ਸਮਾਜ ਵਿੱਚ ਔਰਤਾਂ ਦਾ ਸਥਾਨ
Samaj Vich Auratan Da Sthan
ਭੂਮਿਕਾ
ਔਰਤ ਮਨੁੱਖ ਦੀ ਜਨਮਦਾਤੀ ਹੈ। ਆਦਿ ਕਾਲ ਤੋਂ ਲੈ ਕੇ ਅੱਜ ਤੱਕ ਔਰਤ ਨੂੰ ਸਮਾਜ ਵਿੱਚ ਬਣਦਾ ਬਰਾਬਰ ਦਾ ਮਾਣ-ਸਤਿਕਾਰ ਘੱਟ ਹੀ ਮਿਲਦਾ ਰਿਹਾ ਹੈ। ਸਮੇਂ-ਸਮੇਂ ਗੁਰੂਆਂ, ਪੀਰਾਂ ਤੇ ਮਹਾਪੁਰਖਾਂ ਨੇ ਇਸ ਸੰਬੰਧੀ ਆਪੋ ਆਪਣੀ ਅਵਾਜ਼ ਬੁਲੰਦ ਕੀਤੀ ਹੈ। ਔਰਤ ਨੇ ਜੀਵਨ ਦੇ ਹਰ ਖੇਤਰ ਵਿੱਚ ਮਨੁੱਖ ਨਾਲ ਮੋਢੇ ਨਾਲ ਮੋਢੇ ਜੋੜ ਕੇ ਆਪਣੀ ਪ੍ਰਮੁੱਖ ਭੂਮਿਕਾ ਨਿਭਾਈ ਹੈ। ਸੋ ਇਸ ਵਿਤਕਰੇ ਸੰਬੰਧੀ ਸੁਚੇਤ ਹੋਣ ਦੀ ਲੋੜ ਹੈ।
ਇਤਿਹਾਸਕ ਪਿਛੋਕੜ
ਮਨੁੱਖੀ ਇਤਿਹਾਸ ਵਿੱਚ ਸ਼ੁਰੂ ਤੋਂ ਲੈ ਕੇ ਹੀ ਔਰਤ ਦੀ ਲਗਪਗ ਵਧੇਰੇ ਕਰਕੇ ਬੇਕਦਰੀ ਦਾ ਸ਼ਿਕਾਰ ਹੀ ਰਹੀ ਹੈ। ਔਰਤ ਲਈ ਕਈ ਵਾਰੀ ਬਹੁਤ ਭੈੜੇ ਸ਼ਬਦ 'ਪੈਰ ਦੀ ਜੁੱਤੀ' ਜਾਂ 'ਗੁੱਤ ਪਿੱਛੇ ਮੱਤ' ਵੀ ਵਰਤੇ ਜਾਂਦੇ ਰਹੇ ਹਨ।ਮੱਧ ਯੁੱਗ ਵਿੱਚ ਔਰਤਾਂ ਦੀ ਬਹੁਤ ਹੀ ਮਾੜੀ ਸਥਿਤੀ ਹੁੰਦੀ ਸੀ। ਇਸ ਸਮੇਂ ਗ੍ਰਹਿਸਥੀ ਜੀਵਨ ਦਾ ਤਿਆਗ ਕਰਨ ਵਾਲੇ ਲੋਕ ਤਾਂ ਔਰਤ ਨੂੰ 'ਬਾਘਣ ਆਖਦੇ ਸਨ। ਭਾਰਤ ਉੱਪਰ ਸਮੇਂ-ਸਮੇਂ ਹਮਲੇ ਕਰਨ ਵਾਲੇ ਵਿਦੇਸੀ ਹਮਲਾਵਰਾਂ ਵੱਲੋਂ ਵੀ ਔਰਤ ਨਾਲ ਬਹੁਤ ਹੀ ਮਾੜਾ ਵਰਤਾਓ ਕੀਤਾ ਜਾਂਦਾ ਸੀ। ਇਹ ਹਮਲਾਵਰ ਸੁੰਦਰ ਔਰਤਾਂ ਨੂੰ ਜ਼ਬਰਦਸਤੀ ਆਪਣੇ ਨਾਲ ਹੀ ਲੈ ਜਾਂਦੇ ਸਨ।
