Punjabi Essay, Paragraph on "ਮੇਰਾ ਜੀਵਨ ਉਦੇਸ਼ ", "Mera Jeevan Uddeshya" for Class 8, 9, 10, 11 and 12 Students Examination.

ਮੇਰਾ ਜੀਵਨ ਉਦੇਸ਼ 
Mera Jeevan Uddeshya 



ਮਨੁੱਖੀ ਜੀਵਨ ਕੁਦਰਤ ਦੀ ਸਭ ਤੋਂ ਹੁਸੀਨ ਤੇ ਵਡਮੁੱਲੀ ਦੇਣ ਹੈ। ਮਨੁੱਖ ਆਪਣਾ ਬਚਪਨ ਤਾਂ ਮਾਪਿਆਂ ਦੇ ਲਾਡ ਪਿਆਰ 'ਚ ਗੁਜ਼ਾਰ ਦਿੰਦਾ ਹੈ। ਮੁਢਲੀ ਪੜ੍ਹਾਈ ਉਪਰੰਤ ਜਦੋਂ ਉਹ ਉਚੇਰੀ ਪੜ੍ਹਾਈ ਦੀਆਂ ਪੌੜੀਆਂ 'ਤੇ ਚੜ੍ਹਨਾ ਸ਼ੁਰੂ ਕਰਨ ਲੱਗਦਾ ਹੈ ਤਾਂ ਉਸ ਨੂੰ ਆਪਣੇ ਜੀਵਨ ਦੇ ਉਦੇਸ਼ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ। ਅਸਲ ਵਿੱਚ ਇਹੋ ਸਮਾਂ ਹੁੰਦਾ ਹੈ ਜਦੋਂ ਬੱਚਾ ਆਪ ਜਾਂ ਆਪਣਿਆਂ ਦੀ ਸਲਾਹ ਨਾਲ ਆਪਣੇ ਜੀਵਨ ਦਾ ਉਦੇਸ਼ ਨਿਸਚਤ ਕਰਦਾ ਹੈ। ਇਸ ਸਮੇਂ ਉਹ ਇਹ ਮਨ ਬਣਾਉਂਦਾ ਹੈ ਕਿ ਉਸ ਨੇ ਆਪਣੀ ਯੋਗਤਾ ਤੇ ਰੀਝ ਅਨੁਸਾਰ ਸਾਰੀ ਉਮਰ ਕਿਸ ਤਰ੍ਹਾਂ ਦਾ ਕੰਮ ਕਰਨਾ ਹੈ, ਜਿਹੜੇ ਲੋਕ ਇਸ ਸਮੇਂ ਜੀਵਨ ਦੇ ਉਦੇਸ਼ ਦੀ ਚੋਣ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ, ਉਨ੍ਹਾਂ ਦਾ ਜੀਵਨ ਉਸ ਬੇੜੀ ਵਰਗਾ ਹੀ ਹੁੰਦਾ ਹੈ ਜਿਸ ਦਾ ਕੋਈ ਮਲਾਹ ਨਹੀਂ ਹੁੰਦਾ ਤੇ ਉਹ ਲਹਿਰਾਂ ਦੇ ਥਪੇੜੇ ਖਾਂਦੀ ਹੋਈ ਏਧਰ-ਉਧਰ ਭਟਕਦੀ ਰਹਿੰਦੀ ਹੈ। ਜਿਹੜੇ ਲੋਕ ਕਿਸਮਤ ਦੇ ਸਹਾਰੇ ਜੀਵਨ ਗੁਜ਼ਾਰਨ ਦੀ ਸੋਚਦੇ ਹਨ, ਉਨ੍ਹਾਂ ਨੂੰ ਇੱਕ ਨਾ ਇੱਕ ਦਿਨ ਪਛਤਾਉਣਾ ਪੈਂਦਾ ਹੈ। ਅਜਿਹੇ ਮਨੁੱਖ ਮੰਜ਼ਲ 'ਤੇ ਪਹੁੰਚਣ ਦੀ ਥਾਂ ਰਸਤੇ ਹੀ ਬਦਲਦੇ ਰਹਿੰਦੇ ਹਨ ਤੇ ਰਸਤਿਆਂ ਵਿੱਚ ਹੀ ਜੀਵਨ ਬੀਤ ਜਾਂਦਾ ਹੈ।ਜੀਵਨ ਉਦੇਸ਼ ਦੀ ਚੋਣ ਨਾਲ ਵਿਚਾਰਾਂ ਵਿੱਚ ਦ੍ਰਿੜ੍ਹਤਾ ਤੇ ਕੰਮ ਪ੍ਰਤੀ ਲਗਨ ਦੀ ਭਾਵਨਾ ਪੈਦਾ ਹੁੰਦੀ ਹੈ। ਅਜਿਹੇ ਲੋਕ ਕਿਸੇ ਵੀ ਕੰਮ ਨੂੰ ਅਸੰਭਵ ਨਹੀਂ ਸਮਝਦੇ। ਅਜਿਹੇ ਪਾਂਧੀ ਹੀ ਔਕੜਾਂ ਭਰੇ ਰਾਹਾਂ 'ਤੇ ਚਲਦਿਆਂ ਵੀ ਜੀਵਨ ਵਿੱਚ ਮਨਚਾਹੀਆਂ ਬੁਲੰਦੀਆਂ 'ਤੇ ਪਹੁੰਚਣ ਵਿੱਚ ਸਫਲ ਹੁੰਦੇ ਹਨ।ਇਸ ਤਰ੍ਹਾਂ ਜੀਵਨ ਉਦੇਸ਼ ਹੀ ਮਨੁੱਖੀ ਜੀਵਨ ਦੀ ਤੋਰ ਦਾ ਮੁੱਖ ਧੁਰਾ ਹੁੰਦਾ ਹੈ।ਇਸ ਲਈ ਇਸ ਦੀ ਮਹੱਤਤਾ ਤੋਂ ਕਿਸੇ ਪੱਧਰ 'ਤੇ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ।


Post a Comment

0 Comments