਧਾਰਮਕ ਗ੍ਰੰਥ ਦੀ ਸੰਪਾਦਨਾ ਦਾ ਕਾਰਜ 1601 ਈ: ਵਿੱਚ ਸ਼ੁਰੂ ਕੀਤਾ ਸੀ ਜਿਹੜਾ ਕਿ 1604 ਈ: ਵਿੱਚ ਸੰਪੂਰਨ ਹੋਇਆ ਸੀ। ਇਸ ਨੂੰ ਸਿੱਖ ਧਰਮ ਦੇ ਉੱਘੇ ਵਿਦਵਾਨ ਭਾਈ ਗੁਰਦਾਸ ਨੇ ਲਿਖਿਆ ਸੀ ਅਤੇ ਬਾਬਾ ਬੁੱਢਾ ਜੀ ਇਸ ਦੇ ਪਹਿਲੇ ਗ੍ਰੰਥੀ ਹੋਏ ਹਨ।


ਆਦਿ ਗ੍ਰੰਥ ਵਿੱਚ ਸ਼ਾਮਲ ਗੁਰੂ ਬਾਣੀਕਾਰ (Guru Banikar included in Adi Granth)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੰਜ ਗੁਰੂ ਸਾਹਿਬਾਨ ਅਤੇ ਪੰਦਰਾਂ ਭਗਤਾਂ ਦੀ ਬਾਣੀ ਨੂੰ ਸ਼ਾਮਲ ਕੀਤਾ। ਇਸ ਤੋਂ ਇਲਾਵਾ 4 ਗੁਰੂ ਘਰ ਦੇ ਸੇਵਕ ਮਹਾਂਪੁਰਸ਼ ਗੁਰੂ ਸਿੱਖ ਸਾਹਿਬਾਨ ਹਨ ਅਤੇ 11 ਅਰਸ਼ੀ ਭੱਟਾਂ ਦੀ ਇਲਾਹੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਗੁਰੂ ਬਾਣੀਕਾਰਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਦੀ ਜੀ ਦੀ ਬਾਣੀ ਸ਼ਾਮਲ ਕੀਤੀ ਗਈ ਸੀ। ਮਗਰੋਂ ਦਮਦਮਾ ਸਾਹਿਬ ਵਾਲੀ ਬੀੜ ਵਿੱਚ ਨੌਵੇਂ ਗੁਰੂ ਸਾਹਿਬਾਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 59 ਸ਼ਬਦ ਅਤੇ 57 ਸਲੋਕ ਸ਼ਾਮਲ ਕੀਤੇ ਮਿਲਦੇ ਹਨ। ਇਹ ਬੀੜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਵਾਈ ਸੀ। ਇਨ੍ਹਾਂ 57 ਸਲੋਕਾਂ ਵਿੱਚੋਂ 54ਵਾਂ ਸਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਮੰਨਿਆ ਜਾਂਦਾ ਹੈ।


ਆਦਿ ਗ੍ਰੰਥ ਵਿੱਚ ਸ਼ਾਮਲ ਭਗਤ ਕਵੀ (Bhagat poet included in Adi Granth)

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਸਮੇਂ ਬਿਨਾਂ ਕਿਸੇ ਭੇਦ ਭਾਵ ਤੋਂ ਵੱਖ-ਵੱਖ ਧਰਮਾਂ ਅਤੇ ਜਾਤੀਆਂ ਨਾਲ ਸੰਬੰਧਤ ਭਗਤਾਂ ਤੇ ਗੁਰੂ ਘਰ ਦੇ ਸੇਵਕਾਂ ਦੀ ਬਾਣੀ ਨੂੰ ਸ਼ਾਮਲ ਕਰਕੇ ਬਹੁਤ ਹੀ ਉੱਚੀ ਤੇ ਸੁੱਚੀ ਸੋਚ ਦਾ ਪ੍ਰਮਾਣ ਦਿੱਤਾ। ਇਸ ਗ੍ਰੰਥ ਵਿੱਚ ਸ਼ਾਮਲ ਪੰਦਰਾਂ ਭਗਤਾਂ ਵਿੱਚੋਂ ਭਗਤ ਕਬੀਰ ਜੀ, ਬਾਬਾ ਫ਼ਰੀਦ ਜੀ, ਭਗਤ ਨਾਮਦੇਵ ਜੀ, ਗੁਰੂ ਰਵਿਦਾਸ ਜੀ, ਤਰਲੋਚਨ ਜੀ, ਪੀਪਾ ਜੀ ਅਤੇ ਧੰਨਾ ਜੀ ਆਦਿ ਸ਼ਾਮਲ ਹਨ। ਇਸੇ ਤਰ੍ਹਾਂ ਇਸ ਗ੍ਰੰਥ ਵਿੱਚ ਗੁਰੂ ਘਰ ਦੇ ਸੇਵਕਾਂ ਤੇ ਨਿਕਟਵਰਤੀਆਂ ਵਿੱਚੋਂ ਬਲਵੰਡ ਜੀ, ਸੱਤਾ ਜੀ ਅਤੇ ਮਰਦਾਨਾ ਜੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਬਾਣੀਕਾਰਾਂ ਵਿੱਚ ਸ਼ਾਮਲ ਹਨ।


