Punjabi Essay, Paragraph on "ਰੁੱਖਾਂ ਦਾ ਮਹੱਤਵ ", "Rukha Da Mahatva" for Class 8, 9, 10, 11 and 12 Students Examination.

ਰੁੱਖਾਂ ਦਾ ਮਹੱਤਵ 
Rukha Da Mahatva 



ਰੁੱਖਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ।ਅਸਲ ਵਿੱਚ ਰੁੱਖ ਸਾਡੀ ਜ਼ਿੰਦਗੀ ਦਾ ਆਧਾਰ ਹਨ। ਰੁੱਖ ਸਾਡੀ ਜ਼ਿੰਦਗੀ ਦੇ ਹਰ ਖੇਤਰ ਵਿੱਚ ਕੰਮ ਆਉਂਦੇ ਹਨ। ਰੁੱਖ ਸਮੁੱਚੇ ਵਾਤਾਵਰਨ ਵਿੱਚ ਸੰਤੁਲਨ ਬਣਾਈ ਰੱਖਣ ਲਈ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ।ਇਹ ਰੁੱਖ ਹੀ ਹਨ ਜੋ ਸਾਡੇ ਲਈ ਨਿਰੰਤਰ ਆਕਸੀਜਨ ਪੈਦਾ ਕਰਦੇ ਹਨ।ਇਹ ਰੁੱਖ ਹੀ ਹਨ ਜੋ ਮੀਂਹ ਪੁਆਉਣ ਵਿੱਚ ਵੀ ਸਹਾਇਕ ਹੁੰਦੇ ਹਨ। ਰੁੱਖਾਂ ਤੋਂ ਪ੍ਰਾਪਤ ਲੱਕੜ ਅਣਗਿਣਤ ਕੰਮਾਂ ਵਿੱਚ ਵਰਤੀ ਜਾਂਦੀ ਹੈ। ਰੁੱਖਾਂ ਤੋਂ ਮਿਲਦੇ ਫਲਾਂ, ਪੱਤਿਆਂ, ਜੜ੍ਹਾਂ ਤੇ ਫਲਾਂ ਦੀਆਂ ਗਿਟਕਾਂ ਤੋਂ ਕਈ ਕਿਸਮ ਦੀਆਂ ਦਵਾਈਆਂ ਵੀ ਬਣਾਈਆਂ ਜਾਂਦੀਆਂ ਹਨ। ਨਿੰਮ ਵਰਗੇ ਦਰਖ਼ਤ ਵਿੱਚ ਅਣਗਿਣਤ ਗੁਣਾਂ ਕਰਕੇ ਅਮਰੀਕਾ ਵਰਗੇ ਦੇਸ ਇਸ ਦਾ ਪੇਟੈਂਟ ਕਰਵਾਉਣ ਨੂੰ ਫਿਰ ਰਹੇ ਸਨ। ਵੱਡੇ ਰੁੱਖ ਪਿੱਪਲ ਤੇ ਬੋਹੜ ਪਿੰਡ ਦਾ ਸ਼ਿੰਗਾਰ ਬਣੇ ਹੋਏ ਹਨ। ਵੱਡੀਆਂ ਸੜਕਾਂ ਦੇ ਕਿਨਾਰਿਆਂ 'ਤੇ ਲੱਗੇ ਰੁੱਖ ਜਿੱਥੇ ਮਿੱਟੀ ਦੇ ਵਹਾਅ ਨੂੰ ਰੋਕਦੇ ਹਨ, ਉੱਥੇ ਇਨ੍ਹਾਂ ਨੂੰ ਵੇਖਿਆਂ ਸੁਹਜਾਤਮਕ ਤ੍ਰਿਪਤੀ ਵੀ ਹੁੰਦੀ ਹੈ। ਪਹਾੜਾਂ ਉਪਰਲੇ ਰੁੱਖਾਂ ਦਾ ਤਾਂ ਕਹਿਣਾ ਹੀ ਕੀ ਹੈ ? ਕਤਾਰਾਂ ਵਿੱਚ ਲੱਗੇ ਅਸਮਾਨ ਛੂੰਹਦੇ ਚੀਲ ਜਾਂ ਦਿਆਰ ਦੇ ਰੁੱਖਾਂ ਨੂੰ ਵੇਖਣ ਦਾ ਆਪਣਾ ਵਿਲੱਖਣ ਨਜਾਰਾ ਹੈ। ਗੱਲ ਕੀ ਰੁੱਖਾਂ ਦੇ ਮਹੱਤਵ ਦੀ ਕੋਈ ਸੀਮਾ ਨਹੀਂ ਪਰ ਪਿਛਲੇ ਕੁਝ ਸਮੇਂ ਤੋਂ ਰੁੱਖਾਂ ਦੀ ਅੰਧਾ-ਧੁੰਦ ਵਢਾਈ ਨੇ ਇੱਕ ਬਹੁਤ ਹੀ ਗੰਭੀਰ ਸਮੱਸਿਆ ਪੈਦਾ ਹੋਣ ਦਾ ਸੰਕੇਤ ਦੇ ਦਿੱਤਾ ਹੈ। ਜਿਸ ਅਨੁਪਾਤ ਵਿੱਚ ਧਰਤੀ 'ਤੇ ਜੰਗਲ ਹੋਣੇ ਚਾਹੀਦੇ ਹਨ ਉਹ ਘਟਣ ਨਾਲ ਪ੍ਰਕ੍ਰਿਤੀ ਦਾ ਸੰਤੁਲਨ ਵਿਗੜਨਾ ਸੁਭਾਵਕ ਹੈ।ਸੋ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਮੱਸਿਆ ਦੀ ਗੰਭੀਰਤਾ ਨੂੰ ਵੇਖਦਿਆਂ ਇਸ ਵੱਲ ਉਚੇਚਾ ਧਿਆਨ ਦੇ ਕੇ ਨਵੇਂ ਰੁੱਖ ਲੁਆ ਕੇ ਉਨ੍ਹਾਂ ਦੀ ਪੂਰੀ ਦੇਖਭਾਲ ਕੀਤੀ ਜਾਵੇ। ਰੁੱਖਾਂ ਦੀ ਨਜਾਇਜ਼ ਕਟਾਈ ਵਿਰੁੱਧ ਸਖ਼ਤ ਕਾਨੂੰਨ ਬਣਾਏ ਜਾਣ। ਅਜਿਹਾ ਕਰਕੇ ਹੀ ਅਸੀਂ ਰੁੱਖਾਂ ਦੀ ਕੁਦਰਤੀ ਨਿਆਮਤ ਨੂੰ ਪੂਰੀ ਤਰ੍ਹਾਂ ਮਾਣ ਸਕਾਂਗੇ।


Post a Comment

0 Comments