Sade Tiyuhar "ਸਾਡੇ ਤਿਉਹਾਰ " Punjabi Essay, Paragraph for Class 8, 9, 10, 11 and 12 Students Examination in 900 Words.

ਪੰਜਾਬੀ ਨਿਬੰਧ - ਸਾਡੇ ਤਿਉਹਾਰ 
Sade Tiyuhar




ਰੂਪ-ਰੇਖਾ

ਜਾਣ-ਪਛਾਣ, ਲੋਹੜੀ, ਮਾਘੀ, ਬਸੰਤ, ਹੌਲੀ, ਰੱਖੜੀ, ਗੁੱਗਾ ਨੌਵੀਂ, ਦੁਸਹਿਰਾ, ਦੀਵਾਲੀ, ਗੁਰਪੁਰਬ ਤੇ ਹੋਰ ਧਾਰਮਕ ਦਿਨ, ਮਹੱਤਵ। 


ਜਾਣ-ਪਛਾਣ

ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ ਹੈ। ‘ਤਿਉਹਾਰ' ਉਸ ਖ਼ਾਸ ਦਿਨ-ਵਾਰ ਨੂੰ ਕਹਿੰਦੇ ਹਨ, ਜਿਸ ਦਿਨ ਕੋਈ ਇਤਿਹਾਸਕ-ਮਿਥਿਹਾਸਕ, ਧਾਰਮਕ ਜਾਂ ਸਮਾਜਕ ਉਤਸਵ ਮਨਾਇਆ ਜਾਂਦਾ ਹੈ।ਇਨ੍ਹਾਂ ਦਾ ਸੰਬੰਧ ਵਿਸ਼ੇਸ਼ ਵਿਅਕਤੀਆਂ ਨਾਲ, ਸੰਬੰਧਤ ਘਟਨਾਵਾਂ ਤੇ ਰੁੱਤਾਂ ਨਾਲ ਹੁੰਦਾ ਹੈ।ਇਹ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੁੰਦੇ ਹਨ। ਇਨ੍ਹਾਂ ਨੂੰ ਮਨਾਉਣ ਲਈ ਆਮ ਤੌਰ 'ਤੇ ਮੇਲੇ ਲੱਗਦੇ ਹਨ ਇਸ ਸਮੇਂ ਧਾਰਮਕ ਗ੍ਰੰਥਾਂ ਦੇ ਪਾਠ, ਤੀਰਥ-ਇਸ਼ਨਾਨ, ਮਠਿਆਈਆਂ, ਖੇਡਾਂ, ਤਮਾਸ਼ਿਆਂ ਤੇ ਕੁਸ਼ਤੀਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ।ਤਿਉਹਾਰ ਦਾ ਦਿਨ ਚਾਅ, ਉਮੰਗ ਤੇ ਖ਼ੁਸ਼ੀਆਂ ਨਾਲ ਭਰਪੂਰ ਹੁੰਦਾ ਹੈ। ਸਾਲ ਵਿੱਚ ਕੋਈ ਹੀ ਮਹੀਨਾ ਅਜਿਹਾ ਹੋਵੇਗਾ, ਜਦੋਂ ਇੱਕ ਜਾਂ ਦੋ ਤਿਉਹਾਰ ਨਾ ਮਨਾਏ ਜਾਂਦੇ ਹੋਣ।


