Saint Mother Teresa "ਸੰਤ ਮਦਰ ਟੈਰੇਸਾ " Punjabi Essay, Paragraph for Class 8, 9, 10, 11 and 12 Students Examination in 1000 Words.

ਪੰਜਾਬੀ ਨਿਬੰਧ - ਸੰਤ ਮਦਰ ਟੈਰੇਸਾ 
Saint Mother Teresa 




ਰੂਪ-ਰੇਖਾ (Outline)

ਭੂਮਿਕਾ, ਜਨਮ ਅਤੇ ਬਚਪਨ, ਲੋਕ ਸੇਵਾ ਨੂੰ ਸਮਰਪਿਤ, ਜੀਵਨ ਦਾ ਉਦੇਸ਼, ਮਿਸ਼ਨਰੀਜ਼ ਆਫ਼ ਚੈਰਿਟੀ ਦੀ ਸਥਾਪਨਾ, ਮਾਣ-ਸਨਮਾਨ, ਦੇਹਾਂਤ, ਸਾਰੰਸ਼।


ਭੂਮਿਕਾ (Introduction)

ਭਾਰਤ ਇੱਕ ਅਜਿਹਾ ਮਹਾਨ ਦੇਸ ਹੈ ਜਿੱਥੇ ਸਮੇਂ-ਸਮੇਂ ਬਹੁਤ ਹੀ ਮਹਾਨ ਸ਼ਖ਼ਸੀਅਤਾਂ ਨੇ ਆਪਣਾ ਸਮੁੱਚਾ ਜੀਵਨ ਸਮੁੱਚੀ ਮਨੁੱਖਤਾ ਦੇ ਭਲੇ ਲਈ ਹੀ ਗੁਜ਼ਾਰਿਆ ਹੈ। ਅਜਿਹੀਆਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਭਗਤ ਪੂਰਨ ਸਿੰਘ ਅਤੇ ਮਦਰ ਟੈਰੇਸਾ ਦਾ ਨਾਂ ਮਾਣ ਨਾਲ ਲਿਆ ਜਾ ਸਕਦਾ ਹੈ। ਮਦਰ ਟੈਰੇਸਾ ਨੇ ਆਪਣਾ ਸਮੁੱਚਾ ਜੀਵਨ ਆਮ ਲੋਕਾਂ ਦੇ ਲੇਖੇ ਲਾਇਆ ਤੇ ਆਮ ਲੋਕਾਂ ਵਿੱਚ ਹਰਮਨ ਪਿਆਰੇ ਹੋ ਗਏ। ਇਨ੍ਹਾਂ ਦੇ ਪਿਆਰ ਸਦਕਾ ਹੀ ਲੋਕ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਗੇ।


ਜਨਮ ਅਤੇ ਬਚਪਨ (Birth and childhood)

