Sachhu orai sabu ko upri sachu achaar "ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ " Punjabi Essay, Paragraph.

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ 
Sachhu orai sabu ko upri sachu achaar




ਰੂਪ-ਰੇਖਾ

ਸੱਚ ਮਨੁੱਖੀ ਜੀਵਨ ਨੂੰ ਉੱਚਾ ਕਰਦਾ ਹੈ, ਕਰਮ-ਕਾਂਡ ਤੇ ਪਾਖੰਡ ਨਿਰਾਰਥਕ ਹਨ, ਸੁੱਚਾ ਆਚਰਨ ਸੱਚ ਤੋਂ ਵੀ ਉੱਚਾ ਹੈ, ਸੱਚਾ-ਸੁੱਚਾ ਆਚਰਨ ਕਿਵੇਂ ਪੈਦਾ ਹੁੰਦਾ ਹੈ ?, ਸੱਚ ਮਨੁੱਖ ਵਿੱਚ ਉੱਚੇ ਗੁਣ ਪੈਦਾ ਕਰਦਾ ਹੈ, ਸਾਰੰਸ਼। 


ਸੱਚ ਮਨੁੱਖੀ ਜੀਵਨ ਨੂੰ ਉੱਚਾ ਕਰਦਾ ਹੈ

ਇਸ ਵਿਚਾਰ ਅਨੁਸਾਰ ਮਨੁੱਖ ਨੂੰ ਜੀਵਨ ਵਿੱਚੋਂ ਹਨੇਰਾ ਦੂਰ ਕਰ ਕੇ ਰੋਸ਼ਨੀ ਪੈਦਾ ਕਰਨੀ ਚਾਹੀਦੀ ਹੈ। ਇਸ ਹਨੇਰੇ ਨੂੰ ਨਸ਼ਟ ਕਰਨ ਦਾ ਇੱਕੋ-ਇੱਕ ਸਾਧਨ ਸੱਚ ਹੈ ਜਿਹੜਾ ਆਦਮੀ ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦਾ ਹੈ, ਉਹ ਪਾਪ ਨਹੀਂ ਕਰਦਾ।ਜਿਹੜਾ ਆਦਮੀ ਸੱਚ ਬੋਲਦਾ ਹੈ, ਉਹ ਝੂਠ ਦੇ ਨੇੜੇ ਨਹੀਂ ਢੁੱਕਦਾ।ਜੋ ਆਦਮੀ ਆਪਣੇ ਪਾਪ ਨੂੰ ਲੁਕਾਉਣ ਲਈ ਝੂਠ ਦਾ ਆਸਰਾ ਲੈਂਦਾ ਹੈ, ਉਹ ਮਹਾਪਾਪੀ ਬਣ ਜਾਂਦਾ ਹੈ, ਪਰ ਜਿਹੜਾ ਆਦਮੀ ਸੱਚ ਦਾ ਪੱਲਾ ਨਹੀਂ ਛੱਡਦਾ, ਉਹ ਪਾਪ ਤੋਂ ਬਚਿਆ ਰਹਿੰਦਾ ਹੈ ਤੇ ਆਪਣੇ ਵਿੱਚ ਹਰ ਬੁਰਾਈ ਨੂੰ ਆਉਣ ਤੋਂ ਰੋਕਦਾ ਹੈ।


