Pustaka Di Choun "ਪੁਸਤਕਾਂ ਦੀ ਚੋਣ" Punjabi Essay, Paragraph for Class 8, 9, 10, 11 and 12 Students Examination in 1100 Words.

ਪੰਜਾਬੀ ਨਿਬੰਧ - ਪੁਸਤਕਾਂ ਦੀ ਚੋਣ 
Pustaka Di Choun 



ਭੂਮਿਕਾ

ਪੁਸਤਕਾਂ ਦੀ ਮਨੁੱਖੀ ਜੀਵਨ ਵਿੱਚ ਬਹੁਤ ਹੀ ਮਹੱਤਤਾ ਹੁੰਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਪੁਸਤਕਾਂ ਮਨੁੱਖ ਦੀਆਂ ਸੱਚੀਆਂ ਮਿੱਤਰ ਹੁੰਦੀਆਂ ਹਨ। ਪੁਸਤਕਾਂ ਗਿਆਨ ਦਾ ਅਥਾਹ ਭੰਡਾਰ ਹੁੰਦੀਆਂ ਹਨ।ਪੁਸਤਕਾਂ ਛਪਣ ਦਾ ਆਪਣਾ ਲੰਬਾ ਇਤਿਹਾਸ ਹੈ। ਭਾਰਤ ਵਿੱਚ ਰਚੀਆਂ ਗਈਆਂ ਮੁਢਲੀਆਂ ਪੁਸਤਕਾਂ 'ਵੇਦਾਂ' ਤੋਂ ਲੈ ਕੇ ਅਜੋਕੇ ਦੌਰ ਵਿੱਚ ਲਿਖੀਆਂ ਜਾ ਰਹੀਆਂ ਪੁਸਤਕਾਂ ਦੀ ਗਿਣਤੀ ਕਰੋੜਾਂ ਵਿੱਚ ਹੋ ਸਕਦੀ ਹੈ। ਹਰ ਮਨੁੱਖ ਨੂੰ ਜੀਵਨ ਵਿੱਚ ਆਪਣੀਆਂ ਲੋੜਾਂ ਤੇ ਰੁਚੀਆਂ ਅਨੁਸਾਰ ਚੰਗੀਆਂ ਪੁਸਤਕਾਂ ਦੀ ਚੋਣ ਕਰਨੀ ਚਾਹੀਦੀ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਅਜੋਕੇ ਵਪਾਰਕ ਯੁੱਗ ਵਿੱਚ ਬਜ਼ਾਰ ਵਿੱਚ ਕੁਝ ਅਜਿਹੀਆਂ ਪੁਸਤਕਾਂ ਵੀ ਮਿਲਦੀਆਂ ਹਨ ਜੋ ਮਨੁੱਖੀ ਚਰਿੱਤਰ ਵਿੱਚ ਵਿਕਾਰ ਹੀ ਪੈਦਾ ਕਰਦੀਆਂ ਹਨ।


