ਮੇਰੇ ਘਰ ਦਾ ਬਗੀਚਾ
Mere Ghar Da Bagicha
ਘਰ ਦੇ ਬਗੀਚੇ ਤੋਂ ਭਾਵ ਘਰ ਵਿੱਚ ਫੁਲਵਾੜੀ ਹੈ।ਅਜੋਕੇ ਜੀਵਨ ਵਿੱਚ ਘਰ ਵਿਚਲੇ ਬਗੀਚੇ ਦਾ ਆਪਣਾ ਵਿਸ਼ੇਸ਼ ਮਹੱਤਵ ਹੈ। ਘਰ ਵਿਚਲਾ ਬਗੀਚਾ ਜਿੱਥੇ ਘਰ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦਾ ਹੈ ਉੱਥੇ ਇਸ ਨਾਲ ਘਰ ਨੂੰ ਕੁਦਰਤੀ ਅਤੇ ਮਨਮੋਹਣਾ ਵਾਤਾਵਰਨ ਵੀ ਪ੍ਰਦਾਨ ਕਰਦਾ ਹੈ। ਅੱਜ ਜਦੋਂ ਸਾਡੇ ਚੁਫ਼ੇਰੇ ਤਰ੍ਹਾਂ-ਤਰ੍ਹਾਂ ਦੇ ਪ੍ਰਦੂਸ਼ਣ ਦਾ ਬੋਲ-ਬਾਲਾ ਹੈ, ਉਸ ਸਮੇਂ ਘਰ ਦੇ ਬਗੀਚੇ ਵਿੱਚ ਗੁਜ਼ਾਰੇ ਕੁਝ ਪਲ ਮਨ ਨੂੰ ਤਰੋਤਾਜ਼ਾ ਕਰਦੇ ਹੋਏ ਇੱਕ ਵੱਖਰੀ ਹੀ ਕਿਸਮ ਦਾ ਸਕੂਨ ਦਿੰਦੇ ਹਨ। ਘਰ ਵਿੱਚ ਸਥਿਤੀ ਅਨੁਸਾਰ ਅੱਗੇ ਜਾਂ ਪਿੱਛੇ ਬਗ਼ੀਚੇ ਲਈ ਕੁਝ ਥਾਂ ਛੱਡੀ ਜਾ ਸਕਦੀ ਹੈ। ਇਸ ਵਿੱਚ ਤਰ੍ਹਾਂ-ਤਰ੍ਹਾਂ ਦੇ ਫਲਦਾਰ ਬੂਟੇ, ਮਖਮਲੀ ਘਾਹ ਤੇ ਸਬਜ਼ੀਆਂ ਲਾਈਆਂ ਜਾ ਸਕਦੀਆਂ ਹਨ। ਅੱਜ ਜਦੋਂ ਬਜ਼ਾਰ ਵਿੱਚ ਮਿਲਣ ਵਾਲੀਆਂ ਸਬਜ਼ੀਆਂ ਉੱਪਰ ਵਧੇਰੇ ਕੀਟਨਾਸ਼ਕ ਦੀ ਵਰਤੋਂ ਕਰਨ ਦਾ ਡਰ ਪਾਇਆ ਜਾ ਰਿਹਾ ਹੈ ਤਾਂ ਇਸ ਸਥਿਤੀ ਵਿੱਚ ਘਰ ਦੀ ਬਗ਼ੀਚੀ ਵਿਚਲੀਆਂ ਸਬਜ਼ੀਆਂ ਵਿਚਲੇ ਤਾਜੇਪਣ ਦਾ ਆਪਣਾ ਵੱਖਰਾ ਸੁਆਦ ਮਾਣਿਆ ਜਾ ਸਕਦਾ ਹੈ। ਜੇਕਰ ਸਾਰੇ ਲੋਕ ਹੀ ਆਪਣੇ ਘਰਾਂ ਵਿੱਚ ਅਜਿਹੀ ਬਗ਼ੀਚੀ ਲਾ ਲੈਣ ਤਾਂ ਇਸ ਨਾਲ ਵਾਤਾਵਰਨ ਵਿੱਚ ਵੀ ਤਬਦੀਲੀ ਆ ਸਕਦੀ ਹੈ। ਜਿਹੜੇ ਘਰਾਂ ਵਿੱਚ ਖ਼ਾਲੀ ਥਾਂ ਨਹੀਂ ਉਹ ਲੋਕ ਛੱਤਾਂ ਉੱਪਰ ਜਾਂ ਵੱਡੇ- ਵੱਡੇ ਗਮਲਿਆਂ ਵਿੱਚ ਵੀ ਘਰ ਦੀ ਬਗ਼ੀਚੀ ਵਾਲਾ ਸ਼ੌਕ ਕਾਫ਼ੀ ਹੱਦ ਤੱਕ ਪੂਰਾ ਕਰ ਸਕਦੇ ਹਨ।ਇਸ ਤਰ੍ਹਾਂ ਘਰ ਦੀ ਬਗ਼ੀਚੀ ਦੀ ਮਹੱਤਤਾ ਦਿਨੋ-ਦਿਨ ਵਧਦੀ ਜਾ ਰਹੀ ਹੈ। ਸਾਇੰਸ ਦੇ ਯੁੱਗ ਵਿੱਚ ਦੋਗਲੇ ਬੀਜਾਂ ਦੀ ਵਰਤੋਂ ਨਾਲ ਥੋੜ੍ਹੇ ਥਾਂ ਵਿੱਚ ਵੀ ਵਧੇਰੇ ਪੌਦੇ ਲਾਏ ਜਾ ਸਕਦੇ ਹਨ।ਇੰਜ ਘਰੇਲੂ ਬਗ਼ੀਚੇ ਦੀ ਮਹੱਤਤਾ ਪ੍ਰਤੀ ਸੁਚੇਤ ਹੋ ਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ।
0 Comments