ਕਰਮ-ਕਾਂਡ ਤੇ ਪਾਖੰਡ ਨਿਰਾਰਥਕ ਹਨ

ਪੂਜਾ-ਪਾਠ, ਹਵਨ, ਵਰਤ ਤੇ ਯੱਗ ਆਦਿ ਕਰਮ-ਕਾਂਡ ਆਤਮ ਕਲਿਆਣ ਦੇ ਸਾਧਨ ਸਮਝੇ ਜਾਂਦੇ ਹਨ। ਜਿਹੜਾ ਵਿਅਕਤੀ ਝੂਠ, ਠੱਗੀ ਤੇ ਬੇਈਮਾਨੀ ਆਦਿ ਕਰਦਾ ਹੋਇਆ ਇਨ੍ਹਾਂ ਕਰਮ-ਕਾਂਡਾਂ ਨਾਲ ਆਪਣੀ ਆਤਮਾ ਦਾ ਕਲਿਆਣ ਕਰਦਾ ਹੈ, ਉਸ ਦੁਆਰਾ ਇਹ ਸਾਰੇ ਕਰਮ ਪਵਿੱਤਰ ਹਿਰਦੇ ਨਾਲ ਨਹੀਂ ਕੀਤੇ ਜਾਂਦੇ ਤੇ ਇਹ ਉਸ ਨੂੰ ਹੰਕਾਰ ਦੀ ਫਾਹੀ ਵਿੱਚ ਫਸਾਉਣ ਵਾਲੇ ਬਣ ਜਾਂਦੇ ਹਨ।ਕੋਈ ਆਦਮੀ ਚੋਰੀ ਤੇ ਠੱਗੀ ਕਰ ਕੇ ਉਸ ਵਿੱਚੋਂ ਕੁਝ ਹਿੱਸਾ ਦਾਨ ਕਰ ਦਿੰਦਾ ਹੈ, ਤੀਰਥ ਇਸ਼ਨਾਨ ਕਰਦਾ ਹੈ ਜਾਂ ਪਾਠ ਰਖਵਾਉਂਦਾ ਹੈ ਕਿ ਉਸ ਦੇ ਪਾਪ ਧੋਤੇ ਜਾਣ ਤਾਂ ਇਹ ਉਸ ਦਾ ਭੁਲੇਖਾ ਹੈ। ਇਹੋ ਕੁਝ ਕਰਕੇ ਉਹ ਆਪਣੇ ਆਪ ਨੂੰ ਤੇ ਲੋਕਾਂ ਨੂੰ ਧੋਖੇ ਵਿੱਚ ਰੱਖਦਾ ਹੈ ਕਿ ਉਸ ਦਾ ਇਹ ਧੋਖਾ ਝੂਠ ਮਹਾਰਾਜ ਦੀ ਕਿਰਪਾ ਨਾਲ ਹੀ ਚੱਲਦਾ ਹੈ। ਬੇਈਮਾਨ ਆਦਮੀ ਕਦੇ ਵੀ ਆਤਮਕ ਉੱਨਤੀ ਨਹੀਂ ਕਰ ਸਕਦਾ ਕਿਉਂਕਿ ਬੇਈਮਾਨੀ ਉਸ ਦੀ ਆਤਮਾ ਨੂੰ ਮੈਲੀ ਕਰ ਦਿੰਦੀ ਹੈ। ਇਹੋ ਬੇਈਮਾਨੀ ਉਸ ਦੀ ਆਤਮਾ ਨੂੰ ਮਲੀਨ ਕਰ ਚੁੱਕੀ ਹੁੰਦੀ ਹੈ। ਉਹ ਹਉਮੈ ਅਤੇ ਝੂਠ ਦਾ ਸ਼ਿਕਾਰ ਹੁੰਦਾ ਹੈ ਜੋ ਕਿ ਮਨੁੱਖੀ ਜ਼ਿੰਦਗੀ ਦੇ ਦੀਰਘ ਰੋਗ ਹਨ ਤੇ ਉਸ ਦੀ ਆਤਮਕ ਉੱਨਤੀ ਨੂੰ ਰੋਕਦੇ ਹਨ। ਅਜਿਹੇ ਆਦਮੀ ਨੂੰ ਸੱਚੇ ਗੁਰੂ ਚਰਨਾਂ ਵਿੱਚ ਟਿਕਾਣਾ ਨਹੀਂ ਮਿਲਦਾ। ਗੁਰੂ ਜੀ ਫ਼ਰਮਾਉਂਦੇ ਹਨ

“ਹੱਕ ਪਰਾਇਆ ਨਾਨਕਾ, ਉਸੁ ਸੂਅਰ ਉਸੁ ਗਾਇ।

ਗੁਰੁ ਪੀਰੁ ਹਾਮਾ ਤਾ ਭਰੇ ਜਾਂ ਮੁਰਦਾਰੁ ਨ ਖਾਇ।”


