Sahiri Te Pendu Jeevan Vich Antar "ਸ਼ਹਿਰੀ ਤੇ ਪੇਂਡੂ ਜੀਵਨ ਵਿੱਚ ਅੰਤਰ " Punjabi Essay, Paragraph for Class 8, 9, 10, 11 and 12 Students Examination in 1200 Words.

ਪੰਜਾਬੀ ਨਿਬੰਧ - ਸ਼ਹਿਰੀ ਤੇ ਪੇਂਡੂ ਜੀਵਨ ਵਿੱਚ ਅੰਤਰ 
Sahiri Te Pendu Jeevan Vich Antar



ਰੂਪ-ਰੇਖਾ

ਭੂਮਿਕਾ, ਸ਼ਹਿਰੀ ਤੇ ਪੇਂਡੂ ਜੀਵਨ ਵਿੱਚ ਅੰਤਰ, ਮਨ ਪਰਚਾਵੇ ਦੇ ਸਾਧਨ, ਕਿੱਤਿਆਂ ਵਿੱਚ ਅੰਤਰ, ਸਹੂਲਤਾਂ ਵਿੱਚ ਅੰਤਰ, ਸੋਚ ਵਿੱਚ ਅੰਤਰ, ਵਾਤਾਵਰਨ ਵਿੱਚ ਅੰਤਰ, ਸਾਰੰਸ਼।


ਭੂਮਿਕਾ

ਭਾਰਤ ਪਿੰਡਾਂ ਦਾ ਦੇਸ ਹੈ। ਇੱਥੋਂ ਦੀ 123 ਕਰੋੜ ਅਬਾਦੀ ਵਿੱਚੋਂ 73% ਲੋਕ ਪਿੰਡਾਂ ਵਿੱਚ ਰਹਿੰਦੇ ਹਨ ਪਰ ਭਾਰਤ ਵਿੱਚ ਬਹੁਤ ਵੱਡੇ ਵੱਡੇ ਮਹਾਨਗਰ ਤੇ ਸ਼ਹਿਰਾਂ ਦੀ ਵੀ ਆਪਣੀ ਵਿਸ਼ੇਸ਼ਤਾ ਹੈ। ਇਸ ਤਰ੍ਹਾਂ ਸ਼ਹਿਰੀ ਜੀਵਨ ਤੇ ਪੇਂਡੂ ਜੀਵਨ ਦੀਆਂ ਆਪੋ-ਆਪਣੀਆਂ ਵਿਲੱਖਣਤਾਵਾਂ ਹਨ।ਇਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਚੰਗਾ ਜਾਂ ਦੂਜੇ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ।


ਸ਼ਹਿਰੀ ਤੇ ਪੇਂਡੂ ਜੀਵਨ ਵਿੱਚ ਅੰਤਰ

ਸ਼ਹਿਰਾਂ ਤੇ ਪਿੰਡਾਂ ਦੇ ਲੋਕਾਂ ਦੇ ਜੀਵਨ ਵਿੱਚ ਬਹੁਤ ਅੰਤਰ ਹੈ। ਸ਼ਹਿਰੀ ਤੇ ਪੇਂਡੂ ਲੋਕਾਂ ਦੇ ਕੰਮਾਂ-ਕਾਰਾਂ ਤੇ ਵਿਹਾਰਾਂ ਵਿਚਲੇ ਅੰਤਰ ਕਾਰਨ ਹੀ ਦੋਹਾਂ ਦੇ ਜੀਵਨ ਵਿੱਚ ਬਹੁਤ ਅੰਤਰ ਆ ਜਾਂਦਾ ਹੈ। ਸ਼ਹਿਰੀ ਲੋਕਾਂ ਦੀ ਜੀਵਨ ਜਾਚ ਅਜਿਹੀ ਹੁੰਦੀ ਹੈ ਕਿ ਉਨ੍ਹਾਂ ਵਿਚਲਾ ਪਿਆਰ ਸਵਾਰਥੀ, ਓਪਰਾ-ਓਪਰਾ ਅਰਥਾਤ ਬਣਾਉਟੀ ਜਾਪਦਾ ਹੈ। ਉਨ੍ਹਾਂ ਦੇ ਹਰ ਕਾਰਜ ਵਿੱਚੋਂ ਸਵਾਰਥ ਨਜ਼ਰ ਆਉਂਦਾ ਹੈ। ਇਸ ਦੇ ਉਲਟ ਪੇਂਡੂ ਲੋਕ ਮਨ ਦੇ ਸਾਫ਼ ਹੁੰਦੇ ਹਨ ।ਉਹ ਜੋ ਆਖਦੇ ਹਨ, ਉਹ ਹੀ ਕਰਦੇ ਹਨ।ਪੇਂਡੂਆਂ ਵਿਚਲੀ ਸਾਦਗੀ ਤੇ ਭੋਲਾਪਣ ਉਨ੍ਹਾਂ ਦੇ ਕੁਦਰਤੀ ਗੁਣ ਹੀ ਹਨ। ਪੇਂਡੂ ਲੋਕਾਂ ਦੇ ਆਪਸੀ ਪਿਆਰ ਦੀ ਕੋਈ ਮਿਸਾਲ ਨਹੀਂ ਮਿਲਦੀ। ਜਿੱਥੇ ਸ਼ਹਿਰਾਂ ਵਿੱਚ ਗੁਆਂਢੀ ਵੀ ਇੱਕ-ਦੂਸਰੇ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਉੱਥੇ ਪਿੰਡਾਂ ਵਿੱਚ ਤਾਂ ਇੱਕ ਘਰ ਦਾ ਪ੍ਰਾਹੁਣਾ ਵੀ ਸਾਰੇ ਪਿੰਡ ਦਾ ਪ੍ਰਾਹੁਣਾ ਹੀ ਸਮਝਿਆ ਜਾਂਦਾ ਹੈ।