ਮੁਢਲੇ ਦੌਰ ਦੀਆਂ ਪੁਸਤਕਾਂ

ਛਾਪੇਖਾਨੇ ਦੀ ਕਾਢ ਜਾਂ ਹੋਂਦ ਤੋਂ ਪਹਿਲਾਂ ਪੁਸਤਕਾਂ ਹੱਥ ਨਾਲ ਹੀ ਲਿਖੀਆਂ ਜਾਂਦੀਆਂ ਸਨ। ਇਸ ਦੌਰ ਦੀਆਂ ਪੁਸਤਕਾਂ ਵਿੱਚ ਮਹਾਪੁਰਸ਼ਾਂ ਤੇ ਚਿੰਤਕਾਂ ਦੇ ਵਿਚਾਰ ਹੀ ਹੁੰਦੇ ਸਨ, ਜਿਨ੍ਹਾਂ ਵਿੱਚ ਮਨੁੱਖੀ ਜੀਵਨ ਨਾਲ ਸੰਬੰਧਤ ਗਿਆਨ ਭਰਿਆ ਹੁੰਦਾ ਸੀ। ਉਸ ਸਮੇਂ ਲੋਕ ਪੁਸਤਕਾਂ ਦੀ ਪੂਜਾ ਤੱਕ ਕਰਦੇ ਸਨ। ਉਸ ਸਮੇਂ ਪਾਠਕਾਂ ਦੀ ਗਿਣਤੀ ਵੀ ਬਹੁਤ ਘੱਟ ਹੁੰਦੀ ਸੀ। ਅਜੋਕੇ ਵਿਗਿਆਨਕ ਯੁੱਗ ਵਿੱਚ ਅਣਗਿਣਤ ਪੁਸਤਕਾਂ ਛਪ ਰਹੀਆਂ ਹਨ। ਇਸ ਲਈ ਹਰ ਪੁਸਤਕ ਪੜ੍ਹਨੀ ਅਸੰਭਵ ਹੈ।ਬਜ਼ਾਰ ਵਿੱਚ ਕੁਝ ਮਾੜੀ ਰੁਚੀ ਵਾਲੀਆਂ ਪੁਸਤਕਾਂ ਵੀ ਮਿਲਦੀਆਂ ਹਨ।ਆਮ ਨੌਜਵਾਨ ਫ਼ਿਲਮੀ ਰਸਾਲਿਆਂ, ਲੱਚਰ ਕਿਸਮ ਦੇ ਨਾਵਲਾਂ ਜਾਂ ਮਨ ਪਰਚਾਵੇ ਨਾਲ ਸੰਬੰਧਤ ਹੋਰ ਰਚਨਾਵਾਂ ਹੀ ਪੜ੍ਹਦੇ ਹਨ। ਇਸ ਲਈ ਸਮੇਂ ਦੀ ਲੋੜ ਹੈ ਕਿ ਪੁਸਤਕ ਪੜ੍ਹਨ ਲਈ ਇਸ ਦੀ ਚੋਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।


ਪੁਸਤਕਾਂ ਦੀ ਚੋਣ

ਹਰ ਮਨੁੱਖ ਨੂੰ ਆਪਣੀ ਰੁਚੀ, ਕਿੱਤੇ ਤੇ ਉਮਰ ਦੇ ਹਿਸਾਬ ਨਾਲ ਵੱਖ-ਵੱਖ ਤਰ੍ਹਾਂ ਦੀਆਂ ਪੁਸਤਕਾਂ ਦੀ ਲੋੜ ਹੁੰਦੀ ਹੈ। ਇਸ ਲਈ ਪੁਸਤਕਾਂ ਦੀ ਚੋਣ ਕਰਨੀ ਜ਼ਰੂਰੀ ਹੈ।ਉਸ ਵੱਲ ਸੁਚੇਤ ਹੋਣਾ ਤਾਂ ਵੀ ਜ਼ਰੂਰੀ ਹੋ ਗਿਆ ਹੈ ਕਿਉਂਕਿ ਕਈ ਲੇਖਕਾਂ ਤੇ ਪ੍ਰਕਾਸ਼ਕਾਂ ਦਾ ਉਦੇਸ਼ ਪਾਠਕਾਂ ਨੂੰ ਗਿਆਨ ਦੇਣਾ ਨਹੀਂ ਬਲਕਿ ਕੇਵਲ ਪੈਸਾ ਕਮਾਉਣਾ ਹੀ ਹੈ।ਅਜਿਹੀਆਂ ਪੁਸਤਕਾਂ ਚੰਗੇ ਮਿੱਤਰ ਵਾਂਗ ਸਾਥ ਨਿਭਾਉਣ ਦੀ ਥਾਂ ਬੁਰੇ ਮਿੱਤਰ ਵਾਂਗ ਮਨੁੱਖੀ ਸੋਚ ਵਿੱਚ ਵਿਕਾਰ ਹੀ ਪੈਦਾ ਕਰਦੀਆਂ ਹਨ।ਜਿੱਥੇ ਚੰਗੀਆਂ ਪੁਸਤਕਾਂ ਸਮਾਂ ਗੁਜ਼ਾਰਨ, ਮਨ ਪਰਚਾਵੇ ਤੇ ਗਿਆਨ ਦਾ ਭੰਡਾਰ ਹੁੰਦੀਆਂ ਹਨ, ਉੱਥੇ ਮਾੜੀਆਂ ਪੁਸਤਕਾਂ ਮਨੁੱਖ ਲਈ ਇੱਕ ਮਿੱਠਾ ਜਹਿਰ ਹੁੰਦੀਆਂ ਹਨ। ਇਸ ਲਈ ਅਜਿਹੀਆਂ ਪੁਸਤਕਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ।


ਚੰਗੀ ਪੁਸਤਕ ਦੀ ਪਛਾਣ

ਚੰਗੀ ਪੁਸਤਕ ਦੀ ਪਛਾਣ ਬਾਰੇ ਕੁਝ ਹੱਦ ਤੱਕ ਉਸ ਨੂੰ ਪੜ੍ਹਨ ਤੋਂ ਪਹਿਲਾਂ ਵੀ ਜਾਣਿਆ ਜਾ ਸਕਦਾ ਹੈ।ਪੁਸਤਕ ਦੀ ਬਾਹਰਲੀ ਦਿੱਖ, ਲੇਖਕ ਤੇ ਪ੍ਰਕਾਸ਼ਕ ਤੋਂ ਕੁਝ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਹ ਪੁਸਤਕ ਕਿਸ ਪੱਧਰ ਦੀ ਹੋ ਸਕਦੀ ਹੈ। ਪੁਸਤਕਾਂ ਸੰਬੰਧੀ ਅਖ਼ਬਾਰਾਂ, ਰਸਾਲਿਆਂ ਜਾਂ ਇੰਟਰਨੈੱਟ 'ਤੇ ਆਏ ਰੀਵਿਊ ਪੜ੍ਹ ਕੇ ਵੀ ਉਨ੍ਹਾਂ ਪੁਸਤਕਾਂ ਦੀ ਸਹੀ ਚੋਣ ਕੀਤੀ ਜਾ ਸਕਦੀ ਹੈ।ਜਿਹੜੀ ਪੁਸਤਕ ਪੜ੍ਹਨ ਸਮੇਂ ਤੁਹਾਡੇ ਮਨ ਵਿੱਚ ਉਤਸ਼ਾਹ ਤੇ ਖੇੜਾ ਪੈਦਾ ਕਰਦੀ ਹੈ, ਉਹ ਹੀ ਸਾਡੀ ਸ਼ਖ਼ਸੀਅਤ ਨੂੰ ਹੋਰ ਨਿਖ਼ਾਰ ਸਕਦੀ ਹੈ। ਇਸ ਲਈ ਪੁਸਤਕ ਖ਼ਰੀਦਣ ਜਾਂ ਪੜ੍ਹਨ ਤੋਂ ਪਹਿਲਾਂ ਉਸ ਸੰਬੰਧੀ ਚਿੰਤਕਾਂ ਦੇ ਵਿਚਾਰਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।


ਲੋੜ ਅਨੁਸਾਰ ਪੁਸਤਕਾਂ ਦੀ ਚੋਣ

ਪਾਠਕਾਂ ਨੂੰ ਵੱਖ-ਵੱਖ ਉਮਰ ਤੇ ਕਿੱਤੇ ਅਨੁਸਾਰ ਵੱਖ-ਵੱਖ ਤਰ੍ਹਾਂ ਦੀਆਂ ਪੁਸਤਕਾਂ ਦੀ ਲੋੜ ਹੁੰਦੀ ਹੈ। ਛੋਟੇ ਬੱਚੇ ਕਾਰਟੂਨਾ, ਪਰੀ-ਕਹਾਣੀਆਂ, ਲੋਕ-ਕਥਾਵਾਂ ਤੇ ਪਸ਼ੂਆਂ ਪੰਛੀਆਂ ਨਾਲ ਸੰਬੰਧਤ ਕਹਾਣੀਆਂ ਪੜ੍ਹ ਕੇ ਬਹੁਤ ਖ਼ੁਸ਼ ਹੁੰਦੇ ਹਨ।ਉਹ ਕਾਲਪਨਿਕ ਤੇ ਅਸੰਭਵ ਘਟਨਾਵਾਂ ਪੜ੍ਹ ਕੇ ਬਹੁਤ ਖ਼ੁਸ਼ ਹੁੰਦੇ ਹਨ। ਅਜਿਹੀਆਂ ਪੁਸਤਕਾਂ ਬੱਚਿਆਂ ਦੀ ਕਾਲਪਨਿਕ ਸ਼ਕਤੀ ਤੇ ਗਿਆਨ ਨੂੰ ਵਧਾਉਂਦੀਆਂ ਹਨ। ਅਜਿਹੀਆਂ ਪੁਸਤਕਾਂ ਦੀ ਹਰਮਨ ਪਿਆਰਤਾ ਨੂੰ 'ਹੈਰੀ ਪੌਟਰ' ਵਰਗੀਆਂ ਪੁਸਤਕਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਇਹ ਪੁਸਤਕ 4 ਕਰੋੜ ਤੋਂ ਉੱਪਰ ਵਿਕ ਕੇ ਇੱਕ ਕੀਰਤੀਮਾਨ ਸਥਾਪਤ ਕਰ ਚੁੱਕੀ ਹੈ।