ਮਹਾਪੁਰਖਾਂ ਵੱਲੋਂ ਔਰਤ ਦੇ ਹੱਕ ਵਿੱਚ ਅਵਾਜ਼ ਉਠਾਉਣੀ- ਸਮੇਂ-ਸਮੇਂ ਬਹੁਤ ਸਾਰੇ ਪੀਰਾਂ, ਫ਼ਕੀਰਾਂ ਤੇ ਮਹਾਪੁਰਖਾਂ ਨੇ ਇਸਤਰੀ ਦੇ ਹੱਕ ਵਿੱਚ ਅਵਾਜ਼ ਉਠਾਈ ਸੀ। ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸੰਬੰਧੀ ਕਿਹਾ—
ਕਿਹੜੀ ਗਲ ਤੇ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
ਇੰਜ ਜਿਸ ਸਮੇਂ ਔਰਤ ਨੂੰ ਜਨਮ ਸਮੇਂ ਹੀ ਮਾਰ ਦਿੱਤਾ ਜਾਂਦਾ ਸੀ ਅਤੇ ਸਤੀ ਪ੍ਰਥਾ ਵੀ ਜਾਰੀ ਸੀ ਉਸ ਸਮੇਂ ਗੁਰੂ ਜੀ ਨੇ ਲੋਕਾਂ ਨੂੰ ਔਰਤਾਂ ਦਾ ਪੂਰਾ ਸਤਿਕਾਰ ਕਰਨ ਦੀ ਗੱਲ ਕੀਤੀ ਸੀ।ਉਸ ਸਮੇਂ ਵਿਧਵਾ ਵਿਆਹ ਦੀ ਗੱਲ ਵੀ ਸ਼ੁਰੂ ਕੀਤੀ ਗਈ ਸੀ।ਮਗਰੋਂ ਨਾਮਧਾਰੀ ਸੰਪਰਦਾਇ ਦੇ ਮੋਢੀ ਬਾਬਾ ਰਾਮ ਸਿੰਘ ਨੇ ਵੀ ਔਰਤਾਂ ਦੇ ਸਤਿਕਾਰ ਸੰਬੰਧੀ ਬਹੁਤ ਜ਼ੋਰਦਾਰ ਅਵਾਜ਼ ਉਠਾ ਕੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਬਰਾਬਰੀ ਦਾ ਦਰਜਾ
ਭਾਰਤ ਦੀ ਅਜ਼ਾਦੀ ਮਗਰੋਂ ਔਰਤਾਂ ਨੂੰ ਵੀ ਮਰਦਾਂ ਵਾਂਗ ਸਾਰੇ ਅਧਿਕਾਰਾਂ ਦਾ ਹੱਕਦਾਰ ਮੰਨਿਆ ਗਿਆ। ਇਸੇ ਮਗਰੋਂ ਔਰਤ ਨੂੰ ਮਾਪਿਆਂ ਦੀ ਜਾਇਦਾਦ ਵਿੱਚੋਂ ਵੀ ਬਰਾਬਰ ਦਾ ਹਿੱਸਾ ਦੇਣ ਦਾ ਕਾਨੂੰਨ ਪਾਸ ਕੀਤਾ ਗਿਆ। ਹੌਲੀ-ਹੌਲੀ ਤਾਂ ਭਾਰਤ ਵਿੱਚ ਰਾਜਨੀਤੀ ਅਤੇ ਨੌਕਰੀਆਂ ਦੇ ਖੇਤਰ ਵਿੱਚ ਰਾਖਵਾਂਕਰਨ ਵੀ ਕੀਤਾ ਗਿਆ। ਅੱਜ ਵੀ ਲੋਕਤੰਤਰ ਦੀ ਮੁਢਲੀ ਇਕਾਈ ਪਿੰਡਾਂ ਦੀਆਂ ਪੰਚਾਇਤਾਂ ਵਿੱਚ ਵੀ ਔਰਤਾਂ ਦਾ ਰਾਖਵਾਂਕਰਨ ਹੁੰਦਾ ਹੈ।
ਔਰਤਾਂ ਦਾ ਸਮਾਜਕ ਵਿਕਾਸ ਵਿੱਚ ਯੋਗਦਾਨ