ਸ਼ਹਿਰਾਂ ਵਿੱਚ ਜਿੱਥੇ ਸੁੰਦਰ ਤੇ ਵੱਡੀਆਂ ਕੋਠੀਆਂ ਤੇ ਹੋਰ ਸ਼ਾਪਿੰਗ ਮਾਲ ਬਣੇ ਹਨ ਉੱਥੇ ਪਿੰਡਾਂ ਦੇ ਸਧਾਰਨ ਘਰਾਂ ਦੀ ਆਪਣੀ ਖ਼ੂਬਸੂਰਤੀ ਹੁੰਦੀ ਹੈ।ਸ਼ਹਿਰਾਂ ਨੇ ਵਿਕਾਸ ਦੇ ਪੱਖੋਂ ਬਹੁਤ ਤਰੱਕੀ ਕੀਤੀ ਹੈ। ਸ਼ਹਿਰਾਂ ਵਿੱਚ ਉਚੇਰੀ ਵਿੱਦਿਆ ਪ੍ਰਾਪਤ ਕਰਨ ਦੇ ਬਹੁਤ ਸਾਧਨ ਹੁੰਦੇ ਹਨ।ਇੱਥੇ ਹੀ ਵਧੀਆ ਕਾਲਜ ਤੇ ਯੂਨੀਵਰਸਿਟੀਆਂ ਬਣੀਆਂ ਹੋਈਆਂ ਹਨ। ਸ਼ਹਿਰਾਂ ਵਿੱਚ ਹਰ ਤਰ੍ਹਾਂ ਦੀਆਂ ਸਿਹਤ ਤੇ ਆਵਾਜਾਈ ਦੀਆਂ ਸਹੂਲਤਾਂ ਮਿਲਦੀਆਂ ਹਨ ਪਰ ਪਿੰਡਾਂ ਵਿੱਚ ਇਹ ਸਹੂਲਤਾਂ ਨਾਂ-ਮਾਤਰ ਹੀ ਹਨ।


