Sanjhi Vidya "ਸਾਂਝੀ ਵਿੱਦਿਆ " Punjabi Essay, Paragraph for Class 8, 9, 10, 11 and 12 Students Examination in 800 Words.

ਪੰਜਾਬੀ ਨਿਬੰਧ - ਸਾਂਝੀ ਵਿੱਦਿਆ 
Sanjhi Vidya 



ਜਾਣ-ਪਛਾਣ

ਵਿਗਿਆਨ ਅਤੇ ਤਰੱਕੀ ਦੇ ਵਰਤਮਾਨ ਯੁੱਗ ਵਿੱਚ ਸਾਂਝੀ ਵਿੱਦਿਆ ਨੂੰ ਦੁਨੀਆ ਭਰ ਦੇ ਸਾਰੇ ਦੇਸਾਂ ਵਿੱਚ ਕਾਫ਼ੀ ਮਹੱਤਵਪੂਰਨ ਸਮਝਿਆ ਗਿਆ ਹੈ। ਬੀਤੇ ਸਮੇਂ ਵਿੱਚ ਉੱਨਤ ਦੇਸਾਂ ਦੀ ਦੇਖਾ-ਦੇਖੀ ਭਾਰਤ ਵਿੱਚ ਵੀ ਸਾਂਝੀ ਵਿੱਦਿਆ ਵਾਲੇ ਸਕੂਲ-ਕਾਲਜ ਖੋਲ੍ਹੇ ਗਏ ਹਨ। ਕਈ ਵਿਦਵਾਨਾਂ ਨੇ ਸਾਂਝੀ ਵਿੱਦਿਆ ਦੀ ਲੋੜ 'ਤੇ ਕਾਫ਼ੀ ਜ਼ੋਰ ਦਿੱਤਾ ਹੈ, ਪਰ ਕਈ ਇਸ ਨੂੰ ਉੱਕਾ ਹੀ ਪਸੰਦ ਨਹੀਂ ਕਰਦੇ ਪਰ ਹੁਣ ਸਾਂਝੀ ਵਿੱਦਿਆ ਦਾ ਵਿਰੋਧ ਲਗਪਗ ਖ਼ਤਮ ਹੋ ਚੁੱਕਾ ਹੈ।


ਸਾਂਝੀ ਵਿੱਦਿਆ ਵਿੱਚ ਮੁੰਡੇ-ਕੁੜੀਆਂ ਵਿੱਚ ਮਿਲਵਰਤਨ

ਸਾਂਝੀ ਵਿੱਦਿਆ ਦਾ ਵੱਡਾ ਲਾਭ ਇਹ ਹੈ ਕਿ ਮੁੰਡੇ-ਕੁੜੀਆਂ ਦੇ ਇੱਕ-ਦੂਜੇ ਦੇ ਨੇੜੇ ਰਹਿਣ ਕਰਕੇ ਉਨ੍ਹਾਂ ਵਿੱਚ ਮਿਲਵਰਤਨ ਵਧਦਾ ਹੈ। ਵੱਡੇ-ਵੱਡੇ ਮਨੋਵਿਗਿਆਨੀਆਂ ਦਾ ਵਿਚਾਰ ਹੈ ਕਿ ਦੂਰ-ਦੂਰ ਰਹਿਣ ਨਾਲ ਮੁੰਡੇ-ਕੁੜੀਆਂ ਦਾ ਆਚਰਨ ਵਿਗੜ ਸਕਦਾ ਹੈ। ਇਸ ਦੇ ਉਲਟ ਜੇਕਰ ਮੁੰਡੇ-ਕੁੜੀਆਂ ਨੂੰ ਇਕੱਠੇ ਪੜ੍ਹਨ ਦਿੱਤਾ ਜਾਵੇ, ਤਾਂ ਉਹ ਇੱਕ-ਦੂਜੇ ਨਾਲ ਸਾਊ ਤਰੀਕੇ ਨਾਲ ਪੇਸ਼ ਆਉਣਾ ਸਿੱਖਦੇ ਹਨ।


