ਮੋਬਾਇਲ ਫ਼ੋਨ ਵਰਦਾਨ ਕਿ ਸ਼ਰਾਪ
Mobile Phone Vardaan Ki Shrap
ਸਾਡੇ ਜੀਵਨ ਦੇ ਹਰ ਖੇਤਰ ਵਿੱਚ ਵਿਗਿਆਨ ਦਾ ਬਹੁਤ ਹੀ ਮਹੱਤਵ ਵਧ ਗਿਆ ਹੈ। ਇਸੇ ਲਈ 21ਵੀਂ ਸਦੀ ਨੂੰ ਵਿਗਿਆਨ ਦੀ ਸਦੀ ਵੀ ਕਿਹਾ ਜਾਂਦਾ ਹੈ। ਵਿਗਿਆਨਕ ਖੋਜਾਂ ਨੇ ਸੰਚਾਰ ਦੇ ਜਿਹੜੇ ਸਾਧਨ ਈਜਾਦ ਕੀਤੇ ਹਨ ਉਨ੍ਹਾਂ ਵਿੱਚ ਮੋਬਾਇਲ ਫ਼ੋਨ ਇੱਕ ਬਹੁਤ ਹੀ ਮਹੱਤਵਪੂਰਨ ਕਾਢ ਹੈ। ਡੱਬੀ ਵਰਗਾ ਛੋਟਾ ਜਿਹਾ ਇਹ ਯੰਤਰ ਸੰਚਾਰ ਦਾ ਸੁਖਾਲਾ ਸਾਧਨ ਹੈ। ਭਾਰਤ ਵਿੱਚ ਮੋਬਾਇਲ ਫ਼ੋਨਾਂ ਦੀ ਗਿਣਤੀ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ। ਸਰਕਾਰੀ ਅਤੇ ਗ਼ੈਰ-ਸਰਕਾਰੀ ਕੰਪਨੀਆਂ ਮੋਬਾਇਲ ਸੇਵਾਵਾਂ ਦੇ ਰਹੀਆਂ ਹਨ। ਅਜੋਕੇ ਸਮੇਂ ਵਿੱਚ ਹਰ ਮਨੁੱਖ ਆਪਣੇ ਕੋਲ ਮੋਬਾਇਲ ਰੱਖਣ ਨੂੰ ਪਹਿਲ ਦਿੰਦਾ ਹੈ। ਜਿੱਥੇ ਪਹਿਲਾਂ ਮੋਬਾਇਲ ਕੇਵਲ ਗੱਲਬਾਤ ਕਰਨ ਦੇ ਕੰਮ ਆਉਂਦਾ ਸੀ ਉੱਥੇ ਅੱਜ-ਕੱਲ੍ਹ ਇਸ ਤਰ੍ਹਾਂ ਦੇ ਮੋਬਾਇਲ ਫ਼ੋਨ ਵੀ ਮਿਲਦੇ ਹਨ, ਜਿਨ੍ਹਾਂ ਵਿੱਚ ਕੰਪਿਊਟਰ ਵਾਲੀਆਂ ਲਗਪਗ ਸਾਰੀਆਂ ਹੀ ਸਹੂਲਤਾਂ ਪ੍ਰਾਪਤ ਹਨ। ਅੱਜ ਸੈਂਕੜਿਆਂ ਤੋਂ ਲੈ ਕੇ ਲੱਖਾਂ ਦੀ ਕੀਮਤ ਦੇ ਮੋਬਾਇਲ ਸੈੱਟ ਮਿਲ ਰਹੇ ਹਨ। ਅੱਜ ਮੋਬਾਇਲ ਸਾਡੀ ਜਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ। ਇਸ ਦੇ ਲਾਭਾਂ ਦੀ ਸੂਚੀ ਭਾਵੇਂ ਬਹੁਤ ਲੰਬੀ ਹੈ ਪਰ ਇਸ ਦੀ ਦੁਰਵਰਤੋਂ ਦੀਆਂ ਕਹਾਣੀਆਂ ਨੂੰ ਵੀ ਰੋਜ਼ ਅਸੀਂ ਅਖ਼ਬਾਰਾਂ ਜਾਂ ਟੀ.ਵੀ. ਚੈਨਲਾਂ ਦੀਆਂ ਸੁਰਖੀਆਂ ਬਣਦੀਆਂ ਵੇਖਦੇ ਹਾਂ। ਵਧੇਰੇ ਨੌਜਵਾਨਾਂ ਵੱਲੋਂ ਇਸ ਦੀ ਗ਼ੈਰ-ਜ਼ਰੂਰੀ ਵਰਤੋਂ ਤੋਂ ਅਸੀਂ ਸਾਰੇ ਜਾਣੂ ਹਾਂ। ਇਹੋ ਮੋਬਾਇਲ ਕਈ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ।ਇੰਜ ਮੋਬਾਇਲ ਦੀ ਵਰਤੋਂ ਨੇ ਜਿੱਥੇ ਸਾਡੇ ਜੀਵਨ ਵਿੱਚ ਹਾਂ ਮੁਖੀ ਉਸਾਰੂ ਭੂਮਿਕਾ ਨਿਭਾਈ ਹੈ, ਉੱਥੇ ਇਸ ਦੀ ਦੁਰਵਰਤੋਂ ਰੋਕਣ ਲਈ ਵੀ ਹੰਭਲਾ ਮਾਰਨ ਦੀ ਲੋੜ ਹੈ। ਅਜਿਹੇ ਕਰਕੇ ਹੀ ਅਸੀਂ ਵਿਗਿਆਨ ਦੀ ਇਸ ਕਾਢ ਨੂੰ ਸਮਾਜ ਲਈ ਇੱਕ ਵਰਦਾਨ ਸਵੀਕਾਰ ਕਰ ਸਕਾਂਗੇ।
0 Comments