ਮਨ ਪਰਚਾਵੇ ਦੇ ਸਾਧਨ

ਸ਼ਹਿਰਾਂ ਤੇ ਪੇਂਡੂ ਲੋਕਾਂ ਦੇ ਮਨ ਪਰਚਾਵੇ ਦੇ ਸਾਧਨ ਵੀ ਵੱਖੋ-ਵੱਖਰੇ ਹਨ। ਸ਼ਹਿਰਾਂ ਦੇ ਲੋਕਾਂ ਲਈ ਮਨ ਪਰਚਾਵੇ ਦੇ ਬਹੁਤ ਸਾਧਨ ਹਨ। ਸ਼ਹਿਰਾਂ ਵਿੱਚ ਆਧੁਨਿਕ ਤਕਨੀਕ ਵਾਲੇ ਥੀਏਟਰ ਬਣੇ ਹੋਏ ਹਨ ਜਿੱਥੇ ਨਵੀਆਂ-ਨਵੀਆਂ ਫ਼ਿਲਮਾਂ ਲੱਗਦੀਆਂ ਹਨ। ਇਸੇ ਤਰ੍ਹਾਂ ਵੱਡੇ ਸ਼ਹਿਰਾਂ ਵਿੱਚ ਰੰਗਮੰਚ ਦਾ ਅਨੰਦ ਵੀ ਮਾਣਿਆ ਜਾ ਸਕਦਾ ਹੈ। ਸ਼ਹਿਰਾਂ ਵਿੱਚ ਸੁੰਦਰ ਬਾਗ਼ ਬਗੀਚੇ ਵੀ ਮਨ ਪਰਚਾਵੇ ਦੇ ਅਹਿਮ ਸਾਧਨ ਹਨ।ਇਸ ਦੇ ਉਲਟ ਪਿੰਡਾਂ ਦੇ ਲੋਕਾਂ ਨੂੰ ਮਨ ਪਰਚਾਵੇ ਲਈ ਕੁਦਰਤ ਨਾਲ ਜੁੜਨਾ ਪੈਂਦਾ ਹੈ।ਪੇਂਡੂਆਂ ਲਈ ਟੀ.ਵੀ ਤੇ ਰੇਡੀਓ ਹੀ ਮਨੋਰੰਜਨ ਦਾ ਵੱਡਾ ਸਾਧਨ ਮੰਨਿਆ ਦਾ ਸਕਦਾ ਹੈ।


ਕਿੱਤਿਆਂ ਵਿੱਚ ਅੰਤਰ

ਸ਼ਹਿਰੀ ਤੇ ਪੇਂਡੂ ਲੋਕਾਂ ਦੇ ਕਿੱਤਿਆਂ ਵਿੱਚ ਅੰਤਰ ਹੁੰਦਾ ਹੈ। ਸ਼ਹਿਰੀ ਲੋਕ ਵਧੇਰੇ ਕਰਕੇ ਨੌਕਰੀਆਂ ਜਾਂ ਵਪਾਰ ਨਾਲ ਹੀ ਸੰਬੰਧਤ ਹੁੰਦੇ ਹਨ। ਸ਼ਹਿਰਾਂ ਵਿਚਲੇ ਗ਼ਰੀਬ ਲੋਕ ਹੀ ਮਜ਼ਦੂਰੀ ਕਰਦੇ ਹਨ ਪਰ ਪਿੰਡਾਂ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੀ ਹੈ। ਕੁਝ ਸਮੇਂ ਤੋਂ ਖੇਤੀਬਾੜੀ ਨਾਲ ਸੰਬੰਧਤ ਸਹਾਇਕ ਧੰਦੇ ਜਿਵੇਂ-ਬਾਗ਼ਬਾਨੀ, ਪੋਲਟਰੀ, ਡੇਅਰੀ, ਸ਼ਹਿਦ ਦੀਆਂ ਮੱਖੀਆਂ ਪਾਲਣਾ ਆਦਿ ਵੀ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਪੇਂਡੂਆਂ ਦੀ ਆਮਦਨ ਦਾ ਮੁੱਖ ਸੋਮਾ ਖੇਤੀਬਾੜੀ ਹੀ ਹੈ। ਖੇਤੀਬਾੜੀ ਵਿਚਲੀ ਆਮਦਨ ਨੌਕਰੀ ਵਾਂਗ ਨਿਸਚਤ ਨਾ ਹੋਣ ਕਾਰਨ ਕਈ ਵਾਰੀ ਕੁਦਰਤੀ ਆਫ਼ਤਾਂ ਕਾਰਨ ਕਿਸਾਨਾਂ ਨੂੰ ਬਹੁਤ ਹੀ ਨੁਕਸਾਨ ਉਠਾਉਣਾ ਪੈਂਦਾ ਹੈ।ਪਿੰਡਾਂ ਵਿੱਚ ਜਿਹੜੇ ਲੋਕਾਂ ਕੋਲ ਜ਼ਮੀਨ ਨਹੀਂ, ਉਹ ਜਾਂ ਤਾਂ ਕਿਸਾਨਾਂ ਕੋਲ ਮਜ਼ਦੂਰੀ ਕਰਦੇ ਹਨ ਤੇ ਜਾਂ ਫਿਰ ਕੰਮ ਦੀ ਭਾਲ ਵਿੱਚ ਰੋਜ਼ਾਨਾ ਸ਼ਹਿਰ ਜਾਂਦੇ ਹਨ।ਪਿੰਡਾਂ ਵਿੱਚ ਕਿਸੇ ਵਪਾਰੀ ਨੂੰ ਵੱਡੀ ਦੁਕਾਨ ਕਰਨ ਦੇ ਚੰਗੇ ਮੌਕੇ ਪ੍ਰਾਪਤ ਨਹੀਂ ਹੋ ਸਕਦੇ।


