ਪੰਜਾਬੀ ਨਿਬੰਧ - ਸਾਡਾ ਸੁਤੰਤਰਤਾ ਦਿਵਸ
Sada Swatantrata Diwas
ਰੂਪ-ਰੇਖਾ
ਭੂਮਿਕਾ, ਇਸ ਦਿਨ ਦੀ ਮਹੱਤਤਾ, ਦਿੱਲੀ ਵਿੱਚ ਰੌਣਕਾਂ, ਖੇਤਰੀ ਪੱਧਰ 'ਤੇ ਪ੍ਰੋਗਰਾਮ, ਗਹਿਮਾ-ਗਹਿਮੀ, ਸਾਰੰਸ਼।
“ਭਾਰਤ ਸਾਡਾ ਦੇਸ਼ ਮਹਾਨ, ਇਹ ਹੈ ਪਿਆਰਾ ਹਿੰਦੁਸਤਾਨ।”
ਭੂਮਿਕਾ
ਸਾਡਾ ਭਾਰਤ ਦੇਸ ਲੰਮੇ ਸਮੇਂ ਤੱਕ ਵਿਦੇਸ਼ੀ ਹਮਲਾਵਰਾਂ ਦਾ ਸ਼ਿਕਾਰ ਹੁੰਦਾ ਰਿਹਾ ਤੇ ਫਿਰ ਲਗਪਗ ਦੋ ਸੌ ਸਾਲ ਅੰਗਰੇਜ਼ਾਂ ਦਾ ਗ਼ੁਲਾਮ ਰਿਹਾ। ਅਖ਼ੀਰ ਦੇਸ-ਭਗਤਾਂ ਦੀਆਂ ਲਾਸਾਨੀ ਕੁਰਬਾਨੀਆਂ ਕਾਰਨ ਸਾਨੂੰ ਅਜ਼ਾਦੀ ਪ੍ਰਾਪਤ ਹੋਈ। ਸਾਡਾ ਦੇਸ 15 ਅਗਸਤ, 1947 ਈ: ਨੂੰ ਅਜ਼ਾਦ ਹੋਇਆ। ਅੱਜ ਅਸੀਂ ਸਾਰੇ ਭਾਰਤਵਾਸੀ ਉਨ੍ਹਾਂ ਦੇਸ-ਭਗਤਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਜ਼ਾਦ ਭਾਰਤ ਦੀ ਆਬੋ-ਹਵਾ ਵਿੱਚ ਸਾਹ ਲੈ ਰਹੇ ਹਾਂ।
ਇਸ ਦਿਨ ਦੀ ਮਹੱਤਤਾ
15 ਅਗਸਤ ਦਾ ਦਿਨ ਸਾਡੇ ਜੀਵਨ ਵਿੱਚ ਇੱਕ ਬੜੀ ਮਹੱਤਵਪੂਰਨ ਥਾਂ ਰੱਖਦਾ ਹੈ। ਇਸ ਦਿਨ ਨੂੰ ਸਾਰੇ ਭਾਰਤਵਾਸੀ ਬੜੇ ਜ਼ੋਰ-ਸ਼ੋਰ ਨਾਲ ਮਨਾਉਂਦੇ ਹਨ।ਇਸ ਦਿਨ ਅਸੀਂ ਸਾਰੇ ਕਸਮਾਂ ਖਾਂਦੇ ਹਾਂ ਕਿ ਆਪਣੇ ਪਿਆਰੇ ਦੇਸ ਦੀ ਆਨ, ਬਾਨ ਤੇ ਸ਼ਾਨ ਨੂੰ ਵਧਾਉਣ ਲਈ ਮਰ ਮਿਟਾਂਗੇ ਤੇ ਦੇਸ ਦੇ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦਿਆਂਗੇ।