ਮਨੁੱਖੀ ਇਤਿਹਾਸ ਵਿੱਚ ਔਰਤਾਂ ਹਰ ਸਮੇਂ ਮਨੁੱਖ ਨਾਲ ਪੂਰਾ ਕੰਮ ਕਰਦੀਆਂ ਰਹੀਆਂ ਹਨ। ਅੱਜ ਵੀ ਅਸੀਂ ਵੇਖਦੇ ਹਾਂ ਕਿ ਜੀਵਨ ਦਾ ਕੋਈ ਵੀ ਅਜਿਹਾ ਖੇਤਰ ਨਹੀਂ ਜਿਸ ਵਿੱਚ ਔਰਤਾਂ ਆਪਣੀ ਲਿਆਕਤ ਦਾ ਲੋਹਾ ਨਹੀਂ ਮੰਨਵਾ ਰਹੀਆਂ। ਭਾਰਤ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਵਿਸ਼ਵ ਭਰ ਵਿੱਚ ਆਪਣੀ ਲਿਆਕਤ ਸਦਕਾ ਆਪਣਾ ਨਾਂ ਕਮਾਇਆ ਹੈ। ਇਸ ਤਰ੍ਹਾਂ ਸ੍ਰੀਮਤੀ ਪ੍ਰਤਿਭਾ ਪਾਟਿਲ ਭਾਰਤ ਦੇ ਰਾਸ਼ਟਰਪਤੀ ਰਹੇ ਹਨ। ਭਾਰਤ ਦੀਆਂ ਹੋਰ ਵੀ ਬਹੁਤ ਸਾਰੀਆਂ ਔਰਤਾਂ ਵਿੱਚ ਸ੍ਰੀਮਤੀ ਸਰੋਜਨੀ ਨਾਇਡੂ, ਪੀ.ਟੀ.ਊਸ਼ਾ, ਸ੍ਰੀਮਤੀ ਸੋਨੀਆ ਗਾਂਧੀ ਆਦਿ ਨੇ ਆਪੋ-ਆਪਣੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ।
ਮਾਦਾ ਭਰੂਣ ਹੱਤਿਆ ਦਾ ਰੁਝਾਨ
ਭਾਰਤ ਵਿੱਚ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਕਾਫ਼ੀ ਘੱਟ ਹੈ। ਇਸ ਦਾ ਕਾਰਨ ਇਹੋ ਹੈ ਕਿ ਭਾਰਤ ਮਰਦ ਪ੍ਰਧਾਨ ਸਮਾਜ ਰਿਹਾ ਹੈ।ਇਸ ਵਿੱਚ ਕਈ ਕਾਰਨਾਂ ਕਰਕੇ ਲੜਕੀ ਦੇ ਜਨਮ ਨੂੰ ਵਧੇਰੇ ਚੰਗਾ ਨਹੀਂ ਸਮਝਿਆ ਜਾਂਦਾ ਸੀ। ਇਸੇ ਕਾਰਨ ਸ਼ੁਰੂ ਤੋਂ ਹੀ ਮਾਦਾ ਭਰੂਣ ਹੱਤਿਆ ਦਾ ਰੁਝਾਨ ਭਾਰੂ ਰਿਹਾ ਹੈ।ਪਰ ਅਜੋਕੇ ਸਮੇਂ ਵਿੱਚ ਲੋਕ ਸਰਕਾਰੀ ਸਖ਼ਤੀ ਤੇ ਮਹਾਪੁਰਖਾਂ ਦੀ ਪ੍ਰੇਰਨਾ ਸਦਕਾ ਇਸ ਸੋਚ ਵਿੱਚ ਤਬਦੀਲੀ ਆਈ ਹੈ। ਹੁਣ ਲੋਹੜੀ ਕੇਵਲ ਮੁੰਡਿਆਂ ਦੀ ਹੀ ਨਹੀਂ ਸਗੋਂ ਧੀਆਂ ਦੀ ਵੀ ਮਨਾਈ ਜਾ ਰਹੀ ਹੈ। ਇਹ ਇੱਕ ਬਹੁਤ ਹੀ ਹਾਂ ਪੱਖੀ ਰੁਝਾਨ ਹੈ ਜਿਸ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਘੱਟ ਹੈ।
