Shri Guru Gobind Singh Ji, "ਸ੍ਰੀ ਗੁਰੂ ਗੋਬਿੰਦ ਸਿੰਘ ਜੀ" Punjabi Essay, Paragraph for Class 8, 9, 10, 11 and 12 Students Examination in 700 Words.

ਪੰਜਾਬੀ ਨਿਬੰਧ 'ਸ੍ਰੀ ਗੁਰੂ ਗੋਬਿੰਦ ਸਿੰਘ ਜੀ'

Shri Guru Gobind Singh Ji



ਰੂਪ-ਰੇਖਾ (Outline)

ਭੂਮਿਕਾ, ਜਨਮ ਤੇ ਬਚਪਨ, ਵਿੱਦਿਆ ਪ੍ਰਾਪਤੀ, ਪਿਤਾ ਦੀ ਸ਼ਹਾਦਤ ਤੇ ਗੁਰਗੱਦੀ, ਖ਼ਾਲਸਾ ਪੰਥ ਦੀ ਸਥਾਪਨਾ, ਮੁਗ਼ਲ ਬਾਦਸ਼ਾਹ ਵੱਲੋਂ ਧੋਖਾ ਦੇਣਾ, ਸਾਹਿਬਜ਼ਾਦਿਆਂ ਦੀ ਸ਼ਹਾਦਤ, ਸਾਹਿਤ ਪ੍ਰੇਮੀ, ਗੁਰੂ ਗ੍ਰੰਥ ਸਾਹਿਬ ਨੂੰ ਅੰਤਮ ਰੂਪ ਦੇ ਕੇ ਗੁਰਗੱਦੀ ਬਖਸ਼ਣਾ, ਜੋਤੀ ਜੋਤ ਸਮਾਉਣਾ, ਸਾਰੰਗ।


ਭੂਮਿਕਾ (Introduction)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਉਨ੍ਹਾਂ ਦੇ ਜੀਵਨ ਕਾਲ ਸਮੇਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਭਾਰਤ ਵਿੱਚ ਸਿੱਖਾਂ ਤੇ ਹਿੰਦੂਆਂ ਉੱਪਰ ਬਹੁਤ ਜ਼ੁਲਮ ਕਰ ਰਿਹਾ ਸੀ। ਉਹ ਇਨ੍ਹਾਂ ਧਰਮਾਂ ਦਾ ਨਾਮੋ-ਨਿਸ਼ਾਨ ਮਿਟਾ ਕੇ ਇਸਲਾਮ ਧਰਮ ਨੂੰ ਹੋਰ ਪ੍ਰਫੁਲਤ ਕਰਨਾ ਚਾਹੁੰਦਾ ਸੀ।ਉਸ ਵੱਲੋਂ ਹਿੰਦੂਆਂ ਦੇ ਪੂਜਾ ਅਸਥਾਨਾਂ ਨੂੰ ਲਗਾਤਾਰ ਢਾਹਿਆ ਜਾ ਰਿਹਾ ਸੀ।ਇਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀਆਂ ਦੇ ਮਾਣ,ਇੱਜ਼ਤ ਤੇ ਧਰਮ ਦੀ ਰਾਖੀ ਲਈ ਤਲਵਾਰ ਉਠਾ ਕੇ ਮੁਗ਼ਲਾ ਨਾਲ ਲੋਹਾ ਲਿਆ। ਉਨ੍ਹਾਂ ਨੇ ਜ਼ੁਲਮ ਦਾ ਨਾਸ ਕਰਨ ਵਾਸਤੇ ਹੀ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਇਸੇ ਲਈ ਉਨ੍ਹਾਂ ਨੂੰ ਸਰਬੰਸਦਾਨੀ ਵੀ ਕਿਹਾ ਜਾਂਦਾ ਹੈ।


ਜਨਮ ਤੇ ਬਚਪਨ (Birth and childhood)

ਆਪ ਦਾ ਜਨਮ 22 ਦਸੰਬਰ 1666 ਈ. ਵਿੱਚ ਪਿਤਾ ਨੌਵੇਂ ਗੁਰੂ ਸਾਹਿਬਾਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਮਾਤਾ ਗੁਜਰੀ ਦੇ ਘਰ ਵਰਤਮਾਨ ਬਿਹਾਰ ਪ੍ਰਾਂਤ ਦੀ ਰਾਜਧਾਨੀ ਪਟਨਾ ਸ਼ਹਿਰ ਵਿਖੇ ਹੋਇਆ। ਇਸ ਸੰਬੰਧੀ ਲੋਕਾਂ ਵਿੱਚ ਇਹ ਤੁਕ ਪ੍ਰਚਲਤ ਹੈ