ਦਿੱਲੀ ਵਿੱਚ ਰੌਣਕਾਂ
5 ਅਗਸਤ ਨੂੰ ਵੈਸੇ ਤਾਂ ਸਮੁੱਚੇ ਭਾਰਤ ਵਿੱਚ ਹੀ ਗਹਿਮਾ-ਗਹਿਮੀ ਰਹਿੰਦੀ ਹੈ ਪਰ ਰਾਜਧਾਨੀ ਦਿੱਲੀ ਵਿੱਚ ਇਸ ਦਾ ਜਲਵਾ ਪੂਰੇ ਜੋਬਨ 'ਤੇ ਹੁੰਦਾ ਹੈ। ਅਸੀਂ ਟੈਲੀਵਿਜ਼ਨ ਰਾਹੀਂ ਸਿੱਧੇ ਪ੍ਰਸਾਰਨ ਦੇ ਰੂਪ ਵਿੱਚ ਇਸ ਨੂੰ ਵੇਖਦੇ ਹਾਂ। ਲਾਲ ਕਿਲ੍ਹੇ ਨੂੰ ਪੂਰੀ ਤਰ੍ਹਾਂ ਸਜਾਇਆ ਜਾਂਦਾ ਹੈ। ਸਾਡੇ ਪ੍ਰਧਾਨ ਮੰਤਰੀ ਹੋਰ ਮੰਤਰੀਆਂ ਅਤੇ ਬਾਹਰੋਂ ਆਏ ਮਹਿਮਾਨਾਂ ਨਾਲ ਬਿਰਾਜਮਾਨ ਹੁੰਦੇ ਹਨ। ਉਹ ਤਿਰੰਗੇ ਝੰਡੇ ਨੂੰ ਲਹਿਰਾਉਂਦੇ ਹਨ ਤੇ ਭਾਸ਼ਣ ਦਿੰਦੇ ਹਨ। ਉਹ ਦੇਸ-ਵਾਸੀਆਂ ਦੇ ਨਾਂ ਸੁਨੇਹਾ ਦਿੰਦੇ ਹਨ ਤੇ ਦੇਸ ਦੀ ਤਰੱਕੀ ਦੀਆਂ ਗੱਲਾਂ ਸੁਣਾਉਂਦੇ ਹਨ। ਸਾਰੇ ਸਾਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦੇ ਹਨ ਅਤੇ ਜਨਤਾ ਨੂੰ ਦੇਸ ਪ੍ਰਤੀ ਫ਼ਰਜ਼ਾਂ ਤੋਂ ਸੁਚੇਤ ਕਰਵਾਉਂਦੇ ਹਨ। ਇਸ ਦਿਨ ਵੱਡੇ-ਵੱਡੇ ਸ਼ਹਿਰਾਂ ਵਿੱਚ ਰੰਗਾਰੰਗ ਪ੍ਰੋਗਰਾਮ ਵਿਖਾਏ ਜਾਂਦੇ ਹਨ। ਸਕੂਲੀ ਬੱਚੇ ਆਪਣੀ ਕਲਾ ਦੇ ਜੌਹਰ ਵਿਖਾਉਂਦੇ ਹਨ। ਇਸ ਸਮੇਂ ਖ਼ੁਸ਼ੀ ਵਿੱਚ ਭੰਗੜੇ, ਗਿੱਧੇ ਤੇ ਨਾਚ ਗਾਣਿਆਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ।
ਖੇਤਰੀ ਪੱਧਰ 'ਤੇ ਪ੍ਰੋਗਰਾਮ