ਔਰਤਾਂ ਵਿੱਚ ਜਾਗ੍ਰਿਤੀ
ਅਜੋਕੇ ਸਮੇਂ ਵਿੱਚ ਔਰਤਾਂ ਵੀ ਆਪਣੇ ਹੱਕਾਂ ਪ੍ਰਤੀ ਬਹੁਤ ਸੁਚੇਤ ਹੋ ਗਈਆਂ ਹਨ।ਔਰਤਾਂ ਨੇ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਕਈ ਤਰ੍ਹਾਂ ਦੀਆਂ ਜਥੇਬੰਦੀਆਂ ਵੀ ਬਣਾਈਆਂ ਹੋਈਆਂ ਹਨ।ਸਰਕਾਰ ਨੇ ਵੀ ਔਰਤਾਂ ਲਈ ਵਿਸ਼ੇਸ਼ ਕਮਿਸ਼ਨ ਬਣਾਇਆ ਹੋਇਆ ਹੈ।ਅੱਜ ਔਰਤਾਂ ਹਰ ਖੇਤਰ ਵਿੱਚ ਮਰਦਾਂ ਨਾਲੋਂ ਅੱਗੇ ਹੀ ਜਾ ਰਹੀਆਂ ਹਨ। ਔਰਤਾਂ ਨੌਕਰੀਆਂ, ਖੇਡਾਂ ਤੇ ਵਿੱਦਿਆ ਦੇ ਖੇਤਰ ਵਿੱਚ ਆਪਣਾ ਨਾਂ ਚਮਕਾ ਰਹੀਆਂ ਹਨ।ਅੱਜ ਔਰਤਾਂ ਆਰਥਕ ਤੌਰ 'ਤੇ ਕਾਫੀ ਹੱਦ ਤੱਕ ਅਜ਼ਾਦ ਹਨ। ਭਾਵੇਂ ਔਰਤਾਂ ਨਾਲ ਹੁੰਦੀਆਂ ਵਧੀਕੀਆਂ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਪਰ ਫਿਰ ਵੀ ਸਰਕਾਰ ਤੇ ਲੋਕ ਇਸ ਪ੍ਰਤੀ ਪਹਿਲਾਂ ਨਾਲੋਂ ਬਹੁਤ ਸੁਚੇਤ ਹਨ।
ਸਾਰੰਸ਼
ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਜਿੱਥੇ ਆਦਿ ਕਾਲ ਵਿੱਚ ਜਾਂ ਮੱਧ ਕਾਲ ਵਿੱਚ ਔਰਤਾਂ ਨੂੰ ਬਣਦਾ ਸਤਿਕਾਰ ਨਹੀਂ ਮਿਲਦਾ ਸੀ ਉੱਥੇ ਅਜੋਕੇ ਸਮੇਂ ਵਿੱਚ ਔਰਤਾਂ ਨੂੰ ਹਰ ਖੇਤਰ ਵਿੱਚ ਬਰਾਬਰ ਦੇ ਹੱਕ ਮਿਲੇ ਹੋਏ ਹਨ। ਸਰਕਾਰ ਹਰ ਪੱਧਰ 'ਤੇ ਔਰਤਾਂ ਦੇ ਹੱਕਾਂ ਪ੍ਰਤੀ ਸੁਚੇਤ ਹੈ। ਔਰਤਾਂ ਵੀ ਹਰ ਖੇਤਰ ਵਿੱਚ ਆਪਣੀ ਉਸਾਰੂ ਭੂਮਿਕਾ ਨਿਭਾ ਰਹੀਆਂ ਹਨ। ਇਸੇ ਕਾਰਨ ਔਰਤਾਂ ਨੂੰ ਵਧੇਰੇ ਲੋਕਾਂ ਵੱਲੋਂ ਪੂਰਾ ਮਾਣ-ਸਤਿਕਾਰ ਦਿੱਤਾ ਜਾ ਰਿਹਾ ਹੈ।
0 Comments