ਸਲੀਕਾ
Salika
ਜੀਵਨ ਜਾਚ ਵਿਚਲੇ ਸੁਚੱਜੇ ਵਿਹਾਰ ਦਾ ਦੂਸਰਾ ਨਾਂ ਹੀ ਸਲੀਕਾ ਜਾਂ ਸਾਊਪੁਣਾ ਹੈ।ਮਨੁੱਖ ਜ਼ਿੰਦਗੀ ਵਿੱਚ ਇਸ ਤਰ੍ਹਾਂ ਵਿਚਰੇ ਕਿ ਉਸ ਦਾ ਦੂਸਰਿਆਂ ਉੱਪਰ ਸੁਖਾਵਾਂ ਪ੍ਰਭਾਵ ਪਵੇ। ਇੰਜ ਸਲੀਕਾ ਕੇਵਲ ਮਨੁੱਖ ਦੇ ਬਾਹਰੀ ਰੂਪ ਜਾਂ ਦਿੱਖ ਨਾਲ ਸੰਬੰਧਤ ਨਹੀਂ ਬਲਕਿ ਇਹ ਮਨੁੱਖੀ ਕਿਰਦਾਰ/ਚਰਿੱਤਰ ਦਾ ਹਿੱਸਾ ਹੈ। ਸਮਾਜ ਵਿੱਚ ਵਿਚਰਦਿਆਂ ਜਿਹੜੇ ਮਨੁੱਖ ਸਲੀਕੇ ਨੂੰ ਪੱਲੇ ਬੰਨ੍ਹੀ ਰੱਖਦੇ ਹਨ, ਉਨ੍ਹਾਂ ਨੂੰ ਸਮਾਜ ਵਿੱਚੋਂ ਪਿਆਰ, ਸਤਿਕਾਰ, ਇੱਜ਼ਤ, ਵਡਿਆਈ ਆਦਿ ਸਹਿਜ ਰੂਪ ਵਿੱਚ ਪ੍ਰਾਪਤ ਹੋ ਜਾਂਦੀ ਹੈ। ਛੋਟਿਆਂ ਨਾਲ ਪਿਆਰ, ਵੱਡਿਆਂ ਦਾ ਸਤਿਕਾਰ, ਮਿੱਠ-ਬੋਲੜੇ ਹੋਣਾ, ਨਿਮਰ ਹੋਣਾ, ਇਮਾਨਦਾਰੀ ਨਾਲ ਵਿਚਰਨਾ, ਲੋੜਵੰਦਾਂ ਦੀ ਸਹਾਇਤਾ ਕਰਨੀ ਆਦਿ ਸਲੀਕੇਦਾਰ ਵਿਹਾਰ ਦੇ ਹੀ ਅਹਿਮ ਗੁਣ ਹਨ।ਇਨ੍ਹਾਂ ਗੁਣਾਂ ਦੇ ਉਲਟ ਵਿਚਰਨਾ ਸਲੀਕੇ ਭਰੇ ਵਿਹਾਰ ਦੇ ਉਲਟ ਜਾਂਦਾ ਹੈ, ਸਲੀਕੇ ਨੂੰ ਜੀਵਨ ਵਿਹਾਰ ਦਾ ਆਧਾਰ ਬਣਾਉਣ ਲਈ ਦ੍ਰਿੜ੍ਹ ਇਰਾਦੇ, ਉਸਾਰੂ ਸੋਚ ਅਤੇ ਮਾਨਵਵਾਦੀ ਦ੍ਰਿਸ਼ਟੀਕੋਣ ਪ੍ਰਤੀ ਪ੍ਰਤੀਬੱਧ ਹੋਣ ਦੀ ਲੋੜ ਹੁੰਦੀ ਹੈ। ਅਜੋਕੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਸਲੀਕੇ ਭਰਿਆ ਵਿਹਾਰ ਮਨੁੱਖ ਨੂੰ ਆਪਣੇ ਆਪ ਵਿੱਚ ਇੱਕ ਅਜਿਹੀ ਮਾਨਸਿਕ ਤ੍ਰਿਪਤੀ ਦਿੰਦਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਕਿਤੋਂ ਵੀ ਪ੍ਰਾਪਤ ਕਰਨਾ ਅਸੰਭਵ ਹੈ।ਅੱਜ ਵਧੇਰੇ ਮਨੁੱਖ ਧਨ ਇਕੱਠਾ ਕਰਨ ਦੀ ਦੌੜ ਵਿੱਚ ਸ਼ਾਮਲ ਹੋ ਕੇ ਸਭ ਕਦਰਾਂ-ਕੀਮਤਾਂ ਨੂੰ ਛਿੱਕੇ 'ਤੇ ਟੰਗ ਕੇ ਸਭ ਤੋਂ ਅੱਗੇ ਨਿਕਲਣਾ ਚਾਹੁੰਦੇ ਹਨ। ਅਜਿਹੀ ਸਥਿਤੀ ਵਿੱਚ ਲੋੜ ਹੈ ਕਿ ਮਨੁੱਖ ਜ਼ਿੰਦਗੀ ਦੀਆਂ ਅਟੱਲ ਤੇ ਅਨਿਵਾਰੀ ਹਕੀਕਤਾਂ ਨੂੰ ਸਮਝਦਿਆਂ ਸਲੀਕੇ ਅਤੇ ਸਾਊਪੁਣੇ ਦੀ ਮਹੱਤਤਾ ਨੂੰ ਸਮਝਦਿਆਂ ਇਸ ਨੂੰ ਆਪਣੇ ਵਿਹਾਰ ਵਿੱਚ ਅਪਣਾਉਣ। ਇਸ ਨਾਲ ਉਨ੍ਹਾਂ ਦਾ ਆਪਣਾ ਤੇ ਹੋਰਨਾਂ ਦਾ ਜੀਵਨ ਵੀ ਸਫਲ ਹੋਵੇਗਾ।
0 Comments