ਪਟਨਾ ਸਾਹਿਬ ਦਾ ਜਨਮ ਗੁਰਾਂ ਦਾ, 

ਅਨੰਦਪੁਰ ਡੇਰੇ ਲਾਏ।

ਪਿਤਾ ਗੁਰਾਂ ਦਾ ਤੇਗ਼ ਬਹਾਦਰ,

ਮਾਤਾ ਗੁਜਰੀ ਜਾਏ।


ਜਦੋਂ ਆਪ ਜੀ ਦਾ ਜਨਮ ਹੋਇਆ, ਉਸ ਸਮੇਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਸਾਮ ਦੀ ਯਾਤਰਾ 'ਤੇ ਗਏ ਹੋਏ ਸਨ। ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਦਾ ਨਾਂ ਗੋਬਿੰਦ ਰਾਏ ਸੀ। ਉਨ੍ਹਾਂ ਨੇ ਬਚਪਨ ਦੇ ਪਹਿਲੇ ਛੇ ਸਾਲ ਪਟਨਾ ਸ਼ਹਿਰ ਵਿੱਚ ਹੀ ਗੁਜ਼ਾਰੇ ਸਨ।


ਵਿੱਦਿਆ ਪ੍ਰਾਪਤੀ (Educational attainment)

ਆਪ 1672 ਈ: ਵਿੱਚ ਆਪਣੇ ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕੋਲ ਅਨੰਦਪੁਰ ਸਾਹਿਬ ਵਿਖੇ ਆ ਗਏ।ਇੱਥੇ ਹੀ ਆਪ ਨੇ ਗੁਰਮੁਖੀ, ਫ਼ਾਰਸੀ ਤੇ ਸੰਸਕ੍ਰਿਤ ਦੀ ਪੜ੍ਹਾਈ ਕੀਤੀ। ਇਸੇ ਸਮੇਂ ਉਨ੍ਹਾਂ ਵਿੱਦਿਆ ਪ੍ਰਾਪਤੀ ਦੇ ਨਾਲ-ਨਾਲ ਘੋੜ-ਸਵਾਰੀ ਤੇ ਸ਼ਸਤਰ ਵਿੱਦਿਆ ਦੀ ਸਿਖਲਾਈ ਲੈ ਕੇ ਇਸ ਵਿੱਚ ਮੁਹਾਰਤ ਪ੍ਰਾਪਤ ਕੀਤੀ।


ਪਿਤਾ ਦੀ ਸ਼ਹਾਦਤ ਤੇ ਗੁਰਗੱਦੀ (Father's martyrdom and Gurgaddi)