ਪੂਰੇ ਭਾਰਤ ਦੇਸ ਵਿੱਚ 15 ਅਗਸਤ ਦਾ ਦਿਹਾੜਾ ਖ਼ਾਸ ਸ਼ਾਨ-ਸ਼ੌਕਤ ਰੱਖਦਾ ਹੈ। ਵੱਖ- ਵੱਖ ਰਾਜਾਂ ਦੇ ਮੁੱਖ-ਮੰਤਰੀ ਹੋਰ ਮੰਤਰੀਆਂ ਦੀ ਸਹਾਇਤਾ ਨਾਲ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹਨ। ਸੂਬਾ ਪੱਧਰ 'ਤੇ ਇੱਕ ਪ੍ਰਮੁੱਖ ਸਮਾਗਮ ਹੁੰਦਾ ਹੈ। ਸਕੂਲਾਂ, ਕਾਲਜਾਂ ਦੇ ਅਧਿਆਪਕ ਅਤੇ ਵਿਦਿਆਰਥੀ ਇਸ ਵਿੱਚ ਸ਼ਾਮਲ ਹੁੰਦੇ ਹਨ। ਪੁਲਿਸ ਕਰਮਚਾਰੀ ਤਿਰੰਗੇ ਨੂੰ ਸਲਾਮੀ ਦਿੰਦੇ ਹਨ। ਰਾਜ ਦੇ ਵੱਖ-ਵੱਖ ਪੱਖਾਂ 'ਤੇ ਸੱਭਿਆਚਾਰ ਨੂੰ ਦਰਸਾਉਂਦੀਆਂ ਝਾਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ। ਤਕਰੀਬਨ ਹਰ ਸਕੂਲ ਕਾਲਜ ਵੀ ਆਪਣੇ ਪੱਧਰ 'ਤੇ 15 ਅਗਸਤ ਦਾ ਮਹਾਨ ਦਿਹਾੜਾ ਧੂਮਧਾਮ ਨਾਲ ਮਨਾਉਂਦੇ ਹਨ। ਬੱਚੇ ਪ੍ਰਭਾਵਸ਼ਾਲੀ ਭਾਸ਼ਣ ਦੇ ਕੇ ਸਾਰੇ ਵਿਦਿਆਰਥੀਆਂ ਨੂੰ ਦੇਸ-ਭਗਤੀ ਬਾਰੇ ਸੁਨੇਹਾ ਦਿੰਦੇ ਹਨ। ਤਿਰੰਗੇ ਝੰਡੇ ਦਾ ਸਨਮਾਨ ਕਰਨ ਲਈ ਸਾਰੇ ਸਲਾਮੀ ਦਿੰਦੇ ਹਨ। ਰੰਗ-ਬਰੰਗੇ ਝੰਡਿਆਂ ਅਤੇ ਗੁਬਾਰਿਆਂ ਨਾਲ ਆਲੇ-ਦੁਆਲੇ ਦੀ ਬਹੁਤ ਹੀ ਸਜਾਵਟ ਕੀਤੀ ਜਾਂਦੀ ਹੈ।
ਗਹਿਮਾ-ਗਹਿਮੀ
ਇਸ ਤਰ੍ਹਾਂ ਜ਼ਿਲ੍ਹਾ, ਤਹਿਸੀਲ, ਬਲਾਕ ਪੱਧਰ 'ਤੇ ਸਮਾਗਮ ਕੀਤੇ ਜਾਂਦੇ ਹਨ ਤੇ ਦੇਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।ਅਜ਼ਾਦੀ ਦੇ ਦਿਹਾੜੇ ਬਾਰੇ ਸਾਰਿਆਂ ਨੂੰ ਯਾਦ ਦੁਆ ਕੇ ਵਧਾਈ ਦਿੱਤੀ ਜਾਂਦੀ ਹੈ। ਸਮੁੱਚੇ ਦੇਸ ਵਿੱਚ ਇਸ ਦਿਨ ਖ਼ਾਸ ਗਹਿਮਾ-ਗਹਿਮੀ ਰਹਿੰਦੀ ਹੈ।
