Punjabi Essay, Paragraph on "ਪੰਜਾਬ ਦੇ ਲੋਕ ਨਾਚ", "Punjab De Lok Nach" for Class 8, 9, 10, 11 and 12 Students Examination.

ਪੰਜਾਬ ਦੇ ਲੋਕ ਨਾਚ 
Punjab De Lok Nach 



ਨਾਚ ਤੇ ਮਨੁੱਖ ਦਾ ਇਤਿਹਾਸ ਇੱਕੋ ਜਿੰਨਾਂ ਹੀ ਪੁਰਾਣਾ ਹੈ ਕਿਉਂਕਿ ਮਨੁੱਖ ਆਦਿ ਕਾਲ ਤੋਂ ਹੀ ਆਪਣੇ ਮਨ ਦੀ ਖੁਸ਼ੀ ਨੂੰ ਸਰੀਰਕ ਅੰਗਾਂ ਦੀਆਂ ਹਰਕਤਾਂ ਦੁਆਰਾ ਪ੍ਰਗਟ ਕਰਦਾ ਸੀ। ਲੋਕ ਨਾਚ ਇੱਕ ਸਮੂਹਿਕ ਵਰਤਾਰਾ ਹੁੰਦਾ ਹੈ ਤੇ ਆਪਣੇ ਸੱਭਿਆਚਾਰ ਦਾ ਦਰਪਣ ਵੀ ਹੁੰਦਾ ਹੈ।ਲੋਕ ਹਰ ਖੁਸ਼ੀ ਦੇ ਮੌਕੇ ਹੋਏ ਇਕੱਠਾਂ ਵਿੱਚ ਨੱਚਦੇ ਹਨ। ਇਹ ਨਾਚ ਲੋਕ ਮਨ ਦੀ ਪੇਸ਼ਕਾਰੀ ਹੀ ਹੁੰਦੇ ਹਨ। ਹਰ ਨਾਚ ਵਾਂਗ ਪੰਜਾਬੀ ਲੋਕ ਨਾਚਾਂ ਦੀਆਂ ਆਪਣੀਆਂ ਵਿਸ਼ੇਸ਼ਤਾਈਆਂ ਹਨ। ਪੰਜਾਬ ਦੇ ਮੁੱਖ ਲੋਕ ਨਾਚਾਂ ਵਿੱਚ ਭੰਗੜਾ ਅਤੇ ਗਿੱਧਾ ਪ੍ਰਮੁੱਖ ਹਨ।ਅੱਗੋਂ ਇਨ੍ਹਾਂ ਨਾਚਾਂ ਵਿੱਚ ਹੀ ਸੰਮੀ, ਝੂੰਮਰ, ਲੁੱਡੀ, ਕਿੱਕਲੀ ਵੀ ਪ੍ਰਸਿੱਧ ਹਨ। ਭੰਗੜਾ ਪੰਜਾਬੀ ਨੌਜਵਾਨਾਂ ਦਾ ਪ੍ਰਮੁੱਖ ਤੇ ਹਰਮਨ ਪਿਆਰਾ ਲੋਕ ਨਾਚ ਹੈ।ਜਦੋਂ ਕਦੇ ਕਿਸੇ ਵੀ ਖ਼ੁਸ਼ੀ ਵਾਲੇ ਮੌਕੇ ਢੋਲ 'ਤੇ ਡੱਗਾ ਲੱਗਦਾ ਹੈ ਤਾਂ ਪੰਜਾਬੀ ਉਮਰ ਨੂੰ ਭੁੱਲ ਕੇ ਭੰਗੜਾ ਪਾਉਣ ਲੱਗਦੇ ਹਨ। ਇਹ ਭੰਗੜਾ ਪੰਜਾਬੀਆਂ ਦੇ ਸੁਭਾ, ਜੋਸ਼, ਸਾਹਸ, ਬਹਾਦਰੀ ਤੇ ਅਲਬੇਲੇਪਣ ਦਾ ਪ੍ਰਗਟਾਵਾ ਹੁੰਦਾ ਹੈ। ਇਹ ਲੋਕ ਨਾਚ ਵਧੇਰੇ ਕਰ ਕੇ ਪੰਜਾਬ ਦੇ ਕਿਸਾਨੀ ਜੀਵਨ ਨਾਲ ਸੰਬੰਧਤ ਹੈ। ਭੰਗੜੇ ਵਿੱਚ ਲੋਕ ਸਾਜ਼ ਚਿਮਟਾ, ਕਾਟੋ, ਅਲਗੋਜ਼ੇ, ਤੂੰਬਾ ਆਦਿ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਪਰ ਮੁੱਖ ਸਾਜ਼ ਢੋਲ ਹੀ ਹੁੰਦਾ ਹੈ, ਜਿਸ ਦੀ ਤਾਲ ਉੱਪਰ ਨੱਚਿਆ ਜਾਂਦਾ ਹੈ ਤੇ ਇਸ ਨਾਲ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ। ਪੰਜਾਬੀ ਨੌਜਵਾਨਾਂ ਦੀ ਤਰ੍ਹਾਂ ਪੰਜਾਬਣਾਂ ਦਾ ਲੋਕ ਨਾਚ ਗਿੱਧਾ ਹੈ।ਗਿੱਧਾ ਵੀ ਹਰ ਖ਼ੁਸ਼ੀ ਦੇ ਮੌਕੇ ਪਾਇਆ ਜਾਂਦਾ ਹੈ। ਗਿੱਧੇ ਸਮੇਂ ਵੀ ਢੋਲ ਦੀ ਵਰਤੋਂ ਕਰਦਿਆਂ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ। ਇਨ੍ਹਾਂ ਬੋਲੀਆਂ ਵਿੱਚੋਂ ਪੰਜਾਬੀ ਸੱਭਿਆਚਾਰ ਦੇ ਕਈ ਪੱਖ ਝਲਕਾਰੇ ਮਾਰਦੇ ਹਨ। ਭੰਗੜੇ ਤੇ ਗਿੱਧੇ ਲਈ ਭਾਵੇਂ ਕੋਈ ਖ਼ਾਸ ਪਹਿਰਾਵਾ ਨਿਸਚਤ ਨਹੀਂ ਹੁੰਦਾ ਸੀ ਪਰ ਫਿਰ ਵੀ ਅਜੋਕੇ ਸਮੇਂ ਵਿੱਚ ਇਸ ਸਮੇਂ ਪੰਜਾਬੀਅਤ ਦੇ ਝਲਕਾਰੇ ਮਾਰਦਾ ਪਹਿਰਾਵਾ ਪਾਇਆ ਜਾਂਦਾ ਹੈ। ਝੂੰਮਰ ਤੇ ਲੁੱਡੀ ਭੰਗੜੇ ਨਾਲ ਸੰਬੰਧਤ ਖ਼ਾਸ ਮੁਦਰਾਵਾਂ ਵਾਲੇ ਨਾਚ ਹਨ। ਇਸੇ ਤਰ੍ਹਾਂ ਕਿੱਕਲੀ ਤੇ ਸੰਮੀ ਮੁਟਿਆਰਾਂ ਦੇ ਨਾਚ ਹਨ। ਸਮੁੱਚੇ ਤੌਰ 'ਤੇ ਪੰਜਾਬੀਆਂ ਦੇ ਇਨ੍ਹਾਂ ਨਾਚਾਂ ਨੇ ਅੱਜ ਅੰਤਰ ਰਾਸ਼ਟਰੀ ਪੱਧਰ 'ਤੇ ਬਹੁਤ ਨਾਮਣਾ ਖੱਟਿਆ ਹੈ। ਅਸੀਂ ਵੇਖਦੇ ਹਾਂ ਕਿ ਇਨ੍ਹਾਂ ਨਾਚਾਂ 'ਤੇ ਵਿਦੇਸੀ ਵੀ ਥਰਕਦੇ ਹਨ। ਭਾਰਤ ਦੀਆਂ ਕਈ ਭਾਸ਼ਾਵਾਂ ਦੀਆਂ ਫ਼ਿਲਮਾਂ ਵਿੱਚ ਵੀ ਪੰਜਾਬੀ ਲੋਕ ਸਾਜ਼ਾਂ ਤੇ ਨਾਚਾਂ ਦੀ ਵਰਤੋਂ ਇਨ੍ਹਾਂ ਦੀ ਹਰਮਨ ਪਿਆਰਤਾ ਦਾ ਹੀ ਪ੍ਰਤੀਕ ਹੈ। ਪੰਜਾਬੀ ਲੋਕ ਨਾਚ ਪੰਜਾਬੀ ਜੀਵਨ ਤੇ ਸੱਭਿਆਚਾਰ ਦਾ ਦਰਪਣ ਹਨ ਤੇ ਇਹ ਭਾਈਚਾਰਕ ਸਾਂਝ ਦਾ ਵੀ ਪ੍ਰਤੀਕ ਹਨ।


Post a Comment

0 Comments