ਜਦੋਂ ਆਪ ਨੌਂ ਸਾਲ ਦੇ ਹੀ ਸਨ ਤਾਂ ਇੱਕ ਦਿਨ ਉਨ੍ਹਾਂ ਆਪਣੇ ਪਿਤਾ ਜੀ ਨੂੰ ਗੰਭੀਰ ਮੁਦਰਾ ਵਿੱਚ ਵੇਖਿਆ। ਪਿਤਾ ਜੀ ਨੇ ਆਪ ਨੂੰ ਦੱਸਿਆ ਕਿ ਮੁਗ਼ਲ ਹਾਕਮ ਕਸ਼ਮੀਰੀ ਪੰਡਤਾਂ 'ਤੇ ਜ਼ੁਲਮ ਕਰ ਰਿਹਾ ਹੈ ਤੇ ਜ਼ਬਰਦਸਤੀ ਉਨ੍ਹਾਂ ਦਾ ਧਰਮ ਬਦਲਾਇਆ ਜਾ ਰਿਹਾ ਹੈ। ਗੁਰੂ ਜੀ ਨੇ ਇਸ ਜ਼ੁਲਮ ਦੀ ਰੁਕਾਵਟ ਲਈ ਕਿਸੇ ਮਹਾਪੁਰਖ ਦੇ ਬਲੀਦਾਨ ਦੀ ਗੱਲ ਕੀਤੀ।ਇਸੇ ਮੌਕੇ ਬਾਲ ਗੋਬਿੰਦ ਰਾਏ ਨੇ ਪਿਤਾ ਜੀ ਨੂੰ ਕਿਹਾ, ‘ਆਪ ਤੋਂ ਵੱਡਾ ਮਹਾਪੁਰਖ ਹੋਰ ਕੌਣ ਹੋ ਸਕਦਾ ਹੈ। ਪੁੱਤਰ ਦੀ ਗੱਲ ਸੁਣ ਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਮੁਗ਼ਲ ਬਾਦਸ਼ਾਹ ਨੂੰ ਮਿਲਣ ਲਈ ਆਗਰੇ ਵੱਲ ਚੱਲ ਪਏ।ਮੁਗ਼ਲ ਬਾਦਸ਼ਾਹ ਨੇ ਗੁਰੂ ਜੀ ਨੂੰ ਧਰਮ ਬਦਲਣ ਲਈ ਕਿਹਾ। ਗੁਰੂ ਜੀ ਵੱਲੋਂ ਇਨਕਾਰ ਕਰਨ 'ਤੇ ਉਨ੍ਹਾਂ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕਰ ਦਿੱਤਾ ਗਿਆ।ਇਸ ਥਾਂ ਉੱਪਰ ਗੁਰਦੁਆਰਾ ਸੀਸ ਗੰਜ ਸਾਹਿਬ ਬਣਿਆ ਹੋਇਆ ਹੈ। ਗੁਰੂ ਜੀ ਦੀ ਸ਼ਹਾਦਤ ਉਪਰੰਤ ਆਪ ਦੇ ਬਾਲ ਮੋਢਿਆਂ ਉੱਪਰ ਗੁਰਗੱਦੀ ਦਾ ਭਾਰ ਵੀ ਪੈ ਗਿਆ। ਉਨ੍ਹਾਂ ਨੇ ਹਿੰਮਤ ਤੇ ਨਿਡਰਤਾ ਤੋਂ ਕੰਮ ਲੈਂਦਿਆਂ ਲੋਕਾਂ ਦੀ ਮੁਰਦਾ ਰੂਹ ਵਿੱਚ ਨਵੀਂ ਜਾਨ ਭਰ ਦਿੱਤੀ।


ਖ਼ਾਲਸਾ ਪੰਥ ਦੀ ਸਥਾਪਨਾ (Establishment of the Khalsa Panth)

ਆਪ ਜੀ ਦੇ ਜੀਵਨ ਦਾ ਬਹੁਤ ਹੀ ਮਹਾਨ ਕਾਰਜ ਖ਼ਾਲਸਾ ਪੰਥ ਦੀ ਸਾਜਨਾ ਸੀ। ਆਪ ਨੇ 1699 ਈ. ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਇੱਕ ਵਿਸ਼ਾਲ ਇਕੱਠ ਕਰ ਕੇ ਵੱਖ-ਵੱਖ ਜਾਤਾਂ ਤੇ ਇਲਾਕਿਆਂ ਦੇ ਪੰਜ ਵਿਅਕਤੀਆਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ। ਫਿਰ ਆਪ ਨੇ ਵੀ ਉਨ੍ਹਾਂ ਪੰਜ ਪਿਆਰਿਆਂ ਹੱਥੋਂ ਅੰਮ੍ਰਿਤਪਾਨ ਕੀਤਾ ਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ। ਉਨ੍ਹਾਂ ਸਪਸ਼ਟ ਕੀਤਾ ਕਿ ਮੇਰੇ ਸਿੱਖ ਹੁਣ ਸ਼ੇਰਾਂ ਵਾਂਗ ਰਹਿਣਗੇ। ਉਨ੍ਹਾਂ ਨਿਸੁੱਤੀ ਕੌਮ ਵਿੱਚ ਜੋਸ਼ ਭਰਦਿਆਂ ਕਿਹਾ ਸੀ


ਚਿੜੀਓਂ ਸੇ ਮੈਂ ਬਾਜ਼ ਲੜਾਊਂ

ਤਬੈ ਗੋਬਿੰਦ ਸਿੰਘ ਨਾਮ ਕਹਾਊਂ।


ਮੁਗ਼ਲ ਬਾਦਸ਼ਾਹ ਵੱਲੋਂ ਧੋਖਾ ਦੇਣਾ (Betrayed by the Mughal Emperor)

ਜਦੋਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਗੁਰੂ ਜੀ ਦੀ ਵੱਧ ਰਹੀ ਤਾਕਤ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਪਰੇਸ਼ਾਨ ਹੋਇਆ।ਉਸ ਨੇ ਤੀਹ ਹਜ਼ਾਰ ਫ਼ੌਜ ਭੇਜ ਕੇ ਅਨੰਦਪੁਰ ਦੇ ਕਿਲ੍ਹੇ ਨੂੰ ਘੇਰ ਲਿਆ।ਅਖ਼ੀਰ ਗੁਰੂ ਜੀ ਤੇ ਮੁਗ਼ਲ ਬਾਦਸ਼ਾਹ ਵਿਚਕਾਰ ਇਹ ਫ਼ੈਸਲਾ ਹੋਇਆ ਕਿ ਗੁਰੂ ਜੀ ਅਨੰਦਪੁਰ ਛੱਡ ਜਾਣ ਤਾਂ ਮੁਗ਼ਲ ਫ਼ੌਜ ਉਨ੍ਹਾਂ 'ਤੇ ਹਮਲਾ ਨਹੀਂ ਕਰੇਗੀ। ਮੁਗ਼ਲ ਸ਼ਾਸਕਾਂ ਵੱਲੋਂ ਇਸ ਫ਼ੈਸਲੇ ਸੰਬੰਧੀ ਕੁਰਾਨ ਸ਼ਰੀਫ਼ ਦੀਆਂ ਸਹੁੰਆਂ ਖਾਣ 'ਤੇ ਗੁਰੂ ਜੀ ਨੇ ਕਿਲ੍ਹਾ ਛੱਡਣ ਦਾ ਫ਼ੈਸਲਾ ਕਰ ਲਿਆ। ਜਦੋਂ ਗੁਰੂ ਜੀ ਸਰਸਾ ਨਦੀ ਪਾਰ ਕਰਨ ਲੱਗੇ ਤਾਂ ਮੁਗ਼ਲ ਫ਼ੌਜ ਨੇ ਪਿੱਛੋਂ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ ਸਰਸਾ ਨਦੀ ਵਿੱਚ ਆਪ ਦਾ ਮਹਾਨ ਸਾਹਿਤ ਤੇ ਪੁਰਾਤਨ ਭਾਰਤੀ ਗ੍ਰੰਥਾਂ ਦੇ ਅਨੁਵਾਦ ਵੀ ਰੁੜ੍ਹ ਗਏ ਤੇ ਪਰਿਵਾਰ ਵੀ ਖੇਰੂੰ- ਖੇਰੂੰ ਹੋ ਗਿਆ।


ਸਾਹਿਬਜ਼ਾਦਿਆਂ ਦੀ ਸ਼ਹਾਦਤ (Martyrdom of Sahibzades)

ਗੁਰੂ ਜੀ ਅਨੰਦਪੁਰ ਛੱਡਣ ਮਗਰੋਂ ਕੁਝ ਸਿੱਖਾਂ ਸਮੇਤ ਚਮਕੌਰ ਦੀ ਗੜ੍ਹੀ ਵਿੱਚ ਆ ਗਏ। ਇਸ ਗੜ੍ਹੀ ਨੂੰ ਵੀ ਮੁਗ਼ਲ ਫ਼ੌਜਾਂ ਨੇ ਘੇਰ ਲਿਆ ਤੇ ਇੱਥੇ ਭਾਰੀ ਯੁੱਧ ਹੋਇਆ।ਇਸ ਦੌਰਾਨ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਤੇ ਬਹੁਤ ਸਾਰੇ ਸਿੱਖ ਸ਼ਹਾਦਤ ਦਾ ਜਾਮ ਪੀ ਗਏ। ਅਖ਼ੀਰ ਪੰਜ ਸਿੱਖਾਂ ਦੇ ਕਹਿਣ 'ਤੇ ਗੁਰੂ ਜੀ ਰਾਤ ਸਮੇਂ ਗੜ੍ਹੀ ਤੋਂ ਨਿਕਲ ਗਏ। ਇੱਥੋਂ ਆਪ ਲੱਖੀ ਦੇ ਜੰਗਲ ਵਿੱਚੋਂ ਹੁੰਦੇ ਹੋਏ ਦਮਦਮਾ ਸਾਹਿਬ ਪਹੁੰਚ ਗਏ।