ਵਿਦਿਆਰਥੀਆਂ ਤੇ ਨੌਜਵਾਨਾਂ ਲਈ ਪੁਸਤਕਾਂ ਦੀ ਚੋਣ

ਵਿਦਿਆਰਥੀਆਂ ਅਤੇ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਨੌਜਵਾਨਾ ਲਈ ਖ਼ਾਸ ਤਰ੍ਹਾਂ ਦੀਆਂ ਪੁਸਤਕਾਂ ਦੀ ਲੋੜ ਹੁੰਦੀ ਹੈ। ਵਿਦਿਆਰਥੀਆਂ ਨੂੰ ਆਪਣੀਆਂ ਪਾਠ-ਪੁਸਤਕਾਂ ਤੋਂ ਇਲਾਵਾ ਦੂਸਰੀਆਂ ਸਾਹਿਤਕ ਪੁਸਤਕਾਂ ਜਿਵੇਂ ਨਾਵਲ, ਨਾਟਕ, ਕਹਾਣੀਆਂ, ਕਵਿਤਾਵਾਂ, ਜੀਵਨੀਆਂ, ਸਵੈ-ਜੀਵਨੀਆਂ ਆਦਿ ਪੜ੍ਹਨੀਆਂ ਚਾਹੀਦੀਆਂ ਹਨ। ਵਿਦਿਆਰਥੀ ਆਪਣੀ ਪੜ੍ਹਾਈ ਅਨੁਸਾਰ ਡਾਕਟਰ, ਇੰਜੀਨੀਅਰ, ਵਿਗਿਆਨੀ ਜਾਂ ਅਧਿਆਪਕ ਆਦਿ ਨਾਲ ਸੰਬੰਧਤ ਕਿੱਤਿਆਂ ਦੇ ਮਾਹਰ ਬਣ ਕੇ ਆਪਣੀ ਚੰਗੀ ਰੋਜੀ ਰੋਟੀ ਕਮਾ ਸਕਦੇ ਹਨ। ਪਰੰਤੂ ਸਾਹਿਤਕ ਪੁਸਤਕਾਂ ਮਨੁੱਖ ਦੇ ਸੁਹਜ ਸੁਆਦ ਦੀ ਤ੍ਰਿਪਤੀ ਕਰਦੀਆਂ ਹਨ। ਇਹ ਪੁਸਤਕਾਂ ਉਨ੍ਹਾਂ ਦੀ ਸਮਾਜਕ ਸੂਝ-ਬੂਝ ਵਿੱਚ ਵਾਧਾ ਕਰਨ ਦੀ ਭੂਮਿਕਾ ਨਿਭਾਉਂਦੀਆਂ ਹਨ। ਇਸ ਨਾਲ ਆਪਣੇ ਸੱਭਿਆਚਾਰ ਸੰਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਆਮ ਜਾਣਕਾਰੀ ਨਾਲ ਸੰਬੰਧਤ ਪੁਸਤਕਾਂ ਮਨੁੱਖ ਦੇ ਗਿਆਨ ਵਿੱਚ ਵਾਧਾ ਕਰਦੀਆਂ ਹਨ। ਇਨ੍ਹਾਂ ਪੁਸਤਕਾਂ ਵਿੱਚੋਂ ਹੀ ਸੰਸਾਰ ਭਰ ਵਿੱਚ ਵਾਪਰ ਰਹੀਆਂ ਘਟਨਾਵਾਂ ਤੇ ਲੋਕਾਂ ਦੇ ਜੀਵਨ ਸੰਬੰਧੀ ਜਾਣਕਾਰੀ ਮਿਲਦੀ ਹੈ। ਇਸ ਤਰ੍ਹਾਂ ਅਜਿਹੀਆਂ ਪੁਸਤਕਾਂ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਮਨ ਵਿੱਚ ਖੁਸ਼ੀ ਤੇ ਮਿਠਾਸ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਗਿਆਨ ਵਿੱਚ ਵੀ ਅਥਾਹ ਵਾਧਾ ਕਰਦੀਆਂ ਹਨ।