ਬਾਣੀ ਦੀ ਤਰਤੀਬ (Order of verses)

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਦਾ ਕਾਰਜ ਬਹੁਤ ਹੀ ਵਿਉਂਤਬੱਧ ਢੰਗ ਨਾਲ ਕੀਤਾ ਹੈ।ਆਦਿ ਗ੍ਰੰਥ ਵਿੱਚ ਪਹਿਲਾਂ ਮੂਲ ਮੰਤਰ ਹੈ। ਫੇਰ ਜਪੁ ਜੀ ਸਾਹਿਬ, ਸੋਦਰ, ਸੋ ਪੁਰਖ, ਸੋਹਿਲਾ ਹੈ। ਇਸ ਵਿੱਚ ਸ਼ਾਮਲ ਸਾਰੀ ਬਾਣੀ ਰਾਗਾਂ ' ਤੇ ਅਧਾਰਿਤ ਹੈ। ਰਾਗਾਂ ਦੀ ਕੁੱਲ ਗਿਣਤੀ 31 ਹੈ।ਇਸ ਪਵਿੱਤਰ ਗ੍ਰੰਥ ਦੇ 1430 ਪੰਨੇ (ਅੰਗ) ਹਨ। ਇਸ ਗ੍ਰੰਥ ਦੀ ਸੰਪਾਦਨਾ ਸਮੇਂ ਸ੍ਰੀ ਗੁਰੂ ਅਰਜਨ ਦੇਵ ਦੀ ਨੇ ਹਰ ਇੱਕ ਰਚਨਾ ਨੂੰ ਪੂਰਨ ਵਿਉਂਤ ਨਾਲ ਸ਼ਾਮਲ ਕੀਤਾ ਹੈ। ਗੁਰਬਾਣੀ ਦੀ ਤਰਤੀਬ ਰਾਗਾਂ ਅਨੁਸਾਰ ਕੀਤੀ ਗਈ ਹੈ ਅਤੇ ਕ੍ਰਮ ਗੁਰੂ ਸਾਹਿਬਾਨ ਅਨੁਸਾਰ ਰੱਖਿਆ ਗਿਆ ਹੈ ਅਰਥਾਤ ਪਹਿਲਾਂ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਫੇਰ, ਦੂਜੇ ਗੁਰੂ ਸਾਹਿਬਾਨ ਦੀ।ਆਦਿ ਗ੍ਰੰਥ ਵਿੱਚ ਇਨ੍ਹਾਂ ਬਾਣੀਆਂ ਨੂੰ ਮਹਲਾ ਪਹਿਲਾ, ਦੂਜਾ, ਤੀਜਾ, ਚੌਥਾ ਤੇ ਪੰਜਵਾਂ ਕਰਕੇ ਅੰਕਿਤ ਕੀਤਾ ਗਿਆ ਹੈ।


ਆਦਿ ਗ੍ਰੰਥ ਵਿਚਲੇ ਰਾਗ (Ragas in Adi Granth)