ਇਸੇ ਦੌਰਾਨ ਛੋਟੇ ਦੋਵੇਂ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਮੁਗ਼ਲਾਂ ਨੇ ਕੈਦ ਕਰ ਲਿਆ। ਸਰਹੰਦ ਦੇ ਨਵਾਬ ਨੇ ਇਨ੍ਹਾਂ ਨੂੰ ਆਪਣਾ ਧਰਮ ਬਦਲਣ ਲਈ ਕਿਹਾ। ਜਦੋਂ ਸਾਹਿਬਜ਼ਾਦਿਆਂ ਨੇ ਧਰਮ ਬਦਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੂੰ ਜ਼ਿੰਦਾ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ।ਚਾਰੇ ਪੁੱਤਰਾਂ ਦੀ ਸ਼ਹਾਦਤ ਉਪਰੰਤ ਉਨ੍ਹਾਂ ਮਾਤਾ ਸੁੰਦਰੀ ਜੀ ਨੂੰ ਕਿਹਾ: 


ਚਾਰ ਮੂਏ ਤੋ ਕਿਆ ਹੁਆ ਜੀਵਤ ਕਈ ਹਜਾਰ


ਸਾਹਿਤ ਪ੍ਰੇਮੀ (Literature lover)

ਗੁਰੂ ਜੀ ਆਪ ਵੀ ਮਹਾਨ ਸਾਹਿਤਕਾਰ ਸਨ ਤੇ ਉਹ ਸਾਹਿਤਕਾਰਾਂ ਦਾ ਬਹੁਤ ਸਤਿਕਾਰ ਕਰਦੇ ਸਨ। ਉਨ੍ਹਾਂ ਦੇ ਦਰਬਾਰ ਵਿੱਚ 52 ਕਵੀ ਸਨ। ਉਨ੍ਹਾਂ ਨੇ ਆਪ ਵੀ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਹੈ ਜੋ ਦਸਮ ਗ੍ਰੰਥ ਵਿੱਚ ਦਰਜ ਹੈ। ਜਾਪ ਸਾਹਿਬ, ਚੰਡੀ ਦੀ ਵਾਰ, ਅਕਾਲ ਉਸਤਤਿ, ਸਵੱਯੇ, ਬਚਿਤਰ ਨਾਟਕ, ਚੋਪਈ ਸਾਹਿਬ ਆਦਿ ਉਨ੍ਹਾਂ ਦੀਆਂ ਪ੍ਰਮੁੱਖ ਬਾਣੀਆਂ ਹਨ।ਬੀਰ ਕਾਵਿ ਦੇ ਖੇਤਰ ਵਿੱਚ ਉਨ੍ਹਾਂ ਦੀ ਰਚਨਾ ‘ਚੰਡੀ ਦੀ ਵਾਰ' ਇੱਕ ਮੀਲ ਪੱਥਰ ਵਰਗਾ ਸਥਾਨ ਰੱਖਦੀ ਹੈ। ਗੁਰੂ ਜੀ ਨੇ ਮੁਗ਼ਲ ਫ਼ੌਜ ਅਤੇ ਸਰਹੰਦ ਦੇ ਸੂਬੇਦਾਰ ਦੀਆਂ ਵਧੀਕੀਆਂ ਵਿਰੁੱਧ ਬਾਦਸ਼ਾਹ ਔਰੰਗਜ਼ੇਬ ਨੂੰ ਫ਼ਾਰਸੀ ਵਿੱਚ ਇੱਕ ਚਿੱਠੀ ‘ਜ਼ਫਰਨਾਮਾ ਲਿਖ ਕੇ ਭਾਈ ਦਇਆ ਸਿੰਘ ਦੇ ਹੱਥ ਉਸ ਕੋਲ ਭੇਜੀ। ਇਹ ਚਿੱਠੀ ਪੜ੍ਹ ਕੇ ਔਰੰਗਜ਼ੇਬ ਆਪਣੇ ਕੀਤੇ 'ਤੇ ਪਸਚਾਤਾਪ ਕਰਦਾ ਹੈ। ਗੁਰੂ ਜੀ ਔਰੰਗਜ਼ੇਬ ਨੂੰ ਮਿਲਣ ਦੱਖਣ ਵੱਲ ਗਏ, ਪਰ ਮਿਲਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਗੁਰੂ ਜੀ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਮਿਲੇ ਜੋ ਕਿ ਉਨ੍ਹਾਂ ਦਾ ਬਹੁਤ ਸਤਿਕਾਰ ਕਰਦਾ ਸੀ।


