Rakhadi-Rakshabandhan "ਰੱਖੜੀ, ਰਕਸ਼ਾਬੰਧਾਂ " Punjabi Essay, Paragraph for Class 8, 9, 10, 11 and 12 Students Examination in 600 Words.

ਪੰਜਾਬੀ ਨਿਬੰਧ - ਰੱਖੜੀ, ਰਕਸ਼ਾਬੰਧਾਂ 
Rakhadi-Rakshabandhan




ਰੂਪ-ਰੇਖਾ

ਭੂਮਿਕਾ, ਰੱਖੜੀ ਤਿਉਹਾਰ ਦੀ ਸ਼ੁਰੂਆਤ, ਰਾਜਪੂਤਾਂ ਨਾਲ ਸੰਬੰਧ, ਰਾਣਾ ਸਾਂਗਾ ਨਾਲ ਸੰਬੰਧ, ਭੈਣ-ਭਰਾ ਦੇ ਪਿਆਰ ਦੀ ਪ੍ਰਤੀਕ, ਖ਼ੁਸ਼ੀਆਂ-ਖੇੜਿਆਂ ਦਾ ਤਿਉਹਾਰ, ਤਿਉਹਾਰ ਵਿਚਲੀ ਸੱਚੀ-ਸੁੱਚੀ ਭਾਵਨਾ, ਸਾਰੰਸ਼।


ਭੂਮਿਕਾ

ਭਾਰਤ ਇੱਕ ਅਜਿਹਾ ਦੇਸ ਹੈ ਜਿੱਥੇ ਬਹੁਤ ਹੀ ਵਧੇਰੇ ਗਿਣਤੀ ਵਿੱਚ ਮੇਲੇ ਤੇ ਤਿਉਹਾਰ ਮਨਾਏ ਜਾਂਦੇ ਹਨ।ਇਸੇ ਕਾਰਨ ਹੀ ਭਾਰਤ ਨੂੰ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ ਕਿਹਾ ਜਾਂਦਾ ਹੈ।ਹਰ ਤਿਉਹਾਰ ਦਾ ਇਤਿਹਾਸਕ ਜਾਂ ਮਿਥਿਹਾਸਕ ਪਿਛੋਕੜ ਹੁੰਦਾ ਹੈ। ਇਹ ਤਿਉਹਾਰ ਸਮਾਜ ਵਿੱਚ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਸਥਾਪਤ ਕਰਨ ਵਿੱਚ ਬਹੁਤ ਹੀ ਵੱਡੀ ਭੂਮਿਕਾ ਨਿਭਾਉਂਦੇ ਹਨ। ਦੀਵਾਲੀ, ਦੁਸਹਿਰਾ, ਹੋਲੀ ਆਦਿ ਤਿਉਹਾਰਾਂ ਵਾਂਗ ਰੱਖੜੀ ਵੀ ਇੱਕ ਬਹੁਤ ਹੀ ਪਵਿੱਤਰ ਤੇ ਹਰਮਨ ਪਿਆਰਾ ਤਿਉਹਾਰ ਹੈ।ਇਹ ਤਿਉਹਾਰ ਸਾਉਣ ਮਹੀਨੇ ਦੀ ਪੁੰਨਿਆ ਨੂੰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ। ਇਸ ਤਿਉਹਾਰ ਦਾ ਸੰਬੰਧ ਭੈਣ ਭਰਾ ਦੇ ਰਿਸ਼ਤੇ ਨਾਲ ਸੰਬੰਧਤ ਹੈ।