ਕਿੱਤੇ ਨਾਲ ਸੰਬੰਧਤ ਪੁਸਤਕਾਂ

ਜਦੋਂ ਮਨੁੱਖ ਆਪਣੇ ਕਿੱਤੇ-ਵਿਸ਼ੇਸ਼ ਨਾਲ ਜੁੜ ਜਾਂਦਾ ਹੈ ਤਾਂ ਉਸ ਨੂੰ ਆਪਣੇ ਕਿੱਤੇ ਨਾਲ ਸੰਬੰਧਤ ਨਵੀਆਂ ਪੁਸਤਕਾਂ ਪੜ੍ਹਦੇ ਰਹਿਣਾ ਚਾਹੀਦਾ ਹੈ। ਇਸ ਨਾਲ ਉਸ ਨੂੰ ਸੰਬੰਧਤ ਕਿੱਤੇ ਸੰਬੰਧੀ ਨਵੀਂ ਜਾਣਕਾਰੀ ਪ੍ਰਾਪਤ ਹੁੰਦੀ ਰਹਿੰਦੀ ਹੈ ਜਿਸ ਨਾਲ ਉਹ ਆਪਣੇ ਕਿੱਤੇ ਵਿੱਚ ਚੰਗੀ ਮੁਹਾਰਤ ਕਾਇਮ ਰੱਖ ਸਕਦਾ ਹੈ। ਇਸੇ ਤਰ੍ਹਾਂ ਔਰਤਾਂ ਨੂੰ ਗ੍ਰਹਿ ਵਿਗਿਆਨ, ਸਿਲਾਈ, ਕਢਾਈ, ਉਣਾਈ, ਬੱਚਿਆਂ ਦੀ ਸਾਂਭ-ਸੰਭਾਲ, ਕੱਪੜਿਆਂ ਦੀ ਸਾਂਭ-ਸੰਭਾਲ ਆਦਿ ਨਾਲ ਸੰਬੰਧਤ ਪੁਸਤਕਾਂ ਪੜ੍ਹ ਕੇ ਆਪਣੇ ਹੁਨਰ ਵਿੱਚ ਵਾਧਾ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਹਰ ਕਿੱਤੇ ਨਾਲ ਸੰਬੰਧਤ ਵਿਅਕਤੀ ਨੂੰ ਆਪਣੇ ਕਿੱਤੇ ਵਿਸ਼ੇਸ਼ ਨਾਲ ਜੁੜੀਆਂ ਨਵੀਆਂ ਪੁਸਤਕਾਂ ਜ਼ਰੂਰ ਹੀ ਪੜ੍ਹਨੀਆਂ ਚਾਹੀਦੀਆਂ ਹਨ।ਇਸ ਦਾ ਪ੍ਰਮੁੱਖ ਕਾਰਨ ਇਹ ਵੀ ਹੈ ਕਿ ਅਜੋਕੇ ਦੌਰ ਵਿੱਚ ਹਰ ਖੇਤਰ ਵਿੱਚ ਨਵੀਆਂ ਤੋਂ ਨਵੀਆਂ ਕਾਢਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਵਿੱਚ ਪੁਰਾਣੀ ਤਕਨੀਕ, ਸੋਚ ਤੇ ਵਿਚਾਰਾਂ ਤੋਂ ਬਹੁਤ ਅੱਗੇ ਦੀ ਗੱਲ ਕੀਤੀ ਗਈ ਹੁੰਦੀ ਹੈ।