ਲੋਹੜੀ

ਜੇਕਰ ਅਸੀਂ ਸਾਲ ਭਰ ਦੇ ਤਿਉਹਾਰਾਂ ਵੱਲ ਨਜ਼ਰ ਮਾਰੀਏ ਤਾਂ ਇਨ੍ਹਾਂ ਦੀ ਸਾਡੇ ਜੀਵਨ ਵਿੱਚ ਭਰਪੂਰਤਾ ਮਹਾਨਤਾ ਭਲੀ-ਭਾਂਤ ਸਪਸ਼ਟ ਹੋ ਜਾਂਦੀ ਹੈ।ਜਨਵਰੀ ਦੇ ਨਾਲ ਨਵੇਂ ਸਾਲ ਦੇ ਅਰੰਭ ਹੁੰਦਿਆਂ ਹੀ ਲੋਹੜੀ ਦਾ ਤਿਉਹਾਰ ਨੇੜੇ ਢੁੱਕ ਰਿਹਾ ਹੁੰਦਾ ਹੈ।ਹਰ ਰੋਜ਼ ਲੋਹੜੀ ਮੰਗਦੇ ਮੁੰਡੇ-ਕੁੜੀਆਂ ਤ੍ਰਿਕਾਲਾਂ ਵੇਲੇ ਆਪਣੇ ਗੀਤਾਂ ਨਾਲ ਵਾਤਾਵਰਨ ਨੂੰ ਗੁੰਜਾ ਦਿੰਦੇ ਹਨ।ਇਹ ਤਿਉਹਾਰ ਮਾਘੀ ਦੀ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਜਿਨ੍ਹਾਂ ਦੇ ਘਰੀਂ ਮੁੰਡੇ ਦਾ ਜਨਮ ਹੋਇਆ ਹੋਵੇ ਜਾ ਜਿਨ੍ਹਾਂ ਦੇ ਮੁੰਡੇ ਦਾ ਵਿਆਹ ਹੋਇਆ ਹੋਵੇ, ਉਨ੍ਹਾਂ ਦੇ ਘਰ ਇਹ ਦਿਨ ਵਿਸ਼ੇਸ਼ ਖੁਸ਼ੀਆਂ ਭਰਪੂਰ ਹੁੰਦਾ ਹੈ। ਇਨ੍ਹਾਂ ਘਰਾਂ ਵਿੱਚ ਮੁੰਡੇ ਦੇ ਜਨਮ ਦੀ ਖ਼ੁਸ਼ੀ ਵਿੱਚ ਇੱਕ ਦਿਨ ਪਹਿਲਾਂ ਹੀ ਲੋਹੜੀ ਵੰਡਣੀ ਅਰੰਭ ਕਰ ਦਿੱਤੀ ਜਾਂਦੀ ਹੈ। ਲੋਹੜੀ ਵਾਲੇ ਦਿਨ ਇਸ ਘਰ ਵਿੱਚ, ਜਿੱਥੇ ਲੋਹੜੀ ਮੰਗਣ ਵਾਲੇ ਟੋਲੀਆਂ ਬਣਾ-ਬਣਾ ਕੇ ਆਉਂਦੇ ਹਨ।ਰਾਤ ਸਮੇਂ ਇੱਕ ਵੱਡੀ ਧੂਣੀ ਲਾ ਕੇ ਗੀਤ ਗਾਏ ਤੇ ਨਾਚ- ਨੱਚੇ ਜਾਂਦੇ ਹਨ। ਇਸ ਸਮੇਂ ਰਿਉੜੀਆਂ, ਮੂੰਗਫਲੀ, ਚਿੜਵੇ ਤੇ ਬੱਕਲੀਆਂ ਵੰਡੀਆਂ ਤੇ ਖਾਧੀਆਂ ਜਾਂਦੀਆਂ ਹਨ।


ਮਾਘੀ

ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਪਵਿੱਤਰ ਤਿਉਹਾਰ ਹੁੰਦਾ ਹੈ।ਇਸ ਦਿਨ ਲੋਕ ਹਰਦੁਆਰ ਤੇ ਬਨਾਰਸ ਆਦਿ ਤੀਰਥਾਂ ਉੱਪਰ ਜਾ ਕੇ ਇਸ਼ਨਾਨ ਕਰਦੇ ਹਨ। ਪੰਜਾਬ ਵਿੱਚ ਮੁਕਤਸਰ ਵਿਖੇ ਮਾਘੀ ਦਾ ਮੇਲਾ ਲੱਗਦਾ ਹੈ।