ਸੁੱਚਾ ਆਚਰਨ ਸੱਚ ਤੋਂ ਵੀ ਉੱਚਾ ਹੈ

ਪਰ ਇਸ ਤੁਕ ਵਿੱਚ ਗੁਰੂ ਜੀ ਨੇ ਸੁੱਚੇ ਆਚਰਨ ਨੂੰ ਸੱਚ ਨਾਲੋਂ ਵੀ ਜ਼ਿਆਦਾ ਉੱਚਾ ਦਰਜਾ ਦਿੱਤਾ ਗਿਆ ਹੈ। ਸੁੱਚਾ ਆਚਰਨ ਹੈ ਕੀ ? ਸਮਾਜ ਵਿੱਚ ਜੇ ਕੋਈ ਵਿਅਕਤੀ ਘੱਟ ਤੋਲਦਾ ਹੈ, ਠੱਗੀ ਕਰਦਾ ਤੇ ਝੂਠ ਬੋਲਦਾ ਹੈ, ਉਸ ਦਾ ਕਿਸੇ ਨਾਲ ਵਿਹਾਰ ਸੁੱਚਾ ਨਹੀਂ, ਹਰ ਇੱਕ ਨਾਲ ਧੋਖਾ ਕਰਦਾ ਹੈ, ਗ਼ਰੀਬ ਮਜ਼ਦੂਰਾਂ ਨਾਲ ਬੇ-ਇਨਸਾਫ਼ੀ ਕਰਦਾ ਹੈ, ਪਰ ਕਰਦਾ ਪੂਜਾ-ਪਾਠ ਹੈ ਤੇ ਮੰਦਰਾਂ ਗੁਰਦੁਆਰਿਆਂ ਨੂੰ ਦਾਨ ਦਿੰਦਾ ਹੈ, ਪਰਾਈਆਂ ਇਸਤਰੀਆਂ ਵੱਲ ਬੁਰੀ ਨੀਅਤ ਨਾਲ ਵੇਖਦਾ ਹੈ। ਅਜਿਹੇ ਵਿਅਕਤੀ ਨੂੰ ਸੱਚੇ-ਸੁੱਚੇ ਚਾਲ ਚਲਣ ਵਾਲਾ ਨਹੀਂ ਕਿਹਾ ਜਾ ਸਕਦਾ।


ਸੱਚਾ-ਸੁੱਚਾ ਆਚਰਨ ਕਿਵੇਂ ਪੈਦਾ ਹੁੰਦਾ ਹੈ ?

ਸੱਚੇ-ਸੁੱਚੇ ਆਚਰਨ ਵਾਲਾ ਮਨੁੱਖ ਉਹ ਹੀ ਹੁੰਦਾ ਹੈ, ਜੋ ਆਪਣੇ ਆਪ ਤੇ ਆਪਣੇ ਆਲੇ-ਦੁਆਲੇ ਪ੍ਰਤੀ ਸੁਹਿਰਦ ਹੋਵੇ।ਉਹ ਕਹਿਣੀ-ਕਰਨੀ ਦਾ ਪੂਰਨ ਹੋਵੇ।ਉਸ ਦਾ ਉੱਪਰੋਂ ਦਿਖਾਵਾ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਨਹੀਂ ਹੋਣਾ ਚਾਹੀਦਾ।ਉਹ ਖ਼ੁਦਗਰਜ਼, ਲਾਲਚੀ, ਮੌਕਾ-ਪ੍ਰਸਤ, ਚੌਧਰ ਦਾ ਭੁੱਖਾ ਤੇ ਖ਼ੁਸ਼ਾਮਦੀ ਨਹੀਂ ਹੋਣਾ ਚਾਹੀਦਾ।ਉਸ ਦੇ ਮੂੰਹ 'ਤੇ ਬੀਬੀ ਦਾੜ੍ਹੀ ਪਰ ਅੰਦਰੋਂ ਕਾਲੇ ਕਾਵਾਂ ਵਾਲਾ ਹਿਸਾਬ ਨਹੀਂ ਹੋਣਾ ਚਾਹੀਦਾ। ਉਸ ਵਿੱਚ ਕਿਸੇ ਦਾ ਡਰ ਭਉ ਨਹੀਂ ਹੋਣਾ ਚਾਹੀਦਾ।ਜਿਵੇਂ ਗੁਰੂ ਜੀ ਨੇ ਬਾਬਰ ਵਰਗੇ ਜਰਵਾਣੇ ਦੀ ਤਲਵਾਰ ਦੀ ਪਰਵਾਹ ਨਾ ਕਰਦੇ ਹੋਏ ਉਸ ਦੇ ਜਬਰ-ਜ਼ੁਲਮ ਦੀ ਨਿਖੇਧੀ ਕਰਦਿਆਂ ਹੋਇਆਂ ਕਿਹਾ ਸੀ :

“ਸਚ ਕੀ ਬਾਣੀ ਨਾਨਕੁ ਆਖੈ, ਸਚੁ ਸੁਣਾਇਸੀ ਸਚ ਕੀ ਬੇਲਾ।”


