ਸੰਤੁਲਿਤ ਭੋਜਨ
Santulit Bhojan
ਮਨੁੱਖ ਨੂੰ ਜਿਊਂਦੇ ਰਹਿਣ ਲਈ ਭੋਜਨ ਦੀ ਲੋੜ ਹੁੰਦੀ ਹੈ ਪਰ ਸੰਤੁਲਿਤ ਭੋਜਨ ਮਨੁੱਖ ਦੀ ਲੰਬੀ ਤੇ ਅਰੋਗ ਜ਼ਿੰਦਗੀ ਦਾ ਆਧਾਰ ਹੈ। ਸੰਤੁਲਿਤ ਭੋਜਨ ਉਸ ਭੋਜਨ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਸਾਡੇ ਸਰੀਰ ਦੀਆਂ ਲੋੜਾਂ ਨੂੰ ਪੂਰਿਆਂ ਕਰਨ ਵਾਲੇ ਸਾਰੇ ਤੱਤ ਹੁੰਦੇ ਹਨ। ਸਿਹਤ ਵਿਗਿਆਨ ਦੀ ਦ੍ਰਿਸ਼ਟੀ ਤੋਂ ਮਨੁੱਖੀ ਸਰੀਰ ਲਈ ਜ਼ਰੂਰੀ ਤੱਤਾਂ ਵਿੱਚ ਕਾਰਬੋਹਾਈਡੇਟ, ਚਰਬੀ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਪਦਾਰਥਾਂ ਦੀ ਨਿਯਮਤ ਮਾਤਰਾ ਵਿੱਚ ਨਿਰੰਤਰ ਲੋੜ ਪੈਂਦੀ ਰਹਿੰਦੀ ਹੈ। ਸਾਡੇ ਭੋਜਨ ਵਿੱਚ ਇਨ੍ਹਾਂ ਤੱਤਾਂ ਦਾ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਇਹ ਸਾਰੇ ਤੱਤਾਂ ਨੂੰ ਵੱਖ-ਵੱਖ ਪ੍ਰਕਾਰ ਦੇ ਭੋਜਨ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।ਆਲੂ, ਸ਼ਹਿਦ, ਗੁੜ, ਖੰਡ ਆਦਿ ਤੋਂ ਕਾਰਬੋਹਾਈਡ੍ਰੇਟ ਮਿਲਦੇ ਹਨ ਜੋ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ।ਦਾਲਾਂ, ਦੁੱਧ, ਪਨੀਰ, ਮਾਸ, ਆਂਡੇ ਆਦਿ ਤੋਂ ਪ੍ਰੋਟੀਨ ਮਿਲਦੇ ਹਨ ਜਿਸ ਨਾਲ ਸਰੀਰ ਦਾ ਵਿਕਾਸ ਹੁੰਦਾ ਹੈ। ਤੇਲ, ਘਿਉ ਤੇ ਮੱਖਣ ਆਦਿ ਤੋਂ ਚਰਬੀ ਮਿਲਦੀ ਹੈ ਜੋ ਸਾਨੂੰ ਗਰਮੀ, ਸਰਦੀ ਤੇ ਸੱਟਾਂ ਤੋਂ ਬਚਾਉਂਦੀ ਹੈ। ਗੁੜ, ਕਲੇਜੀ ਤੇ ਸਬਜ਼ੀਆਂ ਤੋਂ ਲੋਹਾ ਮਿਲਦਾ ਹੈ ਜਿਸ ਨਾਲ ਖ਼ੂਨ ਬਣਦਾ ਹੈ। ਕੈਲਸ਼ੀਅਮ ਹੱਡੀਆਂ ਅਤੇ ਦੰਦਾਂ ਲਈ ਲਾਭਦਾਇਕ ਹੁੰਦਾ ਹੈ। ਵਿਟਾਮਿਨ 'ਈ' ਹਰੀਆਂ ਸਬਜ਼ੀਆਂ ਤੇ ਛਿਲਕੇ ਵਾਲੀਆਂ ਦਾਲਾਂ ਤੋਂ ਮਿਲਦਾ ਹੈ ਜੋ ਸਰੀਰ ਦੇ ਉਪਜਾਊ ਭਾਗ ਦੀ ਰਾਖੀ ਕਰਦਾ ਹੈ। ਵਿਟਾਮਿਨ ‘ਡੀ` ਸੂਰਜ ਦੀਆਂ ਕਿਰਨਾਂ ਤੇ ਮੱਛੀ ਦੇ ਤੇਲ ਤੋਂ ਮਿਲਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਇਸ ਤਰ੍ਹਾਂ ਸਰੀਰ ਲਈ ਲੋੜੀਂਦੇ ਸਾਰੇ ਤੱਤਾਂ ਦੇ ਸਰੋਤਾਂ ਦਾ ਸਾਨੂੰ ਗਿਆਨ ਹੋਣਾ ਚਾਹੀਦਾ ਹੈ। ਦਵਾਈਆਂ ਰਾਹੀਂ ਪ੍ਰਾਪਤ ਹੁੰਦੇ ਤੱਤਾਂ ਨਾਲੋਂ ਕੁਦਰਤੀ ਪਦਾਰਥਾਂ ਵਿੱਚੋਂ ਪ੍ਰਾਪਤ ਤੱਤਾਂ ਨੂੰ ਵਧੇਰੇ ਮਹੱਤਵ ਦੇਣਾ ਚਾਹੀਦਾ ਹੈ। ਇੰਜ ਕੰਮ ਅਤੇ ਉਸ ਦੀ ਲੋੜ ਅਨੁਸਾਰ ਸੰਤੁਲਿਤ ਭੋਜਨ ਦੀ ਵਰਤੋਂ ਨਾਲ ਹੀ ਸਰੀਰ ਅਰੋਗ ਤੇ ਤੰਦਰੁਸਤ ਰਹਿੰਦਾ ਹੈ ਤੇ ਇਹੋ ਭੋਜਨ ਲੰਮੀ ਉਮਰ ਦਾ ਆਧਾਰ ਬਣਦਾ ਹੈ।
0 Comments