ਧਾਰਮਕ ਪੁਸਤਕਾਂ

ਉਮਰ ਦੇ ਹਿਸਾਬ ਨਾਲ ਮਨੁੱਖ ਦੀ ਸੋਚ ਵਿੱਚ ਵੀ ਤਬਦੀਲੀ ਆਉਂਦੀ ਰਹਿੰਦੀ ਹੈ। ਇਸ ਅਨੁਸਾਰ ਬੁਢਾਪੇ ਵਿੱਚ ਮਨੁੱਖ ਦੀ ਰੁਚੀ ਕੁਦਰਤੀ ਤੌਰ 'ਤੇ ਅਧਿਆਤਮਵਾਦੀ ਹੋ ਜਾਂਦੀ ਹੈ। ਇਸ ਸਮੇਂ ਵਧੇਰੇ ਮਨੁੱਖ ਆਪਣੇ ਆਪ ਨੂੰ ਪਰਮਾਤਮਾ ਦੀ ਬੰਦਗੀ ਨਾਲ ਜੋੜ ਲੈਂਦੇ ਹਨ। ਧਾਰਮਕ ਪੁਸਤਕਾਂ ਬੱਚਿਆਂ ਤੇ ਨੌਜਵਾਨਾਂ ਲਈ ਪੜ੍ਹਨੀਆਂ ਜ਼ਰੂਰੀ ਹਨ ਕਿਉਂਕਿ ਇਹ ਪੁਸਤਕਾਂ ਉਨ੍ਹਾਂ ਵਿੱਚ ਨੈਤਿਕ ਤੇ ਸਦਾਚਾਰਕ ਗੁਣ ਪੈਦਾ ਕਰ ਸਕਦੀਆਂ ਹਨ।ਵੱਖ-ਵੱਖ ਧਰਮਾਂ ਨਾਲ ਸੰਬੰਧਤ ਪੁਸਤਕਾਂ ਜਿੱਥੇ ਮਨੁੱਖ ਦੀ ਜਾਣਕਾਰੀ ਵਿੱਚ ਵਾਧਾ ਕਰਦੀਆਂ ਹਨ ਉੱਥੇ ਇਹ ਪਾਠਕਾਂ ਦੇ ਹਿਰਦੇ ਵਿੱਚ ਮਾਨਵਵਾਦੀ ਸੋਚ ਦੀ ਜਾਗ ਵੀ ਲਾਉਂਦੀਆਂ ਹਨ।ਇਸ ਲਈ ਜ਼ਿੰਦਗੀ ਦੇ ਹਰ ਪੜਾਅ 'ਤੇ ਧਾਰਮਕ ਪੁਸਤਕਾਂ ਪੜ੍ਹਨ ਦੀ ਆਪਣੀ ਬਹੁਤ ਹੀ ਮਹੱਤਤਾ ਹੈ।