ਰੱਖੜੀ ਤਿਉਹਾਰ ਦੀ ਸ਼ੁਰੂਆਤ

ਹਰ ਤਿਉਹਾਰ ਦੇ ਅਰੰਭ ਹੋਣ ਦਾ ਆਪਣਾ ਪਿਛੋਕੜ ਹੁੰਦਾ ਹੈ ਪਰ ਰੱਖੜੀ ਤਿਉਹਾਰ ਦੇ ਸ਼ੁਰੂ ਹੋਣ ਸੰਬੰਧੀ ਕੋਈ ਠੀਕ ਜਾਣਕਾਰੀ ਨਹੀਂ ਮਿਲਦੀ। ਇਸ ਤਿਉਹਾਰ ਨਾਲ ਇੱਕ ਪੌਰਾਣਿਕ ਕਥਾ ਜੁੜੀ ਹੋਈ ਹੈ।ਇਸ ਅਨੁਸਾਰ ਕਿਹਾ ਜਾਂਦਾ ਹੈ ਕਿ ਇੱਕ ਵਾਰੀ ਰਾਖਸ਼ਾਂ ਅਤੇ ਦੇਵਤਿਆਂ ਦਾ ਆਪਸ ਵਿੱਚ ਬਹੁਤ ਹੀ ਭਿਆਨਕ ਯੁੱਧ ਹੋਇਆ। ਦੇਵਤੇ ਰਾਖਸ਼ਾ ਉੱਪਰ ਜਿੱਤ ਪ੍ਰਾਪਤ ਕਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਯੋਜਨਾਵਾਂ ਬਣਾ ਰਹੇ ਸਨ। ਉਸ ਸਮੇਂ ਇੰਦਰ ਦੇਵਤਾ ਨੇ ਇੱਕ ਯੱਗ ਕੀਤਾ।

ਇੰਦਰ ਦੇਵਤਾ ਦੇ ਯੁੱਧ ਵਿੱਚ ਜਾਣ ਤੋਂ ਪਹਿਲਾਂ ਉਸ ਦੀ ਪਤਨੀ ਸੂਚੀ ਨੇ ਪਤੀ ਦੀ ਬਾਂਹ ਉੱਪਰ ਇੱਕ ਰੱਖਿਆ-ਸੂਤਰ ਬੰਨ੍ਹਿਆ, ਜਿਸ ਕਾਰਨ ਇੰਦਰ ਨੂੰ ਇਸ ਯੁੱਧ ਵਿੱਚ ਜਿੱਤ ਪ੍ਰਾਪਤ ਹੋਈ, ਇਸ ਤਰ੍ਹਾਂ ਉਸ ਸਮੇਂ ਤੋਂ ਹੀ ਮਰਦਾਂ ਦੀ ਬਾਂਹ 'ਤੇ ਇਹ ਰੱਖਿਆ ਸੂਤਰ ਬੰਨ੍ਹਣ ਦੀ ਪ੍ਰਥਾ ਸ਼ੁਰੂ ਹੋਈ।


ਰਾਜਪੂਤਾਂ ਨਾਲ ਸੰਬੰਧ

 ਇਸ ਤਿਉਹਾਰ ਦੇ ਅਰੰਭ ਦਾ ਸੰਬੰਧ ਰਾਜਪੂਤਾਂ ਨਾਲ ਵੀ ਜੋੜਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਮੱਧ ਯੁੱਗ ਵਿੱਚ ਜਦੋਂ ਰਾਜਪੂਤ ਮੈਦਾਨੇ ਜੰਗ ਵਿੱਚ ਜਾਂਦੇ ਸਨ ਤਾਂ ਰਾਜਪੂਤਨੀਆਂ ਯੁੱਧ ਵਿੱਚ ਜਾ ਰਹੇ ਆਪਣੇ ਪਿਆਰਿਆਂ ਦੀਆਂ ਬਾਹਾਂ 'ਤੇ ਰੱਖਿਆ ਸੂਤਰ ਬੰਨ੍ਹਦੀਆਂ ਸਨ।


