ਸਮੇਂ ਦਾ ਸਦ-ਉਪਯੋਗ
Samay Da Sadupyog
ਸਮਾਂ ਭਾਵੇਂ ਆਪਣੇ ਆਪ ਵਿੱਚ ਕੋਈ ਬਹੁਤ ਕੀਮਤੀ ਵਸਤੂ ਜਾਂ ਪਦਾਰਥ ਨਹੀਂ ਪਰ ਜੇਕਰ ਵੇਖੀਏ ਤਾਂ ਮਨੁੱਖੀ ਜੀਵਨ ਵਿੱਚ ਸਮਾਂ ਇੱਕ ਬਹੁਤ ਹੀ ਮੁੱਲਵਾਨ ਤੇ ਮਹੱਤਵਪੂਰਨ ਹੈ। ਦੁਨੀਆ ਦੀਆਂ ਵਸਤੂਆਂ ਨੂੰ ਮਹਿੰਗੀ ਜਾਂ ਸਸਤੀ ਕੀਮਤ 'ਤੇ ਖ਼ਰੀਦਿਆ ਜਾ ਸਕਦਾ ਹੈ ਪਰ ਸਮੇਂ ਨੂੰ ਕਿਸੇ ਵੀ ਕੀਮਤ 'ਤੇ ਖ਼ਰੀਦਿਆ ਨਹੀਂ ਜਾ ਸਕਦਾ। ਬੀਤ ਚੁੱਕੇ ਸਮੇਂ ਨੂੰ ਕਦੇ ਵੀ ਪੁੱਠਾ ਗੇੜਾ ਨਹੀਂ ਦਿੱਤਾ ਜਾ ਸਕਦਾ ਤੇ ਨਾ ਹੀ ਆਉਣ ਵਾਲੇ ਸਮੇਂ ਨੂੰ ਛੇਤੀ ਲਿਆਂਦਾ ਜਾ ਸਕਦਾ ਹੈ। ਸਮਾਂ ਆਪਣੀ ਤੋਰੇ ਨਿਰੰਤਰ ਚੱਲਦਾ ਰਹਿੰਦਾ ਹੈ। ਇਹ ਨਾ ਕਦੇ ਕਿਸੇ ਦੇ ਰੋਕਿਆਂ ਰੁਕਦਾ ਹੈ।ਪਰ ਅਫ਼ਸੋਸ ਇਸੇ ਗੱਲ ਦਾ ਹੈ ਕਿ ਬਹੁਤ ਲੋਕ ਸਮੇਂ ਦੇ ਇਸ ਸੁਭਾ ਨੂੰ ਜਾਣਦਿਆਂ ਵੀ ਇਸ ਦੀ ਕਦਰ ਨਹੀਂ ਕਰਦੇ। ਹਰ ਵਰਗ ਨਾਲ ਸੰਬੰਧਤ ਵਧੇਰੇ ਲੋਕ ਵਧੇਰੇ ਸਮਾਂ ਵਿਅਰਥ ਹੀ ਗਵਾ ਦਿੰਦੇ ਹਨ। ਇਸ ਦਾ ਸਿੱਟਾ ਇਹੋ ਨਿਕਲਦਾ ਹੈ ਕਿ ਉਹ ਜ਼ਿੰਦਗੀ ਦੀਆਂ ਉਚੇਰੀਆਂ ਮੰਜ਼ਲਾਂ ਨੂੰ ਸਰ ਕਰਨ ਤੋਂ ਅਕਸਰ ਵਾਂਝੇ ਰਹਿ ਜਾਂਦੇ ਹਨ। ਸਮਾਂ ਨਿਕਲਣ 'ਤੇ ਉਹ ਪਛਤਾਉਂਦੇ ਹਨ ਪਰ ਫਿਰ ਜਦੋਂ ਚਿੜੀਆਂ ਖੇਤ ਚੁਗ ਜਾਣ ਤਾਂ ਪਛਤਾਉਣ ਦਾ ਕੋਈ ਲਾਭ ਨਹੀਂ ਹੁੰਦਾ, ਬਲਕਿ ਇਹ ਪਛਤਾਵਾ ਸਮਾਂ ਅੱਗੋਂ ਖ਼ਰਾਬ ਕਰਨ ਕਰਕੇ ਹੋਰ ਕੰਮ ਖ਼ਰਾਬ ਕਰਦਾ ਹੈ। ਸਾਡੇ ਦੇਸ ਵਿੱਚ ਤਾਂ ਅਸੀਂ ਵੇਖਦੇ ਹਾਂ ਕਿ ਨਾ ਦਫ਼ਤਰਾਂ ਵਿੱਚ ਕੋਈ ਕੰਮ ਸਮੇਂ ਸਿਰ ਹੁੰਦਾ ਹੈ ਤੇ ਨਾ ਹੀ ਬੱਸਾਂ ਗੱਡੀਆਂ ਕਦੇ ਸਮੇਂ ਸਿਰ ਚਲਦੀਆਂ ਹਨ। ਵਿਦੇਸਾਂ ਦੀਆਂ ਗੱਲਾਂ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਉਹ ਲੋਕ ਸਮੇਂ ਦੀ ਬਹੁਤ ਕਦਰ ਕਰਦੇ ਹਨ। ਸਾਡੇ ਤਾਂ ਨੇਤਾ ਜਾਣ-ਬੁੱਝ ਕੇ ਲੇਟ ਹੋਣ 'ਚ ਵਡਿਆਈ ਸਮਝਦੇ ਹਨ।ਇੱਥੇ ਹਰ ਤਰ੍ਹਾਂ ਦੇ ਪ੍ਰੋਗਰਾਮ ਘੰਟਿਆਂ-ਬੱਧੀ ਦੇਰੀ ਨਾਲ ਸ਼ੁਰੂ ਹੁੰਦੇ ਹਨ। ਇਸ ਲਈ ਅਜੋਕੇ ਵਿਗਿਆਨਕ ਸਮੇਂ ਦੀ ਤੇਜ਼ ਤਰਾਰ ਜ਼ਿੰਦਗੀ ਦੀ ਇਹ ਬਹੁਤ ਵੱਡੀ ਤੇ ਅਹਿਮ ਲੋੜ ਹੈ ਕਿ ਸਮੇਂ ਨੂੰ ਵਿਅਰਥ ਗਵਾਉਣ ਦੀ ਥਾਂ ਹਮੇਸ਼ਾ ਇਸ ਦਾ ਸਦ ਉਪਯੋਗ ਕੀਤਾ ਜਾਵੇ। ਇਹ ਤਾਂ ਹੀ ਸੰਭਵ ਹੋਵੇਗਾ ਜੇ ਅਸੀਂ ਸਮੇਂ ਦੀ ਕਦਰ ਕਰਨੀ ਸਿੱਖਾਂਗੇ। ਜੇਕਰ ਹਰ ਮਨੁੱਖ ਆਪਣੇ ਕੰਮਾਂ ਨੂੰ ਇੱਕ ਸਮਾਂ ਸਾਰਣੀ ਬਣਾ ਕੇ ਕਰੇ ਤਾਂ ਉਹ ਜ਼ਿੰਦਗੀ ਵਿੱਚ ਜ਼ਰੂਰ ਹੀ ਸਫਲ ਹੋਵੇਗਾ।
0 Comments