ਬਸੰਤ

ਇਸ ਪਿੱਛੋਂ ਜਨਵਰੀ ਦੇ ਅਖ਼ੀਰ ਜਾਂ ਫ਼ਰਵਰੀ ਦੇ ਅਰੰਭ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਆਉਂਦਾ ਹੈ। ਇਹ ਸਿਆਲ ਦੀ ਰੁੱਤ ਦੇ ਜਾਣ 'ਤੇ ਬਹਾਰ ਦੀ ਰੁੱਤ ਦੇ ਆਉਣ ਦੀ ਖ਼ੁਸ਼ੀ ਵਿੱਚ ਮਨਾਇਆ ਜਾਂਦਾ ਹੈ। ਇਸ ਕਰਕੇ ਕਿਹਾ ਜਾਂਦਾ ਹੈ— ਆਈ ਬਸੰਤ ਤੇ ਪਾਲਾ ਉਡੰਤ। ਘਰਾਂ ਵਿੱਚ ਲੋਕ ਬਸੰਤੀ ਰੰਗ ਦਾ ਹਲਵਾ ਬਣਾਉਂਦੇ ਹਨ। ਮਰਦ ਬਸੰਤੀ ਪੱਗਾਂ ਬੰਨ੍ਹਦੇ ਹਨ ਤੇ ਇਸਤਰੀਆਂ ਬਸੰਤੀ ਚੁੰਨੀਆਂ ਲੈਂਦੀਆਂ ਹਨ। ਲੋਕ ਪਤੰਗ ਵੀ ਉਡਾਉਂਦੇ ਹਨ। ਸ਼ਿਵਰਾਤਰੀ ਦਾ ਤਿਉਹਾਰ ਵੀ ਇਸੇ ਮਹੀਨੇ ਵਿੱਚ ਹੀ ਮਨਾਇਆ ਜਾਂਦਾ ਹੈ।


ਹੋਲੀ

ਮਾਰਚ ਦੇ ਮਹੀਨੇ ਵਿੱਚ ਇੱਕ-ਦੂਜੇ ਉੱਪਰ ਰੰਗ ਸੁੱਟ ਕੇ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤੋਂ ਅਗਲੇ ਦਿਨ ਇਸ ਸੰਬੰਧ ਵਿੱਚ ਅਨੰਦਪੁਰ ਸਾਹਿਬ ਵਿੱਚ ਭਾਰੀ ਮੇਲਾ ਲੱਗਦਾ ਹੈ ਜੋ ਹੋਲਾ ਮੁਹੱਲਾ ਦੇ ਨਾਂ ਨਾਲ ਪ੍ਰਸਿੱਧ ਹੈ। ਇਨ੍ਹਾਂ ਦਿਨਾਂ ਵਿੱਚ ਹੀ ਮਾਤਾ ਦੇ ਨਰਾਤੇ ਆਉਂਦੇ ਹਨ ਤੇ ਮਾਤਾ ਦਾ ਪੂਜਨ ਕੀਤਾ ਜਾਂਦਾ ਹੈ। ਅਪਰੈਲ ਦੇ ਮਹੀਨੇ ਵਿੱਚ ਵਿਸਾਖੀ ਦਾ ਤਿਉਹਾਰ ਆਉਂਦਾ ਹੈ। ਇਸ ਮੌਕੇ ਉੱਪਰ ਕਣਕਾਂ ਪੱਕਣ ਦੀ ਖ਼ੁਸ਼ੀ ਵਿੱਚ ਥਾਂ-ਥਾਂ ਮੇਲੇ ਲੱਗਦੇ ਹਨ ਤੇ ਭੰਗੜੇ ਪੈਂਦੇ ਹਨ। ਇਹ ਤਿਉਹਾਰ ਪੰਜਾਬੀ ਜੀਵਨ ਵਿੱਚ ਬਹੁਤ ਹੀ ਮਹੱਤਵ ਰੱਖਦਾ ਹੈ। ਕਵੀਆਂ ਨੇ ਇਸ ਨਾਲ ਸੰਬੰਧਤ ਮੇਲਿਆਂ ਦੀ ਰੌਣਕ ਤੇ ਖ਼ੁਸ਼ੀ ਨੂੰ ਆਪਣੀਆਂ ਕਵਿਤਾਵਾਂ ਵਿੱਚ ਬੜੇ ਤੀਬਰ ਭਾਵਾਂ ਨਾਲ ਬਿਆਨ ਕੀਤਾ ਹੈ।