ਮਾਂ-ਬੋਲੀ ਨਾਲ ਸੰਬੰਧਤ ਪੁਸਤਕਾਂ

ਹਰ ਵਿਅਕਤੀ ਨੂੰ ਆਪਣੀ ਮਾਂ-ਬੋਲੀ ਨਾਲ ਸੰਬੰਧਤ ਚੰਗੀਆਂ ਪੁਸਤਕਾਂ ਜ਼ਰੂਰ ਹੀ ਪੜ੍ਹਨੀਆਂ ਚਾਹੀਦੀਆਂ ਹਨ। ਅਜਿਹੀਆਂ ਪੁਸਤਕਾਂ ਵਿੱਚ ਤੁਹਾਡੇ ਸੱਭਿਆਚਾਰ ਦੀਆਂ ਸਮੁੱਚੀਆਂ ਕਦਰਾਂ-ਕੀਮਤਾਂ ਨੂੰ ਬਹੁਤ ਹੀ ਕਲਾਤਮਕਤਾ ਸਹਿਤ ਪੇਸ਼ ਕੀਤਾ ਗਿਆ ਹੁੰਦਾ ਹੈ। ਇਨ੍ਹਾਂ ਪੁਸਤਕਾਂ ਵਿੱਚ ਸਮੁੱਚੇ ਸੱਭਿਆਚਾਰ ਸੰਬੰਧੀ ਬਹੁਤ ਹੀ ਅਹਿਮ ਜਾਣਕਾਰੀ ਮਿਲਦੀ ਹੈ। ਇਸੇ ਕਾਰਨ ਹੀ ਸਾਹਿਤ ਨੂੰ ਸਮਾਜ ਦਾ ਦਰਪਣ ਜਾਂ ਸ਼ੀਸ਼ਾ ਕਿਹਾ ਜਾਂਦਾ ਹੈ। ਇੰਜ ਅਜਿਹੀਆਂ ਪੁਸਤਕਾਂ ਇੱਕ ਤਰ੍ਹਾਂ ਦੇ ਇਤਿਹਾਸਕ ਦਸਤਾਵੇਜ਼ ਹੁੰਦੇ ਹਨ।ਪੰਜਾਬੀ ਮਾਂ-ਬੋਲੀ ਨਾਲ ਸੰਬੰਧਤ ਪਾਠਕਾਂ ਨੂੰ ਨਾਨਕ ਸਿੰਘ, ਭਾਈ ਵੀਰ ਸਿੰਘ, ਗੁਰਬਖ਼ਸ਼ ਸਿੰਘ ‘ਪ੍ਰੀਤਲੜੀ, ਸ਼ਿਵ ਕੁਮਾਰ, ਪਾਸ਼, ਗੁਰਦਿਆਲ ਸਿੰਘ, ਰਾਮ ਸਰੂਪ ਅਣਖੀ, ਵਰਿਆਮ ਸਿੰਘ ਸੰਧੂ, ਸੁਰਜੀਤ ਪਾਤਰ, ਨਰਿੰਦਰ ਸਿੰਘ ਕਪੂਰ ਆਦਿ ਦੀਆਂ ਰਚਨਾਵਾਂ ਜ਼ਰੂਰ ਹੀ ਪੜ੍ਹਨੀਆਂ ਚਾਹੀਦੀਆਂ ਹਨ।


ਸਾਰੰਸ਼

ਸਹੀ ਪੁਸਤਕਾਂ ਦੀ ਚੋਣ ਇੱਕ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ। ਹਰ ਵਿਅਕਤੀ ਨੂੰ ਆਪਣੀ ਉਮਰ ਤੇ ਲੋੜਾਂ ਅਨੁਸਾਰ ਪੁਸਤਕਾਂ ਦੀ ਚੋਣ ਸੁਚੇਤ ਪੱਧਰ 'ਤੇ ਕਰਨੀ ਚਾਹੀਦੀ ਹੈ। ਇਸ ਸੰਬੰਧ ਵਿੱਚ ਅਖ਼ਬਾਰਾਂ, ਰਸਾਲਿਆਂ ਵਿਚਲੇ ਰੀਵਿਊ ਵਿਦਵਾਨ ਤੇ ਲਾਇਬ੍ਰੇਰੀਅਨ ਤੁਹਾਡੀ ਅਗਵਾਈ ਕਰ ਸਕਦੇ ਹਨ। ਅਜਿਹੀਆਂ ਪੁਸਤਕਾਂ ਗਿਆਨ ਵਿੱਚ ਵਾਧਾ ਕਰਨ ਦੇ ਨਾਲ- ਨਾਲ ਪਾਠਕਾਂ ਦੇ ਹਿਰਦੇ ਵਿੱਚ ਮਾਨਵਵਾਦੀ ਕਦਰਾਂ-ਕੀਮਤਾਂ ਵੀ ਪੈਦਾ ਕਰਦੀਆਂ ਹਨ।ਇੰਜ ਚੰਗੀਆਂ ਪੁਸਤਕਾਂ ਦੀ ਮਨੁੱਖੀ ਜੀਵਨ ਵਿੱਚ ਅਹਿਮ ਮਹੱਤਤਾ ਹੈ।


Post a Comment

0 Comments