ਮਦਰ ਟੈਰੇਸਾ ਦਾ ਜਨਮ 27 ਅਗਸਤ, 1910 ਈ: ਨੂੰ ਯੂਗੋਸਲਾਵੀਆ ਵਿੱਚ ਸਕੋਪਲੇ ਨਾਂ ਦੇ ਸਥਾਨ 'ਤੇ ਹੋਇਆ ਸੀ।ਉਨ੍ਹਾਂ ਦੇ ਬਚਪਨ ਦਾ ਨਾਂ ਆਗਨੇਸ ਗੋਵਿੰਸਾ ਬਿਜਾਯੂ ਸੀ। ਉਨ੍ਹਾਂ ਦੇ ਪਿਤਾ ਜੀ ਸਟੋਰਕੀਪੁਰ ਦੀ ਨੌਕਰੀ ਕਰਦੇ ਸਨ।ਉਨ੍ਹਾਂ ਦਾ ਪਰਿਵਾਰ ਧਾਰਮਕ ਰੁਚੀਆਂ ਵਾਲਾ ਸੀ। ਮਿਸ਼ਨਰੀਆਂ ਵੱਲੋਂ ਕੀਤੇ ਜਾਂਦੇ ਲੋਕ ਭਲਾਈ ਦੇ ਕੰਮਾਂ ਅਤੇ ਸੇਵਾ ਦਾ ਉਨ੍ਹਾਂ ਦੇ ਮਨ ਉੱਪਰ ਗਹਿਰਾ ਪ੍ਰਭਾਵ ਪਿਆ। ਇਸੇ ਸਦਕਾ ਉਹ ਬਚਪਨ ਤੋਂ ਹੀ ਸੇਵਾ ਭਾਵਨਾ ਨੂੰ ਸਮਰਪਿਤ ਹੋ ਗਏ। 1929 ਈ: ਵਿੱਚ ਆਪ ਭਾਰਤ ਦੇ ਕਲਕੱਤਾ ਸ਼ਹਿਰ ਵਿੱਚ ਆ ਗਏ। ਇੱਥੇ ਇਨ੍ਹਾਂ ਨੇ ਸੇਂਟ ਮੇਰੀ ਹਾਈ ਸਕੂਲ ਵਿੱਚੋਂ ਸਿੱਖਿਆ ਕਰਨੀ ਸ਼ੁਰੂ ਕੀਤੀ। ਉਚੇਰੀ ਪੜ੍ਹਾਈ ਕਰਨ ਉਪਰੰਤ ਉਹ ਇਸੇ ਸਕੂਲ ਦੀ ਪ੍ਰਿੰਸੀਪਲ ਬਣੇ।


ਲੋਕ ਸੇਵਾ ਨੂੰ ਸਮਰਪਿਤ (Dedicated to public service)

ਮਦਰ ਟੈਰੇਸਾ ਦੇ ਮਨ ਵਿੱਚ ਭਾਵੇਂ ਬਚਪਨ ਤੋਂ ਲੋਕ-ਸੇਵਾ ਦੀ ਭਾਵਨਾ ਦਾ ਜਜ਼ਬਾ ਉਛਾਲੇ ਮਾਰ ਰਿਹਾ ਸੀ ਪਰ ਉਨ੍ਹਾਂ ਆਪ ਦੱਸਿਆ ਕਿ ਇੱਕ ਵਾਰ 1946 ਈ: ਵਿੱਚ ਜਦੋਂ ਉਹ ਦਾਰਜੀਲਿੰਗ ਜਾ ਰਹੇ ਸਨ ਤਾਂ ਉਨ੍ਹਾਂ ਦੇ ਹਿਰਦੇ ਵਿੱਚੋਂ ਇਹ ਅਵਾਜ਼ ਉੱਠੀ ਕਿ ਉਨ੍ਹਾਂ ਨੂੰ ਸਾਰੇ ਹੋਰ ਕੰਮਾਂ ਦਾ ਤਿਆਗ ਕਰ ਕੇ ਪੂਰੀ ਤਰ੍ਹਾਂ ਲੋਕ ਸੇਵਾ ਨੂੰ ਸਮਰਪਿਤ ਹੋ ਜਾਣਾ ਚਾਹੀਦਾ ਹੈ। ਇਸ ਮਗਰੋਂ ਮਦਰ ਟੈਰੇਸਾ ਨੇ ਆਪਣੇ ਅੰਦਰੋਂ ਆਈ ਇਸ ਅਵਾਜ਼ ਸਦਕਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਲੋਕ ਸੇਵਾ ਵਾਲੇ ਪਾਸੇ ਲਾਉਣ ਦਾ ਫ਼ੈਸਲਾ ਕਰ ਲਿਆ।


ਜੀਵਨ ਦਾ ਉਦੇਸ਼ (Purpose of life)