ਰੱਖੜੀ

ਇਸ ਪਿੱਛੋਂ ਜੁਲਾਈ ਵਿੱਚ ਜਨਮ-ਅਸ਼ਟਮੀ ਤੇ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਜਨਮ ਅਸ਼ਟਮੀ ਦਾ ਸੰਬੰਧ ਭਗਵਾਨ ਕ੍ਰਿਸ਼ਨ ਦੇ ਜਨਮ-ਦਿਨ ਨਾਲ ਹੈ। ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਿਆਰ ਨੂੰ ਸਮਰਪਤ ਹੁੰਦਾ ਹੈ।


ਗੁੱਗਾ ਨੌਵੀਂ

ਇਸ ਤੋਂ ਅਗਲੇ ਦਿਨ ਗੁੱਗੇ ਦੀ ਪੂਜਾ ਦਾ ਤਿਉਹਾਰ ਮਨਾਇਆ ਜਾਂਦਾ ਹੈ। ਰੱਖੜੀ ਦੇ ਦਿਨ ਭੈਣਾਂ ਆਪਣੇ ਭਰਾਵਾਂ ਦੇ ਰੱਖੜੀਆਂ ਬੰਨ੍ਹਦੀਆਂ ਹਨ। ਇਨ੍ਹਾਂ ਦਿਨਾਂ ਵਿੱਚ ਸਾਵਣ ਦਾ ਮਹੀਨਾ ਹੋਣ ਕਰਕੇ ਪੰਜਾਬ ਦੇ ਪਿੰਡਾਂ ਵਿੱਚ ਗਿੱਧਿਆਂ ਨਾਲ ਭਰਪੂਰ ਤੀਆਂ ਲੱਗਦੀਆਂ ਹਨ।


ਦੁਸਹਿਰਾ, ਦੀਵਾਲੀ

ਸਤੰਬਰ ਵਿੱਚ ਸਰਾਧਾਂ ਦੇ ਦਿਨ ਹੁੰਦੇ ਹਨ।ਇਨ੍ਹਾਂ ਦਿਨਾਂ ਵਿੱਚ ਪਿਤਰਾਂ ਦੀ ਯਾਦ ਵਿੱਚ ਬ੍ਰਾਹਮਣਾਂ ਨੂੰ ਭੋਜਨ ਆਦਿ ਛਕਾਏ ਜਾਂਦੇ ਹਨ। ਇਨ੍ਹਾਂ ਤੋਂ ਮਗਰੋਂ ਖ਼ੁਸ਼ੀਆਂ ਨਾਲ ਭਰਪੂਰ ਨਰਾਤੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਦਿਨਾਂ ਵਿੱਚ ਲੋਕ ਮਾਤਾ ਦੇ ਦਰਸ਼ਨਾਂ ਲਈ ਜਾਂਦੇ ਹਨ, ਪੂਜਾ ਕਰਦੇ ਹਨ ਤੇ ਕੰਜਕਾਂ ਬਿਠਾਉਂਦੇ ਹਨ। ਇਨ੍ਹਾਂ ਦਿਨਾਂ ਵਿੱਚ ਹੀ ਰਾਤ ਨੂੰ ਰਾਮ-ਲੀਲ੍ਹਾ ਲੱਗਦੀ ਹੈ।ਦੁਸਹਿਰੇ ਦਾ ਤਿਉਹਾਰ ਆਮ ਕਰਕੇ ਅਕਤੂਬਰ ਵਿੱਚ ਤੇ ਦੀਵਾਲੀ ਦਾ ਤਿਉਹਾਰ ਇਸ ਤੋਂ ਵੀਹ ਦਿਨ ਮਗਰੋਂ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਰਾਵਣ ਉੱਤੇ ਸ੍ਰੀ ਰਾਮ ਚੰਦਰ ਦੀ ਜਿੱਤ ਦੀ ਖ਼ੁਸ਼ੀ ਵਿੱਚ ਦੁਸਹਿਰਾ ਅਤੇ ਰਾਮ ਚੰਦਰ ਦੇ ਬਨਵਾਸ ਤੋਂ ਵਾਪਸ ਆਉਣ ਦੀ ਖ਼ੁਸ਼ੀ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ।ਦੁਸਹਿਰੇ ਦੇ ਦਿਨ ਭਾਰੀ ਮੇਲਾ ਲੱਗਦਾ ਹੈ।ਇਸ ਦਿਨ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸਾੜੇ ਜਾਂਦੇ ਹਨ। ਦੀਵਾਲੀ ਸਭ ਤੋਂ ਵੱਧ ਖ਼ੁਸ਼ੀ ਦਾ ਤਿਉਹਾਰ ਹੈ। ਲੋਕ ਮਕਾਨਾਂ ਦੀਆਂ ਸਫ਼ਾਈਆਂ ਕਰਦੇ ਹਨ, ਮਿਠਿਆਈ ਖ਼ਰੀਦਦੇ ਤੇ ਵੰਡਦੇ ਹਨ।ਇਸ ਦਿਨ ਲੱਛਮੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਤੋਂ ਦੁਕਾਨਦਾਰ ਨਵੇਂ ਵਹੀ ਖਾਤੇ ਸ਼ੁਰੂ ਕਰਦੇ ਹਨ।ਦੁਸਹਿਰਾ ਅਤੇ ਦੀਵਾਲੀ ਦੇ ਵਿਚਕਾਰ ਕਰਵਾ ਚੌਥ ਦਾ ਤਿਉਹਾਰ ਹੁੰਦਾ ਹੈ। ਇਸ ਦਿਨ ਇਸਤਰੀਆਂ ਵਰਤ ਰੱਖ ਕੇ ਆਪਣੇ ਪਤੀ ਦੀ ਸੁਖ ਮੰਗਦੀਆਂ ਹਨ।