ਮੁੰਡੇ-ਕੁੜੀਆਂ ਵਿੱਚ ਮੁਕਾਬਲੇ ਦੀ ਭਾਵਨਾ

ਸਾਂਝੀ ਵਿੱਦਿਆ ਨਾਲ ਮੁੰਡੇ-ਕੁੜੀਆਂ ਵਿੱਚ ਪੜ੍ਹਾਈ ਦੇ ਖੇਤਰ ਵਿੱਚ ਇੱਕ ਤਰ੍ਹਾਂ ਮੁਕਾਬਲੇ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਇਸ ਤਰ੍ਹਾਂ ਦੋਵੇਂ ਧਿਰਾਂ ਮਿਹਨਤ ਨਾਲ ਪੜ੍ਹਾਈ ਕਰਦੀਆਂ ਹਨ ਤੇ ਚੰਗੇ ਨੰਬਰ ਪ੍ਰਾਪਤ ਕਰਦੀਆਂ ਹਨ। ਇਹ ਮੁਕਾਬਲਾ ਪੜ੍ਹਾਈ ਤੋਂ ਬਿਨਾਂ ਖੇਡ ਮੁਕਾਬਲਿਆਂ, ਭਾਸ਼ਨ ਮੁਕਾਬਲਿਆਂ ਤੇ ਹੋਰ ਕਈ ਪ੍ਰਕਾਰ ਦੇ ਮੁਕਾਬਲਿਆਂ ਵਿੱਚ ਵੀ ਚਲਦਾ ਰਹਿੰਦਾ ਹੈ।


ਸਫ਼ਾਈ ਦੀ ਭਾਵਨਾ

ਇਸ ਦੇ ਨਾਲ ਹੀ ਸਾਂਝੀ ਵਿੱਦਿਆ ਦਾ ਇਹ ਵੀ ਲਾਭ ਦੇਖਿਆ ਗਿਆ ਹੈ ਕਿ ਵਿਦਿਆਰਥੀ ਮੁੰਡੇ, ਕੁੜੀਆਂ ਇੱਕ-ਦੂਜੇ ਦੇ ਨੇੜੇ ਰਹਿ ਕੇ ਸਾਫ਼ ਰਹਿਣਾ ਸਿੱਖਦੇ ਹਨ ਜਿਸ ਨਾਲ ਉਨ੍ਹਾਂ ਦੀ ਸਿਹਤ ਉੱਪਰ ਚੰਗਾ ਪ੍ਰਭਾਵ ਪੈਂਦਾ ਹੈ। ਗ਼ਰੀਬ ਦੇਸ ਦਾ ਘੱਟ ਖ਼ਰਚ- ਸਾਡਾ ਗ਼ਰੀਬ ਦੇਸ ਮੁੰਡੇ-ਕੁੜੀਆਂ ਦੇ ਵੱਖ-ਵੱਖ ਸਕੂਲ ਖੋਲ੍ਹਣ ਉੱਪਰ, ਪ੍ਰਯੋਗਸ਼ਾਲਾਵਾਂ, ਇਮਾਰਤਾਂ ਅਤੇ ਪ੍ਰਬੰਧ ਉੱਪਰ ਇੰਨਾ ਪੈਸਾ ਨਹੀਂ ਖ਼ਰਚ ਕਰ ਸਕਦਾ, ਜਿਸ ਕਰਕੇ ਸਾਂਝੀ ਵਿੱਦਿਆ ਨਾਲ ਥੋੜ੍ਹੇ ਸਕੂਲਾਂ, ਕਾਲਜਾਂ ਨਾਲ ਹੀ ਕੰਮ ਚਲ ਸਕਦਾ ਹੈ।