ਮਦਰ ਟੈਰੇਸਾ ਨੇ ਆਪਣੇ ਜੀਵਨ ਦਾ ਉਦੇਸ਼ ਲੋਕ-ਸੇਵਾ ਹੀ ਬਣਾ ਲਿਆ ਸੀ। ਉਹ ਆਪਣੇ ਮਨ ਵਿੱਚ ਅਜਿਹੀ ਭਾਵਨਾ ਨੂੰ ਪ੍ਰਭੂ ਈਸਾ ਮਸੀਹ ਦੀ ਬਖ਼ਸ਼ੀ ਹੋਈ ਪ੍ਰੇਰਨਾ ਸਵੀਕਾਰ ਕਰਦੇ ਸਨ। ਇਸੇ ਲਈ ਉਨ੍ਹਾਂ ਨੇ ਈਸਾ ਮਸੀਹ ਦੇ ਸੰਦੇਸ਼ ਨੂੰ ਹੀ ਆਪਣੀ ਸਮੁੱਚੀ ਜ਼ਿੰਦਗੀ ਦਾ ਉਦੇਸ਼ ਬਣਾ ਕੇ ਜੀਵਨ ਗੁਜ਼ਾਰਨਾ ਸ਼ੁਰੂ ਕੀਤਾ ਸੀ। ਇਸੇ ਸੇਵਾ ਭਾਵਨਾ ਦੇ ਅੰਤਰਗਤ ਉਨ੍ਹਾਂ ਨੇ ਸਭ ਤੋਂ ਪਹਿਲਾਂ ਕਲਕੱਤੇ ਸ਼ਹਿਰ ਦੀਆਂ ਗੰਦੀਆਂ ਬਸਤੀਆਂ ਵਿੱਚ ਰਹਿ ਰਹੇ ਗ਼ਰੀਬ ਲੋਕਾਂ ਦੀ ਸੇਵਾ ਕਰਨ ਦਾ ਕਾਰਜ ਅਰੰਭ ਕੀਤਾ। ਉਹ ਇਹ ਸੇਵਾ ਕਰਦਿਆਂ ਆਖਦੇ ਹਨ ਕਿ ਗ਼ਰੀਬ ਲੋਕਾਂ ਨਾਲ ਪਿਆਰ ਕਰਦਿਆਂ ਉਨ੍ਹਾਂ ਦੀ ਸੇਵਾ ਸੰਭਾਲ ਕਰਨਾ ਹੀ ਪਰਮਾਤਮਾ ਨਾਲ ਸੱਚਾ-ਸੁੱਚਾ ਪਿਆਰ ਕਿਹਾ ਜਾ ਸਕਦਾ ਹੈ। ਕਲਕੱਤੇ ਵਿੱਚ ਹੀ ਉਨ੍ਹਾਂ ਨੇ ‘ਨਿਰਮਲ ਹਿਰਦਾ ਹੋਮ' ਦੀ ਸਥਾਪਨਾ ਕਰਕੇ ਇਸ ਨੂੰ ਲੋਕ ਸੇਵਾ ਦਾ ਕੇਂਦਰ ਬਣਾਇਆ।


ਮਿਸ਼ਨਰੀਜ਼ ਆਫ ਚੈਰਿਟੀ ਦੀ ਸਥਾਪਨਾ (Establishment of Missionaries of Charity)