ਗੁਰਪੁਰਬ ਤੇ ਹੋਰ ਧਾਰਮਕ ਦਿਨ

ਨਵੰਬਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਅਤੇ ਜਨਵਰੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਨਗਰ ਕੀਰਤਨ ਕੱਢ ਕੇ, ਦੀਵਾਨ ਸਜਾ ਕੇ ਤੇ ਲੰਗਰ ਵਰਤਾ ਕੇ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।

ਇਸ ਤੋਂ ਬਿਨਾਂ ਮੁਸਲਮਾਨਾਂ ਦੀ ਈਦ ਸਾਲ ਵਿੱਚ ਦੋ ਵਾਰੀ ਈਦ-ਉੱਲ ਫਿਤਰ ਤੇ ਈਦ-ਉੱਲ ਜੁਹਾ ਮਨਾਈ ਜਾਂਦੀ ਹੈ। 25 ਦਸੰਬਰ ਨੂੰ ਈਸਾਈ ਕ੍ਰਿਸਮਸ ਦਾ ਤਿਉਹਾਰ ਮਨਾਉਂਦੇ ਹਨ। ਇਸੇ ਪ੍ਰਕਾਰ ਮਹਾਰਿਸ਼ੀ ਵਾਲਮੀਕ, ਮਹਾਤਮਾ ਬੁੱਧ, ਭਗਵਾਨ ਮਹਾਂਵੀਰ, ਗੁਰੂ ਰਵਿਦਾਸ ਜੀ ਤੇ ਹੋਰਨਾਂ ਧਰਮਾਂ ਤੇ ਸੰਪਰਦਾਵਾਂ ਦੇ ਮੋਢੀਆਂ ਦੇ ਜਨਮ ਦਿਨ ਵੀ ਸ਼ਰਧਾਲੂਆਂ ਵੱਲੋਂ ਤਿਉਹਾਰ ਦੇ ਰੂਪ ਵਿੱਚ ਮਨਾਏ ਜਾਂਦੇ ਹਨ।


ਮਹੱਤਵ

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਡਾ ਜੀਵਨ ਤਿਉਹਾਰਾਂ ਦੀਆਂ ਖ਼ੁਸ਼ੀਆਂ ਨਾਲ ਓਤ-ਪੋਤ ਹੈ। ਇਹ ਸਾਰੇ ਤਿਉਹਾਰ ਸਾਡੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਹ ਸਾਡੇ ਜੀਵਨ ਦਾ ਮਹੱਤਵਪੂਰਨ ਅੰਗ ਹਨ। 


Post a Comment

0 Comments