ਸਹੂਲਤਾਂ ਵਿੱਚ ਅੰਤਰ

ਸ਼ਹਿਰੀ ਤੇ ਪੇਂਡੂ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਵਿੱਚ ਬਹੁਤ ਅੰਤਰ ਹੈ। ਸ਼ਹਿਰਾਂ ਵਿੱਚ ਲੋੜੀਂਦੀ ਹਰ ਵਸਤੂ ਅਸਾਨੀ ਨਾਲ ਪ੍ਰਾਪਤ ਹੋ ਜਾਂਦੀ ਹੈ ਪਰ ਪਿੰਡਾਂ ਵਾਲਿਆਂ ਨੂੰ ਬਹੁਤੀਆਂ ਵਸਤੂਆਂ ਖ਼ਰੀਦਣ ਲਈ ਸ਼ਹਿਰ ਹੀ ਜਾਣਾ ਪੈਂਦਾ ਹੈ। ਸ਼ਹਿਰੀ ਲੋਕ ਹਰ ਸਰਕਾਰੀ ਕੰਮ ਸ਼ਹਿਰ ਵਿੱਚ ਸਥਾਪਤ ਦਫ਼ਤਰਾਂ ਵਿੱਚੋਂ ਸਿੱਖਿਆਂ ਕਰਵਾ ਲੈਂਦੇ ਹਨ ਪਰ ਪਿੰਡਾਂ ਦੇ ਲੋਕਾਂ ਨੂੰ ਹਰ ਸਰਕਾਰੀ ਕੰਮ ਕਰਵਾਉਣ ਲਈ ਸ਼ਹਿਰ ਹੀ ਜਾਣਾ ਪੈਂਦਾ ਹੈ। ਇਸੇ ਤਰ੍ਹਾਂ ਸ਼ਹਿਰੀਆਂ ਨੂੰ ਸਿਹਤ ਸਹੂਲਤਾਂ ਵੱਡੇ ਸਰਕਾਰੀ ਹਸਪਤਾਲਾਂ ਵਿੱਚੋਂ ਸੌਖਿਆਂ ਮਿਲ ਜਾਂਦੀਆਂ ਹਨ ਪਰ ਪਿੰਡਾਂ ਵਿਚਲੀਆਂ ਸਰਕਾਰੀ ਡਿਸਪੈਂਸਰੀਆਂ ਜਾਂ ਸਿਹਤ ਕੇਂਦਰਾਂ ਵਿੱਚ ਕਦੇ ਡਾਕਟਰ ਨਹੀਂ ਹੁੰਦੇ ਤੇ ਕਦੇ ਦਵਾਈਆਂ ਨਹੀਂ ਹੁੰਦੀਆਂ। ਸ਼ਹਿਰਾਂ ਵਿੱਚ ਆਵਾਜਾਈ ਦੇ ਬਹੁਤ ਵਧੀਆ ਸਾਧਨ ਮਿਲਦੇ ਹਨ।ਦੂਰ ਦੂਰਾਡੀ ਥਾਂ 'ਤੇ ਜਾਣ ਲਈ ਰੇਲਾਂ, ਬੱਸਾਂ ਅਤੇ ਹਵਾਈ ਜਹਾਜ਼ ਤੱਕ ਦੀ ਸਹੂਲਤ ਹੈ ਪਰ ਪਿੰਡਾਂ ਦੇ ਲੋਕਾਂ ਕੋਲ ਭਾਵੇਂ ਸਕੂਟਰ, ਮੋਟਰ ਸਾਈਕਲ ਤੇ ਕਾਰਾਂ ਵੀ ਹਨ ਪਰੰਤੂ ਸੜਕਾਂ ਦੀ ਬੁਰੀ ਹਾਲਤ ਵਿੱਚ ਸਫ਼ਰ ਕਰਨਾ ਬਹੁਤ ਔਖਾ ਕਾਰਜ ਹੁੰਦਾ ਹੈ।