ਬਰਾਬਰੀ ਦੀ ਭਾਵਨਾ

ਸਾਡੇ ਦੇਸ ਦੇ ਵਿਧਾਨ ਵਿੱਚ ਇਸਤਰੀ-ਪੁਰਖ ਨੂੰ ਬਰਾਬਰ ਦੇ ਹੱਕ ਦਿੱਤੇ ਗਏ ਹਨ ਤੇ ਇਹ ਬਰਾਬਰੀ ਵਿੱਦਿਅਕ ਸੰਸਥਾਵਾਂ ਵਿੱਚ ਵੀ ਹੋਣੀ ਜ਼ਰੂਰੀ ਹੈ, ਕਿਉਂਕਿ ਇਸ ਨਾਲ ਇਸਤਰੀ-ਪੁਰਖ ਵਿੱਚ ਬਰਾਬਰੀ ਦੇ ਭਾਵ ਬਚਪਨ ਤੋਂ ਹੀ ਪ੍ਰਫੁੱਲਤ ਹੁੰਦੇ ਹਨ। ਸਾਂਝੀ ਵਿੱਦਿਆ ਦੇ ਜਿੱਥੇ ਇੰਨੇ ਲਾਭ ਹਨ, ਉੱਥੇ ਇਸ ਵਿੱਚ ਕੁਝ ਦੋਸ਼ ਵੀ ਦੱਸੇ ਜਾਂਦੇ ਹਨ।


ਆਚਰਨਕ ਗਿਰਾਵਟ ਦੀ ਗੱਲ

ਸਾਂਝੀ ਵਿੱਦਿਆ ਦਾ ਸਭ ਤੋਂ ਵੱਡਾ ਦੋਸ਼ ਇਹ ਦੱਸਿਆ ਜਾਂਦਾ ਹੈ ਕਿ ਨੌਜਵਾਨ ਮੁੰਡੇ- ਕੁੜੀਆਂ ਇੱਕ-ਦੂਜੇ ਦੀ ਯੋਗਤਾ ਕਰਕੇ ਇੱਕ-ਦੂਜੇ ਦੇ ਨੇੜੇ ਨਹੀਂ ਹੁੰਦੇ ਸਗੋਂ ਇੱਕ-ਦੂਜੇ ਪ੍ਰਤੀ ਕੁਦਰਤੀ ਖਿੱਚ ਕਰਕੇ ਹੁੰਦੇ ਹਨ, ਜਿਸ ਨਾਲ ਉਨ੍ਹਾਂ ਦੀ ਮਿਲਵਰਤਨ ਵਕਤੀ ਤੇ ਕਾਮ-ਵਾਸਨਾ ਤੱਕ ਹੀ ਸੀਮਤ ਰਹਿ ਜਾਂਦੀ ਹੈ, ਜਿਸ ਦੇ ਕਈ ਵਾਰ ਭਿਆਨਕ ਸਿੱਟੇ ਨਿਕਲਦੇ ਹਨ। ਪਰ ਇਸ ਵਿੱਚ ਕਸੂਰ ਸਾਂਝੀ ਵਿੱਦਿਆ ਦਾ ਨਹੀਂ, ਅੱਜ ਵਿੱਦਿਆ ਦੇਣ ਦੇ ਵਰਤਮਾਨ ਢੰਗ ਦਾ ਹੈ। ਵਿਦਿਆਰਥੀਆਂ ਨੂੰ ਇਹ ਸਿੱਖਿਆ ਬਿਲਕੁਲ ਨਹੀਂ ਦਿੱਤੀ ਜਾਂਦੀ ਕਿ ਮੁੰਡੇ-ਕੁੜੀਆਂ ਦਾ ਆਪਸੀ ਸੰਬੰਧ ਕੀ ਹੈ ਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਮੁਕਾਬਲੇ ਦੀ ਭਾਵਨਾ ਨਾਲ ਇੱਕ ਦੂਜੇ ਤੋਂ ਵਧ ਮਿਹਨਤ ਕਰਨੀ ਚਾਹੀਦੀ ਹੈ। ਸਗੋਂ ਮੁੰਡੇ-ਕੁੜੀਆਂ ਨੂੰ ਕਲਾਸਾਂ ਵਿੱਚ ਇੱਕ-ਦੂਜੇ ਤੋਂ ਦੂਰ ਰੱਖਣ ਦੀ ਕੋਸ਼ਸ਼ ਕੀਤੀ ਜਾਂਦੀ ਹੈ। ਵਰਤਮਾਨ ਮਨੋਵਿਗਿਆਨੀਆਂ ਅਨੁਸਾਰ ਮੁੰਡੇ-ਕੁੜੀਆਂ ਨੂੰ ਕਾਮ ਸੰਬੰਧੀ ਖੁੱਲ੍ਹਾ ਗਿਆਨ ਦੇਣਾ ਲਾਭਦਾਇਕ ਹੈ। ਇਸ ਨਾਲ ਉਹ ਆਪਣੇ ਸਰੀਰ ਤੇ ਭਵਿੱਖ ਬਾਰੇ ਪੂਰੀ ਤਰ੍ਹਾਂ ਸੁਚੇਤ ਰਹਿੰਦੇ ਹਨ।ਅੱਜ ਦੇ ਯੁੱਗ ਵਿੱਚ ਜਦੋਂ ਏਡਜ਼ ਵਰਗੀ ਭਿਆਨਕ ਮਹਾਮਾਰੀ ਸੰਸਾਰ-ਭਰ ਵਿੱਚ ਤੇਜੀ ਨਾਲ ਪਸਰ ਰਹੀ ਹੈ ਤਾਂ ਜੁਆਨ ਹੋ ਰਹੇ ਮੁੰਡੇ-ਕੁੜੀਆਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਪ੍ਰਤੀ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੈ ਤੇ ਇਹ ਜਾਗਰੂਕਤਾ ਪਾਠਕ੍ਰਮ ਵਿੱਚ ਪੜ੍ਹਾਈ ਦਾ ਹਿੱਸਾ ਹੋਣੀ ਚਾਹੀਦੀ ਹੈ।