ਸੱਚ ਮਨੁੱਖ ਵਿੱਚ ਉੱਚੇ ਗੁਣ ਪੈਦਾ ਕਰਦਾ ਹੈ

ਸੱਚ ਕਹਿਣ ਦੀ ਸ਼ਕਤੀ ਰੱਖਣ ਵਾਲਾ ਮਨੁੱਖ ਨਿਰਭੈ ਤੇ ਕੁਰਬਾਨੀ ਦਾ ਪੁਤਲਾ ਹੁੰਦਾ ਹੈ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ 'ਜ਼ਫ਼ਰਨਾਮੇ' ਵਿੱਚ ਨਿਰਭੈਤਾ ਤੇ ਕੁਰਬਾਨੀ ਦੇ ਜਜ਼ਬੇ ਨਾਲ ਔਰੰਗਜ਼ੇਬ ਨੂੰ ਸੱਚੀਆਂ- ਸੁਣਾਈਆ ਸਨ। ਅਜਿਹੇ ਵਿਅਕਤੀ ਮੌਤ ਤੋਂ ਨਹੀਂ ਡਰਦੇ।ਪਰ ਜਿਨ੍ਹਾਂ ਵਿੱਚ ਸੱਚ ਕਹਿਣ ਦੀ ਦਲੇਰੀ ਨਹੀਂ ਹੁੰਦੀ, ਉਹ ਖ਼ੁਸ਼ਾਮਦੀ, ਮੌਕਾ-ਪ੍ਰਸਤ, ਡਰਪੋਕ, ਖ਼ੁਦਗਰਜ਼ ਤੇ ਘਟੀਆ ਹੁੰਦੇ ਹਨ।ਉਹ ਚਾਰ ਦਿਨ ਇਸ ਦੁਨੀਆ ਦਾ ਮੌਜ-ਮੇਲਾ ਮਾਣਦੇ ਹਨ ਤੇ ਤੁਰ ਜਾਂਦੇ ਹਨ ਪਰ ਸੱਚ ਦੇ ਪੁਜਾਰੀਆਂ ਦਾ ਆਪਣੇ ਉੱਚੇ ਆਚਰਨ ਤੇ ਵਿਅਕਤੀਤਵ ਕਰਕੇ ਇਸ ਦੁਨੀਆ ਉੱਤੇ ਸਦਾ ਨਾ ਰਹਿੰਦਾ ਹੈ। ਦੁਨੀਆ ਉਨ੍ਹਾਂ ਦੇ ਕਦਮਾਂ 'ਤੇ ਚੱਲਦੀ ਹੈ ਤੇ ਉਨ੍ਹਾਂ ਨੂੰ ਆਪਣਾ ਰਹਿਬਰ ਮੰਨਦੀ ਹੈ। ਇਸ ਲਈ ਹੀ ਸੱਚੇ ਆਚਰਨ ਨੂੰ ਸੱਚ ਤੋਂ ਵੀ ਉੱਚਾ ਕਿਹਾ ਗਿਆ ਹੈ।


ਸਾਰੰਸ਼

ਇਸ ਤਰ੍ਹਾਂ ਗੁਰੂ ਜੀ ਨੇ ਮਨੁੱਖੀ ਜੀਵਨ ਵਿੱਚ ਵਿਹਾਰਕ ਪੱਥ ਨੂੰ ਬਹੁਤ ਹੀ ਮਹੱਤਵ ਦਿੱਤਾ ਹੈ। ਜੋ ਮਨੁੱਖ ਸੱਚ ਕਹਿੰਦੇ ਤੇ ਕਮਾਉਂਦੇ ਹਨ ਉਨ੍ਹਾਂ ਨੂੰ ਹੀ ਚੰਗੇਰੇ ਮਨੁੱਖ ਕਹਾਉਣ ਦਾ ਮਾਣ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਦੀ ਕਹਿਣੀ ਤੇ ਕਰਨੀ ਵਿੱਚ ਫ਼ਰਕ ਹੁੰਦਾ ਹੈ ਉਨ੍ਹਾਂ ਦੀ ਸਮਾਜ ਵਿੱਚ ਭੋਰਾ ਭਰ ਵੀ ਇੱਜ਼ਤ ਨਹੀਂ ਹੁੰਦੀ। 


Post a Comment

0 Comments