ਰਾਣਾ ਸਾਂਗਾ ਨਾਲ ਸੰਬੰਧ

 ਇਸ ਤਿਉਹਾਰ ਦੇ ਸ਼ੁਰੂ ਹੋਣ ਸੰਬੰਧੀ ਇੱਕ ਹੋਰ ਪੌਰਾਣਿਕ ਕਥਾ ਅਨੁਸਾਰ ਮੇਵਾੜ ਦੇ ਰਾਣਾ ਸਾਂਗਾ ਦੀ ਪਤਨੀ ਕਰਮਵਤੀ ਨੇ ਆਪਣੀ ਸਹਾਇਤਾ ਕਰਨ ਲਈ ਮੁਗ਼ਲ ਬਾਦਸ਼ਾਹ ਹਮਾਯੂੰ ਨੂੰ ਰੱਖੜੀ ਭੇਜੀ ਸੀ। ਉਸ ਨੇ ਹਮਾਯੂੰ ਨੂੰ ਇੱਕ ਭੈਣ ਦੀ ਰੱਖਿਆ ਕਰਨ ਦੀ ਬੇਨਤੀ ਕੀਤੀ ਸੀ। ਮੁਗ਼ਲ ਬਾਦਸ਼ਾਹ ਹਮਾਯੂੰ ਨੇ ਵੀ ਆਪਣੀ ਧਰਮ ਭੈਣ ਦੀ ਰੱਖਿਆ ਵਾਸਤੇ ਪੁਰਾਣੀ ਦੁਸ਼ਮਣੀ ਨੂੰ ਭੁਲਾ ਕੇ ਉਸ ਦੀ ਸਹਾਇਤਾ ਕੀਤੀ ਸੀ। ਇਸੇ ਤਰ੍ਹਾਂ ਪੁਰਾਣੇ ਸਮਿਆਂ ਵਿੱਚ ਜਦੋਂ ਰਿਸ਼ੀ ਮੁਨੀ ਯੱਗ ਕਰਦੇ ਸਨ ਤਾਂ ਯੱਗ ਦੀ ਸਮਾਪਤੀ ਉਪਰੰਤ ਆਸ਼ਰਮ ਦਾ ਮੁਖੀ ਆਪਣੇ ਜਜਮਾਨਾਂ ਦੇ ਗੁੱਟ ਉੱਪਰ ਉਨ੍ਹਾਂ ਦੇ ਕਲਿਆਣਕਾਰੀ ਜੀਵਨ ਲਈ ਪੀਲੇ ਰੰਗ ਦਾ ਰੱਖਿਆ ਸੂਤਰ (ਧਾਗਾ) ਬੰਨ੍ਹਦੇ ਸਨ। ਇਹ ਧਾਗੇ ਜਾਂ ਰੱਖਿਆ ਸੂਤਰ ਨੂੰ ਹੀ ਮਗਰੋਂ 'ਰੱਖੜੀ' ਦੇ ਨਾਂ ਨਾਲ ਪ੍ਰਸਿੱਧ ਹੋਇਆ ਮੰਨਿਆ ਜਾਂਦਾ ਹੈ।


ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ

ਅਜੋਕੇ ਸਮੇਂ ਵਿੱਚ ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਅਟੁੱਟ ਤੇ ਅਮਰ ਪਿਆਰ ਦਾ ਪ੍ਰਤੀਕ ਤਿਉਹਾਰ ਮੰਨਿਆ ਜਾਂਦਾ ਹੈ।ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹ ਕੇ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੀਆਂ ਹਨ।ਇਸ ਸਮੇਂ ਭੈਣਾਂ ਭਰਾਵਾਂ ਦੀ ਲੰਮੀ ਉਮਰ ਤੇ ਚੰਗੇਰੇ ਭਵਿੱਖ ਦੀ ਦੁਆ ਕਰਦੀਆਂ ਹਨ।ਇਸ ਦਿਨ ਭਰਾ ਵੀ ਭੈਣ ਕੋਲੋਂ ਰੱਖੜੀ ਬੰਨ੍ਹਵਾ ਕੇ ਉਸ ਦੀ ਰੱਖਿਆ ਦਾ ਇਕਰਾਰ ਕਰਦੇ ਹਨ। ਮੱਧ ਯੁੱਗ ਵਿੱਚ ਲੜਕੀਆਂ ਜਾਂ ਔਰਤਾਂ ਦੀ ਰੱਖਿਆ ਦਾ ਪ੍ਰਸ਼ਨ ਅੱਜ ਨਾਲੋਂ ਵਧੇਰੇ ਗੰਭੀਰ ਸੀ। ਉਸ ਸਮੇਂ ਧਾੜਵੀਆਂ ਜਾਂ ਹਮਲਾਵਰਾਂ ਵੱਲੋਂ ਔਰਤਾਂ ਨੂੰ ਖ਼ਾਸ ਤੌਰ 'ਤੇ ਨਿਸ਼ਾਨਾ ਬਣਾਇਆ ਜਾਂਦਾ ਸੀ।ਅੱਜ ਵੀ ਸਾਡੇ ਦੇਸ ਦੀ ਰੱਖਿਆ ਵਿੱਚ ਲੱਗੇ ਸੈਨਿਕ ਜੋ ਘਰਾਂ ਤੋਂ ਬਹੁਤ ਦੂਰ ਹੁੰਦੇ ਹਨ ਉਨ੍ਹਾਂ ਨੂੰ ਨੇੜੇ ਦੀਆਂ ਸਵੈ-ਸੇਵੀ ਸੰਸਥਾਵਾਂ ਨਾਲ ਸੰਬੰਧਤ ਔਰਤਾਂ ਰੱਖੜੀ ਬੰਨ੍ਹ ਕੇ ਉਨ੍ਹਾਂ ਪ੍ਰਤੀ ਆਪਣੇ ਪਿਆਰ ਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ।ਇੰਜ ਇਹ ਤਿਉਹਾਰ ਭੈਣ-ਭਰਾਵਾਂ ਦੇ ਪਿਆਰ ਦਾ ਪ੍ਰਤੀਕ ਵੀ ਹੈ ਤੇ ਇਸ ਵਿੱਚ ਮਰਦ ਔਰਤ ਵੱਲੋਂ ਇੱਕ-ਦੂਜੇ ਦੀ ਰੱਖਿਆ ਤੇ ਚੰਗੇਰੇ ਭਵਿੱਖ ਦਾ ਇਕਰਾਰ ਤੇ ਦੁਆ ਕੀਤੀ ਜਾਂਦੀ ਹੈ।


