Punjabi Essay, Paragraph on "ਪੰਜਾਬ ਵਿੱਚ ਦਾਜ ਦੀ ਸਮੱਸਿਆ ", "Punjab Vich Daaj Di Samasiya " for Class 8, 9, 10, 11 and 12 Students Examination.

ਪੰਜਾਬ ਵਿੱਚ ਦਾਜ ਦੀ ਸਮੱਸਿਆ 
Punjab Vich Daaj Di Samasiya 



ਹਰ ਸਮਾਜ ਵਿੱਚ ਉਸ ਵਿਚਲੀਆਂ ਰੀਤਾਂ ਤੇ ਰਸਮਾਂ ਦਾ ਆਪਣਾ ਬਹੁਤ ਹੀ ਮਹੱਤਵਪੂਰਨ ਸਥਾਨ ਹੁੰਦਾ ਹੈ। ਹਰ ਸਮਾਜ ਵਿਚਲੀਆਂ ਇਹ ਰੀਤਾਂ-ਰਸਮਾਂ ਕਿਸੇ ਉਸਾਰੂ ਉਦੇਸ਼ ਦੀ ਪ੍ਰਾਪਤੀ ਨੂੰ ਲੈ ਕੇ ਸ਼ੁਰੂ ਕੀਤੀਆਂ ਜਾਂਦੀਆਂ ਹਨ, ਪਰ ਸਮੇਂ ਤੇ ਸਥਿਤੀਆਂ ਦੇ ਬਦਲਣ ਅਨੁਸਾਰ ਕਈ ਵਾਰੀ ਇਨ੍ਹਾਂ ਰਸਮਾਂ ਵਿੱਚ ਅਜਿਹੇ ਵਿਗਾੜ ਪੈਦਾ ਹੋ ਜਾਂਦੇ ਹਨ ਕਿ ਇਹ ਰਸਮਾਂ ਵੀ ਸਮੱਸਿਆ ਦਾ ਰੂਪ ਧਾਰਨ ਕਰ ਜਾਂਦੀਆਂ ਹਨ। ਅਜਿਹਾ ਕੁਝ ਹੀ ਦਾਜ ਦੀ ਰਸਮ ਨਾਲ ਵਾਪਰਿਆ ਹੈ। ਅਸਲ ਵਿੱਚ ਪਹਿਲਾਂ ਮਾਪੇ ਆਪਣੀਆਂ ਧੀਆਂ ਨੂੰ ਆਪਣੀ ਖ਼ੁਸ਼ੀ/ਮਰਜ਼ੀ ਅਨੁਸਾਰ ਦਾਜ ਦਿੰਦੇ ਸਨ। ਪਹਿਲਾਂ ਧੀਆਂ ਦਾ ਆਪਣੇ ਮਾਪਿਆਂ ਦੀ ਜਾਇਦਾਦ ਵਿੱਚ ਹੱਕ ਵੀ ਨਹੀਂ ਹੁੰਦਾ ਸੀ। ਮਾਪੇ ਆਪਣੀ ਧੀ ਨੂੰ ਘਰ ਦੀਆਂ ਮੁਢਲੀਆਂ ਲੋੜਾਂ ਵਾਲਾ ਸਾਮਾਨ ਦਿੰਦੇ ਸਨ। ਆਵਾਜਾਈ ਦੇ ਸਾਧਨਾਂ ਦੀ ਘਾਟ ਕਾਰਨ ਧੀਆਂ ਮਾਪਿਆਂ ਕੋਲ ਕਾਫ਼ੀ ਦੇਰ ਮਗਰੋਂ ਹੀ ਆਉਂਦੀਆਂ ਸਨ। ਪਰ ਹੌਲੀ-ਹੌਲੀ ਲੋਕਾਂ ਨੇ ਦਾਜ ਦੇਣ ਨੂੰ ਆਪਣੀ ਅਮੀਰੀ ਜਾਂ ਸ਼ੁਹਰਤ ਦਾ ਪ੍ਰਗਟਾਵਾ ਮੰਨਣਾ ਸ਼ੁਰੂ ਕਰ ਦਿੱਤਾ ਹੈ। ਅਮੀਰਾਂ ਦੀ ਦੇਖੋ-ਦੇਖੀ ਗ਼ਰੀਬ ਵੀ ਨੱਕ ਰੱਖਣ ਲਈ ਕਰਜ਼ੇ ਲੈ ਕੇ ਧੀਆਂ ਨੂੰ ਦਾਜ ਦੇਣ ਲੱਗੇ ਹਨ। ਦਾਜ ਦੇ ਲਾਲਚੀ ਲੋਕਾਂ ਦੀ ਗ਼ੈਰ ਮਾਨਵੀ ਸੋਚ ਸਦਕਾ ਅਣਜੋੜ ਵਿਆਹਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਗਈ ਹੈ। ਸਿੱਟੇ ਵਜੋਂ ਲੜਕੀਆਂ ਦੇ ਤਲਾਕ ਤੇ ਆਤਮ-ਹੱਤਿਆਵਾਂ ਦੀਆਂ ਖ਼ਬਰਾਂ ਰੋਜ਼ ਆਉਣ ਲੱਗੀਆਂ ਹਨ। ਇੰਜ ਇਹ ਰਸਮ, ਜੋ ਬੁਰਾਈ ਦਾ ਰੂਪ ਧਾਰਨ ਕਰ ਗਈ ਹੈ, ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਸਰਕਾਰ ਨੂੰ ਇਸ ਸੰਬੰਧੀ ਸਖ਼ਤ ਕਾਨੂੰਨ ਬਣਾ ਕੇ ਸਖ਼ਤੀ ਨਾਲ ਲਾਗੂ ਵੀ ਕਰਨੇ ਚਾਹੀਦੇ ਹਨ। ਸਵੈ-ਸੇਵੀ ਸੰਸਥਾਵਾਂ ਤੇ ਵਿਆਹੇ ਜਾਣ ਵਾਲੇ ਮੁੰਡੇ-ਕੁੜੀ ਨੂੰ ਵੀ ਆਪੋ-ਆਪਣੀ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਲਾਲਚੀ ਮਾਪਿਆਂ ਨੂੰ ਆਪਣੀ ਸੋਚ ਦਾ ਤਿਆਗ ਕਰ ਕੇ ਲੜਕੀ ਦੀ ਵਿੱਦਿਆ ਤੇ ਯੋਗਤਾ ਨੂੰ ਹੀ ਦਾਜ ਵਜੋਂ ਪ੍ਰਵਾਨ ਕਰਨਾ ਚਾਹੀਦਾ ਹੈ।


Post a Comment

0 Comments