ਵਿਸ਼ਵ ਸ਼ਾਂਤੀ ਦੀ ਜ਼ਰੂਰਤ
Vishva Shanti Di Zarurat
ਇੱਕੀਵੀਂ ਸਦੀ ਨੂੰ ਵਿਗਿਆਨ ਦੀ ਸਦੀ ਮੰਨਿਆ ਜਾ ਰਿਹਾ ਹੈ। ਵਿਸ਼ਵ ਭਰ ਵਿੱਚ ਵਿਗਿਆਨ ਨੇ ਆਪਣੀਆਂ ਬੇਮਿਸਾਲ ਖੋਜਾਂ ਨਾਲ ਮਨੁੱਖੀ ਜੀਵਨ ਜਾਚ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਿੱਤਾ ਹੈ। ਵੀਹਵੀਂ ਸਦੀ ਵਿੱਚ ਵੀ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਸੀ। ਅੱਜ ਮਨੁੱਖੀ ਜੀਵਨ ਨਾਲ ਸੰਬੰਧਤ ਹਰ ਖੇਤਰ ਵਿੱਚ ਨਵੀਆਂ ਕਾਢਾਂ ਸਦਕਾ ਬਹੁਤ ਸੁਖਾਲਾਪਣ ਆ ਗਿਆ ਹੈ। ਸੰਚਾਰ ਦੇ ਸਾਧਨਾਂ, ਸਿਹਤ ਸਹੂਲਤਾਂ, ਆਵਾਜਾਈ ਦੇ ਸਾਧਨਾਂ ਆਦਿ ਵਿੱਚ ਪਹਿਲਾਂ ਨਾਲੋਂ ਬਹੁਤ ਸੁਧਾਰ ਹੋ ਗਿਆ ਹੈ। ਪਰ ਸਾਇੰਸ ਦੀਆਂ ਇਨ੍ਹਾਂ ਕਾਢਾਂ ਸਦਕਾ ਹੀ ਵੀਹਵੀਂ ਸਦੀ ਦੇ ਦੋ ਵਿਸ਼ਵ ਯੁੱਧਾਂ ਵਿੱਚ ਤਬਾਹੀ ਮਚੀ ਸੀ। ਤਰ੍ਹਾਂ-ਤਰ੍ਹਾਂ ਦੇ ਮਾਰੂ ਹਥਿਆਰਾਂ ਨੇ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ ਸੀ। ਅਜਿਹੇ ਯੁੱਧ ਅੱਜ ਵੀ ਵਿਸ਼ਵ ਭਰ ਵਿੱਚ ਕਿਤੇ ਨਾ ਕਿਤੇ ਜਾਰੀ ਹਨ। ਕੁੱਝ ਸਾਲਾਂ ਵਿੱਚ ਈਰਾਨ, ਇਰਾਕ, ਅਫ਼ਗਾਨਿਸਤਾਨ, ਭਾਰਤ, ਪਾਕਿਸਤਾਨ, ਮਿਸਰ, ਇਸਰਾਈਲ, ਫਲਸਤੀਨ, ਅਮਰੀਕਾ, ਰੂਸ, ਚੀਨ ਆਦਿ ਅਜਿਹੇ ਦੇਸਾਂ ਵਿੱਚੋਂ ਹਨ ਜਿਨ੍ਹਾਂ ਨੂੰ ਸਮੇਂ-ਸਮੇਂ ਵਿਰੋਧੀਆਂ ਨਾਲ ਮੈਦਾਨੇ ਜੰਗ ਵਿੱਚ ਲੜਨਾ ਪਿਆ ਹੈ।