ਗੁਰੂ ਗ੍ਰੰਥ ਸਾਹਿਬ ਨੂੰ ਅੰਤਮ ਰੂਪ ਦੇ ਕੇ ਗੁਰਗੱਦੀ ਬਖਸ਼ਣਾ (Giving final form to Guru Granth Sahib)

ਗੁਰੂ ਜੀ ਨੇ ਦਮਦਮਾ ਸਾਹਿਬ ਵਿਖੇ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦਰਜ ਕੀਤੀ। ਇਸ ਲਈ ਉਨ੍ਹਾਂ ਭਾਈ ਮਨੀ ਸਿੰਘ ਜੀ ਕੋਲੋਂ ਇਸ ਪਵਿੱਤਰ ਗ੍ਰੰਥ ਨੂੰ ਦੁਬਾਰਾ ਲਿਖਵਾਇਆ। ਗੁਰੂ ਜੀ ਨੇ ਇਸੇ ਪਵਿੱਤਰ ਗ੍ਰੰਥ ਨੂੰ ਗਿਆਰ੍ਹਵੇਂ ਤੇ ਅੰਤਮ ਗੁਰੂ ਦਾ ਦਰਜਾ ਦਿੱਤਾ।


ਜੋਤੀ-ਜੋਤ ਸਮਾਉਣਾ 

ਦੱਖਣ ਵਿੱਚ ਗੁਰੂ ਜੀ ਦੀ ਮੁਲਾਕਾਤ ਬੰਦਾ ਬੈਰਾਗੀ ਨਾਲ ਹੋਈ। ਗੁਰੂ ਜੀ ਨੇ ਉਸ ਨੂੰ ਆਪਣਾ ਸਿੱਖ (ਬੰਦਾ ਬਹਾਦਰ) ਬਣਾਇਆ ਤੇ ਆਪਣੇ ਪੰਜ ਤੀਰ ਦੇ ਕੇ ਪੰਜਾਬ ਵੱਲ ਭੇਜਿਆ। ਬੰਦਾ ਬਹਾਦਰ ਨੇ ਮੁਗ਼ਲਾਂ ਕੋਲੋਂ ਸਿੱਖਾਂ 'ਤੇ ਕੀਤੇ ਜ਼ੁਲਮਾਂ ਦੇ ਗਿਣ-ਗਿਣ ਕੇ ਬਦਲੇ ਲਏ। ਇੱਥੇ 1708 ਈ: ਵਿੱਚ ਗੋਦਾਵਰੀ ਨਦੀ ਦੇ ਕੰਢੇ, ਨਾਂਦੇੜ ਸਾਹਿਬ ਪਾਸ, ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ।ਉਨ੍ਹਾਂ ਦੀ ਪਵਿੱਤਰ ਯਾਦ ਵਿੱਚ ਗੁਰਦੁਆਰਾ ਹਜ਼ੂਰ ਸਾਹਿਬ (ਸੱਚਖੰਡ) ਬਣਿਆ ਹੋਇਆ ਹੈ। ਇਹ ਸਥਾਨ ਸਿੱਖਾਂ ਦੇ ਮਹਾਨ ਪੰਜ ਤਖ਼ਤਾਂ ਵਿੱਚੋਂ ਇੱਕ ਤਖ਼ਤ ਹੈ।


ਸਾਰੰਸ਼ (Summary)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਕਵੀ ਤੇ ਸੰਤ-ਸਿਪਾਹੀ ਸਨ।ਉਨ੍ਹਾਂ ਨੇ ਕੇਵਲ 42 ਸਾਲ ਦੇ ਜੀਵਨ ਕਾਲ ਵਿੱਚ ਹੀ ਬਹੁਤ ਵੱਡੇ ਕਾਰਨਾਮੇ ਕਰ ਵਿਖਾਏ।ਉਨ੍ਹਾਂ ਨੇ ਦੇਸ ਕੌਮ ਦੀ ਅਣਖ-ਇੱਜ਼ਤ ਲਈ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ। ਉਨ੍ਹਾਂ ਦੀਆਂ ਅਜਿਹੀਆਂ ਬੇਮਿਸਾਲ ਕੁਰਬਾਨੀਆਂ ਸਦਕਾ ਹੀ ਫ਼ਾਰਸੀ ਦਾ ਮਹਾਨ ਸ਼ਾਇਰ ਲਿਖਦਾ ਹੈ :


“ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ

ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ,

ਸੁੰਨਤ ਹੋਤੀ ਸਬ ਕੀ।”


Post a Comment

0 Comments