ਸੋਚ ਵਿੱਚ ਅੰਤਰ

ਸ਼ਹਿਰੀ ਤੇ ਪੇਂਡੂ ਲੋਕਾਂ ਦੀ ਸੋਚ ਵਿੱਚ ਬਹੁਤ ਫ਼ਰਕ ਹੁੰਦਾ ਹੈ। ਜਿੱਥੇ ਸ਼ਹਿਰੀ ਲੋਕਾਂ ਦਾ ਜੀਵਨ ਬਹੁਤ ਭੱਜ-ਦੌੜ ਵਾਲਾ ਹੁੰਦਾ ਹੈ ਉੱਥੇ ਪੇਂਡੂ ਲੋਕਾਂ ਦੇ ਜੀਵਨ ਵਿੱਚ ਬਹੁਤ ਹੀ ਸਹਿਜ ਹੁੰਦਾ ਹੈ। ਵੱਡੇ ਸ਼ਹਿਰਾਂ ਵਿੱਚ ਤਾਂ ਲੋਕਾਂ ਦੀ ਭੱਜ- ਦੌੜ ਤੋਂ ਇਹ ਵੀ ਜਾਪਦਾ ਹੈ ਕਿ ਇਹ ਸਾਰੇ ਕਿਤੇ ਸ਼ਹਿਰ ਹੀ ਖ਼ਾਲੀ ਕਰ ਕੇ ਜਾ ਰਹੇ ਹਨ। ਪਿੰਡਾਂ ਦੇ ਲੋਕਾਂ ਦਾ ਸੁਭਾ ਕੁਦਰਤ ਨਾਲ ਜੁੜਨ ਕਰਕੇ ਖੁੱਲ੍ਹਾ-ਡੁੱਲ੍ਹਾ ਹੁੰਦਾ ਹੈ।ਉਹ ਛੋਟੇ-ਵੱਡੇ ਨੁਕਸਾਨ ਦੀ ਪ੍ਰਵਾਹ ਨਹੀਂ ਕਰਦੇ, ਦੂਸਰੇ ਪਾਸੇ ਸ਼ਹਿਰੀ ਲੋਕਾਂ ਵਿੱਚ ਹਰ ਚੀਜ਼ ਦਾ ਮੁੱਲ ਹੋਣ ਕਾਰਨ ਰਿਸ਼ਤਿਆਂ ਨੂੰ ਨਿਭਾਉਣ ਵਿੱਚ ਵੀ ਰੁਪਇਆ ਹੀ ਮੁੱਖ ਹੋ ਗਿਆ ਹੈ। ਪਿੰਡਾਂ ਦੇ ਲੋਕਾਂ ਦਾ ਰਹਿਣ-ਸਹਿਣ ਸਧਾਰਨ ਹੁੰਦਾ ਹੈ ਪਰ ਸ਼ਹਿਰੀ ਲੋਕਾਂ ਵਿੱਚ ਫ਼ੈਸ਼ਨ ਤੇ ਫ਼ਜ਼ੂਲ ਖ਼ਰਚੀ ਵਾਲੀ ਸੋਚ ਵੇਖੀ ਜਾ ਸਕਦੀ ਹੈ। ਸ਼ਹਿਰੀ ਲੋਕ ਮੇਲ-ਮਿਲਾਪ ਕੇਵਲ ਸਵਾਰਥ ਲਈ ਵਧਾਉਂਦੇ ਹਨ ਪਰ ਪੇਂਡੂਆਂ ਦਾ ਇਹ ਮੇਲ-ਮਿਲਾਪ ਸੱਚੇ ਪਿਆਰ ਵਾਲਾ ਹੀ ਹੁੰਦਾ ਹੈ।ਪੇਂਡੂ ਲੋਕ ਹਰ ਇੱਕ ਦੇ ਦੁਖ-ਸੁਖ ਵਿੱਚ ਸ਼ਾਮਲ ਹੁੰਦੇ ਹਨ।ਇੰਜ ਸ਼ਹਿਰੀ ਲੋਕਾਂ ਦੇ ਜੀਵਨ ਵਿੱਚ ਨਿੱਜ ਪ੍ਰਧਾਨ ਹੈ ਤੇ ਪੇਂਡੂ ਲੋਕਾਂ ਦਾ ਜੀਵਨ ਸਮੂਹਿਕ ਸੋਚ ਵਾਲਾ ਹੈ।