ਖ਼ੁਸ਼ੀਆਂ-ਖੇੜਿਆਂ ਦਾ ਤਿਉਹਾਰ

ਦੂਸਰੇ ਤਿਉਹਾਰਾਂ ਵਾਂਗ ਰੱਖੜੀ ਵੀ ਖ਼ੁਸ਼ੀਆਂ ਨਾਲ ਭਰਪੂਰ ਤਿਉਹਾਰ ਹੈ। ਇਸ ਤਿਉਹਾਰ ਤੋਂ ਬਹੁਤ ਦਿਨ ਪਹਿਲਾਂ ਹੀ ਦੁਕਾਨਾਂ ਰੰਗ-ਬਰੰਗੀਆਂ ਰੱਖੜੀਆਂ ਨਾਲ ਸਜ ਜਾਂਦੀਆਂ ਹਨ। ਅਜੋਕੇ ਸਮੇਂ ਵਿੱਚ ਰੱਖੜੀਆਂ ਸਧਾਰਨ ਰੰਗਲੇ ਧਾਗੇ ਤੋਂ ਲੈ ਕੇ ਹੀਰੇ-ਮੋਤੀਆਂ ਨਾਲ ਜੁੜੀਆਂ ਹੋਈਆਂ ਵੀ ਮਿਲਦੀਆਂ ਹਨ। ਤਰ੍ਹਾਂ-ਤਰ੍ਹਾਂ ਦੀਆਂ ਰੱਖੜੀਆਂ ਵੇਖ ਕੇ ਇਨ੍ਹਾਂ ਨੂੰ ਬਣਾਉਣ ਵਾਲੇ ਕਾਰੀਗਰਾਂ ਦੇ ਹੁਨਰ ਨੂੰ ਵੀ ਸਹਿਜੇ ਹੀ ਸਜਦਾ ਹੋ ਜਾਂਦਾ ਹੈ। ਇਸ ਦਿਨ ਦੁਕਾਨਾਂ ਉੱਪਰ ਤੋਹਫ਼ਿਆਂ ਦੀ ਵਿਕਰੀ ਵੀ ਬਹੁਤ ਜ਼ਿਆਦਾ ਹੁੰਦੀ ਹੈ। ਜਿਹੜੇ ਭੈਣ-ਭਰਾ ਇੱਕ ਦੂਸਰੇ ਤੋਂ ਦੂਰ ਹੁੰਦੇ ਹਨ, ਉੱਥੇ ਭੈਣਾਂ ਰੱਖੜੀ ਦੇ ਤਿਉਹਾਰ ਤੋਂ ਕਈ ਦਿਨ ਪਹਿਲਾਂ ਹੀ ਰੱਖੜੀਆਂ ਖ਼ਰੀਦ ਕੇ ਡਾਕ ਰਾਹੀਂ ਜਾਂ ਕੋਰੀਅਰ ਰਾਹੀਂ ਭਰਾਵਾਂ ਕੋਲ ਭੇਜ ਦਿੰਦੀਆਂ ਹਨ।