ਇਨ੍ਹਾਂ ਯੁੱਧਾਂ ਦੇ ਕਾਰਨ ਕੋਈ ਵੀ ਹੋਣ, ਜਿੱਤ ਕਿਸੇ ਦੀ ਹੋਵੇ ਪਰ ਇਨ੍ਹਾਂ ਨਾਲ ਜਾਨ, ਮਾਲ ਤੇ ਸੰਪੱਤੀ ਦੀ ਬੇਹਿਸਾਬ ਤਬਾਹੀ ਹੁੰਦੀ ਹੈ। ਪਿਛਲੇ ਕੁਝ ਸਾਲਾਂ ਤੋਂ ਰਸਾਇਣ ਹਥਿਆਰਾਂ ਤੇ ਪ੍ਰਮਾਣੂ ਬੰਬਾਂ ਦੇ ਡਰ ਕਾਰਨ ਅੰਤਰ-ਰਾਸ਼ਟਰੀ ਸੰਸਥਾ ਯੂ. ਐਨ.ਓ. ਵੱਲੋਂ ਸਮੁੱਚੇ ਵਿਸ਼ਵ ਦੇ ਆਗੂਆਂ ਨੂੰ ਵਿਸ਼ਵ ਭਰ ਵਿੱਚ ਅਮਨ ਬਣਾਈ ਰੱਖਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਪਰ ਵਿਸ਼ਵ ਦੀਆਂ ਵੱਡੀਆਂ ਸ਼ਕਤੀਆਂ ਆਪੋ ਆਪਣੀ ਸਰਦਾਰੀ ਕਾਇਮ ਰੱਖਣ ਲਈ ਛੋਟੇ ਵੱਡੇ ਦੇਸਾਂ ਨੂੰ ਲੜਾਈ ਲਈ ਸਿੱਧੇ ਜਾਂ ਅਸਿੱਧੇ ਢੰਗ ਨਾਲ ਉਤਸ਼ਾਹਿਤ ਕਰਦੀਆਂ ਰਹਿੰਦੀਆਂ ਹਨ। ਪਿਛਲੀਆਂ ਸਾਰੀਆਂ ਲੜਾਈਆਂ ਇਸ ਗੱਲ ਦਾ ਪ੍ਰਮਾਣ ਹਨ ਕਿ ਆਖਰ ਲੜਾਈ ਗੱਲਬਾਤ ਮਗਰੋਂ ਹੀ ਬੰਦ ਹੁੰਦੀ ਹੈ।ਜੇਕਰ ਅੰਤਰ ਰਾਸ਼ਟਰੀ ਮਸਲੇ ਪਹਿਲਾਂ ਗੱਲਬਾਤ ਰਾਹੀਂ ਸੁਲਝਾ ਲਏ ਜਾਣ ਤਾਂ ਕਦੇ ਨਾ ਪੂਰ ਹੋਣ ਵਾਲੇ ਘਾਟੇ ਤੋਂ ਬਚਿਆ ਜਾ ਸਕਦਾ ਹੈ। ਅੱਜ ਹਕੀਕਤ ਇਹ ਹੈ ਕਿ ਵੱਡੇ ਦੇਸਾਂ ਕੋਲ ਏਨੇ ਹਥਿਆਰ ਹਨ ਕਿ ਇਨ੍ਹਾਂ ਨਾਲ ਸਮੁੱਚੇ ਵਿਸ਼ਵ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਇਸ ਲਈ ਲੋੜ ਹੈ ਕਿ ਅਸੀਂ ਆਪਣੇ ਧਾਰਮਕ ਗ੍ਰੰਥਾਂ ਤੋਂ ਵੀ ਪ੍ਰੇਰਨਾ ਲੈ ਕੇ ਮਨੁੱਖਤਾ ਦੇ ਭਲੇ ਹੀ ਜੰਗਾਂ ਯੁੱਧਾਂ ਤੋਂ ਤੌਬਾ ਕਰ ਕੇ ਵਿਸ਼ਵ ਭਰ ਵਿੱਚ ਅਮਨ ਸ਼ਾਂਤੀ ਸਥਾਪਤ ਕਰਨ ਵਿੱਚ ਆਪੋ-ਆਪਣੀ ਭੂਮਿਕਾ ਨਿਭਾਈਏ।
0 Comments