ਵਾਤਾਵਰਨ ਵਿੱਚ ਅੰਤਰ

ਸ਼ਹਿਰੀ ਤੇ ਪੇਂਡੂ ਵਾਤਾਵਰਨ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ। ਸ਼ਹਿਰੀ ਵਾਤਾਵਰਨ ਵਿੱਚ ਬਹੁਤ ਪ੍ਰਦੂਸ਼ਣ ਹੁੰਦਾ ਹੈ ਪਰ ਪੇਂਡੂ ਵਾਤਾਵਰਨ ਬਹੁਤ ਸਾਫ਼-ਸੁਥਰਾ ਹੁੰਦਾ ਹੈ। ਸ਼ਹਿਰਾਂ ਵਿਚਲਾ ਭੀੜ-ਭੜੱਕਾ, ਗੰਦੀ ਹਵਾ ਤੇ ਕਾਰਖ਼ਾਨਿਆਂ ਦਾ ਜ਼ਹਿਰੀਲਾ ਧੂੰਆਂ ਮਨੁੱਖੀ ਸਿਹਤ ਉੱਪਰ ਬਹੁਤ ਹੀ ਮਾੜਾ ਅਸਰ ਕਰਦੇ ਹਨ।ਜਿੱਥੇ ਪਿੰਡਾਂ ਵਾਲਿਆਂ ਨੂੰ ਸਾਫ਼- ਸੁਥਰੀ ਹਵਾ ਮਿਲਦੀ ਹੈ, ਉੱਥੇ ਸ਼ਹਿਰੀ ਪ੍ਰਦੂਸ਼ਿਤ ਵਾਤਾਵਰਨ ਵਿੱਚ ਰਹਿਣ ਲਈ ਮਜਬੂਰ ਹੁੰਦੇ ਹਨ। ਸਰਕਾਰੀ ਅਦਾਰਿਆਂ ਅਨੁਸਾਰ ਕਈ ਵੱਡੇ ਸ਼ਹਿਰਾਂ ਵਿਚਲੇ ਵਾਤਾਵਰਨ ਵਿੱਚ ਜ਼ਹਿਰੀਲੇ ਕਣਾਂ ਦੀ ਮਾਤਰਾ ਆਮ ਨਾਲੋਂ ਬਹੁਤ ਹੀ ਜ਼ਿਆਦਾ ਹੋ ਰਹੀ ਹੈ। ਪੇਂਡੂ ਲੋਕਾਂ ਦੀ ਖ਼ੁਰਾਕ ਸਧਾਰਨ ਪਰ ਤਾਜ਼ੀ ਤੇ ਸਾਫ਼-ਸੁਥਰੀ ਹੁੰਦੀ ਹੈ । ਦੂਸਰੇ ਪਾਸੇ ਸ਼ਹਿਰੀ ਲੋਕਾਂ ਦੀ ਖ਼ੁਰਾਕ ਮਿਲਾਵਟੀ ਹੁੰਦੀ ਹੈ।ਤਾਜ਼ਾ ਦੁੱਧ ਤੇ ਤਾਜ਼ੀਆਂ ਸਬਜ਼ੀਆਂ ਪੇਂਡੂਆ ਦੀ ਸਿਹਤ ਦਾ ਰਾਜ਼ ਹਨ।ਪੇਂਡੂ ਲੋਕਾਂ ਦੀ ਖੁਰਾਕ ਤੇ ਵਾਤਾਵਰਨ ਸਾਫ਼ ਤੇ ਸ਼ੁੱਧ ਹੋਣ ਕਰਕੇ ਉਹ ਕੁਦਰਤੀ ਤੌਰ 'ਤੇ ਹੀ ਸੁੰਦਰ ਤੇ ਤੰਦਰੁਸਤ ਹੁੰਦੇ ਹਨ, ਪਰ ਵਧੇਰੇ ਸ਼ਹਿਰੀਆਂ ਦੇ ਰੰਗ ਪੀਲੇ ਤੇ ਸਰੀਰ ਕਮਜ਼ੋਰ ਹੀ ਹੁੰਦੇ ਹਨ। ਇਸੇ ਕਾਰਨ ਹੀ ਪੇਂਡੂਆਂ ਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ ਹਨ ਜਦੋਂ ਕਿ ਸ਼ਹਿਰੀ ਲੋਕ ਛੋਟੀ ਉਮਰੇ ਹੀ ਵੱਡੀਆਂ ਬਿਮਾਰੀਆਂ ਦਾ ਸ਼ਿਕਾਰ ਬਣ ਜਾਂਦੇ ਹਨ।