'ਨਿਰਮਲ ਹਿਰਦਾ ਹੋਮ' ਦੀ ਸਥਾਪਨਾ ਤੋਂ ਮਗਰੋਂ 1950 ਈ: ਵਿੱਚ ਮਦਰ ਟੈਰੇਸਾ ਨੇ ਕਲਕੱਤੇ ਸ਼ਹਿਰ ਵਿੱਚ ਹੀ ਮੋਲਾਲੀ ਵਿੱਚ ਜਗਦੀਸ਼ ਚੰਦਰ ਬੋਸ ਸੜਕ ਉੱਪਰ ‘ਮਿਸ਼ਨਰੀਜ਼ ਆਫ਼ ਚੈਰਿਟੀ ਦੀ ਸਥਾਪਨਾ ਕੀਤੀ। ਉਹ ਹਰ ਸਮੇਂ ਉਨ੍ਹਾਂ ਲੋਕਾਂ ਦੀ ਸੇਵਾ ਵਿੱਚ ਹੀ ਲੱਗੇ ਰਹਿੰਦੇ ਸਨ ਜੋ ਨਿਆਸਰੇ, ਅਪੰਗ, ਬਜ਼ੁਰਗ ਜਾਂ ਮੌਤ ਦੇ ਨੇੜੇ ਹੁੰਦੇ ਸਨ। ਇਸ ਤਰ੍ਹਾਂ ਜਿਹੜੇ ਲੋਕਾਂ ਨੂੰ ਆਪਣੇ ਵੀ ਆਸਰਾ ਦੇਣੋਂ ਇਨਕਾਰ ਕਰ ਦਿੰਦੇ ਸਨ, ਉਨ੍ਹਾਂ ਲੋਕਾਂ ਨੂੰ ਮਦਰ ਟੈਰੇਸਾ ਦੀ ਇਹ ਸੰਸਥਾ ਘਰ ਵਰਗਾ ਆਸਰਾ ਦੇਂਦੀ ਹੈ। ਮਦਰ ਟੈਰੇਸਾ ਦੀ ਸਥਾਪਤ ਕੀਤੀ ਇਹ ਸੰਸਥਾ ਦੇ ਅੱਜ ਲਗਪਗ 133 ਦੇਸਾਂ ਵਿੱਚ 450 ਤੋਂ ਜ਼ਿਆਦਾ ਕੇਂਦਰ ਹਨ ਜਿੱਥੇ 4500 ਤੋਂ ਜ਼ਿਆਦਾ ਸਿਸਟਰਜ਼ ਅਤੇ 500 ਤੋਂ ਜ਼ਿਆਦਾ ਬ੍ਰਦਰਜ਼ ਨਿਸ਼ਕਾਮ ਸੇਵਾ ਭਾਵਨਾ ਨਾਲ ਲੋੜਵੰਦਾਂ ਦੀ ਨਿਰੰਤਰ ਸੇਵਾ ਕਰਦੇ ਆ ਰਹੇ ਹਨ। ਭਾਰਤ ਭਰ ਵਿੱਚ ਅਜਿਹੇ 225 ਤੋਂ ਜ਼ਿਆਦਾ ਹਸਪਤਾਲ ਹਨ ਜਿੱਥੇ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸੇ ਸੰਸਥਾ ਵੱਲੋਂ ਵਿਸ਼ਵ ਭਰ ਵਿੱਚ ਗੰਦੀਆਂ ਤੇ ਗ਼ਰੀਬ ਬਸਤੀਆਂ ਵਿੱਚ ਸਕੂਲ ਚਲਾਏ ਜਾ ਰਹੇ ਹਨ। ਭਾਰਤ ਵਿੱਚ ਵੀ 60 ਤੋਂ ਵੀ ਵੱਧ ਸਕੂਲ ਅਜਿਹੇ ਇਲਾਕਿਆਂ ਵਿੱਚ ਹੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸੇ ਤਰ੍ਹਾਂ ਇਸੇ ਸੰਸਥਾਂ ਵੱਲੋਂ ਅਨਾਥ ਬੱਚਿਆਂ ਦੀ ਸੇਵਾ ਸੰਭਾਲ ਲਈ 75 ਅਤੇ ਬਜ਼ੁਰਗ ਵਿਅਕਤੀਆਂ ਲਈ 85 ਦੇ ਲਗਪਗ ਕੇਂਦਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸੇ ਸੰਸਥਾ ਤੋਂ ਪ੍ਰੇਰਨਾ ਲੈਂਦਿਆਂ ਹੋਰ ਵੀ ਸੈਂਕੜੇ ਸੰਸਥਾਵਾਂ ਕੰਮ ਕਰ ਰਹੀਆਂ ਹਨ ਜੋ ਨਿਆਸਰਿਆਂ ਨੂੰ ਭੋਜਨ ਪ੍ਰਾਪਤ ਕਰਵਾਉਣ ਦੀ ਮਿਸਾਲੀ ਸੇਵਾ ਨਿਭਾ ਰਹੀਆਂ ਹਨ।