ਆਦਿ ਗ੍ਰੰਥ ਵਿੱਚ ਸ਼ਾਮਲ ਬਾਣੀ ਇਕੱਤੀ ਰਾਗਾਂ ਵਿੱਚ ਹੈ।ਸਾਰੇ ਰਾਗਾਂ ਵਿੱਚੋਂ ਸਿਰੀ ਰਾਗੁ ਮੁੱਖ ਤੇ ਪ੍ਰਧਾਨ ਰਾਗ ਹੈ, ਉਸ ਨੂੰ ਹੀ ਪਹਿਲਾਂ ਰੱਖਿਆ ਗਿਆ ਹੈ।ਇਸ ਵਿੱਚ ਛੇ ਮੁੱਖ ਰਾਗ ਹਨ।ਇਨ੍ਹਾਂ ਰਾਗਾਂ ਦੀ ਤਰਤੀਬ ਇਸ ਤਰ੍ਹਾਂ ਰਾਗੁ ਸਿਰੀ, ਰਾਗੁ ਮਾਝ, ਰਾਗੁ ਗਉੜੀ, ਰਾਗੁ ਆਸਾ, ਰਾਗੁ ਗੂਜਰੀ, ਰਾਗੁ ਦੇਵ ਗੰਧਾਰੀ, ਰਾਗੁ ਬਿਹਾਗੂੜਾ, ਰਾਗੁ ਵਡ ਹੰਸ, ਰਾਗੁ ਸੋਰਠਿ, ਰਾਗੁ ਧਨਾਸਰੀ, ਰਾਗੁ ਜੈਤਸਰੀ, ਰਾਗੁ ਟੋਡੀ, ਰਾਗੁ ਬੈਰਾੜੀ, ਰਾਗੁ ਤਿਲੰਗ, ਰਾਗੁ ਸੂਹੀ, ਰਾਗੁ ਬਿਲਾਵਲੁ, ਰਾਗੁ ਗੋਂਡ, ਰਾਗੁ ਰਾਮਕਲੀ, ਰਾਗੁ ਨਟ ਨਾਰਾਇਨ, ਰਾਗੁ ਮਾਲੀ ਗਉੜਾ, ਰਾਗੁ ਮਾਰੂ, ਰਾਗੁ ਤੁਖਾਰੀ, ਰਾਗੁ ਕੇਦਾਰਾ, ਰਾਗੁ ਭੈਰਉ, ਰਾਗੁ ਬਸੰਤ, ਰਾਗੁ ਸਾਰੰਗ, ਰਾਗੁ ਮਲਾਰ, ਰਾਗੁ ਕਾਨੜਾ, ਰਾਗੁ ਕਲਿਆਨ, ਰਾਗੁ ਪ੍ਰਭਾਤੀ ਸੋਰਠ ਅਤੇ ਰਾਗੁ ਜੈਜਾਵੰਤੀ। ਹਰ ਇੱਕ ਰਾਗੁ ਵਿੱਚ ਪਹਿਲਾਂ ਗੁਰੂਆਂ ਦੀ ਬਾਣੀ ਗੁਰੂ-ਕ੍ਰਮ ਅਨੁਸਾਰ ਪਹਿਲਾਂ ਪਦਿਆਂ ਵਿਚ, ਫਿਰ ਅਸ਼ਟਪਦੀਆਂ ਗੁਰੂ ਕ੍ਰਮ ਅਨੁਸਾਰ, ਫੇਰ ਵਾਰਾਂ, ਫਿਰ ਕੋਈ ਵਿਸ਼ੇਸ਼ ਬਾਣੀ ਤੇ ਫਿਰ ਭਗਤਾਂ ਦੀ ਬਾਣੀ ਸ਼ਾਮਲ ਹੈ।


ਆਦਿ ਗ੍ਰੰਥ ਵਿਚਲੀ ਬੋਲੀ (The speech in Adi Granth)

