ਮੋਬਾਇਲ ਫ਼ੋਨ ਦੇ ਫ਼ਾਇਦੇ ਤੇ ਨੁਕਸਾਨ
Mobile Phone De Faide Te Nuksaan
21ਵੀਂ ਸਦੀ ਵਿਗਿਆਨ ਦੀ ਸਦੀ ਆਖੀ ਜਾ ਰਹੀ ਹੈ। ਅਜੋਕੇ ਸਮੇਂ ਤੱਕ ਸਾਇੰਸ ਦੀਆਂ ਅਣਗਿਣਤ ਖੋਜਾਂ ਨੇ ਮਨੁੱਖੀ ਜੀਵਨ ਜਾਚ ਬਦਲ ਕੇ ਰੱਖ ਦਿੱਤੀ ਹੈ। ਅੱਜ ਜੀਵਨ ਦੇ ਹਰ ਖੇਤਰ ਵਿੱਚ ਸਾਇੰਸ ਜਾਂ ਆਧੁਨਿਕ ਕਾਢਾਂ ਦਾ ਬੋਲਬਾਲਾ ਸਪਸ਼ਟ ਨਜ਼ਰ ਆ ਰਿਹਾ ਹੈ।ਜ਼ਿੰਦਗੀ ਦੇ ਹੋਰ ਖੇਤਰਾਂ ਵਾਂਗ ਸੰਚਾਰ ਸਾਧਨਾਂ ਦੇ ਖੇਤਰ ਵਿੱਚ ਫ਼ੋਨ, ਮੋਬਾਇਲ ਫ਼ੋਨ, ਇੰਟਰਨੈੱਟ, ਈਮੇਲ ਆਦਿ ਦੀ ਸਹੂਲਤ ਨੇ ਮਨੁੱਖ ਦੀ ਜੀਵਨ ਜਾਚ 'ਤੇ ਬਹੁਤ ਪ੍ਰਭਾਵ ਪਾਇਆ ਹੈ। ਪਹਿਲਾਂ ਜਿੱਥੇ ਕਬੂਤਰਾਂ ਹੱਥ ਚਿੱਠੀਆਂ ਭੇਜਣ ਦੀਆਂ ਗੱਲਾਂ ਤੇ ਡਾਕ ਰਾਹੀਂ ਚਿੱਠੀਆਂ ਭੇਜੀਆਂ ਜਾਂਦੀਆਂ ਸਨ ਉੱਥੇ ਕੁਝ ਸਮਾਂ ਪਹਿਲਾਂ ਤਾਰ ਵਾਲੇ ਟੈਲੀਫ਼ੋਨ ਦੀ ਸਹੂਲਤ ਨੇ ਚਿੱਠੀਆਂ ਦਾ ਕੰਮ ਘਟਾ ਦਿੱਤਾ ਸੀ। ਉਸ ਨਾਲ ਮਨੁੱਖ ਦੂਰ ਦੁਰਾਡੇ ਰਹਿੰਦੇ ਲੋਕਾਂ ਨਾਲ ਗੱਲਬਾਤ ਕਰ ਲੈਂਦਾ ਸੀ। ਇਸ ਫ਼ੋਨ ਦੀਆਂ ਆਪਣੀਆਂ ਕੁਝ ਸੀਮਾਵਾਂ ਸਨ। ਪਰ ਹੁਣ ਮੋਬਾਇਲ ਫ਼ੋਨ ਦਾ ਯੁੱਗ ਆ ਗਿਆ ਹੈ। ਹਰ ਮਨੁੱਖ ਆਪਣੀ ਜੇਬ ਵਿੱਚ ਇੱਕ ਨਹੀਂ ਕਈ ਕਈ ਮੋਬਾਇਲ ਪਾਈ ਫਿਰਦਾ ਹੈ। ਭਾਰਤ ਦੀ 123 ਕਰੋੜ ਦੀ ਅਬਾਦੀ ਵਿੱਚ ਸਰਕਾਰੀ ਅੰਕੜਿਆਂ ਅਨੁਸਾਰ 70 ਕਰੋੜ ਦੇ ਲਗਪਗ ਮੋਬਾਇਲ ਫ਼ੋਨਾਂ ਦੇ ਕੁਨੈਕਸ਼ਨ ਹਨ। ਇਸ ਫ਼ੋਨ ਦੇ ਬਹੁਤ ਸਾਰੇ ਲਾਭ ਹਨ। ਅਸੀਂ ਜਦੋਂ ਮਰਜ਼ੀ ਜਿੱਥੇ ਮਰਜ਼ੀ ਆਪਣੀ ਗੱਲ ਦੂਸਰੇ ਵਿਅਕਤੀ ਨਾਲ ਕਰ ਸਕਦੇ ਹਾਂ। ਇਸ ਨਾਲ ਸਮੇਂ ਦੀ ਬਚਤ ਵੀ ਹੁੰਦੀ ਹੈ ਤੇ ਜ਼ਰੂਰੀ ਲੋੜਾਂ ਨੂੰ ਸੌਖਿਆਂ ਪੂਰਾ ਕੀਤਾ ਜਾ ਸਕਦਾ ਹੈ। ਜਿੱਥੇ ਮੋਬਾਇਲ ਦੇ ਲਾਭ ਹਨ ਉੱਥੇ ਇਸ ਦੀ ਦੁਰਵਰਤੋਂ ਦੀਆਂ ਵੀ ਬਹੁਤ ਸਾਰੀਆਂ ਸੰਭਾਵਨਾਵਾਂ ਹਨ।ਇਸ ਸੰਬੰਧੀ ਅਸੀਂ ਰੋਜ਼ਾਨਾ ਹੀ ਅਖ਼ਬਾਰਾਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਖ਼ਬਰਾਂ ਪੜ੍ਹਦੇ ਹਾਂ। ਛੋਟੀ ਉਮਰ ਦੇ ਵਿਦਿਆਰਥੀ ਇਸ ਦੀ ਲੋੜੋਂ ਵੱਧ ਵਰਤੋਂ ਕਰਦੇ ਆਮ ਹੀ ਵੇਖੇ ਜਾ ਸਕਦੇ ਹਨ। ਇਸੇ ਤਰ੍ਹਾਂ ਅਪਰਾਧੀ ਕਿਸਮ ਦੇ ਲੋਕ ਵੀ ਇਸ ਦੀ ਅਕਸਰ ਦੁਰਵਰਤੋਂ ਕਰਦੇ ਹਨ। ਇਸ ਲਈ ਲੋੜ ਹੈ ਵਿਗਿਆਨ ਦੀ ਇਸ ਸਹੂਲਤ ਦੀ ਵੱਧ ਤੋਂ ਵੱਧ ਉਚਿਤ ਵਰਤੋਂ ਹੀ ਕੀਤੀ ਜਾਵੇ। ਅਜਿਹਾ ਕੀਤਿਆਂ ਹੀ ਵਿਗਿਆਨ ਦੀ ਇਹ ਕਾਢ ਸਾਡੇ ਲਈ ਵਰ ਦਾ ਰੂਪ ਗ੍ਰਹਿਣ ਕਰੇਗੀ।
0 Comments