ਮਾਣ-ਸਨਮਾਨ (Honor)

ਮਦਰ ਟੈਰੇਸਾ ਨੇ ਜਿਸ ਭਾਵਨਾ ਨਾਲ ਆਪਣਾ ਸਾਰਾ ਜੀਵਨ ਲੋੜਵੰਦਾਂ ਨੂੰ ਸਮਰਪਿਤ ਕੀਤਾ ਹੋਇਆ ਸੀ ਉਸ ਨੂੰ ਆਮ ਲੋਕਾਂ, ਸਵੈ-ਸੇਵੀ ਸੰਸਥਾਵਾਂ ਤੇ ਸਰਕਾਰ ਨੇ ਵੀ ਸਮੇਂ-ਸਮੇਂ ਬਹੁਤ ਮਾਣ-ਸਨਮਾਨ ਦਿੱਤੇ ਹਨ। ਭਾਰਤ ਤੋਂ ਇਲਾਵਾ ਵਿਸ਼ਵ ਭਰ ਵਿੱਚ ਉਨ੍ਹਾਂ ਨੂੰ ਅਨੇਕਾਂ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ।ਸਭ ਤੋਂ ਪਹਿਲਾਂ ਉਨ੍ਹਾਂ ਨੂੰ ‘ਜੋਨ ਪਾਲ ਤੇਈਵੇ’ ਦਾ ਸ਼ਾਂਤੀ ਪੁਰਸਕਾਰ ਪ੍ਰਾਪਤ ਹੋਇਆ ਸੀ। 1962 ਈ: ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਨਿਸ਼ਕਾਮ ਸੇਵਾਵਾਂ ਬਦਲੇ ‘ਪਦਮਸ੍ਰੀ' ਨਾਲ ਸਨਮਾਨਿਤ ਕੀਤਾ ਸੀ। 1964 ਈ: ਵਿੱਚ ਆਪਣੀ ਭਾਰਤ ਯਾਤਰਾ ਦੌਰਾਨ ਪੋਪ ਪਾਲ ਨੇ ਉਨ੍ਹਾਂ ਨੂੰ ਇੱਕ ਕਾਰ ਭੇਂਟ ਕੀਤੀ ਸੀ, ਪਰ ਸੇਵਾ ਦੀ ਇਸ ਮੂਰਤੀ ਨੇ ਕਾਰ ਨੂੰ ਵੇਚ ਕੇ ਇਸ ਤੋਂ ਪ੍ਰਾਪਤ ਸਾਰੀ ਰਾਸ਼ੀ ਕੋਹੜੀਆਂ ਦੀ ਸੇਵਾ ਸੰਭਾਲ ਲਈ ਹੀ ਖ਼ਰਚ ਕਰ ਦਿੱਤਾ ਸੀ। ਇਨ੍ਹਾਂ ਦੀਆਂ ਅਜਿਹੀਆਂ ਸੇਵਾਵਾਂ ਬਦਲੇ ਹੀ 19 ਦਸੰਬਰ, 1979 ਈ: ਨੂੰ ਇਨ੍ਹਾਂ ਨੂੰ ਬਹੁਤ ਹੀ ਉੱਚਾ ਸਨਮਾਨ 'ਨੋਬਲ ਪੁਰਸਕਾਰ' ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਇਸੇ ਤਰ੍ਹਾਂ 1993 ਈ: ਵਿੱਚ ਉਨ੍ਹਾਂ ਨੂੰ ‘ਰਾਜੀਵ ਗਾਂਧੀ' ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਭਾਰਤ ਤੇ ਵਿਦੇਸਾਂ ਦੀਆਂ ਸਰਕਾਰਾਂ, ਸਥਾਨਕ ਸਰਕਾਰਾਂ ਤੇ ਸਵੈ-ਸੇਵੀ ਸੰਸਥਾਵਾਂ ਵੱਲੋਂ ਵੀ ਬਹੁਤ ਹੀ ਮਾਣ ਸਨਮਾਨ ਦੇ ਕੇ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ ਜਾਂਦੀ ਰਹੀ ਹੈ।