ਆਦਿ ਗ੍ਰੰਥ ਦੀ ਬੋਲੀ ਪੰਜਾਬੀ ਹੈ ਪਰ ਇਸ ਵਿੱਚ ਵੱਖ-ਵੱਖ ਇਲਾਕਿਆਂ, ਧਰਮਾਂ ਤੇ ਸਮਾਜਕ ਸਮੂਹਾਂ ਦੀ ਬੋਲੀ ਦੇ ਨਮੂਨੇ ਵੀ ਮਿਲਦੇ ਹਨ। ਇਸ ਵਿੱਚ ਸਾਧ ਭਾਸ਼ਾ ਦਾ ਪੂਰਾ ਜ਼ੋਰ ਹੈ। ਸੰਸਕ੍ਰਿਤ, ਰਾਜਸਥਾਨੀ, ਗੁਜਰਾਤੀ, ਬੰਗਾਲੀ, ਹਿੰਦੀ, ਬ੍ਰਿਜੀ, ਮਰਾਠੀ, ਅਵਧੀ, ਸਿੰਧੀ, ਪ੍ਰਾਕਿਰਤੀ ਅਤੇ ਅਪਭ੍ਰੰਸ਼ਾਂ ਦੀ ਪ੍ਰਭਾਵਸ਼ਾਲੀ ਵਰਤੋਂ ਹੋਈ ਮਿਲਦੀ ਹੈ। ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਤਦਭਵ ਰੂਪ ਵੀ ਅਤੇ ਤਤਸਮ ਰੂਪ ਵੀ ਮਿਲਦੇ ਹਨ। ਇਸ ਤਰ੍ਹਾਂ ਇਸ ਧਾਰਮਕ ਗ੍ਰੰਥ ਨੇ ਪੁਰਾਤਨ ਭਾਰਤੀ ਭਾਸ਼ਾਵਾਂ ਦੇ ਨਮੂਨਿਆਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ।


ਆਦਿ ਗ੍ਰੰਥ ਵਿਚਲਾ ਛੰਦ ਪ੍ਰਬੰਧ ਤੇ ਕਾਵਿ ਰੂਪ (Verse arrangement and poetic form in Adi Granth)

ਛੰਦ ਪ੍ਰਬੰਧ ਦੀ ਦ੍ਰਿਸ਼ਟੀ ਤੋਂ ਆਦਿ ਗ੍ਰੰਥ ਸਾਹਿਬ ਦੀ ਵਿਸ਼ੇਸ਼ ਮਹਾਨਤਾ ਹੈ। ਇਸ ਵਿੱਚ ਪੁਰਾਣੀ ਕਵਿਤਾ ਅਤੇ ਲੋਕ ਧਾਰਨਾ ਦੇ ਜਿੰਨੇ ਨਮੂਨੇ ਮਿਲਦੇ ਹਨ, ਉਹ ਹੋਰ ਕਿਤੋਂ ਪ੍ਰਾਪਤ ਨਹੀਂ ਹਨ। ਇਸ ਵਿੱਚ ਸ਼ਲੋਕ, ਦੋਹਾ, ਚੌਪਈ, ਸੋਰਠਾ, ਸਵੱਈਆ, ਦਵੱਈਆ, ਝੂਲਣਾ, ਸਿਰਖੰਡੀ, ਚਿਤਰਕਲਾ, ਹੁਲਾਸ ਆਦਿ ਛੰਦ ਪ੍ਰਬੰਧ ਦੇ ਬਹੁਤ ਹੀ ਉੱਤਮ ਨਮੂਨੇ ਸ਼ਾਮਲ ਹਨ। ਇਸੇ ਤਰ੍ਹਾਂ ਇਸ ਵਿੱਚ ਬਹੁਤ ਸਾਰੇ ਕਾਵਿ-ਰੂਪ ਜਿਵੇਂ ਬਾਰਾਂਮਾਹ, ਆਰਤੀ, ਘੋੜੀਆਂ, ਛੰਦ, ਅਲਾਹੁਣੀਆਂ, ਪੱਟੀ, ਬਾਵਨ ਅੱਖਰੀ, ਸਤਵਾਰਾ, ਵਾਰਾਂ, ਪਉੜੀਆਂ, ਰੁੱਤਾਂ, ਥਿੱਤਾਂ ਪਹਿਰੇ ਤੇ ਵਣਜਾਰੇ ਆਦਿ ਮਿਲਦੇ ਹਨ। 


ਆਦਿ ਗ੍ਰੰਥ ਵਿਚਲੀਆਂ ਪ੍ਰਮੁੱਖ ਬਾਣੀਆਂ (Major verses in Adi Granth)