ਸਾਰੰਸ਼
ਇਸ ਅਜ਼ਾਦੀ ਦਿਵਸ ਦੇ ਸ਼ੁਭ ਦਿਹਾੜੇ ਨੂੰ ਮਨਾਉਣ ਦੇ ਨਾਲ-ਨਾਲ ਸਾਨੂੰ ਆਪਣੇ ਫ਼ਰਜ਼ਾਂ ਪ੍ਰਤੀ ਵੀ ਸੁਚੇਤ ਰਹਿਣਾ ਚਾਹੀਦਾ ਹੈ। ਸਾਨੂੰ ਆਪਣੇ ਦੇਸ ਦੀ ਰੱਖਿਆ ਲਈ ਹਮੇਸ਼ਾ ਤੱਤਪਰ ਰਹਿਣਾ ਚਾਹੀਦਾ ਹੈ ਤੇ ਦੇਸ ਨੂੰ ਤਰੱਕੀ ਦੇ ਸਿਖ਼ਰ ਵੱਲ ਲੈ ਜਾਣਾ ਚਾਹੀਦਾ ਹੈ। ਦੇਸ ਪ੍ਰਤੀ ਵਫ਼ਾਦਾਰ ਬਣ ਕੇ ਆਪਣੇ ਸੁਆਰਥ ਭਾਵ ਨੂੰ ਤਿਆਗ ਦੇਣਾ ਚਾਹੀਦਾ ਹੈ। ਦੇਸ ਦੇ ਨੇਤਾਵਾਂ ਨੂੰ ਆਪਣੇ ਨਿੱਜੀ ਲਾਭ ਤਿਆਗ ਕੇ ਦੇਸ ਦੀ ਤਰੱਕੀ ਲਈ ਤਨ-ਮਨ ਵਾਰਨਾ ਚਾਹੀਦਾ ਹੈ। ਦੇਸ ਨੂੰ ਅਜ਼ਾਦ ਕਰਵਾਉਣ ਲਈ ਕੁਰਬਾਨੀਆਂ ਤੇ ਸ਼ਹੀਦੀਆਂ ਦੇਣ ਵਾਲਿਆਂ ਦੀ ਆਤਮਾ ਨੂੰ ਤਾਂ ਹੀ ਸਕੂਨ ਮਿਲੇਗਾ ਜੇ ਅਸੀਂ ਸਾਰੇ ਭਾਰਤਵਾਸੀ ਇੱਕ-ਮੁੱਠ ਹੋ ਕੇ ਦੇਸ ਦੀ ਖ਼ੁਸ਼ਹਾਲੀ ਲਈ ਹਿੱਸਾ ਪਾਵਾਂਗੇ।ਇਸ ਤਰ੍ਹਾਂ 15 ਅਗਸਤ ਦਾ ਦਿਹਾੜਾ ਸਾਡੇ ਲਈ ਬਹੁਤ ਦੀ ਮਾਣ-ਮੱਤਾ ਦਿਹਾੜਾ ਹੈ। ਸਾਨੂੰ ਸਾਰੇ ਭਾਰਤ ਵਾਸੀਆਂ ਨੂੰ ਆਪੋ-ਆਪਣੀ ਥਾਂ 'ਤੇ ਬਣਦੀ ਸਾਰਥਕ ਭੂਮਿਕਾ ਨਿਭਾਉਣੀ ਚਾਹੀਦੀ ਹੈ ਤਾਂ ਜੋ ਅਸੀਂ ਇੱਕ ਅਜਿਹੇ ਦੇਸ ਦਾ ਨਾਗਰਿਕ ਹੋਣ 'ਤੇ ਮਾਣ ਮਹਿਸੂਸ ਕਰੀਏ ਜਿਸ ਵਿੱਚ ਹਰ ਮਨੁੱਖ ਮਨੁੱਖਤਾ ਲਈ ਜ਼ਰੂਰੀ ਸਥਿਤੀਆਂ ਨੂੰ ਮਾਣਦਿਆਂ ਆਪਣਾ ਜੀਵਨ ਗੁਜ਼ਾਰ ਰਿਹਾ ਹੋਵੇਗਾ।
0 Comments