ਮੁੰਡੇ-ਕੁੜੀਆਂ ਦੀ ਪੜ੍ਹਾਈ ਵਿੱਚ ਫ਼ਰਕ ਦੀ ਗੱਲ

ਸਾਂਝੀ ਵਿੱਦਿਆ ਸੰਬੰਧੀ ਕੁਝ ਲੋਕਾਂ ਦੀ ਇਹ ਦਲੀਲ ਵੀ ਸੁਣੀ ਗਈ ਹੈ ਕਿ ਮੁੰਡੇ-ਕੁੜੀਆਂ ਨੂੰ ਇੱਕੋ ਕਿਸਮ ਦੇ ਵਿਸ਼ੇ ਪੜ੍ਹਾਉਣਾ ਠੀਕ ਨਹੀਂ ਕਿਉਂਕਿ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੱਖ-ਵੱਖ ਹਨ। ਭਾਵੇਂ ਇਹ ਦਲੀਲ ਕੁਝ ਠੀਕ ਵੀ ਹੈ ਕਿਉਂਕਿ ਇਸਤਰੀਆਂ ਨੂੰ ਬੱਚੇ ਪਾਲਣ ਦੀ ਵਿੱਦਿਆ ਜ਼ਰੂਰ ਮਿਲਣੀ ਚਾਹੀਦੀ ਹੈ ਪਰ ਇਸ ਨੂੰ ਵਾਧੂ ਵਿਸ਼ੇ ਵਜੋਂ ਲਾਗੂ ਕਰਕੇ ਕੁੜੀਆਂ ਲਈ ਲਾਜ਼ਮੀ ਬਣਾਇਆ ਜਾ ਸਕਦਾ ਹੈ। ਬਾਕੀ ਵਿਸ਼ੇ ਮੁੰਡੇ-ਕੁੜੀਆਂ ਲਈ ਇੱਕੋ ਜਿਹੇ ਲਾਜ਼ਮੀ ਹਨ ਕਿਉਂਕਿ ਵਰਤਮਾਨ ਭਾਰਤ ਵਿੱਚ ਰਾਜਨੀਤੀ,ਸਾਇੰਸ, ਟੈਕਨੀਕਲ ਤੇ ਹੋਰ ਖੇਤਰਾਂ ਵਿੱਚ ਇਸਤਰੀਆਂ, ਪੁਰਖ ਬਰਾਬਰੀ ਨਾਲ ਜ਼ਿੰਮੇਵਾਰੀਆਂ ਸੰਭਾਲ ਰਹੇ ਹਨ। ਕੀ ਭਾਰਤ ਦੀ ਪੁਲਾੜ ਯਾਤਰੀ ਕਲਪਨਾ ਚਾਵਲਾ ਇੱਕ ਇਸਤਰੀ ਹੀ ਨਹੀਂ ਸੀ? ਅੱਜ ਅਸੀਂ ਸਾਂਝੀ ਵਿੱਦਿਆ ਵਾਲੇ ਸਕੂਲਾਂ-ਕਾਲਜਾਂ ਵਿੱਚ ਹੀ ਕੁੜੀਆਂ ਨੂੰ ਮੁੰਡਿਆਂ ਨਾਲੋਂ ਵਧੇਰੇ ਲਗਨ ਤੇ ਮਿਹਨਤ ਨਾਲ ਪੜ੍ਹਦੀਆਂ, ਮੈਰਿਟਾਂ ਵਿੱਚ ਆਉਂਦੀਆਂ ਤੇ ਮੁਕਾਬਲੇ ਦੇ ਇਮਤਿਹਾਨਾਂ ਵਿੱਚ ਅੱਗੇ ਨਿਕਲਦੀਆਂ ਦੇਖਦੇ ਹਾਂ।ਇਹ ਲਗਨ, ਮੁਕਾਬਲੇ ਦੀ ਭਾਵਨਾ ਤੇ ਨਿਰਭਰਤਾ ਉਨ੍ਹਾਂ ਵਿੱਚ ਸਾਂਝੀ ਵਿੱਦਿਆ ਹੀ ਪੈਦਾ ਕਰਦੀ ਹੈ।


ਸਾਰੰਸ਼

ਇਸ ਪ੍ਰਕਾਰ ਸਾਂਝੀ ਵਿੱਦਿਆ ਦੇ ਦੋਸ਼ਾਂ ਸੰਬੰਧੀ ਜੇਕਰ ਕੋਈ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਹ ਨਿਰਮੂਲ ਹਨ। ਅਸਲ ਵਿੱਚ ਦੋਸ਼ ਸਾਂਝੀ ਵਿੱਦਿਆ ਭਾਵ ਮੁੰਡੇ-ਕੁੜੀਆਂ ਦੇ ਇਕੱਠੇ ਪੜ੍ਹਨ ਵਿੱਚ ਨਹੀਂ, ਸਗੋਂ ਉਨ੍ਹਾਂ ਨੂੰ ਪੜ੍ਹਾਉਣ ਵਿੱਚ ਹੈ।ਇਸ ਲਈ ਸਾਂਝੀਆਂ ਕਲਾਸਾਂ ਨੂੰ ਦਿੱਤੀ ਜਾਣ ਵਾਲੀ ਪੜ੍ਹਾਈ ਦਾ ਸੁਧਾਰ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਸਮਾਜ ਨੂੰ ਵੀ ਜਾਗ੍ਰਿਤ ਕਰਨ ਦੀ ਲੋੜ ਹੈ। ਭਾਰਤ ਸਮੇਤ ਸੰਸਾਰ ਭਰ ਦੇ ਦੇਸਾਂ ਦਾ ਤਜਰਬਾ ਸਿੱਧ ਕਰ ਚੁੱਕਾ ਹੈ ਕਿ ਸਾਂਝੀ ਵਿੱਦਿਆ ਦੇ ਨਤੀਜੇ ਸਕਾਰਾਤਮਕ ਹਨ, ਨਕਾਰਾਤਮਕ ਨਹੀਂ।


Post a Comment

0 Comments