ਆਦਿ ਗ੍ਰੰਥ ਵਿੱਚ ਸ਼ਾਮਲ ਸਾਰੀਆਂ ਬਾਣੀਆਂ ਦਾ ਇੱਕੋ ਜਿੰਨਾ ਹੀ ਮਹੱਤਵ ਹੈ। ਪਰ ਫਿਰ ਵੀ ਇਸ ਵਿਚਲੀਆਂ ਬਹੁਤ ਸਾਰੀਆਂ ਬਾਣੀਆਂ ਅਜਿਹੀਆਂ ਹਨ ਜਿਹੜੀਆਂ ਲੋਕਾਂ ਦੇ ਮਨਾਂ ਵਿੱਚ ਘਰ ਕਰ ਚੁੱਕੀਆਂ ਹਨ।ਇਨ੍ਹਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਜਪੁ ਜੀ ਸਾਹਿਬ, ਸਿੱਧ ਗੋਸ਼ਟਿ, ਬਾਰਾਂਮਾਹ, ਬਾਬਰ ਬਾਣੀ, ਤਿੰਨ ਵਾਰਾਂ (ਮਾਝ, ਆਸਾ ਤੇ ਮਲਾਰ), ਸ੍ਰੀ ਗੁਰੂ ਅਮਰ ਦਾਸ ਜੀ ਦੀ ਰਚਨਾ ਆਨੰਦ ਸਾਹਿਬ, ਸ੍ਰੀ ਗੁਰੂ ਅਰਜਨ ਦੇਵ ਦੀ ਰਚਨਾ ਸੁਖਮਨੀ, ਬਾਰਾਂਮਾਹ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸਲੋਕ, ਬਾਬਾ ਫ਼ਰੀਦ ਦੇ ਸਲੋਕ, ਭਗਤ ਰਵਿਦਾਸ ਦੇ ਸ਼ਬਦ ਤੇ ਕਬੀਰ ਦੇ ਸ਼ਬਦ ਸ਼ਾਮਲ ਹਨ। 


ਆਦਿ ਗ੍ਰੰਥ ਦੀ ਸਾਹਿਤਕ ਵਿਸ਼ੇਸ਼ਤਾ (Literary features of Adi Granth)

ਆਦਿ ਗ੍ਰੰਥ ਵਿੱਚ ਸ਼ਾਮਲ ਬਾਣੀ ਦੀਆਂ ਆਪਣੀਆਂ ਵਿਲੱਖਣ ਸਾਹਿਤਕ ਵਿਸ਼ੇਸ਼ਤਾਵਾਂ ਹਨ। ਸਾਰੀ ਬਾਣੀ ਰਾਗ-ਬੱਧ ਹੈ। ਇਸ ਵਿਚਲੇ ਛੰਦ ਪ੍ਰਬੰਧ ਤੇ ਕਾਵਿ ਰੂਪਾਂ ਦੀ ਆਪਣੀ ਵਿਸ਼ੇਸ਼ ਪਛਾਣ ਹੈ।ਇਸ ਵਿੱਚ ਸ਼ਬਦਾਵਲੀ ਜਾਂ ਭਾਸ਼ਾ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹਨ। ਇਸ ਗ੍ਰੰਥ ਵਿੱਚ ਗੁਰੂ ਸਾਹਿਬਾਨ ਤੇ ਭਗਤਾਂ ਨੇ ਆਪਣੀ ਵਿਚਾਰਧਾਰਾ ਬਹੁਤ ਹੀ ਸਰਲਤਾ, ਸੰਜਮ ਤੇ ਸੁਭਾਵਕਤਾ ਸਹਿਤ ਪੇਸ਼ ਕੀਤੀ ਹੈ। ਇਸੇ ਕਾਰਨ ਇਸ ਵਿੱਚ ਸ਼ਾਮਲ ਕਈ ਪੰਗਤੀਆਂ ਤਾਂ ਅਖਾਣਾਂ ਦਾ ਰੂਪ ਹੀ ਧਾਰਨ ਕਰ ਚੁੱਕੀਆਂ ਹਨ। ਜਿਵੇਂ:


(ਉ) ਮਨਿ ਜੀਤੈ ਜਗੁ ਜੀਤੁ

(ਅ) ਦੁਖੁ ਦਾਰੂ ਸੁਖੁ ਰੋਗੁ ਭਇਆ

(ੲ) ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ।

(ਸ) ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।


ਇਸ ਗ੍ਰੰਥ ਵਿੱਚ ਅਲੰਕਾਰਾਂ ਦੇ ਜੋ ਸੁੰਦਰ ਨਮੂਨੇ ਮਿਲਦੇ ਹਨ ਉਹ ਆਪਣੀ ਮਿਸਾਲ ਆਪ ਹੀ ਹਨ, ਜਿਵੇਂ-

(1) ਕਾਮੁ ਕ੍ਰੋਧ ਕਾਇਆ ਕਉ ਗਾਲੇ ਜਿਉ ਕੰਚਨ ਸੋਹਾਗਾ ਢਾਲੈ।

(2) ਦਰਸ਼ਨ, ਪਰਸਨ, ਸਰਨ, ਹਰਸਨ, ਰੰਗ ਰੰਗਿ ਕਰਤਾਰੀ ਹੈ।


ਇਸੇ ਤਰ੍ਹਾਂ ਗੁਰੂ ਸਾਹਿਬਾਨ ਨੇ ਆਪਣੇ ਵਿਚਾਰਾਂ ਨੂੰ ਬਹੁਤ ਹੀ ਸਹਿਜਤਾ ਸਹਿਤ ਪੇਸ਼ ਕੀਤਾ ਹੈ ; ਜਿਵੇਂ- (3) ਭਰੀਐ ਹਥੁ ਪੈਰੁ ਤਨੁ ਦੇਹ, ਪਾਣੀ ਧੋਤੇ ਉਤਰਸੁ ਖੇਹ, ਮੂਤ ਪਲੀਤੀ ਕਪੜੁ ਹੋਇ, ਦੇ ਸਾਬੂਣੁ ਲਈਐ ਓਹੁ ਧੋਇ ਭਰੀਐ ਮਤਿ ਪਾਪਾ ਕੈ ਸੰਗਿ, ਓਹੁ ਧੋਪੈ ਨਾਵੈ ਕੈ ਰੰਗਿ (4) ਰਾਜੇ ਸੀਹ ਮੁਕਦਮ ਕੁਤੇ, ਜਾਇ ਜਗਾਇਨ ਬੈਠੇ ਸੁਤੇ।


ਸਾਰੰਸ਼ (Summary)

ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਪਵਿੱਤਰ ਧਾਰਮਕ ਗ੍ਰੰਥ ਹੈ।ਇਸ ਨੂੰ ਗਿਆਰ੍ਹਵੇਂ ਗੁਰੂ ਰੂਪ ਵਜੋਂ ਪ੍ਰਵਾਨ ਕੀਤਾ ਗਿਆ ਹੈ। ਇਸ ਵਿੱਚ ਗੁਰੂ ਸਾਹਿਬਾਨ ਦੇ ਨਾਲ ਹੀ ਭਗਤਾਂ ਤੇ ਗੁਰੂ ਘਰ ਦੇ ਸੇਵਕਾਂ ਦੀ ਬਾਣੀ ਦਰਜ ਹੈ। ਇਸ ਵਿਚਲੀ ਬਾਣੀ ਵਿੱਚੋਂ ਸਰਬ ਸਾਂਝੀਵਾਲਤਾ ਦਾ ਸੰਦੇਸ਼ ਮਿਲਦਾ ਹੈ।ਇਸ ਵਿੱਚੋਂ ਪੁਰਾਤਨ ਇਤਿਹਾਸਕ ਮਿਥਿਹਾਸਕ ਹਵਾਲੇ ਵੀ ਮਿਲਦੇ ਹਨ।ਇਸ ਵਿੱਚ ਉਸ ਪਰਮਾਤਮਾ ਨੂੰ ਸਰਬ ਸ਼ਕਤੀਮਾਨ, ਸਿਰਜਣਹਾਰ ਤੇ ਪਾਲਣਹਾਰ ਸਮਝਿਆ ਗਿਆ ਹੈ ਤੇ ਉਸ ਦਾ ਸਿਮਰਨ ਕਰ ਕੇ ਉਸ ਨੂੰ ਹਿਰਦੇ 'ਚ ਵਸਾ ਕੇ ਜੀਵਨ ਸਫਲ ਕਰਨ ਲਈ ਕਿਹਾ ਗਿਆ ਹੈ।


Post a Comment

0 Comments