ਦੇਹਾਂਤ (Death)

ਆਪਣੇ ਜੀਵਨ ਦੇ ਅਖ਼ੀਰਲੇ ਸਮੇਂ ਵਿੱਚ ਉਨ੍ਹਾਂ ਨੂੰ ਆਪਣੀ ਲੰਮੀ ਬਿਮਾਰੀ ਨਾਲ ਜੂਝਣਾ ਪਿਆ। ਆਖ਼ਰ 6 ਸਤੰਬਰ, 1997 ਈ: ਨੂੰ ਆਪ ਦਾ ਦੇਹਾਂਤ ਹੋ ਗਿਆ।ਉਨ੍ਹਾਂ ਦੀ ਮੌਤ 'ਤੇ ਵਿਸ਼ਵ ਭਰ ਦੇ ਲੋਕਾਂ ਨੇ ਬਹੁਤ ਸੋਗ ਮਨਾਇਆ ਤੇ ਉਨ੍ਹਾਂ ਦੀ ਨਿਸ਼ਕਾਮ ਸੇਵਾ ਭਾਵਨਾ ਨੂੰ ਸਲਾਹਿਆ।

ਸਾਰੰਸ਼ (Summary)

ਨਿਰਸੰਦੇਹ ਮਦਰ ਟੈਰੇਸਾ ਨੇ ਸਮੁੱਚਾ ਜੀਵਨ ਜੀਵਨ ਲੋੜਵੰਦਾਂ ਦੇ ਲੇਖੇ ਲਾਇਆ ਹੋਇਆ ਸੀ। ਉਨ੍ਹਾਂ ਨੇ ਭਾਰਤ ਤੇ ਵਿਸ਼ਵ ਭਰ ਵਿੱਚ ਲੋੜਵੰਦਾਂ ਦੀ ਸਹਾਇਤਾ ਲਈ ਤਰ੍ਹਾਂ-ਤਰ੍ਹਾਂ ਦੀਆਂ ਸੰਸਥਾਵਾਂ ਖੋਲ੍ਹ ਕੇ ਉਨ੍ਹਾਂ ਦੀ ਸੇਵਾ ਸੰਭਾਲ ਕੀਤੀ। ਇੰਜ ਉਨ੍ਹਾਂ ਭਾਰਤ ਤੇ ਵਿਸ਼ਵ ਭਰ ਵਿੱਚ ਪਿਆਰ, ਸੇਵਾ ਅਤੇ ਨਿਆਸਰਿਆਂ ਦੀ ਸੇਵਾ ਸੰਭਾਲ ਦਾ ਜਿਹੜਾ ਬੀਜ ਲੋਕਾਂ ਦੇ ਦਿਲ ਵਿੱਚ ਬੀਜਿਆ ਸੀ ਉਹ ਹਮੇਸ਼ਾ ਹੀ ਵਧਦਾ-ਫੁੱਲਦਾ ਰਹੇਗਾ। ਭਾਰਤ ਵਿੱਚ ਮਦਰ ਟੈਰੇਸਾ ਦੀਆਂ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਉਨ੍ਹਾਂ ਦੀਆਂ ਅਜਿਹੀਆਂ ਸੇਵਾਵਾਂ ਸਦਕਾ ਹੀ ਉਨ੍ਹਾਂ ਦਾ ਨਾਂ ਸੰਸਾਰ ਭਰ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਸਿਤਾਰੇ ਵਾਂਗ ਚਮਕਦਿਆਂ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਾ ਰਹੇਗਾ।


Post a Comment

0 Comments