ਇਸ ਦਿਨ ਭੈਣਾਂ ਸਵੇਰੇ ਸੁੱਚੇ ਮੂੰਹ ਹੀ ਮਿਠਿਆਈਆਂ ਦਾ ਥਾਲ ਸਜਾ ਕੇ ਆਪਣੇ ਭਰਾਵਾਂ ਕੋਲ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਗੁੱਟ 'ਤੇ ਰੱਖੜੀ ਬੰਨ੍ਹ ਕੇ ਆਪਣੇ ਪਿਆਰ ਤੇ ਉਸ ਦੀ ਲੰਮੀ ਉਮਰ ਦੀ ਅਰਦਾਸ ਕਰਦੀਆਂ ਹਨ। ਇਸ ਸਮੇਂ ਭਰਾ ਵੀ ਮਨ ਵਿੱਚ ਭੈਣ ਦੀ ਰੱਖਿਆ ਦਾ ਇਕਰਾਰ ਕਰਦੇ ਹੋਏ ਆਪਣੇ ਵਿੱਤ ਅਨੁਸਾਰ ਭੈਣ ਨੂੰ ਰੁਪਏ, ਕੱਪੜੇ, ਗਹਿਣੇ ਜਾਂ ਹੋਰ ਤੋਹਫ਼ੇ ਦਿੰਦੇ ਹਨ। ਇਸ ਦਿਨ ਸਾਰੇ ਘਰਾਂ ਵਿੱਚ ਹੀ ਚਹਿਲ-ਪਹਿਲ ਦਾ ਮਾਹੌਲ ਹੁੰਦਾ ਹੈ।ਵਿਆਹੀਆਂ ਹੋਈਆਂ ਔਰਤਾਂ ਇਸ ਦਿਨ ਸਵੇਰੇ ਹੀ ਤਿਆਰ ਹੋ ਕੇ ਭਰਾਵਾਂ ਦੇ ਘਰ ਪਹੁੰਚ ਜਾਂਦੀਆਂ ਹਨ, ਭਾਵੇਂ ਇਹ ਤਿਉਹਾਰ ਸਾਰੇ ਭਾਰਤ ਵਿੱਚ ਹੀ ਮਨਾਇਆ ਜਾਂਦਾ ਹੈ ਪਰ ਉੱਤਰ ਭਾਰਤ ਵਿੱਚ ਇਸ ਤਿਉਹਾਰ ਨੂੰ ਵਧੇਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਭੈਣ-ਭਰਾ ਦੇ ਪ੍ਰਤੀਕ ਇਸ ਤਿਉਹਾਰ ਵਿੱਚ ਭੈਣ ਆਪਣੇ ਪਿਆਰ ਲਈ ਜੋ ਦੁਆ ਕਰਦੀ ਹੈ ਉਸ ਨੂੰ ਹੇਠਲੀਆਂ ਤੁਕਾਂ ਵਿੱਚ ਬਾਖੂਬੀ ਬਿਆਨ ਕੀਤਾ ਗਿਆ ਹੈ:


ਭੈਣ ਕੋਲੋਂ ਵੀਰ ਵੇ ਬਨ੍ਹਾ ਲੈ ਰੱਖੜੀ, 

ਸੋਹਣੇ ਜਿਹੇ ਗੁੱਟ ਤੇ ਸਜਾ ਲੈ ਰੱਖੜੀ, 

ਇਸ ਵਿੱਚ ਮੇਰੀਆਂ ਮੁਰਾਦਾਂ ਵੀਰ ਵੇ, 

ਇਸ ਵਿੱਚ ਮਿੱਠੀਆਂ ਨੇ ਯਾਦਾਂ ਵੀਰ ਵੇ,

ਇਸ ਵਿੱਚ ਗੁੰਦਿਆ ਪਿਆਰ ਭੈਣ ਦਾ……..। 


ਤਿਉਹਾਰ ਵਿਚਲੀ ਸੱਚੀ ਸੁੱਚੀ ਭਾਵਨਾ

ਨਿਰਸੰਦੇਹ ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਬਹੁਤ ਹੀ ਪਵਿੱਤਰ ਤੇ ਖ਼ੁਸ਼ੀਆਂ ਭਰਿਆ ਤਿਉਹਾਰ ਹੈ, ਪਰ ਅਸੀਂ ਵੇਖਦੇ ਹਾਂ ਕਿ ਅਜੋਕੇ ਸਮੇਂ ਵਿਚਲੇ ਵਿਗਿਆਨਕ ਯੁੱਗ ਵਿੱਚ ਮਨੁੱਖੀ ਰਿਸ਼ਤਿਆਂ ਦੇ ਨਿਭਾ ਵਿੱਚ ਵੀ ਵੱਡੀ ਤਬਦੀਲੀ ਆ ਰਹੀ ਨਜ਼ਰ ਆਉਂਦੀ ਹੈ।ਅੱਜ ਰਿਸ਼ਤਿਆਂ ਵਿੱਚ ਪਹਿਲਾਂ ਵਰਗਾ ਮੋਹ-ਪਿਆਰ ਘਟਦਾ ਨਜ਼ਰ ਆ ਰਿਹਾ ਹੈ। ਹੁਣ ਹਰ ਰਿਸ਼ਤੇ ਨੂੰ ਧਨ ਤੇ ਲੋੜਾਂ ਨਾਲ ਜੋੜ ਕੇ ਉਸ ਨੂੰ ਨਿਭਾਉਣ ਬਾਰੇ ਸੋਚਿਆ ਜਾਂਦਾ ਹੈ। ਇਸ ਲਈ ਲੋੜ ਹੈ ਕਿ ਇਸ ਤਿਉਹਾਰ ਵਿਚਲੀ ਪਹਿਲਾਂ ਵਾਲੀ ਪਵਿੱਤਰਤਾ ਤੇ ਪਿਆਰ ਨੂੰ ਹਰ ਹੀਲੇ ਬਣਾਈ ਰੱਖਣ ਲਈ ਵਿਸ਼ੇਸ਼ ਯਤਨ ਕੀਤੇ ਜਾਣ।


ਸਾਰੰਸ਼

 ਇੰਜ ਰੱਖੜੀ ਦਾ ਤਿਉਹਾਰ ਭਾਰਤ ਵਿਚਲਾ ਬਹੁਤ ਹੀ ਹਰਮਨ ਪਿਆਰਾ ਤੇ ਖ਼ੁਸ਼ੀਆਂ-ਖੇੜਿਆਂ ਭਰਪੂਰ ਤਿਉਹਾਰ ਹੈ। ਇਹ ਤਿਉਹਾਰ ਭਾਵੇਂ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੈ ਪਰ ਵਡੇਰੇ ਅਰਥਾਂ ਵਿੱਚ ਇਹ ਤਿਉਹਾਰ ਭਾਰਤੀ ਸੱਭਿਆਚਾਰ ਵਿੱਚ ਮਨੁੱਖੀ ਭਾਈਚਾਰੇ ਵਿਚਲੀ ਸਾਂਝ ਤੇ ਸਦਭਾਵਨਾ ਦਾ ਪ੍ਰਤੀਕ ਹੈ। ਇਸ ਤਿਉਹਾਰ ਨੂੰ ਇਸ ਵਿਚਲੀ ਪਵਿੱਤਰ ਭਾਵਨਾ ਅਨੁਸਾਰ ਹੀ ਮਨਾਉਣਾ ਚਾਹੀਦਾ ਹੈ। ਸਾਡੀ ਕਾਮਨਾ ਹੈ ਕਿ ਭੈਣ-ਭਰਾਵਾਂ ਦਾ ਇਹ ਸੱਚਾ-ਤੇ ਸੁੱਚਾ ਪਿਆਰ ਹਮੇਸ਼ਾ ਬਣਿਆ ਰਹੇ ਤੇ ਭੈਣ-ਭਰਾ ਇਸ ਤਿਉਹਾਰ ਨੂੰ ਹਰ ਸਾਲ ਅੰਤਰੀਵੀ ਖ਼ੁਸ਼ੀਆਂ ਨਾਲ ਮਨਾਉਂਦੇ ਰਹਿਣ।


Post a Comment

0 Comments