 

ਸਾਰੰਸ਼

ਇੰਜ ਸ਼ਹਿਰੀ ਤੇ ਪੇਂਡੂ ਜੀਵਨ ਦੀਆਂ ਆਪੋ-ਆਪਣੀਆਂ ਵਿਸ਼ੇਸ਼ਤਾਵਾਂ ਤੇ ਖ਼ੂਬੀਆਂ ਹਨ। ਸਮੁੱਚੇ ਤੌਰ 'ਤੇ ਸੁਖ ਸਹੂਲਤਾ ਦੇ ਪੱਖੋਂ ਸ਼ਹਿਰੀ ਅੱਗੇ ਹਨ ਪਰ ਸਾਫ਼-ਸੁਥਰੇ ਵਾਤਾਵਰਨ ਤੇ ਖ਼ੁਰਾਕ ਪੱਖੋਂ ਪੇਂਡੂ ਅੱਗੇ ਹਨ। ਇਸੇ ਲਈ ਕਿਹਾ ਜਾਂਦਾ ਹੈ ਕਿ ਪਿੰਡ ਰੱਬ ਨੇ ਬਣਾਏ ਹੋਏ ਹਨ ਤੇ ਸ਼ਹਿਰ ਮਨੁੱਖ ਨੇ। ਇੰਜ ਪੇਂਡੂ ਲੋਕੀਂ ਸੁਭਾ ਪੱਖੋਂ ਖੁੱਲ੍ਹੇ-ਡੁੱਲੇ ਤੇ ਮਿਲਣਸਾਰ ਹਨ ਪਰ ਸ਼ਹਿਰੀ ਲੋਕ ਨਿੱਜੀ ਜੀਵਨ ਨੂੰ ਪਹਿਲ ਦਿੰਦੇ ਹਨ। ਸ਼ਹਿਰੀ ਜੀਵਨ ਵਿੱਚ ਤੇਜ਼ੀ ਤੇ ਪੇਂਡੂ ਵਿੱਚ ਸਹਿਜਤਾ ਪ੍ਰਧਾਨ ਹੈ। ਅਜੋਕੇ ਸਮੇਂ ਵਿੱਚ ਭਾਵੇਂ ਪਿੰਡ ਤੇ ਸ਼ਹਿਰ ਵੀ ਪਹਿਲਾਂ ਵਾਲੇ ਨਹੀਂ ਰਹੇ ਪਰ ਤਾਂ ਵੀ ਸ਼ਹਿਰਾਂ ਤੇ ਪਿੰਡਾਂ ਦਾ ਕੋਈ ਮੁਕਾਬਲਾ ਨਹੀਂ। ਅੱਜ ਵੀ ਜੇ ਕਿਸੇ ਪੇਂਡੂ ਨੂੰ ਚਾਰ ਦਿਨ ਸ਼ਹਿਰ ਵਿੱਚ ਰਹਿਣਾ ਪਵੇ ਜਾਂ ਸ਼ਹਿਰੀ ਨੂੰ ਚਾਰ ਦਿਨ ਪਿੰਡ 'ਚ ਗੁਜ਼ਾਰਨੇ ਪੈਣ ਤਾਂ ਉਸ ਲਈ ਇਹ ਸਭ ਤੋਂ ਔਖੀ ਘੜੀ ਹੁੰਦੀ ਹੈ।ਪਰ ਤਾਂ ਵੀ ਪਿੰਡਾਂ ਤੇ ਸ਼ਹਿਰਾਂ ਵਿਚਲੀ ਅਜੋਕੀ ਜੀਵਨ ਜਾਚ ਨੇ 'ਸ਼ਹਿਰੀ ਵੱਸਣ ਦੇਵਤੇ ਪਿੰਡਾਂ ਵਿੱਚ ਮਨੁੱਖ' ਅਖਾਣ ਦੀ ਪ੍ਰਸੰਗਿਕਤਾ ਸਾਹਮਣੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ।


Post a Comment

0 Comments