ਮਨਿ ਜੀਤੈ ਜਗੁ ਜੀਤੁ
Mani Jite Jagu Jitu
ਗੁਰਬਾਣੀ ਦੀ ਇਹ ਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ 'ਜਪੁ ਜੀ' ਸਾਹਿਬ ਵਿੱਚ ਸ਼ਾਮਲ ਹੈ। ਇਸ ਤੁਕ ਵਿੱਚ ਮਨੁੱਖੀ ਜੀਵਨ ਦੀ ਇੱਕ ਅਟੱਲ ਸੱਚਾਈ ਨੂੰ ਪੇਸ਼ ਕੀਤਾ ਗਿਆ ਹੈ। ਇਸੇ ਕਰਕੇ ਇਹ ਤੁਕ ਲੋਕ ਮਨਾਂ 'ਤੇ ਚੜ੍ਹ ਕੇ ਇੱਕ ਅਖਾਣ ਦਾ ਰੂਪ ਧਾਰਨ ਕਰ ਚੁੱਕੀ ਹੈ। ਗੁਰੂ ਜੀ ਅਨੁਸਾਰ ਜਿਹੜਾ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਹ ਸਾਰੀ ਦੁਨੀਆ ਨੂੰ ਜਿੱਤ ਸਕਦਾ ਹੈ। ਇੰਜ ਜੋ ਮਨੁੱਖ ਆਪਣੇ ਮਨ ਦੀਆਂ ਭਾਵਨਾਵਾਂ 'ਤੇ ਕਾਬੂ ਪਾ ਲੈਂਦਾ ਹੈ, ਉਹ ਹੀ ਆਪਣਾ ਜੀਵਨ ਸਫਲ ਕਰ ਸਕਦਾ ਹੈ। ਮਨੁੱਖੀ ਮਨ ਇੱਕ ਬੇਲਗਾਮ ਘੋੜੇ ਵਰਗਾ ਹੁੰਦਾ ਹੈ ਜੋ ਮੋਹ-ਮਾਇਆ ਦੇ ਜਾਲ ਵਿੱਚ ਫਸ ਕੇ ਭਟਕਦਾ ਰਹਿੰਦਾ ਹੈ। ਬੇਕਾਬੂ ਮਨ ਮਨੁੱਖ ਨੂੰ ਉਹ ਕੰਮ ਕਰਨ ਲਈ ਵੀ ਮਜਬੂਰ ਕਰਦਾ ਹੈ, ਜਿਨ੍ਹਾਂ ਦੀ ਸਮਾਜ ਆਗਿਆ ਨਹੀਂ ਦਿੰਦਾ। ਅਸਲ ਵਿੱਚ ਮਨੁੱਖ ਇੱਕ ਸਮਾਜਕ ਜੀਵ ਹੈ ਤੇ ਇਸ ਨੂੰ ਸਮਾਜ ਦੇ ਕਲਿਆਣ ਲਈ ਹੀ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ। ਮਨ 'ਤੇ ਕਾਬੂ ਪਾਉਣ ਨਾਲ ਹੀ ਜੀਵਨ ਵਿੱਚ ਸ਼ਾਂਤੀ ਤੇ ਸੰਤੋਖ ਪ੍ਰਾਪਤ ਹੁੰਦਾ ਹੈ। ਮਨ 'ਤੇ ਕਾਬੂ ਪਾਉਣ ਵਾਲਾ ਮਨੁੱਖ ਜਦੋਂ ਦੂਸਰਿਆਂ ਦੇ ਸੁਖਾ ਵਿੱਚੋਂ ਆਪਣਾ ਸੁਖ ਤੇ ਦੂਸਰਿਆਂ ਦੇ ਦੁੱਖਾਂ ਵਿੱਚੋਂ ਆਪਣਾ ਦੁੱਖ ਅਨੁਭਵ ਕਰਨ ਲੱਗਦਾ ਹੈ ਤਾਂ ਉਸ ਵਿੱਚ ‘ਮੈਂ ਮਰ ਚੁੱਕੀ ਹੁੰਦੀ ਹੈ। ਇਸ ਤਰ੍ਹਾਂ ਗੁਰੂ ਦੀ ਸਿੱਖਿਆ 'ਤੇ ਚੱਲ ਕੇ ਮਨ ਦੀ ਭਟਕਣਾ 'ਤੇ ਕਾਬੂ ਪਾਇਆ ਜਾ ਸਕਦਾ ਹੈ।ਇੰਜ ਮਨ 'ਤੇ ਕਾਬੂ ਪਾ ਕੇ ਜੀਵਨ ਗੁਜ਼ਾਰਨ ਵਾਲਾ ਮਨੁੱਖ ਦੁਨਿਆਵੀ ਪਦਾਰਥਾਂ ਦੇ ਮੋਹ `ਤੇ ਵਿਕਾਰਾਂ ਤੋਂ ਕੋਹਾਂ ਦੂਰ ਹੁੰਦਾ ਹੈ। ਸਬਰ-ਸੰਤੋਖ ਨਾਲ ਜੀਵਨ ਗੁਜ਼ਾਰਨ ਵਾਲੇ ਅਜਿਹੇ ਮਨੁੱਖ ਦੀ ਸਥਿਤੀ ਦੁਨੀਆ ਜਿੱਤ ਲੈਣ ਵਾਲੀ ਹੀ ਹੁੰਦੀ ਹੈ-ਅਰਥਾਤ ਅਜਿਹੇ ਮਨੁੱਖ ਨੇ ਹਰ ਪ੍ਰਕਾਰ ਦੇ ਵਿਕਾਰਾਂ 'ਤੇ ਜਿੱਤ ਪ੍ਰਾਪਤ ਕਰ ਲਈ ਹੁੰਦੀ ਹੈ।
0 Comments